ਬਾਦਲ ਦਲ ਦੀ ਲੀਡਰਸ਼ਿਪ ਨੂੰ ਅਕਾਲ ਤਖ਼ਤ ਤੋਂ ਮੁਆਫ਼ੀ ਮੰਗਣ ਦੀ ਸਲਾਹ

ਬਾਦਲ ਦਲ ਦੀ ਲੀਡਰਸ਼ਿਪ ਨੂੰ ਅਕਾਲ ਤਖ਼ਤ ਤੋਂ ਮੁਆਫ਼ੀ ਮੰਗਣ ਦੀ ਸਲਾਹ

             ਮਾਮਲਾ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ਾਂ ਦਾ               

*ਸੁਖਬੀਰ ਦੀ ਪ੍ਰਧਾਨਗੀ ਹੇਠ ਸਲਾਹਕਾਰ ਬੋਰਡ, ਜਨਰਲ ਸਕੱਤਰਾਂ ਤੇ ਮੀਤ ਪ੍ਰਧਾਨਾਂ ਦੀਆਂ ਹੋਈਆਂ ਮੀਟਿੰਗਾਂ ਵਿਚ ਦਿਤੀ ਸਲਾਹ

*ਭਾਜਪਾ ਨਾਲ ਗਠਜੋੜ ਨਾ ਕਰਨ ਦੀ ਦਿਤੀ ਹਦਾਇਤ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਪਲੇਠੀ ਮੀਟਿੰਗ ਵਿੱਚ ਪਾਰਟੀ ਆਗੂਆਂ ਨੇ ਬੇਅਦਬੀ ਕਾਂਡ ਦੇ ਦਾਗ਼ ਧੋਣ ਲਈ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਣ ਅਤੇ ਭਾਜਪਾ ਖ਼ਿਲਾਫ਼ ਹਮਲਾਵਰ ਰੁਖ਼ ਅਖ਼ਤਿਆਰ ਕਰਨ ’ਤੇ ਜ਼ੋਰ ਦਿੱਤਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਦੇ ਨਵੇਂ ਕਾਇਮ ਜਥੇਬੰਦਕ ਢਾਂਚੇ ਦੇ ਅਹੁਦੇਦਾਰਾਂ ਨਾਲ ਚੱਲੇ ਮੀਟਿੰਗਾਂ ਦੇ ਦੌਰ ਦੌਰਾਨ ਅਹਿਮ ਚਰਚਾਵਾਂ ਸਣੇ ਪਾਰਟੀ ਨੂੰ ਮੌਜੂਦਾ ਸਮੇਂ ਦੌਰਾਨ ਚੁਣੌਤੀਆਂ ਅਤੇ ਜਲੰਧਰ ਉਪ ਚੋਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ।  ਬਾਦਲ ਨੇ ਆਪਣੇ ਸਲਾਹਕਾਰ ਬੋਰਡ ਦੇ ਮੈਂਬਰਾਂ, ਮੀਤ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਨਾਲ ਦਿਨ ਭਰ ਮੀਟਿੰਗਾਂ ਦਾ ਦੌਰ ਚਲਾਇਆ।

ਸੂਤਰਾਂ ਦਾ ਦੱਸਣਾ ਹੈ ਕਿ ਇਸ ਮੀਟਿੰਗ ਦੌਰਾਨ ਨਵੇਂ ਅਹੁਦੇਦਾਰਾਂ ਨੇ ਇਸ ਗੱਲ ’ਤੇ ਚਰਚਾ ਕੀਤੀ ਕਿ ਸਾਲ 2015 ਤੋਂ ਲੈ ਕੇ ਅੱਜ ਤੱਕ ਵਿਰੋਧੀ ਪਾਰਟੀਆਂ ਵੱਲੋਂ ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰਾ ਮਾਮਲਿਆਂ ’ਤੇ ਪਾਰਟੀ ਅਤੇ ਪਾਰਟੀ ਆਗੂਆਂ ’ਤੇ ਲਗਾਤਾਰ ਨਿਸ਼ਾਨਾ ਸੇਧਿਆ ਜਾ ਰਿਹਾ ਹੈ। ਨਵੇਂ ਅਹੁਦੇਦਾਰਾਂ ਨੇ ਮਸ਼ਵਰਾ ਦਿੱਤਾ ਕਿ ਇਸ ਮੁੱਦੇ ਦਾ ਜਿੰਨੀ ਜਲਦੀ ਹੋ ਸਕੇ ਅੰਤ ਹੋਣਾ ਚਾਹੀਦਾ ਹੈ। ਅਕਾਲੀ ਦਲ ਦੇ ਨਵੇਂ ਅਹੁਦੇਦਾਰਾਂ ਨੇ ਤਾਂ ਇਹ ਵੀ ਸਲਾਹ ਦਿੱਤੀ ਕਿ ਪਾਰਟੀ ਦੀ ਲੀਡਰਸ਼ਿਪ ਨੂੰ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਭੁੱਲ ਬਖ਼ਸ਼ਾ ਲੈਣੀ ਚਾਹੀਦੀ ਹੈ। ਪਾਰਟੀ ਦੇ ਜ਼ਿਆਦਾਤਰ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਨੂੰ ਭਾਜਪਾ ਨਾਲ ਭਵਿੱਖ ਵਿਚ ਸਿਆਸੀ ਸਾਂਝ ਦੀ ਝਾਕ ਛੱਡ ਦੇਣੀ ਚਾਹੀਦੀ ਹੈ। ਪਾਰਟੀ ਨੂੰ ਭਾਜਪਾ ਖਿਲਾਫ਼ ਹਮਲਾਵਰ ਰੁਖ਼ ਅਖ਼ਤਿਆਰ ਕਰਨਾ ਚਾਹੀਦਾ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਅਗਵਾਈ ਹੇਠਲੀ ਕੇਂਦਰੀ ਹਕੂਮਤ ਦੇ ਇਸ਼ਾਰੇ ’ਤੇ ਕੇਂਦਰੀ ਖ਼ੁਫ਼ੀਆ ਏਜੰਸੀਆਂ ਸੂਬੇ ਦੇ ਮਹੌਲ ਨੂੰ ਖ਼ਰਾਬ ਕਰਨ ਦੀਆਂ ਸਾਜਿਸ਼ਾਂ ਰਚ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਦੌਰਾਨ ਜਲੰਧਰ ਦੀ ਉਪ ਚੋਣ ਸਬੰਧੀ ਵੀ ਚਰਚਾ ਕੀਤੀ ਗਈ।