ਗਵਰਨਰ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਨੇ ਆਪਸੀ ਖਿੱਚੋਤਾਣ ਵਿਚ ਕਰਵਾਈ ਵੱਡੀ ਬਦਨਾਮੀ, ਸੁਪਰੀਮ ਕੋਰਟ ਨੇ ਲਾਹ ਦਿੱਤੀ ਦੋਵਾਂ ਦੀ ਨਿੱਕਰ : ਮਾਨ

ਗਵਰਨਰ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਨੇ ਆਪਸੀ ਖਿੱਚੋਤਾਣ ਵਿਚ ਕਰਵਾਈ ਵੱਡੀ ਬਦਨਾਮੀ, ਸੁਪਰੀਮ ਕੋਰਟ ਨੇ ਲਾਹ ਦਿੱਤੀ ਦੋਵਾਂ ਦੀ ਨਿੱਕਰ : ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 01 ਮਾਰਚ (ਮਨਪ੍ਰੀਤ ਸਿੰਘ ਖਾਲਸਾ):- “ਜੋ ਗਵਰਨਰ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਨੇ ਆਪੋ-ਆਪਣੀ ਹਊਮੈ ਵਿਚ ਆ ਕੇ ਗੱਲਾਬਾਤਾਂ ਕੀਤੀਆ ਹਨ, ਉਸ ਨਾਲ ਪੰਜਾਬ ਦੀ ਬਦਨਾਮੀ ਹੋਈ ਹੈ ਅਤੇ ਸੁਪਰੀਮ ਕੋਰਟ ਨੇ ਇਸ ਵਿਸ਼ੇ ਤੇ ਜੋ ਅੱਜ ਫੈਸਲਾ ਦਿੱਤਾ ਹੈ ਉਸ ਨਾਲ ਦੋਵਾਂ ਦੀ ਨਿੱਕਰ ਲਹਿ ਗਈ ਹੈ । ਸੁਪਰੀਮ ਕੋਰਟ ਦੇ ਆਏ ਫੈਸਲੇ ਉਪਰੰਤ ਦੋਵਾਂ ਨੂੰ ਆਪਣੇ ਵੱਲੋਂ ਕੀਤੀ ਗਈ ਗੁਸਤਾਖੀ ਦਾ ਆਤਮਿਕ ਪੱਖੋ ਅਹਿਸਾਸ ਕਰਦੇ ਹੋਏ ਸ੍ਰੀ ਦਰਬਾਰ ਸਾਹਿਬ ਪਹੁੰਚਕੇ ਨਤਮਸਤਕ ਹੁੰਦੇ ਹੋਏ ਰੱਬ ਕੋਲੋ ਆਪਣੀ ਭੁੱਲ ਵੀ ਬਖਸਾਉਣੀ ਚਾਹੀਦੀ ਹੈ ਅਤੇ ਅੱਗੋ ਲਈ ਅਜਿਹੀਆ ਕਾਰਵਾਈਆ ਤੋਂ ਤੋਬਾ ਵੀ ਕਰਨੀ ਚਾਹੀਦੀ ਹੈ ਤਾਂ ਕਿ ਕਿਸੇ ਵੀ ਵੱਡੇ ਅਹੁਦੇ ਤੇ ਬੈਠੀ ਸਖਸ਼ੀਅਤ ਦੀ ਹਊਮੈ ਦੀ ਬਦੌਲਤ ਪੰਜਾਬ ਸੂਬੇ ਦੀ ਕਿਸੇ ਤਰ੍ਹਾਂ ਬਦਨਾਮੀ ਨਾ ਹੋਵੇ ਅਤੇ ਪੰਜਾਬੀਆਂ ਦਾ ਕਿਸੇ ਵੀ ਖੇਤਰ ਵਿਚ ਨੁਕਸਾਨ ਨਾ ਹੋਵੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗਵਰਨਰ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਵੱਲੋ ਬੀਤੇ ਕੁਝ ਸਮੇਂ ਪਹਿਲੇ ਮਰਿਯਾਦਾਵਾਂ ਦਾ ਉਲੰਘਣ ਕਰਕੇ ਇਕ-ਦੂਸਰੇ ਵਿਰੁੱਧ ਕੀਤੀ ਗਈ ਬਿਆਨਬਾਜੀ ਉਤੇ ਸੁਪਰੀਮ ਕੋਰਟ ਵੱਲੋ ਆਏ ਇਸ ਸੰਬੰਧੀ ਫੈਸਲੇ ਨੂੰ ਇਨ੍ਹਾਂ ਦੋਵਾਂ ਦੀਆਂ ਨਿੱਕਰਾਂ ਲਹਿ ਜਾਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿੰਨਾਂ ਵੀ ਕਿਸੇ ਸਖਸ਼ੀਅਤ ਦਾ ਵੱਡਾ ਅਹੁਦਾ ਹੁੰਦਾ ਹੈ, ਉਸ ਨੂੰ ਨਿਮਰਤਾ ਅਤੇ ਦੂਰਅੰਦੇਸ਼ੀ ਨਾਲ ਵਰਤਦੇ ਹੋਏ ਅਜਿਹੇ ਉਦਮ ਕਰਨੇ ਚਾਹੀਦੇ ਹਨ ਜਿਸ ਨਾਲ ਸੰਬੰਧਤ ਸੂਬੇ ਦੀ, ਉਥੋ ਦੇ ਨਿਵਾਸੀਆ ਦੀ ਕਿਸੇ ਤਰ੍ਹਾਂ ਦੀ ਬਦਨਾਮੀ ਨਾ ਹੋਵੇ ਅਤੇ ਕਿਸੇ ਤਰ੍ਹਾਂ ਉਸ ਸਟੇਟ ਵਿਚ ਉਸ ਸਖਸ਼ੀਅਤ ਦੀ ਬਦੌਲਤ ਤਲਖੀ ਪੈਦਾ ਨਾ ਹੋਵੇ । ਕਿਉਂਕਿ ਰਾਜ ਪ੍ਰਬੰਧ ਕਦੀ ਵੀ ਹਊਮੈ ਅਤੇ ਤਾਨਾਸਾਹੀ ਨੀਤੀਆ ਨਾਲ ਸਫ਼ਲ ਨਹੀ ਹੁੰਦੇ । ਬਲਕਿ ਲੋਕਾਂ ਦੀਆਂ ਭਾਵਨਾਵਾ ਦੀ ਕਦਰ ਕਰਦੇ ਹੋਏ ਸੂਝਵਾਨਤਾ ਨਾਲ ਫੈਸਲੇ ਲੈਦੇ ਹੋਏ ਉਸ ਸੂਬੇ ਤੇ ਉਸ ਸੂਬੇ ਦੇ ਨਿਵਾਸੀਆ ਦੇ ਹੱਕ ਵਿਚ ਫੈਸਲੇ ਕਰਕੇ ਹੀ ਉਸ ਸੂਬੇ ਦੇ ਅਮਨ ਚੈਨ ਅਤੇ ਜਮਹੂਰੀਅਤ ਨੂੰ ਕਾਇਮ ਰੱਖਿਆ ਜਾ ਸਕਦਾ ਹੈ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਗਵਰਨਰ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਇਸ ਹੋਈ ਬਦਨਾਮੀ ਅਤੇ ਆਪਣੇ ਕੋਲੋ ਹੋਈਆ ਭੁੱਲਾਂ ਨੂੰ ਬਖਸਾਉਣ ਲਈ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਨਤਮਸਤਕ ਹੋ ਕੇ ਉਸ ਰੱਬ ਅੱਗੇ ਅਰਦਾਸ ਕਰਦੇ ਹੋਏ ਪੈਦਾ ਹੋਈ ਆਪਸੀ ਕੁੜੱਤਣ ਤੇ ਪੰਜਾਬ ਦੇ ਮਾਹੌਲ ਨੂੰ ਸਹੀ ਰੱਖਣ ਵਿਚ ਉਦਮ ਕਰਨਗੇ ।