ਸਿਖ ਬੰਦੀ ਨਾ ਛਡਣ ਦੇ ਰੋਸ ਵਜੋਂ 26ਜਨਵਰੀ ਨੂੰ ਕਾਲਾ ਦਿਵਸ ਮਨਾਉਣਗੀਆਂ ਸਿਖ ਜਥੇਬੰਦੀਆਂ-ਬਾਪੂ ਗੁਰਚਰਨ ਸਿੰਘ, ਪਾਲ ਸਿੰਘ 

ਸਿਖ ਬੰਦੀ ਨਾ ਛਡਣ ਦੇ ਰੋਸ ਵਜੋਂ 26ਜਨਵਰੀ ਨੂੰ ਕਾਲਾ ਦਿਵਸ ਮਨਾਉਣਗੀਆਂ ਸਿਖ ਜਥੇਬੰਦੀਆਂ-ਬਾਪੂ ਗੁਰਚਰਨ ਸਿੰਘ, ਪਾਲ ਸਿੰਘ 

 *ਸੰਗਤਾਂ ਵਹੀਰਾਂ ਘਤਕੇ ਪਹੁੰਚ ਰਹੀਆਂ ਹਨ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਲਗੇ ਮੋਰਚੇ ਵਿਚ

*ਸਿੱਖ ਮੁੱਦਿਆਂ ’ਤੇ ਹੁਣ ਐਕਸ਼ਨ ਲੈਣ ਦਾ ਵੇਲਾ: ਸੰਧਵਾਂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਐਸਏਐਸ ਨਗਰ-ਬੰਦੀ ਸਿੰਘਾਂ ਦੀ ਰਿਹਾਈ, 328 ਸਰੂਪਾਂ ਦਾ ਮਾਮਲਾ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਸਮੇਤ ਹੋਰ ਧਾਰਮਿਕ ਮੁੱਦਿਆਂ ’ਤੇ ਸਰਕਾਰਾਂ ਦੀ ਅਣਦੇਖੀ ਖ਼ਿਲਾਫ਼ ਸਿੱਖਾਂ ਵਿੱਚ ਰੋਹ ਲਗਾਤਾਰ ਭਖ਼ਦਾ ਜਾ ਰਿਹਾ ਹੈ।ਕੌਮੀ ਇਨਸਾਫ਼ ਮੋਰਚਾ, ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਪੰਥਕ ਕਮੇਟੀ ਸਣੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਕੜਾਕੇ ਦੀ ਠੰਢ ਵਿੱਚ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਲਗਾਇਆ ਗਿਆ ਲੜੀਵਾਰ ਧਰਨਾ ਜਾਰੀ ਹੈ। ਸੰਗਤਾਂ ਭਾਰੀ ਗਿਣਤੀ ਵਿਚ ਵਹੀਰਾਂ ਘਤ ਕੇ ਪਹੁੰਚ ਰਹੀਆਂ ਹਨ।ਬਾਪੂ ਗੁਰਚਰਨ ਸਿੰਘ,  ਪਾਲ ਸਿੰਘ ਫਰਾਂਸ,ਭਾਈ ਜਸਵਿੰਦਰ ਸਿੰਘ ਤੇ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਸਿਖ ਬੰਦੀ ਛਡਣ ਨਾ ਕਾਰਣ 26 ਜਨਵਰੀ ਨੂੰ ਰੋਸ ਵਜੋਂ ਸਿਖ ਕਾਲਾ ਦਿਵਸ ਮਨਾਉਣਗੇ,ਕਾਲੇ ਝੰਡੇ ਲਹਿਰਾਏ ਜਾਣਗੇ।ਕਾਲੀਆਂ ਦਸਤਾਰਾਂ ਸਜਾਈਆਂ ਜਾਣਗੀਆਂ।ਉਹਨਾਂ ਨੇ ਵਿਸ਼ਵ ਭਰ ਦੇ ਸਿਖਾਂ ਨੂੰ ਅਪੁਲ ਕੀਤੀ ਕਿ 26 ਜਨਵਰੀ ਨੂੰ ਗੁਣਤੰਤਰ ਦਿਵਸ ਦਾ ਬਾਈਕਾਟ ਕਰਨ। ਉਹਨਾਂ ਕਿਹਾ ਕਿ ਹਾਕਮ ਧਿਰਾਂ ਸਿੱਖਾਂ ਦੇ ਸਬਰ ਦੀ ਹੋਰ ਪ੍ਰੀਖਿਆ ਨਾ ਲੈਣ। ਉਨ੍ਹਾਂ ਐਲਾਨ ਕੀਤਾ ਕਿ ਧਰਨੇ ਵਿੱਚ ਰੋਜ਼ਾਨਾ ਪੰਥ ਦਰਦੀਆਂ ਦੀ ਆਮਦ ਵਧਦੀ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਕੇਂਦਰ ਤੇ ਸੂਬਾ ਸਰਕਾਰ ਨੂੰ ਸਿੱਖਾਂ ਦੇ ਰੋਹ ਅੱਗੇ ਗੋਡੇ ਟੇਕਣ ਲਈ ਮਜਬੂਰ ਹੋਣਾ ਪਵੇਗਾ।ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਦਹਾਕਿਆਂ ਤੋਂ ਸਿੱਖਾਂ ਨਾਲ ਬੇਇਨਸਾਫੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰੋਜ਼ਾਨਾ ਪੱਕੇ ਮੋਰਚੇ ਵਿੱਚ ਸੰਗਤ ਦਾ ਇਕੱਠ ਵਧ ਰਿਹਾ ਹੈ ਤੇ ਹੁਣ ਪਿੰਡਾਂ ਦੀ ਸੰਗਤ ਦੇ ਨਾਲ-ਨਾਲ ਚੰਡੀਗੜ੍ਹ ਤੇ ਮੁਹਾਲੀ ਦੀ ਸੰਗਤ ਵਹੀਰਾਂ ਘੱਤ ਕੇ ਆਉਣ ਲੱਗੀ ਹੈ।ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਨੌਜਵਾਨਾਂ ਨੂੰ  ਧਰਨੇ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ।ਪੈਰੀਫੇਰੀ ਮਿਲਕਮੈਨ ਯੂਨੀਅਨ ਨੇ ਵੀ ਸਿੱਖ ਜਥੇਬੰਦੀਆਂ ਦੇ ਸੰਘਰਸ਼ ਦੀ ਹਮਾਇਤ ਕੀਤੀ ਹੈ। ਸੰਸਥਾ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਭਾਗੋਮਾਜਰਾ ਨੇ ਦੱਸਿਆ ਕਿ ਇਲਾਕੇ ਦੇ ਦੋਧੀਆਂ ਵੱਲੋਂ ਰੋਜ਼ਾਨਾ ਧਰਨੇ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ ਅਤੇ ਸੰਗਤ ਲਈ ਦੁੱਧ ਦੀ ਸੇਵਾ ਕੀਤੀ ਜਾਵੇਗੀ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਬਾਰੇ ਬਹੁਤ ਗੱਲਾਂ ਹੋ ਚੁੱਕੀਆਂ ਹਨ ਅਤੇ ਹੁਣ ਵੇਲਾ ਐਕਸ਼ਨ ਲੈਣ ਦਾ ਹੈ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਬਹੁਤ ਜਲਦੀ ਇਸ ਸਬੰਧੀ ਸਖ਼ਤ ਐਕਸ਼ਨ ਲੈਣ ਜਾ ਰਹੀ ਹੈ।