ਸੀ.ਬੀ.ਆਈ. ਅਦਾਲਤ ਵਲੋਂ ਸੇਵਾਮੁਕਤ ਏ. ਆਈ. ਜੀ. ਨੂੰ ਭਗੌੜਾ ਕਰਨ ਦੀ ਕਾਰਵਾਈ ਸ਼ੁਰੂ

ਸੀ.ਬੀ.ਆਈ. ਅਦਾਲਤ ਵਲੋਂ ਸੇਵਾਮੁਕਤ ਏ. ਆਈ. ਜੀ. ਨੂੰ ਭਗੌੜਾ ਕਰਨ ਦੀ ਕਾਰਵਾਈ ਸ਼ੁਰੂ

ਮਾਮਲਾ ਪੰਜਵੜ੍ਹ ਦੀ ਮਾਤਾ ਨੂੰ ਲਾਪਤਾ ਕਰਨ ਤੇ ਅਰੂੜ ਸਿੰਘ  ਦਾ ਝੂਠਾ ਪੁਲੀਸ ਮੁਕਾਬਲਾ ਬਣਾਉਣ ਦਾ 

*ਜਸਟਿਸ ਬੈਂਸ ਦੀ ਸ਼ਿਕਾਇਤ ਉਪਰ 1994 ਵਿਚ ਸੀ.ਬੀ.ਆਈ. ਨੇ ਡੀ.ਐੱਸ.ਪੀ. ਅਸ਼ੋਕ  ਤੇ ਏ. ਆਈ. ਜੀ. ਜਗਦੀਪ ਸਿੰਘ ਦੇ ਖ਼ਿਲਾਫ਼ ਦਰਜ ਕੀਤਾ ਸੀ ਮਾਮਲਾ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਤਰਨ ਤਾਰਨ-ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਖਾੜਕੂ ਪਰਮਜੀਤ ਸਿੰਘ ਪੰਜਵੜ੍ਹ ਦੀ ਮਾਤਾ ਮਹਿੰਦਰ ਕੌਰ ਨੂੰ 1992 ਵਿਚ ਘਰੋਂ ਚੁੱਕ ਕੇ ਲਾਪਤਾ ਕਰਨ ਦੇ ਮਾਮਲੇ ਵਿਚ ਸੀ.ਬੀ.ਆਈ. ਮੋਹਾਲੀ ਦੀ ਅਦਾਲਤ ਵਿਚ ਸਾਬਕਾ ਏ.ਆਈ.ਜੀ. ਜਗਦੀਪ ਸਿੰਘ ਦੇ ਖ਼ਿਲਾਫ਼ ਚੱਲ ਰਹੇ ਕੇਸ ਵਿਚ ਗੈਰ ਹਾਜ਼ਰ ਰਹਿਣ 'ਤੇ ਸੀ.ਬੀ.ਆਈ. ਦੀ ਅਦਾਲਤ ਦੇ ਸਪੈਸ਼ਲ ਜੁਡੀਸ਼ੀਅਲ ਮੈਜਿਸਟ੍ਰੇਟ ਅਮਨਦੀਪ ਕੰਬੋਜ਼ ਵਲੋਂ ਸਾਬਕਾ ਪੁਲਿਸ ਅਧਿਕਾਰੀ ਜਗਦੀਪ ਸਿੰਘ ਦੇ ਖ਼ਿਲਾਫ਼ ਇਸ ਮਾਮਲੇ 'ਵਿਚ ਭਗੌੜਾ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਪਿੰਡ ਪੰਜਵੜ੍ਹ ਦੇ ਰਹਿਣ ਵਾਲੇ ਸੇਵਾਮੁਕਤ ਫ਼ੌਜੀ ਬਲਦੇਵ ਸਿੰਘ ਨੇ ਦੱਸਿਆ ਕਿ ਉਸ ਦੀ ਮਾਤਾ ਮਹਿੰਦਰ ਕੌਰ ਨੂੰ 1992 ਵਿਚ ਜ਼ਿਲ੍ਹਾ ਤਰਨ ਤਾਰਨ ਵਿਚ ਉਸ ਸਮੇਂ ਦੇ ਡੀ.ਐਸ.ਪੀ. ਅਸ਼ੋਕ ਕੁਮਾਰ ਅਤੇ ਤੱਤਕਾਲੀ ਥਾਣਾ ਝਬਾਲ ਦੇ ਐਸ.ਐਚ.ਓ. ਜਗਦੀਪ ਸਿੰਘ ਨੇ ਘਰੋਂ ਚੁੱਕ ਕੇ ਕਈ ਮਹੀਨੇ ਹਿਰਾਸਤ ਵਿਚ ਰੱਖਿਆ ਤੇ ਬਾਅਦ ਵਿਚ ਲਾਪਤਾ ਕਰ ਦਿੱਤਾ ਸੀ । ਇਸ ਮਾਮਲੇ ਵਿਚ ਸੀ.ਬੀ.ਆਈ. ਵਲੋਂ 1994 ਵਿਚ ਅਸ਼ੋਕ ਕੁਮਾਰ ਅਤੇ ਜਗਦੀਪ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਸਾਲ 2001 ਵਿਚ ਚਾਰਜਸ਼ੀਟ ਸੀ.ਬੀ.ਆਈ. ਅਦਾਲਤ ਮੁਹਾਲੀ ਵਿਚ ਪੇਸ਼ ਕਰ ਦਿੱਤੀ ।ਉਨ੍ਹਾਂ ਕਿਹਾ ਕਿ ਅਸ਼ੋਕ ਕੁਮਾਰ ਦੀ ਮੌਤ ਹੋ ਚੁੱਕੀ ਹੈ, ਜਦਕਿ ਜਗਦੀਪ ਸਿੰਘ ਨੇ ਏ.ਆਈ.ਜੀ. ਦੇ ਅਹੁਦੇ 'ਤੇ ਰਹਿੰਦਿਆਂ 'ਪ੍ਰੀ-ਮਚਿਓਰ' ਲੈ ਲਈ ਸੀ। ਇਸ ਸੰਬੰਧ ਵਿਚ ਹੁਣ ਸੀ.ਬੀ.ਆਈ. ਅਦਾਲਤ ਵਲੋਂ ਜਗਦੀਪ ਸਿੰਘ ਨੂੰ ਭਗੌੜੇ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਇਥੇ ਜਿਕਰਯੋਗ ਹੈ ਕਿ ਮਾਮਲੇ ਵਿਚ ਜਸਟਿਸ ਅਜੀਤ ਸਿੰਘ ਬੈਂਸ ਚੇਅਰਮੈਨ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਸੰਗਠਨ ਵਲੋਂ ਹਾਈਕੋਰਟ ਵਿਚ ਪਾਈ ਪਟੀਸ਼ਨ ਦੇ ਆਧਾਰ 'ਤੇ ਉਕਤ ਕੇਸ ਸੀ. ਬੀ. ਆਈ. ਨੂੰ ਸੌਂਪਿਆ ਗਿਆ ਸੀ ਅਤੇ ਸੀ. ਬੀ. ਆਈ. ਵਲੋਂ ਇਸ ਮਾਮਲੇ ਵਿਚ ਸਾਬਕਾ ਐਸ. ਪੀ. ਜਗਦੀਪ ਸਿੰਘ ਅਤੇ ਸਾਬਕਾ ਡੀ. ਐਸ. ਪੀ. ਅਸ਼ੋਕ ਕੁਮਾਰ ਖ਼ਿਲਾਫ਼ ਅਦਾਲਤ ਵਿਚ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ ।

 30 ਸਾਲਾਂ ਬਾਅਦ ਸੀ.ਬੀ.ਆਈ. ਦੀ ਅਦਾਲਤ ਦੇ ਸਪੈਸ਼ਲ ਜੁਡੀਸ਼ੀਅਲ ਮੈਜਿਸਟ੍ਰੇਟ ਅਮਨਦੀਪ ਕੰਬੋਜ਼ ਵਲੋਂ ਸਾਬਕਾ ਪੁਲਿਸ ਅਧਿਕਾਰੀ ਜਗਦੀਪ ਸਿੰਘ ਦੇ ਖ਼ਿਲਾਫ਼ ਇਸ ਮਾਮਲੇ 'ਵਿਚ ਭਗੌੜਾ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਅਦਾਲਤ ਵਲੋਂ ਇਸ ਕੇਸ ਵਿਚ ਆਖਰੀ ਹੁਕਮ ਸੁਣਾਉਣ ਤੋਂ ਪਹਿਲਾਂ ਹੀ ਜਗਦੀਪ ਸਿੰਘ ਅਦਾਲਤ ਵਿਚੋਂ ਗ਼ੈਰ-ਹਾਜ਼ਰ ਹੋ ਗਿਆ ਸੀ ।ਇੰਨਾ ਹੀ ਨਹੀਂ ਜਗਦੀਪ ਸਿੰਘ ਦੇ ਵਕੀਲਾਂ ਵਲੋਂ ਵੀ ਆਪਣੀ ਅਟਾਰਨੀ ਵਾਪਸ ਲੈ ਲਈ ਗਈ ਸੀ ਅਤੇ ਅਦਾਲਤ ਵਲੋਂ ਇਸ ਮਾਮਲੇ ਵਿਚ ਸਾਬਕਾ ਅਫ਼ਸਰ ਜਗਦੀਪ ਸਿੰਘ ਦੀ ਜ਼ਮਾਨਤ ਦੇਣ ਵਾਲੇ ਵਿਅਕਤੀ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਸੀ ।

 ਦੂਜੇ ਮਾਮਲੇ ਵਿਚ 1992 ਦੌਰਾਨ ਸਾਬਕਾ ਐਸ. ਪੀ. ਜਗਦੀਪ ਸਿੰਘ ਅਤੇ ਮੌਜੂਦਾ ਏ. ਆਈ. ਜੀ. ਰਾਜ ਕੁਮਾਰ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਸ਼ੋ੍ਮਣੀ ਕਮੇਟੀ ਦੇ ਇਕ ਮੁਲਾਜ਼ਮ ਅਰੂੜ ਸਿੰਘ ਮਾਨੋਚਾਹਲ  ਸਮੇਤ ਚਾਰ ਨੌਜਵਾਨਾਂ ਨੂੰ ਨਾਜਾਇਜ਼ ਹਿਰਾਸਤ ਵਿਚ ਰੱਖਣ ਤੋਂ ਬਾਅਦ ਉਹਨਾਂ ਦਾ ਝੂਠਾ ਪੁਲਿਸ ਮੁਕਾਬਲਾ ਦਿਖਾ ਕੇ ਮਾਰ ਦਿੱਤਾ ਸੀ । ਇਸ ਮਾਮਲੇ ਵਿਚ ਸੀ.ਬੀ.ਆਈ. ਅਦਾਲਤ ਵਿਚ ਚੱਲ ਰਹੇ ਕੇਸ ਵਿਚ ਵੀ ਗੈਰ ਹਾਜ਼ਰ ਹੋਣ 'ਤੇ ਸਾਬਕਾ ਏ.ਆਈ.ਜੀ. ਜਗਦੀਪ ਸਿੰਘ ਦੇ ਅਦਾਲਤ ਵਲੋਂ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ ।ਜਸਬੀਰ ਕੌਰ ਵਾਸੀ ਮਾਣੋਚਾਲ੍ਹ ਵਲੋਂ ਅਦਾਲਤ ਵਿਚ ਚੱਲ ਰਹੇ ਕੇਸ ਸੰਬੰਧੀ ਕਿਹਾ ਕਿ ਉਸ ਦੇ ਪਤੀ ਅਰੂੜ ਸਿੰਘ ਨੂੰ 28 ਦਸੰਬਰ 1992 ਨੂੰ ਝੂਠਾ ਪੁਲਿਸ ਮੁਕਾਬਲਾ ਦਿਖਾ ਕੇ ਤਿੰਨ ਹੋਰ ਨੌਜਵਾਨਾਂ ਸਮੇਤ ਮਾਰਨ ਦੇ ਮਾਮਲੇ ਸੀ.ਬੀ.ਆਈ. ਵਲੋਂ ਜਗਦੀਪ ਸਿੰਘ ਸਮੇਤ ਹੋਰਨਾਂ ਪੁਲਿਸ ਕਰਮਚਾਰੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ।ਸੀ. ਬੀ. ਆਈ. ਦੀ ਚਾਰਜਸ਼ੀਟ ਮੁਤਾਬਕ ਅਰੂੜ ਸਿੰਘ ਮਾਨੋਚਾਹਲ ਦਾ ਟਰੈਕਟਰ ਖਾੜਕੂਆਂ ਵਲੋਂ ਖੋਹ ਲਿਆ ਗਿਆ ਸੀ ਅਤੇ ਉਸ ਸਮੇਂ ਦੀ ਮਾਨੋਚਾਹਲ ਥਾਣੇ ਦੀ ਪੁਲਿਸ ਵਲੋਂ ਅਰੂੜ ਸਿੰਘ ਮਾਨੋਚਾਹਲ ਨੂੰ ਸੁਨੇਹਾ ਭੇਜਿਆ ਗਿਆ ਸੀ ਕਿ ਉਸ ਦਾ ਟਰੈਕਟਰ ਮਿਲ ਗਿਆ ਹੈ ਅਤੇ ਉਹ ਆਪਣੇ ਟਰੈਕਟਰ ਦੀ ਪਛਾਣ ਲਈ ਥਾਣੇ ਪਹੁੰਚੇ ।ਅਰੂੜ ਸਿੰਘ ਮਾਨੋਚਾਹਲ ਜਿਵੇਂ ਹੀ ਪੁਲਿਸ ਥਾਣੇ ਪਹੁੰਚਿਆ ਤਾਂ ਉਸ ਨੂੰ ਕਈ ਦਿਨ ਨਾਜਾਇਜ਼ ਹਿਰਾਸਤ ਵਿਚ ਰੱਖਣ ਤੋਂ ਬਾਅਦ ਉਸ ਦਾ ਝੂਠਾ ਪੁਲਿਸ ਮੁਕਾਬਲਾ ਦਿਖਾ ਕੇ ਉਸ ਨੂੰ ਮਾਰ ਦੇਣ ਦਾ ਦਾਅਵਾ ਕੀਤਾ ਗਿਆ । ਮਾਮਲੇ ਵਿਚ ਸੀ. ਬੀ. ਆਈ. ਵਲੋਂ ਜਗਦੀਪ ਸਿੰਘ, ਉਸ ਸਮੇਂ ਦੇ ਥਾਣਾ ਮੁਖੀ ਰਾਜ ਕੁਮਾਰ ਅਤੇ ਹੋਰਨਾਂ ਪੁਲਿਸ ਵਾਲਿਆਂ ਨੂੰ ਨਾਮਜ਼ਦ ਕੀਤਾ ਗਿਆ ਸੀ ।