ਮੁਖ ਮੰਤਰੀ ਕੈਪਟਨ ਵਲੋਂ ਸਾਰਾਗੜ੍ਹੀ ਜੰਗ ਦੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀਆਂ

ਮੁਖ ਮੰਤਰੀ ਕੈਪਟਨ ਵਲੋਂ ਸਾਰਾਗੜ੍ਹੀ ਜੰਗ ਦੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀਆਂ

*ਰਾਣਾ ਸੋਢੀ ਨੇ ਸਾਰਾਗੜ੍ਹੀ ਬਾਰੇ ਕਿਤਾਬਚਾ ਜਾਰੀ ਕੀਤਾ

ਅੰਮ੍ਰਿਤਸਰ ਟਾਈਮਜ਼ ਬਿਉਰੋ

ਫ਼ਿਰੋਜ਼ਪੁਰ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਾਰਾਗੜ੍ਹੀ ਜੰਗ ਦੀ 124ਵੀਂ ਵਰ੍ਹੇਗੰਢ ਮੌਕੇ ਇਸ ਇਤਿਹਾਸਕ ਜੰਗ ਦੇ ਸ਼ਹੀਦ ਸੈਨਿਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਥੋਂ ਦੇ ਗੁਰਦੁਆਰਾ ਸਾਰਾਗੜ੍ਹੀ ਵਿਖੇ ਹੋਏ ਰਾਜ ਪੱਧਰੀ ਸ਼ਹੀਦੀ ਦਿਵਸ ਸਮਾਗਮ ਦੌਰਾਨ ਵਰਚੁਅਲ ਤਰੀਕੇ ਨਾਲ ਨਤਮਸਤਕ ਹੋਣ ਉਪਰੰਤ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਸਮਾਣਾ ਚੋਟੀ (ਹੁਣ ਪਾਕਿਸਤਾਨ ਦਾ ਨਾਰਥ ਵੈਸਟ ਫਰੰਟੀਅਰ ਸੂਬਾ) ਨੇੜੇ ਤਾਇਨਾਤ 36-ਸਿੱਖ ਰੈਜੀਮੈਂਟ ਦੇ 22 ਮਹਾਨ ਸੈਨਿਕਾਂ ਨੂੰ ਯਾਦ ਕੀਤਾ, ਜਿਨ੍ਹਾਂ ਨੇ 12 ਸਤੰਬਰ, 1897 ਨੂੰ ਦਸ ਹਜ਼ਾਰ ਅਫ਼ਗਾਨਾਂ ਵੱਲੋਂ ਕੀਤੇ ਹਮਲੇ ਮਗਰੋਂ ਹੋਈ ਜੰਗ ਦੌਰਾਨ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਨ।ਸਾਰਾਗੜ੍ਹੀ ਦੇ ਇਤਿਹਾਸ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਠਾਨ ਖੇਤਰਾਂ ਵਿੱਚ ਗੜਬੜੀਆਂ ਨੂੰ ਦੂਰ ਕਰਨ ਲਈ ਜਨਰਲ ਲੌਖਾਰਟ ਦੁਆਰਾ ਤਤਕਾਲੀ ਬਰਤਾਨਵੀ-ਭਾਰਤੀ ਫ਼ੌਜ ਦੀਆਂ ਚਾਰ ਟੁਕੜੀਆਂ ਭੇਜੀਆਂ ਗਈਆਂ ਸਨ। ਇਨ੍ਹਾਂ ਵਿੱਚੋਂ 36ਵੀਂ ਸਿੱਖ ਬਟਾਲੀਅਨ (ਹੁਣ ਚੌਥੀ ਸਿੱਖ ਬਟਾਲੀਅਨ) ਵਿੱਚ 21 ਸਿੱਖ ਸਿਪਾਹੀ ਅਤੇ ਇੱਕ ਰਸੋਈਆ ਸ਼ਾਮਲ ਸੀ, ਨੂੰ ਸਾਰਾਗੜ੍ਹੀ ਦੀ ਰੱਖਿਆ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਸੀ, ਜੋ ਕਿ ਲੌਖਾਰਟ ਕਿਲ੍ਹੇ ਅਤੇ ਗੁਲਸਿਤਾਨ ਕਿਲ੍ਹੇ ਦਰਮਿਆਨ ਸੰਚਾਰ ਲਈ ਇੱਕ ਨਿਗਰਾਨ ਚੌਕੀ ਸੀ। 12 ਸਤੰਬਰ, 1897 ਦੀ ਸਵੇਰ ਅਫ਼ਰੀਦੀ ਅਤੇ ਔਰਕਜ਼ਈ ਕਬੀਲਿਆਂ ਦੇ ਪਠਾਨਾਂ ਨੇ ਵੱਡੀ ਗਿਣਤੀ ਵਿੱਚ ਸਾਰਾਗੜ੍ਹੀ ਉੱਤੇ ਹਮਲਾ ਕੀਤਾ। ਪਠਾਨਾਂ ਦੀਆਂ ਆਤਮ-ਸਮਰਪਣ ਕਰਨ ਦੀਆਂ ਮੰਗਾਂ ਨੂੰ ਹੌਲਦਾਰ ਈਸ਼ਰ ਸਿੰਘ ਨੇ ਨਕਾਰ ਦਿੱਤਾ। ਫਿਰ ਇਸ ਹਮਲੇ ਨੂੰ ਵੇਖਦਿਆਂ ਈਸ਼ਰ ਸਿੰਘ ਨੇ ਆਪਣੇ ਉੱਚ ਅਧਿਕਾਰੀ ਕਰਨਲ ਹੌਫ਼ਟਨ ਨੂੰ ਸੰਕੇਤ ਭੇਜਿਆ, ਜਿਸ ਨੇ ਉਨ੍ਹਾਂ ਨੂੰ ਆਪਣੀ ਕਮਾਨ ਸੰਭਾਲਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਲੜਾਈ ਅੱਧ ਦੁਪਹਿਰ ਤੱਕ ਜਾਰੀ ਰਹੀ ਅਤੇ ਹਰ ਸਿੱਖ ਸਿਪਾਹੀ ਨੇ ਤਕਰੀਬਨ ਚਾਰ-ਪੰਜ ਸੌ ਗੋਲੀਆਂ ਦਾਗੀਆਂ।

ਵੱਡੀ ਗਿਣਤੀ ਵਿੱਚ ਕਬਾਇਲੀ ਪਠਾਨਾਂ ਵੱਲੋਂ ਕੀਤੀ ਘੇਰਾਬੰਦੀ ਕਾਰਨ ਸੈਨਿਕਾਂ ਨੂੰ ਸਹਾਇਤਾ ਭੇਜਣ ਦੇ ਸਾਰੇ ਹੀਲੇ ਅਸਫਲ ਰਹੇ। ਅਖੀਰ ਵਿੱਚ ਸਿਪਾਹੀ ਗੁਰਮੁਖ ਸਿੰਘ ਨੇ ਕਰਨਲ ਹੌਫ਼ਟਨ ਨੂੰ ਆਖਰੀ ਸੰਕੇਤ ਭੇਜਿਆ ਅਤੇ ਲੜਨ ਲਈ ਬੰਦੂਕ ਚੁੱਕ ਲਈ। ਕਿਸੇ ਵੀ ਫ਼ੌਜੀ ਨੇ ਆਤਮ-ਸਮਰਪਣ ਨਹੀਂ ਕੀਤਾ ਅਤੇ ਸਾਰੇ ਸ਼ਹੀਦ ਹੋ ਗਏ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅੱਜ ਵੁਲਵਰਹੈਂਪਟਨ (ਯੂ.ਕੇ.) ਵਿੱਚ ਹਵਾਲਦਾਰ ਈਸ਼ਰ ਸਿੰਘ ਦੇ ਬੁੱਤ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਇਸ ਮੌਕੇ ਖੇਡਾਂ ਅਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਇਨ੍ਹਾਂ ਸਿੱਖ ਸੈਨਿਕਾਂ ਦੀ ਸ਼ਹਾਦਤ ਨੂੰ ਪੂਰੀ ਦੁਨੀਆ ਵਿੱਚ ਮਾਨਤਾ ਮਿਲੀ ਹੈ, ਇੱਥੋਂ ਤੱਕ ਕਿ ਮਹਾਰਾਣੀ ਵਿਕਟੋਰੀਆ ਨੇ ਵੀ ਇਸ ਨੂੰ ਮਾਨਤਾ ਦਿੱਤੀ ਹੈ ਅਤੇ ਹਰੇਕ ਸ਼ਹੀਦ ਨੂੰ ਉਸ ਸਮੇਂ ਦੇ ਸਰਵਉੱਚ ਬਹਾਦਰੀ ਪੁਰਸਕਾਰ ਇੰਡੀਅਨ ਆਰਡਰ ਆਫ਼ ਮੈਰਿਟ ਨਾਲ ਨਿਵਾਜਿਆ ਗਿਆ ਜੋ ਕਿ ਭਾਰਤ ਦੇ ਪਰਮ ਵੀਰ ਚੱਕਰ ਦੇ ਬਰਾਬਰ ਹੈ। ਰਾਣਾ ਸੋਢੀ ਨੇ ਸਾਰਾਗੜ੍ਹੀ ਬਾਰੇ ਇੱਕ ਕਿਤਾਬਚਾ ਜਾਰੀ ਕਰਦਿਆਂ ਕਿਹਾ ਕਿ ਇਨ੍ਹਾਂ ਸੈਨਿਕਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦਾ ਇੱਕ ਪੋਰਟਰੇਟ ਮਿਊਜ਼ੀਅਮ ਲਈ ਅਤੇ ਛੋਟੀ ਡਾਕੂਮੈਂਟਰੀ ਵੀ ਸਾਰਾਗੜ੍ਹੀ ਦਿਵਸ ਨੂੰ ਸਮਰਪਿਤ ਕੀਤੀ ਗਈ, ਜੋ ਕਿ ਵਕੀਲ ਅਤੇ ਲੇਖਕ ਹਰਪ੍ਰੀਤ ਸੰਧੂ ਦੁਆਰਾ ਤਿਆਰ ਕੀਤੇ ਗਏ ਹਨ।

ਸਾਰਾਗੜ੍ਹੀ ਜੰਗ ਦੁਨੀਆ ਦੀਆਂ ਅੱਠ ਮਹਾਨ ਲੜਾਈਆਂ ਵਿਚ ਸ਼ਾਮਲ

ਸਾਰਾਗੜ੍ਹੀ ਯਾਦਗਾਰ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਅਤੇ ਡਿਪਟੀ ਜਨਰਲ ਅਫ਼ਸਰ ਕਮਾਂਡਿੰਗ-ਕਮ-ਸਟੇਸ਼ਨ ਕਮਾਂਡਰ ਬ੍ਰਿਗੇਡੀਅਰ ਵੀ. ਮੋਹੰਤੀ ਨੇ ਕਿਹਾ ਕਿ ਯੂਨੈਸਕੋ ਨੇ ਸਾਰਾਗੜ੍ਹੀ ਜੰਗ ਨੂੰ ਦੁਨੀਆਂ ਦੀਆਂ ਅੱਠ ਮਹਾਨ ਲੜਾਈਆਂ ਵਿੱਚ ਸ਼ਾਮਲ ਕੀਤਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਸਾਰਾਗੜ੍ਹੀ ਦੀ ਜੰਗੀ ਯਾਦਗਾਰ ਸਬੰਧੀ ਵਿਸਥਾਰਤ ਪ੍ਰਾਜੈਕਟ ਰਿਪੋਰਟ ਤਿਆਰ ਕੀਤੀ ਗਈ ਹੈ।