ਕੀ ਮੋਦੀ ਲੱਦਾਖ ਸਿਰਫ ਫੋਟੋਆ ਖਿਚਾਉਣ ਗਏ ਸੀ

ਕੀ ਮੋਦੀ ਲੱਦਾਖ ਸਿਰਫ ਫੋਟੋਆ ਖਿਚਾਉਣ ਗਏ ਸੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਬੀਤੇ ਕੱਲ੍ਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਲੱਦਾਖ ਦਾ ਦੌਰਾ ਵਿਵਾਦਾਂ ਵਿਚ ਘਿਰ ਗਿਆ ਹੈ। ਮੋਦੀ ਦੌਰੇ ਦੌਰਾਨ ਜਿਸ ਹਸਪਤਾਲ ਵਿਚ ਜ਼ਖਮੀ ਫੌਜੀਆਂ ਨਾਲ ਤਸਵੀਰਾਂ ਖਿਚਾਉਂਦੇ ਨਜ਼ਰ ਆ ਰਹੇ ਹਨ ਉਹ ਹਸਪਤਾਲ ਨਹੀਂ ਸੀ, ਬਲਕਿ ਇਕ ਕਾਨਫਰੰਸ ਹਾਲ ਨੂੰ ਮੋਦੀ ਦੇ ਦੌਰੇ ਦੇ ਚਲਦਿਆਂ ਹਸਪਤਾਲ ਵਾਰਡ ਬਣਾਇਆ ਗਿਆ ਸੀ। 

ਲੇਹ ਵਿਚ ਮਿਲਟਰੀ ਹਸਪਤਾਲ ਹੈ, ਜਿੱਥੇ 300 ਤੋਂ ਵੱਧ ਬਿਸਤਰਿਆਂ ਦਾ ਪ੍ਰਬੰਧ ਹੈ। ਪਰ ਮੋਦੀ ਦੇ ਦੌਰੇ ਲਈ ਇਹ ਖਾਸ ਪ੍ਰਬੰਧ ਕੀਤਾ ਗਿਆ। ਸੋਸ਼ਲ ਮੀਡੀਆ 'ਤੇ ਲੋਕ ਕਹਿ ਰਹੇ ਹਨ ਕਿ ਮੋਦੀ ਦੀਆਂ ਤਸਵੀਰਾਂ ਖਿਚਵਾਉਣ ਦੀ ਆਦਤ ਦੇ ਚਲਦਿਆਂ ਇਹ ਖਾਸ ਪ੍ਰਬੰਧ ਕੀਤੇ ਗਏ।

Never seen a hospital with teakwood panels as walls. https://t.co/dmK8j70E3x

— SonaliRanade (@sonaliranade) July 4, 2020

ਦਰਅਸਲ ਮੋਦੀ ਦੀਆਂ ਜ਼ਖਮੀ ਫੌਜੀਆਂ ਨਾਲ ਸਾਹਮਣੇ ਆਈਆਂ ਤਸਵੀਰਾਂ ਵਿਚ ਦਿਖ ਰਿਹਾ ਹੈ ਕਿ ਹਾਲ ਵਿਚ ਪ੍ਰੋਜੈਕਟਰ ਅਤੇ ਸਕਰੀਨ ਲੱਗੀ ਹੈ ਤੇ ਹਾਲ ਦੀ ਦਿੱਖ ਵੀ ਪੂਰੀ ਤਰ੍ਹਾਂ ਕਿਸੇ ਕਾਨਫਰੰਸ ਹਾਲ ਵਰਗੀ ਲਗਦੀ ਹੈ। ਤਸਵੀਰਾਂ ਵਿਚ ਹਸਪਤਾਲ ਦੇ ਸੰਦ ਜਿਵੇਂ ਆਈਵੀ ਸੈੱਟ ਲਾਉਣ ਵਾਲਾ ਸਟੈਂਡ, ਆਕਸੀਜਨ ਸਲੰਡਰ ਆਦਿ ਕੁੱਝ ਵੀ ਨਹੀਂ ਦਿੱਖ ਰਿਹਾ। ਏਥੋਂ ਤਕ ਕਿ ਤਸਵੀਰਾਂ ਵਿਚ ਸਿਰਫ ਫੋਟੋਆਂ ਖਿੱਚਦੇ ਫੌਜੀ ਹੀ ਨਜ਼ਰ ਆ ਰਹੇ ਸਨ, ਕੋਈ ਡਾਕਟਰ ਜਾਂ ਨਰਸ ਵੀ ਨਜ਼ਰ ਨਹੀਂ ਆਏ। 

It is said to be a conference hall hurriedly staged as a patients ward. Never expected munna bhai culture to infect a great organisation like Army. Hope faking remains within confines of bjp and modi household. Onus on army top brass to protect the institutional ethos. https://t.co/URMOlLznHf

— NN Ojha (@nnojha) July 4, 2020

ਲੋਕਾਂ ਦਾ ਕਹਿਣਾ ਹੈ ਕਿ ਮੋਦੀ ਦਾ ਇਹ ਦੌਰਾ ਸਿਰਫ ਆਪਣੀ ਮਸ਼ਹੂਰੀ ਲਈ ਸੀ ਜਿਸ ਲਈ ਜ਼ਖਮੀ ਫੌਜੀਆਂ ਨੂੰ ਵਰਤਣ ਤੋਂ ਵੀ ਮੋਦੀ ਨੇ ਪ੍ਰਹੇਜ਼ ਨਹੀਂ ਕੀਤਾ। ਲੋਕ ਸੋਸ਼ਲ ਮੀਡੀਆ 'ਤੇ ਅੱਜ ਮੋਦੀ ਦਾ ਇਸ ਗੱਲ ਲਈ ਬਹੁਤ ਜਲੂਸ ਕੱਢ ਰਹੇ ਹਨ। 

ਕਾਂਗਰਸ ਪਾਰਟੀ ਨੇ ਵੀ ਮੋਦੀ ਦੇ ਹਸਪਤਾਲ ਦੌਰੇ ਨੂੰ ਮਹਿਜ਼ ਮਸ਼ਹੂਰੀ ਦੱਸਿਆ ਸੀ।

ਮੋਦੀ ਖਿਲਾਫ ਲੋਕਾਂ ਦੇ ਤੰਝ ਐਨੇ ਤਿੱਖੇ ਸਨ ਕਿ ਅਖੀਰ ਹੁਣ ਭਾਰਤੀ ਫੌਜ ਨੂੰ ਇਸ ਹਸਪਤਾਲ ਬਾਰੇ ਸਪਸ਼ਟੀਕਰਨ ਜਾਰੀ ਕਰਨਾ ਪਿਆ। ਭਾਰਤੀ ਫੌਜ ਨੇ ਕਿਹਾ ਕਿ ਇਹ ਹਾਲ ਬਿਪਤਾ ਦੇ ਸਮੇਂ ਵਰਤੋਂ ਵਿਚ ਲਿਆਉਣ ਲਈ ਤਿਆਰ ਕੀਤਾ ਗਿਆ ਹੈ ਜਿੱਥੇ 100 ਬਿਸਤਰਿਆਂ ਦਾ ਪ੍ਰਬੰਧ ਹੋ ਸਕਦਾ ਹੈ ਅਤੇ ਇਹ ਹਸਪਤਾਲ ਦਾ ਹੀ ਹਿੱਸਾ ਹੈ। ਫੌਜ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਦੇ ਚਲਦਿਆਂ ਇਸ ਹਾਲ ਨੂੰ ਵਾਰਡ ਵਿਚ ਤਬਦੀਲ ਕੀਤਾ ਗਿਆ ਸੀ।