6 ਜੂਨ ਦੇ ਸ਼ਹੀਦੀ ਦਿਹਾੜੇ ਨੂੰ ਇਕੋ ਦਿਨ 2 ਥਾਵਾਂ ਤੇ ਮਨਾਉਣਾ, ਮਹਾਨ ਸ਼ਹੀਦਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾਂ ਦੀ ਤੋਹੀਨ : ਮਾਨ

6 ਜੂਨ ਦੇ ਸ਼ਹੀਦੀ ਦਿਹਾੜੇ ਨੂੰ ਇਕੋ ਦਿਨ 2 ਥਾਵਾਂ ਤੇ ਮਨਾਉਣਾ, ਮਹਾਨ ਸ਼ਹੀਦਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾਂ ਦੀ ਤੋਹੀਨ : ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 31 ਮਈ (ਮਨਪ੍ਰੀਤ ਸਿੰਘ ਖਾਲਸਾ):- “ਸਮੁੱਚੀ ਸਿੱਖ ਕੌਮ 06 ਜੂਨ ਨੂੰ ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਅਤੇ ਹੋਰ ਮਹਾਨ ਸ਼ਹੀਦਾਂ ਦਾ ਸਮੂਹਿਕ ਦਿਹਾੜਾ ਮਨਾਉਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਹਾਨ ਸਥਾਂਨ ਤੇ ਅਰਦਾਸ ਕਰਦੀ ਹੈ । ਜਿਸ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾਂ ਅਤੇ ਉਸ ਸੰਸਥਾਂ ਵਿਚ ਵਿਸਵਾਸ ਵਿਚ ਢੇਰ ਸਾਰਾ ਵਾਧਾ ਹੁੰਦਾ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਇਸੇ 06 ਜੂਨ ਨੂੰ ਦਮਦਮੀ ਟਕਸਾਲ ਦੇ ਮੌਜੂਦਾ ਮੁੱਖੀ ਬਾਬਾ ਹਰਨਾਮ ਸਿੰਘ ਧੂੰਮਾ ਵੀ ਟਕਸਾਲ ਦੇ ਹੈੱਡਕੁਆਰਟਰ ਮਹਿਤਾ ਚੌਕ ਵਿਖੇ ਸ਼ਹੀਦਾਂ ਦੀ ਅਰਦਾਸ ਕਰਨ ਦਾ ਵੱਖਰਾਂ ਪ੍ਰੋਗਰਾਮ ਕਰਦੇ ਹਨ । ਅਜਿਹਾ ਅਮਲ ਤਾਂ ਖ਼ਾਲਸਾ ਪੰਥ ਦੀ ਮਹਾਨ ਸੰਸਥਾਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਕੌਮ ਦੇ ਮਹਾਨ ਸ਼ਹੀਦਾਂ ਦਾ ਅਪਮਾਨ ਕਰਨ ਵਾਲੀਆ ਕਾਰਵਾਈਆ ਹਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾਂ ਨੂੰ ਚੁਣੋਤੀ ਦੇਣ ਵਾਲੇ ਦੁੱਖਦਾਇਕ ਅਮਲ ਹਨ । ਜਦੋਕਿ ਇਹ ਅਰਦਾਸ ਸਮੁੱਚੀ ਸਿੱਖ ਕੌਮ ਵੱਲੋ ਸਾਂਝੇ ਰੂਪ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੀ ਹੋਣੀ ਚਾਹੀਦੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 06 ਜੂਨ ਦੇ ਘੱਲੂਘਾਰੇ ਦੇ ਮਹਾਨ ਸ਼ਹੀਦੀ ਦਿਹਾੜੇ ਤੇ ਸਮੁੱਚੀ ਸਿੱਖ ਕੌਮ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਣ ਵਾਲੀ ਅਰਦਾਸ ਦੇ ਉਲਟ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਚੌਕ ਮਹਿਤਾ ਵਿਖੇ ਵੱਖਰੀ ਅਰਦਾਸ ਕਰਨ ਦੇ ਅਮਲਾਂ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਤੇ ਸਰਬਉੱਚਤਾਂ ਤੋਂ ਮੂੰਹ ਮੋੜਨ ਵਾਲੀ ਕਾਰਵਾਈ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ਼ਹੀਦ ਕਿਸੇ ਇਕ ਟਕਸਾਲ, ਡੇਰੇ ਜਾਂ ਕਿਸੇ ਇਕ ਪਰਿਵਾਰ ਦੇ ਨਹੀਂ ਹੁੰਦੇ ਬਲਕਿ ਸ਼ਹੀਦ ਹਮੇਸ਼ਾਂ ਸਮੁੱਚੀ ਕੌਮ ਦੇ ਹੁੰਦੇ ਹਨ ਅਤੇ ਉਨ੍ਹਾਂ ਦੇ ਦਿਹਾੜੇ ਕੌਮ ਦੇ ਸੈਟਰਲ ਧਾਰਮਿਕ ਸਥਾਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੀ ਮਹਾਨ ਸੰਸਥਾਂ ਉਤੇ ਹੀ ਮਨਾਕੇ ਅਸੀ ਜਿਥੇ ਕੌਮ ਦੀ ਸਮੁੱਚੀ ਇਕੱਤਰਤਾ ਨੂੰ ਕਾਇਮ ਰੱਖ ਸਕਦੇ ਹਾਂ, ਉਥੇ ਆਪਣੇ ਮਹਾਨ ਤਖ਼ਤਾਂ ਦੇ ਸਤਿਕਾਰ-ਮਾਣ ਵਿਚ ਵੀ ਵਾਧਾ ਕਰ ਸਕਦੇ ਹਾਂ । ਉਨ੍ਹਾਂ ਕਿਹਾ ਕਿ ਜਦੋਂ 1984 ਦੇ ਸ਼ਹੀਦੀ ਸਾਕੇ ਤੋਂ ਬਾਅਦ ਸ਼ਹੀਦਾਂ ਦੀ ਆਤਮਾ ਦੀ ਸ਼ਾਂਤੀ ਲਈ ਉਨ੍ਹਾਂ ਨੂੰ ਯਾਦ ਕਰਦੇ ਹੋਏ ਨਿਰੰਤਰ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਹੀ ਕੌਮ ਇਕੱਠੀ ਹੋ ਕੇ ਅਰਦਾਸ ਕਰਦੀ ਆ ਰਹੀ ਹੈ, ਤਾਂ ਕੁਝ ਸਮੇਂ ਤੋਂ ਚੌਕ ਮਹਿਤਾ ਵਿਖੇ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੂੰਮਾ ਵੱਲੋ ਵੱਖਰਾਂ ਇਕੱਠ ਕਰਨ ਦੀਆਂ ਕਾਰਵਾਈਆ ਨਹੀ ਹੋਣੀਆ ਚਾਹੀਦੀਆ । ਬਲਕਿ ਐਸ.ਜੀ.ਪੀ.ਸੀ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਵਿਖੇ ਅਜਿਹੇ ਮਹਾਨ ਦਿਹਾੜਿਆ ਤੇ ਸੰਗਤ ਨੂੰ ਸਹੀ ਜਗ੍ਹਾ ਦੇਣ, ਅਮਨ ਚੈਨ ਕਾਇਮ ਰੱਖਣ ਲਈ ਆਪਣੀ ਟਾਸਕ ਫੋਰਸ ਦੀ ਸੇਵਾ ਭਾਵ ਨਾਲ ਜਿੰਮੇਵਾਰੀਆ ਨਿਭਾਉਣ ਨਾ ਕਿ ਸੈਟਰ ਦੇ ਹੁਕਮਾਂ ਤੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੈਟਰਲ ਫੋਰਸਾਂ ਜਾਂ ਚਿੱਟਕੱਪੜਿਆ ਵਿਚ ਪੁਲਿਸ ਨੂੰ ਸ੍ਰੀ ਦਰਬਾਰ ਸਾਹਿਬ ਦੀ ਹਦੂਦ ਅੰਦਰ ਬਿਲਕੁਲ ਦਾਖਲ ਹੋਣ ਦੀ ਇਜਾਜਤ ਨਹੀ ਦੇਣੀ ਚਾਹੀਦੀ । ਤਾਂ ਕਿ ਸਿੱਖੀ ਮਰਿਯਾਦਾਵਾਂ, ਰਹੁਰੀਤੀਆ ਦਾ ਪੂਰਨ ਤੌਰ ਤੇ ਸਤਿਕਾਰ ਤੇ ਪਾਲਣ ਵੀ ਹੁੰਦਾ ਰਹੇ ਅਤੇ ਸਿੱਖ ਕੌਮ ਵਿਰੋਧੀ ਤਾਕਤਾਂ ਖੁਦ ਹੀ ਸਾਜਿਸਾਂ ਰਚਕੇ ਸ੍ਰੀ ਦਰਬਾਰ ਸਾਹਿਬ ਦੇ ਮਹਾਨ ਸਥਾਨ ਵਿਖੇ ਹੁਲੜਬਾਜੀ ਕਰਕੇ ਖਾਲਸਾ ਪੰਥ ਤੇ ਸਾਡੇ ਮਹਾਨ ਤਖ਼ਤਾਂ ਦੇ ਸਤਿਕਾਰ ਨੂੰ ਠੇਸ ਪਹੁੰਚਾਉਣ ਵਿਚ ਕਤਈ ਕਾਮਯਾਬ ਨਾ ਹੋ ਸਕਣ ।

ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਮਦਮੀ ਟਕਸਾਲ ਚੌਕ ਮਹਿਤਾ, ਖ਼ਾਲਸਾ ਪੰਥ ਦੀ ਸਮੁੱਚੀ ਏਕਤਾ ਅਤੇ ਆਪਣੀਆ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੀਆ ਮਹਾਨ ਸੰਸਥਾਵਾਂ ਦੇ ਵੱਡੇ ਸਤਿਕਾਰ, ਮਾਣ ਨੂੰ ਕਿਸੇ ਤਰ੍ਹਾਂ ਠੇਸ ਨਾ ਪਹੁੰਚਾਉਦੀਆ ਹੋਈਆ ਸਮੂਹਿਕ ਤੌਰ ਤੇ ਅਜਿਹਾ ਪ੍ਰਬੰਧ ਕਰਨਗੀਆਂ ਜਿਸ ਨਾਲ ਇਹ ਮਹਾਨ ਦਿਹਾੜਾ ਹਰ ਸਾਲ 06 ਜੂਨ ਨੂੰ ਸਮੂਹਿਕ ਤੌਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਹਾਨ ਸਥਾਂਨ ਉਤੇ ਹੀ ਮਨਾਇਆ ਜਾਵੇ ਅਤੇ ਕੌਮ ਵਿਚ ਕਿਸੇ ਤਰ੍ਹਾਂ ਦੀ ਦੁਬਿਧਾ ਪੈਦਾ ਨਾ ਹੋਵੇ ।