ਅਮਰੀਕਾ 'ਚ ਰਾਮ ਮੰਦਿਰ ਉਸਾਰੀ ਸਬੰਧੀ ਪ੍ਰੋਗਰਾਮ ਵਿਚ ਸ਼ਾਮਲ ਹੋਏ ਸਿੱਖ ਚਿਹਰਿਆਂ ਦੇ ਨਾਂ ਜਨਤਕ ਕੀਤੇ

ਅਮਰੀਕਾ 'ਚ ਰਾਮ ਮੰਦਿਰ ਉਸਾਰੀ ਸਬੰਧੀ ਪ੍ਰੋਗਰਾਮ ਵਿਚ ਸ਼ਾਮਲ ਹੋਏ ਸਿੱਖ ਚਿਹਰਿਆਂ ਦੇ ਨਾਂ ਜਨਤਕ ਕੀਤੇ
ਰਾਮ ਮੰਦਿਰ ਦੇ ਸਮਰਥਕਾਂ ਵਿਚ ਸ਼ਾਮਲ ਲੋਕ

ਅੰਮ੍ਰਿਤਸਰ ਟਾਈਮਜ਼ ਬਿਊਰੋ
ਭਾਰਤ ਦੀ ਹਿੰਦੁਤਵੀ ਸਰਕਾਰ ਵੱਲੋਂ ਅਯੋਧਿਆ ਵਿਚ ਢਾਹੀ ਗਈ ਬਾਬਰੀ ਮਸਜਿਦ ਦੀ ਥਾਂ 5 ਅਗਸਤ ਨੂੰ ਰਾਮ ਮੰਦਿਰ ਦੀ ਉਸਾਰੀ ਦੀ ਸ਼ੁਰੂਆਤ ਕੀਤੀ ਗਈ। ਜਿੱਥੇ ਇਸ ਸਬੰਧੀ ਅਯੋਧਿਆ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਵੱਡਾ ਸਮਾਗਮ ਹੋਇਆ, ਉੱਥੇ ਅਮਰੀਕਾ ਵਿਚ ਵੀ ਹਿੰਦੁਤਵੀ ਵਿਚਾਰਧਾਰਾ ਵਾਲੀਆਂ ਧਿਰਾਂ ਵੱਲੋਂ ਰਾਮ ਮੰਦਿਰ ਦੀ ਉਸਾਰੀ ਦੇ ਜਸ਼ਨਾਂ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। 

5 ਅਗਸਤ ਦੇ ਦਿਨ ਟਾਇਮ ਸੁਕੇਅਰ ਨਿਉਯਾਰਕ ਵਿਖੇ ਹਿੰਦੁਤਵੀ ਸੰਗਠਨਾਂ ਵੱਲੋਂ ਅਯੁਧਿਆ ਵਿਖੇ ਬਾਬਰੀ ਮਸਜਿਦ ਢਾਹ ਕੇ ਰਾਮ ਮੰਦਰ ਉਸਾਰੀ ਦੀ ਸ਼ੁਰੂਆਤ ਦੀ ਖ਼ੁਸ਼ੀ ਮਨਾਉਂਦਿਆਂ ਇਕੱਠ ਕੀਤਾ ਗਿਆ। ਇਸ ਇਕੱਠ ਦੀ ਵਿਰੋਧਤਾ ਕਰਦਿਆ ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਟਾਇਮ ਸੁਕੇਅਰ ਵਿਖੇ ਵਿਰੋਧ ਪਰਦਰਸ਼ਨ ਕੀਤਾ ਗਿਆ। ਜਿੱਥੇ ਸਮੁੱਚੇ ਸਿੱਖ ਵਰਗ ਨੇ ਇਹਨਾਂ ਸਮਾਗਮਾਂ ਵਿਰੁੱਧ ਇਕਜੁਟਤਾ ਦਿਖਾਉਂਦਿਆ ਸਾਰੇ ਸਰਕਾਰੀ ਪ੍ਰੋਗਰਾਮਾਂ ਤੋ ਦੂਰੀ ਬਣਾਈ ਰੱਖੀ ਓਥੇ ਨਿਊਯਾਰਕ ਦੇ ਕੁਝ ਹਿੰਦੁਤਵੀ ਜਥੇਬੰਦੀਆਂ ਦੇ ਸਹਿਯੋਗੀ ਪਗੜੀਧਾਰੀ ਟਾਇਮ ਸੁਕੇਅਰ ਤੇ ਭਗਵੇਂ ਜਸ਼ਨਾਂ ਵਿੱਚ ਸਾਮਲ ਹੋਏ। ਵਿਰੋਧ ਕਰਦੀਆਂ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਇਹਨਾਂ ਲੋਕਾਂ 'ਤੇ ਆਰ ਐਸ ਐਸ ਦੇ ਪੈਰੋਕਾਰ ਹੋਣ ਦੀ ਮੋਹਰ ਪੱਕੇ ਤੌਰ 'ਤੇ ਲੱਗ ਗਈ ਹੈ ਅਤੇ ਇਹਨਾਂ ਨੇ ਮੰਨੂਵਾਦੀਆਂ ਤੋ ਭਗਵੇਂ ਪਰਨੇ ਗਲਾਂ ਵਿੱਚ ਪਵਾਏ ਹਨ। 

ਸਿੱਖ ਯੂਥ ਆਫ ਅਮਰੀਕਾ ਵੱਲੋਂ ਉਹਨਾਂ ਮੈਂਬਰਾਂ ਦੇ ਨਾਮ ਜਨਤਕ ਕੀਤੇ ਗਏ ਹਨ ਜੋ ਆਰ ਐਸ ਐਸ ਦੇ ਸਮਾਗਮ ਵਿੱਚ ਦੇਖੇ ਗਏ ਜਿਹਨਾਂ ਵਿਚ ਜਸਵਿੰਦਰ ਸਿੰਘ, ਹਰਬੰਸ ਸਿੰਘ ਢਿੱਲੋਂ, ਜਗੀਰ ਸਿੰਘ, ਕੁਲਬੀਰ ਸਿੰਘ ਅਤੇ ਜੁਗਿੰਦਰ ਸਿੰਘ ਸ਼ਾਮਲ ਹਨ।

ਸਿੱਖ ਜਥੇਬੰਦੀਆਂ ਨੇ ਕਿਹਾ ਕਿ 2004 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਕਰਦਿਆਂ ਆਰ ਐਸ ਐਸ ਨੂੰ ਸਿੱਖ ਵਿਰੋਧੀ ਗਰਦਾਨਿਆ ਗਿਆ ਹੈ ਤੇ ਇਸ ਸੰਗਠਨ ਨਾਲ ਤੇ ਇਸਦੇ ਪੈਰੋਕਾਰਾਂ ਨਾਲ ਕਿਸੇ ਵੀ ਕਿਸਮ ਦੀ ਸਾਂਝ ਰੱਖਣ 'ਤੇ ਸਖ਼ਤ ਮਨਾਹੀ ਕੀਤੀ ਗਈ ਹੈ। ਇਸ ਸਬੰਧੀ ਪ੍ਰੈਸ ਨੋਟ ਜਾਰੀ ਕਰਦਿਆਂ ਸਿੱਖ ਯੂਥ ਆਫ ਅਮਰੀਕਾ ਨੇ ਕਿਹਾ ਕਿ ਇਹ ਸਾਰੇ ਲੋਕ ਪਿਛਲੇ ਸਮਿਆਂ ਵਿੱਚ ਨਿਊਯਾਰਕ ਏਰੀਏ ਦੇ ਗੁਰੂ ਘਰਾਂ ਵਿੱਚ ਹੋਏ ਲੜਾਈ ਝਗੜਿਆਂ ਵਿੱਚ ਝਗੜਾਲੂ, ਕਲੇਸ਼ੀ ਤੇ ਮੁਹਰੈਲ ਰਹੇ ਹਨ, ਜਿਸ ਤੋਂ ਸਿੱਧ ਹੁੰਦਾ ਹੈ ਕਿ ਇਹ ਲੋਕ ਲੰਮੇ ਸਮੇਂ ਤੋਂ ਹੀ ਆਰ ਐਸ ਐਸ ਦੇ ਕਰਿੰਦੇ ਹਨ ਜੋ ਸਦਾ ਗੁਰੂ ਘਰਾਂ ਵਿੱਚ ਲੜਾਈਆਂ ਝਗੜੇ ਕਰਵਾਉਂਦੇ ਆਏ ਹਨ। 

ਸਿੱਖ ਯੂਥ ਆਫ ਅਮਰੀਕਾ ਨੇ ਕਿਹਾ ਕਿ ਹੁਣ ਸਵਾਲ ਹੈ ਕਿ ਏਨਾ ਨਿੱਘਰ ਚੁੱਕੇ ਸਿੱਖ ਚੇਹਰੇ ਮੋਹਰੇ ਵਾਲਿਆਂ ਪ੍ਰਤੀ ਸਮਾਜਿਕ ਤੇ ਧਾਰਮਿਕ ਤੌਰ 'ਤੇ ਕੀ ਕੀਤਾ ਜਾਵੇ।

ਰਾਮ ਮੰਦਿਰ ਦੇ ਸਮਰਥਕਾਂ ਵਿਚ ਸ਼ਾਮਲ ਲੋਕ

ਉਹਨਾਂ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਦੇ ਧਿਆਨ ਹਿੱਤ ਪ੍ਰਬੰਧਕ ਕਮੇਟੀ ਨੂੰ ਬੇਨਤੀ ਕੀਤੀ ਹੈ ਕਿ ਇਸ ਸੰਸਥਾ ਦੇ ਕੁਝ ਮੈਂਬਰ 5 ਅਗਸਤ ਨੂੰ ਆਰ ਐਸ ਐਸ ਵੱਲੋਂ ਰੱਖੇ ਮੰਦਰ ਨਿਰਮਾਣ ਦੇ ਜਸ਼ਨਾਂ ਵਿੱਚ ਟਾਇਮ ਸੁਕੇਅਰ ਨਿਉਯਾਰਕ ਵਿਖੇ ਹਾਜ਼ਰ ਹੋਏ। ਓਥੇ ਇੰਨਾਂ ਨੂੰ ਆਉਣ ਦੇ ਇਵਜ਼ ਵਜੋਂ ਸੰਘੀ ਕਾਰਕੁਨਾਂ ਵੱਲੋਂ ਭਗਵੇ ਪਰਨਿਆਂ ਨਾਲ ਨਿਵਾਜਿਆ ਵੀ ਗਿਆ। ਜਿਸ ਦੀਆਂ ਫੋਟੋਆਂ ਵੀ ਜਨਤਕ ਹੋਈਆਂ ਹਨ।  

ਆਰ ਐਸ ਐਸ ਸੰਗਠਨ ਨੂੰ ਸਿੱਖ ਕੌਮ ਵਿਰੋਧੀ ਗਰਦਾਨਦਿਆਂ ਅਕਾਲ ਤਖਤ ਸਾਹਿਬ ਤੋਂ 2004 ਵਿੱਚ ਹੁਕਮਨਾਮਾ ਵੀ ਜਾਰੀ ਹੋ ਚੁੱਕਾ ਹੈ ਜਿਸ ਵਿੱਚ ਸਪਸ਼ਟ ਨਿਰਦੇਸ਼ ਹਨ ਕਿ ਇਸ ਸੰਗਠਨ ਨਾਲ ਸਿੱਖਾਂ ਨੇ ਕਿਸੇ ਵੀ ਤਰਾਂ ਦੀ ਸਾਂਝ ਨਹੀਂ ਰੱਖਣੀ।  ਸਿੱਖ ਯੂਥ ਆਫ ਅਮਰੀਕਾ ਨੇ ਕਿਹਾ, "ਆਪ ਮਾਣਯੋਗ ਸਮੂੰਹ ਪ੍ਰਬੰਧਕ ਸਾਹਿਬਾਨ ਨੂੰ ਸਨਿਮਰ ਬੇਨਤੀ ਹੈ ਕਿ ਇਸ ਵਿਸ਼ੇ ਵਿਸ਼ੇਸ਼ ਦੀ ਅਹਿਮੀਅਤ ਨੂੰ ਸਨਮੁਖ ਰੱਖਦਿਆਂ ਏਨਾ ਮੈਂਬਰਾਂ 'ਤੇ ਸਿੱਖੀ ਪਰੰਪਰਾਵਾਂ ਅਨੁਸਾਰ ਯੋਗ ਕਾਰਵਾਈ ਕੀਤੀ ਜਾਵੇ ਤਾਂ ਜੋ ਸਿੱਖੀ ਮਾਨਤਾਵਾਂ ਵਿਰੁਧ ਜਾਣ ਵਾਲਿਆਂ ਨੂੰ ਯੋਗ ਸਜ਼ਾ ਦਿਤੀ ਜਾ ਸਕੇ ਤੇ ਸਾਡੀਆਂ ਪਾਏਦਾਰ ਸਿੱਖ ਕਦਰਾਂ ਕੀਮਤਾਂ ਨੂੰ ਕਾਇਮ ਰਖਿਆ ਜਾ ਸਕੇ। ਆਪ ਜੀ ਤੋਂ ਯੋਗ ਕਾਰਵਾਈ ਦੀ ਉਮੀਦ ਕਰਦੇ ਹਾਂ।