ਰੈਫਰੈਂਡਮ 2020 ਮੁਹਿੰਮ ਦੇ ਚਲਦਿਆਂ ਛਾਪੇਮਾਰੀਆਂ; ਸ਼੍ਰੋਮਣੀ ਕਮੇਟੀ ਮੈਂਬਰ ਪੰਜੋਲੀ ਨੂੰ ਵੀ ਤੰਗ ਕਰਨ ਲੱਗੀ ਪੁਲਸ

ਰੈਫਰੈਂਡਮ 2020 ਮੁਹਿੰਮ ਦੇ ਚਲਦਿਆਂ ਛਾਪੇਮਾਰੀਆਂ; ਸ਼੍ਰੋਮਣੀ ਕਮੇਟੀ ਮੈਂਬਰ ਪੰਜੋਲੀ ਨੂੰ ਵੀ ਤੰਗ ਕਰਨ ਲੱਗੀ ਪੁਲਸ
ਕਰਨੈਲ਼ ਸਿੰਘ ਪੰਜੋਲੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਰੈਫਰੈਂਡਮ 2020 ਮੁਹਿੰਮ ਦੇ ਚਲਦਿਆਂ ਬੀਤੇ ਇਕ ਦੋ ਦਿਨਾਂ ਤੋਂ ਪੰਜਾਬ ਭਰ ਵਿਚ ਪੁਲਸ ਵੱਲੋਂ ਸਿੱਖ ਨੌਜਵਾਨਾਂ ਨੂੰ ਥਾਣਿਆਂ ਵਿਚ ਬੁਲਾ ਕੇ ਦਬਕਾਇਆ ਜਾ ਰਿਹਾ ਹੈ। ਇਸ ਸਬੰਧੀ ਆਪਣੇ ਫੇਸਬੁੱਕ ਖਾਤੇ 'ਤੇ ਪੋਸਟ ਪਾ ਕੇ ਪੁਲਸ ਦੀ ਕਾਰਵਾਈ 'ਤੇ ਸਵਾਲ ਖੜ੍ਹੇ ਕਰਨ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਦੇ ਘਰ ਵੀ ਪੁਲਸ ਨੇ ਛਾਪੇਮਾਰੀ ਸ਼ੁਰੂ ਕਰ ਦਿੱਤੀ। 

ਕਰਨੈਲ਼ ਸਿੰਘ ਪੰਜੋਲੀ ਨੇ ਅੰਮ੍ਰਿਤਸਰ ਟਾਈਮਜ਼ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਰੈਫਰੈਂਡਮ 2020 ਮੁਹਿੰਮ ਬਾਰੇ ਰਵੱਈਏ 'ਤੇ ਸਵਾਲ ਚੁੱਕਦਿਆਂ ਆਪਣੇ ਵਿਚਾਰ ਸਾਂਝੇ ਕੀਤੇ ਸਨ। ਜਿਸ ਤੋਂ ਬਾਅਦ ਬੀਤੀ ਸ਼ਾਮ ਪਹਿਲਾਂ ਸਰਹਿੰਦ ਪੁਲਸ ਨੇ ਉਹਨਾਂ ਦੇ ਘਰ ਛਾਪਾ ਮਾਰਿਆ, ਪਰ ਉਹ ਰਾਤ ਘਰ ਨਹੀਂ ਸੀ। ਇਸ ਤੋਂ ਬਾਅਦ ਅੱਜ ਸਵੇਰੇ ਉਹਨਾਂ ਦੇ ਨੇੜਲੇ ਥਾਣਾ ਮੂਲੇਪੁਰ ਦੀ ਪੁਲਸ ਉਹਨਾਂ ਦੇ ਘਰ ਆਈ ਤੇ ਉਹਨਾਂ ਤੋਂ ਪੁੱਛਗਿੱਛ ਕੀਤੀ। 

ਕਰਨੈਲ ਸਿੰਘ ਪੰਜੋਲੀ ਨੇ ਆਪਣੇ ਫੇਸਬੁੱਕ ਖਾਤੇ 'ਤੇ ਜੋ ਲਿਖਿਆ ਉਹ ਅਸੀਂ ਇੱਥੇ ਉਹਨਾਂ ਦੇ ਖਾਤੇ ਦੀ ਤੰਦ ਜੋੜ ਕੇ ਪਾਠਕਾਂ ਦੇ ਪੜ੍ਹਨ ਹਿੱਤ ਸਾਂਝਾ ਕਰ ਰਹੇ ਹਾਂ।

ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਭਾਰਤ ਵਿਚ ਘੱਟਗਿਣਤੀਆਂ ਨੂੰ ਲਗਾਤਾਰ ਦਬਾਇਆ ਜਾ ਰਿਹਾ ਹੈ ਅਤੇ ਘੱਟਗਿਣਤੀਆਂ ਵਿਚ ਦਹਿਸ਼ਤ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਭਾਰਤ ਸਰਕਾਰ ਵੱਲੋਂ ਅਜ਼ਾਦ ਸਿੱਖ ਰਾਜ ਲਈ ਸੰਘਰਸ਼ਸ਼ੀਲ 9 ਸਿੱਖ ਆਗੂਆਂ ਨੂੰ ਅੱਤਵਾਦੀ ਐਲਾਨਦੀ ਸੂਚੀ ਜਾਰੀ ਕਰਨ ਬਾਰੇ ਟਿੱਪਣੀ ਕਰਦਿਆਂ ਉਹਨਾਂ ਕਿਹਾ ਕਿ ਜਿਵੇਂ 1984 ਵਿਚ ਕਾਂਗਰਸ ਹਕੂਮਤ ਸਿੱਖਾਂ ਨੂੰ ਅੱਤਵਾਦੀ ਕਹਿ ਕੇ ਬਦਨਾਮ ਕਰ ਰਹੀ ਸੀ ਉਵੇਂ ਹੀ ਜਦੋਂ ਹੁਣ ਕੋਰੋਨਾਵਾਇਰਸ ਦੇ ਸਮੇਂ ਵਿਚ ਸਿੱਖਾਂ ਨੇ ਪੂਰੀ ਦੁਨੀਆ ਨੂੰ ਦਖਾਇਆ ਕਿ ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਤਾਂ ਭਾਰਤ ਦੀ ਮੋਦੀ ਸਰਕਾਰ ਕਾਂਗਰਸ ਦੀਆਂ ਲੀਹਾਂ 'ਤੇ ਚਲਦਿਆਂ ਸਿੱਖਾਂ ਦਾ ਕੌਮਾਂਤਰੀ ਅਕਸ ਖਰਾਬ ਕਰਨ ਲਈ ਇਹ ਸੂਚੀ ਨੂੰ ਜ਼ਾਰੀ ਕਰ ਰਹੀ ਹੈ। 

ਉਹਨਾਂ ਕਿਹਾ ਕਿ ਪੰਨੂ ਦੇ ਵਿਚਾਰਾਂ ਨਾਲ ਸਹਿਮਤ-ਅਸਹਿਮਤ ਹੋਇਆ ਜਾ ਸਕਦਾ ਹੈ ਪਰ ਉਸਨੂੰ ਰੈਫਰੈਂਡਮ 2020 ਦੀ ਗੱਲ ਕਰਨ ਲਈ ਅੱਤਵਾਦੀ ਨਹੀਂ ਐਲਾਨਿਆ ਜਾ ਸਕਦਾ। ਉਹਨਾਂ ਦੱਸਿਆ ਕਿ ਉਹਨਾਂ ਦੇ ਪ੍ਰਬੰਧ ਅਧੀਨ ਪੈਂਦੇ ਸ਼੍ਰੋਮਣੀ ਕਮੇਟੀ ਦੇ ਹਲਕੇ ਵਿਚ ਵੀ ਪੁਲਸ ਨੇ ਕਈ ਸਿੱਖਾਂ ਨੌਜਵਾਨਾਂ ਨੂੰ ਥਾਣਿਆਂ ਵਿਚ ਬੈਠਾਇਆ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮੈਂਬਰ ਹੋਣ ਨਾਅਤੇ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਬੇਕਸੂਰ ਸਿੱਖ ਨੌਜਵਾਨਾਂ ਲਈ ਅਵਾਜ਼ ਚੁੱਕਣ, ਪਰ ਸਰਕਾਰ ਨੂੰ ਇਹ ਗੱਲ ਰਾਸ ਨਹੀਂ ਆ ਰਹੀ।