ਪੰਜਾਬ ਦਾ 92 ਫ਼ੀਸਦੀ ਧਰਤੀ ਹੇਠਲਾ ਪਾਣੀ ਜ਼ਹਿਰੀਲਾ

ਪੰਜਾਬ ਦਾ 92 ਫ਼ੀਸਦੀ ਧਰਤੀ ਹੇਠਲਾ ਪਾਣੀ ਜ਼ਹਿਰੀਲਾ

ਪੰਜਾਬੀ ਸੱਭਿਅਤਾ ਦੀ ਤਬਾਹੀ ਕਰ ਰਿਹਾ  ਜ਼ਹਿਰੀਲਾ ਪਾਣੀ 
ਪੰਜਾਬ ਵਿਚ ਕੈਂਸਰ, ਕਾਲਾ ਪੀਲੀਆ ਅਤੇ ਹੋਰ ਭਿਆਨਕ ਰੋਗਾਂ ਨੇ ਪੈਰ ਪਸਾਰੇ    
         

ਗੁਰਮੀਤ ਪਲਾਹੀ
ਪੰਜਾਬ ਦੇ ਧਰਤੀ ਹੇਠਲੇ ਪਾਣੀਆਂ ਬਾਰੇ ਇਕ ਦਿਲ ਦਹਿਲਾ ਦੇਣ ਵਾਲੀ ਰਿਪੋਰਟ ਛਪੀ ਹੈ, ਜਿਸ ਅਨੁਸਾਰ ਪੰਜਾਬ ਦਾ 92 ਫ਼ੀਸਦੀ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋ ਚੁੱਕਾ ਹੈ। ਪੰਜਾਬ ਦੇ ਪਾਣੀਆਂ 'ਚ ਉੱਚ ਜ਼ਹਿਰੀਲੇ ਸੰਖੀਏ ਵਾਲੇ ਤੱਤ (ਆਰਸੈਨਿਕ) ਪਾਏ ਗਏ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਆਰਸੈਨਿਕ ਆਪਣੇ ਅਜੀਵ ਰੂਪ 'ਚ ਬਹੁਤ ਜ਼ਹਿਰੀਲਾ ਹੈ, ਜਿਸ 'ਚ ਪੀਣ ਵਾਲੇ ਪਾਣੀ ਤੇ ਭੋਜਨ ਦੇ ਤੱਤਾਂ ਦੇ ਲੰਬੇ ਸਮੇਂ ਤੱਕ ਇਨ੍ਹਾਂ ਦੇ ਸੰਪਰਕ 'ਚ ਰਹਿਣ ਦੇ ਚਲਦਿਆਂ ਕੈਂਸਰ ਤੇ ਚਮੜੀ ਰੋਗਾਂ ਸਮੇਤ ਹੋਰ ਸਰੀਰਕ ਬਿਮਾਰੀਆਂ ਹੋ ਸਕਦੀਆਂ ਹਨ।

ਪੰਜਾਬ ਦੇ ਵਸਨੀਕਾਂ ਨੂੰ ਜ਼ਹਿਰੀਲੇ ਤੱਤਾਂ ਦੇ ਅਸਰ ਦਾ ਪਹਿਲਾਂ ਹੀ ਵੱਡਾ ਸਾਹਮਣਾ ਕਰਨਾ ਪੈ ਰਿਹਾ ਹੈ, ਅਬੋਹਰ-ਬਠਿੰਡਾ (ਪੰਜਾਬ) ਤੋਂ ਜੋਧਪੁਰ-ਬੀਕਾਨੇਰ (ਰਾਜਸਥਾਨ) ਜਾਂਦੀ 'ਕੈਂਸਰ ਟਰੇਨ' ਵਿਚ 30 ਫੀਸਦੀ ਕੈਂਸਰ ਦੇ ਮਰੀਜ਼ ਹੁੰਦੇ ਹਨ। ਜਿਹੜੇ ਖ਼ਾਸ ਤੌਰ 'ਤੇ ਮਾਨਸਾ, ਬਠਿੰਡਾ, ਫਰੀਦਕੋਟ, ਸੰਗਰੂਰ, ਮੋਗਾ, ਮੁਕਤਸਰ, ਫਿਰੋਜ਼ਪੁਰ, ਫਾਜ਼ਿਲਕਾ ਨਾਲ ਸਬੰਧਿਤ ਹਨ। ਇਹ ਪੰਜਾਬ ਦੇ ਮਾਲਵਾ ਖਿੱਤੇ ਦੇ ਲੋਕਾਂ ਦੇ ਕੈਂਸਰ ਰੋਗ ਤੋਂ ਪੀੜਤ ਹੋਣ ਦੀ ਵੱਡੀ ਦਾਸਤਾਨ ਹੈ। ਇਹ ਮਰੀਜ਼ ਅਚਾਰੀਆ ਤੁਲਸੀ ਡਿਜੀਟਲ ਕੈਂਸਰ ਹੌਸਪੀਟਲ ਐਂਡ ਰੀਸਰਚ ਸੈਂਟਰ ਬੀਕਾਨੇਰ 'ਚ ਇਲਾਜ ਲਈ ਜਾਂਦੇ ਹਨ ਪਰ ਕੋਰੋਨਾ ਕਾਰਨ ਹੁਣ ਐਡਵਾਂਸ ਕੈਂਸਰ ਇੰਸਟੀਚਿਊਟ ਐਂਡ ਹੋਮੀ ਭਾਬਾ ਕੈਂਸਰ ਹੌਸਪੀਟਲ ਸੰਗਰੂਰ 'ਚ ਇਲਾਜ ਲਈ ਪੁੱਜਦੇ ਹਨ।

ਪੰਜਾਬ ਦਾ ਮਾਲਵਾ ਖਿੱਤਾ ਇਹੋ ਜਿਹਾ ਹੈ, ਜਿਥੇ ਖੇਤੀ ਪੈਦਾਵਾਰ ਲਈ ਵਧੇਰੇ ਰਸਾਇਣਾਂ ਜਿਨ੍ਹਾਂ ਵਿਚ ਜ਼ਹਿਰੀਲੀਆਂ ਕੀੜੇਮਾਰ ਦਵਾਈਆਂ ਤੇ ਖਾਦਾਂ ਸ਼ਾਮਿਲ ਹਨ, ਦੀ ਵਰਤੋਂ ਕੀਤੀ ਜਾਂਦੀ ਹੈ। ਜਿਹੜੀਆਂ 15 ਕੀੜੇਮਾਰ ਦਵਾਈਆਂ ਪੰਜਾਬ ਦੇ ਖੇਤਾਂ ਵਿਚ ਖੇਤੀ ਪੈਦਾਵਾਰ ਲਈ ਵਰਤੀਆਂ ਜਾਂਦੀਆਂ ਹਨ, ਯੂ.ਐਸ.ਏ. ਇਨਵਾਇਰਮੈਂਟ ਪ੍ਰੋਟੈਕਸ਼ਨ ਏਜੰਸੀ ਮੁਤਾਬਿਕ ਉਨ੍ਹਾਂ ਵਿਚੋਂ 7 ਕੀੜੇਮਾਰ ਦਵਾਈਆਂ ਪੀਣ ਵਾਲੇ ਪਾਣੀ ਲਈ ਘਾਤਕ ਹਨ। ਬਿਨਾਂ ਸ਼ੱਕ ਪੰਜਾਬ ਨੂੰ ਇਸ ਵੇਲੇ ਅਫੀਮ, ਚਿੱਟੇ ਅਤੇ ਸਮੈਕ ਨੇ ਮਧੋਲਿਆ ਹੋਇਆ ਹੈ, ਪਰ ਪੀਣ ਵਾਲੇ ਜ਼ਹਿਰੀਲੇ ਪਾਣੀ ਅਤੇ ਪ੍ਰਦੂਸ਼ਿਤ ਹਵਾ ਨੇ ਤਾਂ ਪੰਜਾਬ ਨੂੰ ਪੰਜ+ਆਬ ਹੀ ਨਹੀਂ ਰਹਿਣ ਦਿੱਤਾ, ਸਗੋਂ ਇਕ ਜ਼ਹਿਰੀਲੇ ਖਿੱਤੇ ਵਿਚ ਤਬਦੀਲ ਕਰ ਦਿੱਤਾ ਹੈ।

ਪੰਜਾਂ ਪਾਣੀਆਂ ਦੀ ਧਰਤੀ ਪੰਜਾਬ ਦੇ ਬੰਜਰ ਹੋਣ ਦੀਆਂ ਭਵਿੱਖਬਾਣੀਆਂ ਕੀਤੀਆਂ ਜਾ ਰਹੀਆਂ ਹਨ, ਕਿਉਂਕਿ ਧਰਤੀ ਹੇਠਲਾ ਪਾਣੀ ਬਹੁਤ ਹੀ ਡੂੰਘਾ ਚਲਾ ਗਿਆ ਹੈ, ਜਿਸ ਦੀ ਬਦੌਲਤ ਅਧਿਐਨ ਵੇਲੇ ਦੇ ਪੰਜਾਬ ਦੇ 138 ਬਲਾਕਾਂ ਵਿਚੋਂ 109 ਬਲਾਕ ਤਾਂ ਅਤਿ ਸ਼ੋਸ਼ਿਤ ਖਿੱਤੇ ਵਿਚ ਚਲੇ ਗਏ ਹਨ। ਕੁਝ ਕੁ ਹੋਰ ਸੇਮ ਦੇ ਮਾਰੇ ਹਨ। ਪੰਜਾਬ ਦੀ ਰੁਮਕਦੀ ਪੌਣ ਪਲੀਤ ਹੋ ਚੁੱਕੀ ਹੈ ਅਤੇ ਖੇਤੀਬਾੜੀ ਦੇ ਰਸਾਇਣਕ ਮਾਡਲ ਨੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵੀ ਢਾਅ ਲਾਈ ਹੈ। ਤੰਦਰੁਸਤ ਤੇ ਰਿਸ਼ਟ-ਪੁਸ਼ਟ ਮੌਤ ਨੂੰ ਮਖੌਲਾਂ ਕਰਨ ਵਾਲੇ ਪੰਜਾਬੀਆਂ ਦੇ ਘਰਾਂ ਵਿਚ ਕੈਂਸਰ, ਕਾਲਾ ਪੀਲੀਆ ਅਤੇ ਹੋਰ ਭਿਆਨਕ ਰੋਗਾਂ ਨੇ ਪੈਰ ਪਸਾਰ ਲਏ ਹਨ।

ਧਰਤੀ ਹੇਠਲੇ ਪਾਣੀ ਦੀ ਖੇਤੀ ਲਈ ਉਪਲਬਧਤਾ ਔਖੀ ਹੋਣ ਅਤੇ ਖੇਤੀ ਲਈ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਲੋੜੋਂ ਵੱਧ ਵਰਤੋਂ ਨੇ ਪੰਜਾਬ ਦੇ ਪਾਣੀਆਂ 'ਚ ਜ਼ਹਿਰ ਹੀ ਨਹੀਂ ਘੋਲੀ ਸਗੋਂ ਸ਼ਹਿਰਾਂ ਦੀਆਂ ਫੈਕਟਰੀਆਂ ਦੇ ਕੈਮੀਕਲ ਯੁਕਤ ਪਾਣੀ, ਘਰਾਂ ਵਿਚੋਂ ਨਿਕਲਦੇ ਗੰਦੇ ਪਾਣੀ (ਸੀਵਰੇਜ ਵਾਟਰ) ਨੇ ਵੀ ਇਸ ਵਿਚ ਵਾਧਾ ਕੀਤਾ ਹੈ। ਸਰਕਾਰੀ ਰਿਪੋਰਟਾਂ ਅਨੁਸਾਰ ਧਰਤੀ ਹੇਠਲਾ 60 ਮੀਟਰ ਡੂੰਘਾਈ ਤੱਕ ਦਾ 50 ਤੋਂ 60 ਫੀਸਦੀ ਪਾਣੀ, ਪੰਜਾਬ ਦੇ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਨਵਾਂਸ਼ਹਿਰ, ਰੋਪੜ, ਲੁਧਿਆਣੇ, ਫਤਹਿਗੜ੍ਹ ਸਾਹਿਬ, ਮੁਹਾਲੀ ਜ਼ਿਲ੍ਹਿਆਂ ਦਾ, ਸਾਫ਼-ਸੁਥਰਾ ਤੇ ਪੀਣਯੋਗ ਹੈ ਅਤੇ ਜਦਕਿ ਲਗਪਗ 20 ਤੋਂ 30 ਫ਼ੀਸਦੀ ਤਰਨ ਤਾਰਨ, ਪਟਿਆਲਾ, ਸੰਗਰੂਰ, ਬਰਨਾਲਾ, ਮੋਗਾ ਦਾ ਪਾਣੀ ਸਲੂਣਾ ਅਤੇ ਠੀਕ-ਠੀਕ ਪੱਧਰ ਦਾ ਹੈ। ਪਰ ਮੁਕਤਸਰ, ਬਠਿੰਡਾ, ਮਾਨਸਾ ਅਤੇ ਸੰਗਰੂਰ ਦਾ 15 ਤੋਂ 25 ਫੀਸਦੀ ਧਰਤੀ ਹੇਠਲਾ ਪਾਣੀ ਸਲੂਣਾ, ਅਲਕਲੀ ਭਰਪੂਰ ਹੈ ਜੋ ਕਿ ਸਿੰਚਾਈ ਲਈ ਵੀ ਦਰੁਸਤ ਨਹੀਂ ਹੈ। ਪੰਜਾਬ 'ਚ ਵੇਖਿਆ ਜਾ ਰਿਹਾ ਇਹ ਜ਼ਹਿਰੀਲਾ ਪਾਣੀ ਅੱਜ ਦੀ ਨਹੀਂ ਸਗੋਂ ਦਹਾਕਿਆਂ ਤੋਂ ਵੱਡੀ ਸਮੱਸਿਆ ਹੈ, ਕਿਉਂਕਿ ਪੰਜਾਬ ਦੀ ਧਰਤੀ ਹੇਠਲੇ ਪਾਣੀਆਂ ਦੀ ਲਗਾਤਾਰ ਦੁਰਵਰਤੋਂ ਹੋਈ ਹੈ।

ਬੁੱਢਾ ਨਾਲਾ, ਲੁਧਿਆਣਾ ਜੋ ਲੁਧਿਆਣਾ ਦੇ ਨਜ਼ਦੀਕ ਵਗਦਾ ਹੈ ਸਾਫ਼-ਸੁਥਰੇ ਪਾਣੀ ਦਾ ਸੋਮਾ ਸੀ, ਜਿਥੇ ਲੋਕ ਪਸ਼ੂਆਂ ਨੂੰ ਪਾਣੀ ਪਿਆਉਂਦੇ ਸਨ, ਕੱਪੜੇ ਧੋਂਦੇ ਸਨ, ਕਈ ਘਰਾਂ 'ਚ ਪੀਣ ਲਈ ਵੀ ਵਰਤਦੇ ਸਨ। ਅੱਜ ਇਹ ਗੰਦੇ ਨਾਲੇ ਦਾ ਰੂਪ ਧਾਰਨ ਕਰ ਚੁੱਕਾ ਹੈ, ਕਿਉਂਕਿ ਲੁਧਿਆਣਾ ਸ਼ਹਿਰ ਦੀ ਸਨਅਤ ਦਾ ਰਸਾਇਣ ਯੁਕਤ ਪਾਣੀ ਅਤੇ ਹੋਰ ਗੰਦ-ਮੰਦ ਇਸ ਨਾਲੇ ਵਿਚ ਪੈਂਦਾ ਹੈ ਜਿਹੜਾ ਅੱਗੋਂ ਦਰਿਆ ਸਤਲੁਜ ਵਿਚ ਪੈਂਦਾ ਹੈ ਅਤੇ ਸਤਲੁਜ ਦਰਿਆ ਤੋਂ ਨਿਕਲਦੀਆਂ ਨਹਿਰਾਂ ਜੋ ਫਿਰੋਜ਼ਪੁਰ, ਮਲੋਟ, ਜ਼ੀਰਾ ਆਦਿ ਪੁੱਜਦੀਆਂ ਹਨ, 'ਚ ਪੈਂਦਾ ਹੈ ਤਾਂ ਪਾਣੀ ਨੂੰ ਬੁਰੀ ਤਰ੍ਹਾਂ ਦੂਸ਼ਿਤ ਕਰਦੀਆਂ ਹਨ। ਇਸੇ ਤਰ੍ਹਾਂ ਕਾਲੀ ਬੇਈਂ ਸੁਲਤਾਨਪੁਰ ਲੋਧੀ ਜੋ ਸਾਫ਼-ਸੁਥਰੇ ਪਾਣੀ ਦਾ ਇਕ ਸੋਮਾ ਸੀ, ਅਤੇ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਸ ਪਵਿੱਤਰ ਬੇਈਂ ਵਿਚ ਗੁਰੂ ਨਾਨਕ ਦੇਵ ਦੀ ਇਸ਼ਨਾਨ ਕਰਿਆ ਕਰਦੇ ਸਨ, ਉਸ ਬੇਈਂ ਦੇ ਮੁੱਢ ਤੋਂ ਸੁਲਤਾਨਪੁਰ ਲੋਧੀ ਤੱਕ ਪੈਂਦੇ ਪਿੰਡਾਂ ਸ਼ਹਿਰਾਂ ਦਾ ਗੰਦਾ ਪਾਣੀ ਇਸ ਬੇਈਂ ਵਿਚ ਰਲਾ ਦਿੱਤਾ ਗਿਆ ਹੈ, ਜਿਸ ਨਾਲ ਇਹ ਬੇਈਂ ਪੂਰੀ ਤਰ੍ਹਾਂ ਦੂਸ਼ਿਤ ਹੋ ਗਈ ਸੀ। ਇਹੋ ਹਾਲ ਬੰਗਾ-ਨਵਾਂਸ਼ਹਿਰ ਤੋਂ ਆਉਂਦੀ ਚਿੱਟੀ ਬੇਈਂ ਅਤੇ ਫਗਵਾੜਾ ਦੇ 'ਗੰਦੇ ਨਾਲੇ' ਦਾ ਹੈ, ਜਿਥੇ ਸ਼ਹਿਰਾਂ 'ਚ ਲਗਾਈਆਂ ਫੈਕਟਰੀਆਂ ਦਾ ਗੰਦਾ ਪਾਣੀ ਸਾਫ਼-ਸੁਥਰੇ ਪਾਣੀਆਂ ਨੂੰ ਦੂਸ਼ਿਤ ਕਰਦਾ ਹੈ।

ਭਾਵੇਂ ਕਿ ਸਮੇਂ-ਸਮੇਂ ਉਤੇ ਗੰਦੇ ਪਾਣੀ ਨੂੰ ਸਾਫ਼ ਕਰਕੇ ਵਰਤਣ ਲਈ ਖੇਤੀਬਾੜੀ ਦੀ ਵਰਤੋਂ ਲਈ ਪੰਜਾਬ ਸਰਕਾਰ ਵਲੋਂ ਕਦਮ ਪੁੱਟੇ ਜਾ ਰਹੇ ਹਨ। ਪੰਜਾਬ ਦਾ ਪੋਲਿਊਸ਼ਨ ਕੰਟਰੋਲ ਬੋਰਡ ਕੈਮੀਕਲ ਯੁਕਤ ਪਾਣੀ ਨੂੰ ਸਾਫ਼ ਕਰਨ ਲਈ ਕਾਰਖ਼ਾਨਿਆਂ, ਮਿੱਲਾਂ, ਫਾਊਂਡਰੀਆਂ ਉਤੇ ਕਰੜੀ ਨਜ਼ਰ ਰੱਖ ਰਿਹਾ ਹੈ, ਪਰ ਇਸ ਮਾਮਲੇ ਉਤੇ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਨਾ ਕਰਨ ਕਰਕੇ, ਲਗਾਏ ਗਏ ਟਰੀਟਮੈਂਟ ਪਲਾਂਟਾਂ ਨੂੰ ਨਾ ਚਲਾ ਕੇ, ਉਦਯੋਗਪਤੀ ਖ਼ਰਚ ਬਚਾ ਲੈਂਦੇ ਹਨ। ਗੰਨਾ ਮਿੱਲਾਂ ਸਿਰਫ਼ ਚਿਮਨੀਆਂ ਰਾਹੀਂ ਧੂੰਆਂ ਨਹੀਂ ਛੱਡਦੀਆਂ ਆਪਣਾ ਰਸਾਇਣਾਂ ਯੁਕਤ ਪਾਣੀ ਸ਼ਹਿਰਾਂ ਦੇ ਸੀਵਰੇਜ ਦੇ ਪਾਣੀ 'ਚ ਰਲਾ ਕੇ ਗੰਦੇ ਪਾਣੀ ਨੂੰ ਹੋਰ ਗੰਦਾ ਕਰ ਰਹੀਆਂ ਹਨ। ਪਿਛਲੇ ਦਿਨੀਂ ਹਮੀਰੇ ਦੀ ਸ਼ਰਾਬ ਫੈਕਟਰੀ 'ਚੋਂ ਨਿਕਲਿਆ ਪ੍ਰਦੂਸ਼ਿਤ ਪਾਣੀ ਮੱਛੀਆਂ ਅਤੇ ਹੋਰ ਜੀਵਾਂ ਨੂੰ ਮਾਰਨ ਦਾ ਕਾਰਨ ਬਣਿਆ, ਇਸ ਦੀ ਵੱਡੀ ਚਰਚਾ ਵੀ ਹੋਈ। ਚਿੱਟੀ ਬੇਈਂ ਅਤੇ ਬੁੱਢੇ ਨਾਲੇ ਨੂੰ ਸਾਫ਼ ਕਰਨ ਲਈ ਲਹਿਰ ਵਾਂਗਰ ਕੁਝ ਵਾਤਾਵਰਨ ਪ੍ਰੇਮੀਆਂ ਨੇ ਯਤਨ ਵੀ ਕੀਤਾ। ਮੌਜੂਦਾ ਪੰਜਾਬ ਸਰਕਾਰ ਨੇ ਸਟੇਟ ਵਾਟਰ ਅਥਾਰਟੀ ਵੀ ਕਾਇਮ ਕੀਤੀ, ਜਿਸ ਵਲੋਂ ਘਰੇਲੂ, ਖੇਤੀ, ਸਨਅਤ ਅਤੇ ਹੋਰ ਕੰਮਾਂ ਲਈ ਸਾਫ਼-ਸੁਥਰਾ ਪਾਣੀ ਮੁਹੱਈਆ ਕਰਨ ਦੀ ਗੱਲ ਵੀ ਕੀਤੀ ਗਈ ਹੈ ਪਰ ਆਈ.ਟੀ.ਆਈ. ਖੜਗਪੁਰ ਵਲੋਂ ਹੁਣੇ ਪ੍ਰਕਾਸ਼ਿਤ ਹੋਈ ਰਿਪੋਰਟ ਦਿਖਾਉਂਦੀ ਹੈ ਕਿ ਇਸ ਸਬੰਧੀ ਗੋਹੜੇ 'ਚੋਂ ਪੂਣੀ ਵੀ ਨਹੀਂ ਕੱਤੀ ਗਈ।

ਅਸਲ 'ਚ ਧਰਤੀ ਉੱਪਰਲਾ ਪਾਣੀ ਜਦੋਂ ਧਰਤੀ 'ਚ ਸਿੰਮਦਾ ਹੈ, ਉਹ ਧਰਤੀ ਤੇ ਫੈਲੇ ਦਵਾਈਆਂ ਖਾਦਾਂ ਦੇ ਜ਼ਹਿਰਾਂ ਨੂੰ ਵੀ ਆਪਣੇ 'ਚ ਜਜ਼ਬ ਕਰਦਾ ਹੈ। ਜਦੋਂ ਇਹ ਪਾਣੀ ਧਰਤੀ ਹੇਠਲੇ ਪੱਧਰ ਤੱਕ ਪੁੱਜਦਾ ਹੈ ਤਾਂ ਆਪਣੇ ਵਿਚ ਉਹ ਸਾਰੇ ਕਣ ਜਜ਼ਬ ਕਰਦਾ ਹੈ, ਜੋ ਧਰਤੀ 'ਚ ਸਿਮ ਕੇ ਉਸ ਤੱਕ ਪੁੱਜਦੇ ਹਨ। ਜੇਕਰ ਧਰਤੀ ਉੱਪਰਲਾ ਪਾਣੀ ਗੰਧਲਾ ਹੋਏਗਾ, ਨਿਕੰਮਾ ਹੋਏਗਾ, ਤਾਂ ਧਰਤੀ ਹੇਠਲਾ ਪਾਣੀ ਵੀ ਗੰਦਾ ਹੀ ਹੁੰਦਾ ਜਾਏਗਾ। ਜਿਸ ਨੂੰ ਜਦੋਂ ਅਸੀਂ ਪੰਪਾਂ ਰਾਹੀਂ ਬਾਹਰ ਕੱਢ ਕੇ ਪੀਂਦੇ ਹਾਂ ਤਾਂ ਇਹ ਸਾਡੀ ਸਿਹਤ ਉੱਤੇ ਬੁਰਾ ਅਸਰ ਪਾਉਂਦਾ ਹੈ। ਇਹੋ ਪਾਣੀ ਜਦੋਂ ਖੇਤੀ ਲਈ ਵਰਤਦੇ ਹਾਂ ਤਾਂ ਇਹ ਘੁੰਮਦਾ ਘੁਮਾਉਂਦਾ-ਪੌਦਿਆਂ, ਜਾਨਵਰਾਂ, ਮਨੁੱਖਾਂ ਦੀ ਸਿਹਤ ਲਈ ਹਾਨੀਕਾਰਕ ਬਣਦਾ ਹੈ। ਪੰਜਾਬ ਦੇ ਹਰੇ ਇਨਕਲਾਬ ਨੇ ਪੰਜਾਬ 'ਚ ਪਾਣੀ ਦੀ ਵੱਧ ਜ਼ਰੂਰਤ ਪੈਦਾ ਕੀਤੀ ਅਤੇ ਧਰਤੀ ਹੇਠਲਾ ਵੱਧ ਪਾਣੀ ਸਿੰਚਾਈ ਲਈ ਵਰਤਿਆ ਜਾਣ ਲੱਗ ਪਿਆ।

ਕਦੇ ਪੰਜਾਬ 'ਚ ਛੱਪੜਾਂ ਦਾ ਪਾਣੀ ਪੀਣ ਲਈ ਵਰਤਿਆ ਜਾਂਦਾ ਸੀ, ਨਹਿਰਾਂ ਦਾ ਪਾਣੀ ਵੀ ਸਾਫ਼-ਸੁਥਰਾ ਹੁੰਦਾ ਸੀ। ਹੁਣ ਨਾ ਪਿੰਡਾਂ ਦੇ ਛੱਪੜ ਗੰਦਗੀ ਤੋਂ ਬਚੇ ਹਨ, ਨਾ ਨਹਿਰਾਂ, ਨਾ ਪਿੰਡਾਂ ਦੇ ਲਾਗਲੀਆਂ ਝੀਲਾਂ ਪ੍ਰਦੂਸ਼ਣ ਤੋਂ ਬਚੀਆਂ ਹਨ ਅਤੇ ਨਾ ਹੀ ਸ਼ਹਿਰਾਂ ਦੇ ਨਜ਼ਦੀਕ ਵਗਦੇ ਨਾਲੇ-ਖਾਲੇ। ਹੁਣ ਤਾਂ ਪਹਾੜਾਂ ਦੇ ਪਾਣੀ ਨੂੰ ਵੀ ਪ੍ਰਦੂਸ਼ਿਤ ਕਰਨ ਤੋਂ ਮਨੁੱਖ ਨੇ ਗੁਰੇਜ਼ ਨਹੀਂ ਕੀਤਾ ਭਾਵ ਪਾਣੀ ਦੇ ਪ੍ਰਦੂਸ਼ਣ ਨਾਲ ਉਸ ਖਿੱਤੇ 'ਚ ਵਗਦੇ ਦਰਿਆ, ਝੀਲਾਂ ਪ੍ਰਦੂਸ਼ਿਤ ਹੁੰਦੇ ਹਨ ਅਤੇ ਦੇਸ਼ ਭਾਰਤ ਦੇ 25 ਕਰੋੜ ਲੋਕ ਪ੍ਰਦੂਸ਼ਿਤ ਪਾਣੀ ਦਾ ਸ਼ਿਕਾਰ ਹੋ ਰਹੇ ਹਨ। ਪੰਜਾਬ ਦੇ ਵੱਡੀ ਗਿਣਤੀ 'ਚ ਲੋਕ ਵੀ ਪ੍ਰਦੂਸ਼ਿਤ ਪਾਣੀ ਦੀ ਮਾਰ ਹੇਠ ਆਏ ਹਨ। ਪਾਣੀ ਦਾ ਪ੍ਰਦੂਸ਼ਣ ਇਕੱਲਿਆਂ ਮਨੁੱਖੀ ਜੀਵਨ ਨੂੰ ਹੀ ਪ੍ਰਭਾਵਿਤ ਨਹੀਂ ਕਰਦਾ ਸਗੋਂ ਧਰਤੀ ਨੂੰ ਵੀ ਜ਼ਹਿਰੀ ਬਣਾਉਂਦਾ ਹੈ, ਪੌਦਿਆਂ ਨੂੰ ਮਾਰਦਾ ਹੈ, ਪਸ਼ੂ-ਪੰਛੀਆਂ ਦੇ ਜੀਵਨ ਲਈ ਘਾਤਕ ਬਣਦਾ ਹੈ। ਇਸੇ ਕਰਕੇ ਪ੍ਰਦੂਸ਼ਿਤ ਪਾਣੀ ਕਾਰਨ ਪੰਜਾਬ ਦੇ ਖੇਤ-ਖਲਿਆਣ, ਪਸ਼ੂ ਪੰਛੀ ਵੀ ਓਨੇ ਹੀ ਪ੍ਰਭਾਵਿਤ ਹੋਏ ਜਿੰਨਾ ਪੰਜਾਬ ਦਾ ਮਨੁੱਖ।
ਇਸ ਵਾਯੂਮੰਡਲ ਵਿਚ ਧਰਤੀ ਉਤੇ ਜੇਕਰ ਸਭ ਤੋਂ ਵੱਧ ਕੀਮਤੀ ਚੀਜ਼ ਹੈ ਤਾਂ ਉਹ ਪਾਣੀ ਹੈ। ਧਰਤੀ ਦਾ ਦੋ ਤਿਹਾਈ ਹਿੱਸਾ ਪਾਣੀ ਨਾਲ ਘਿਰਿਆ ਪਿਆ ਹੈ। ਸਮੁੰਦਰਾਂ, ਨਦੀਆਂ, ਝੀਲਾਂ ਦੇ ਬੇਅੰਤ ਪਾਣੀ ਵਿਚੋਂ ਮਨੁੱਖੀ ਵਰਤੋਂ ਲਈ 0.3 ਹਿੱਸਾ ਹੀ ਉਪਲਬਧ ਹੈ। ਇਸ ਉਪਲਬਧ ਪਾਣੀ ਨੂੰ ਸ਼ਹਿਰੀਕਰਨ, ਜੰਗਲਾਂ ਦੇ ਵੱਢ-ਵਢਾਂਗੇ, ਉਦਯੋਗਿਕ ਰਹਿੰਦ-ਖੂੰਹਦ, ਸਮਾਜੀ ਅਤੇ ਧਾਰਮਿਕ ਰਹੂਰੀਤਾਂ, ਖਾਦਾਂ, ਕੀਟਨਾਸ਼ਕਾਂ, ਡਿਟਰਜੈਂਟ ਪਾਊਡਰਾਂ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਲਗਪਗ 6 ਬਿਲੀਅਨ ਕਿਲੋਗ੍ਰਾਮ ਕੂੜਾ ਕਰਕਟ (ਪਲਾਸਟਿਕ, ਇਲੈਕਟ੍ਰੋਨਿਕ ਆਈਟਮਾਂ ਆਦਿ) ਹਰ ਵਰ੍ਹੇ ਸਮੁੰਦਰ ਦੀ ਭੇਟ ਚੜ੍ਹਾਇਆ ਜਾ ਰਿਹਾ ਹੈ, ਜਿਸ ਨਾਲ ਸਮੁੰਦਰ ਵਿਚਲੇ ਜੀਵਾਂ ਦਾ ਵੀ ਸਰਬਨਾਸ਼ ਹੁੰਦਾ ਜਾ ਰਿਹਾ ਹੈ। ਇਥੇ ਹੀ ਬਸ ਨਹੀਂ ਭੈੜੇ ਪਾਣੀ ਦੀ ਉਪਜ ਮੱਛੀਆਂ ਅਤੇ ਹੋਰ ਕੀੜੇ-ਮਕੌੜੇ ਜਿਹੜੇ ਮਨੁੱਖਾਂ ਦਾ ਭੋਜਨ ਵੀ ਬਣਦੇ ਹਨ, ਉਹ ਵੀ ਮਨੁੱਖੀ ਸਿਹਤ ਦਾ ਘਾਣ ਕਰਦੇ ਹਨ।

ਪੰਜਾਬ ਦੀ ਖੁਸ਼ਹਾਲੀ ਅਤੇ ਚੰਗੇ ਜੀਵਨ ਜਿਊਣ ਦੇ ਮੁਕਾਬਲੇ ਨੇ ਆਪਣੀ ਰਵਾਇਤੀ ਖ਼ੁਰਾਕ ਛੱਡ ਕੇ ਬਾਜ਼ਾਰੂ ਖ਼ੁਰਾਕ ਵੱਲ ਵੱਧ ਧਿਆਨ ਦਿੱਤਾ ਹੈ। ਇਸ ਮਿਲਾਵਟੀ ਭੋਜਨ ਕਾਰਨ ਪੰਜਾਬੀਆਂ ਦੇ ਸੁਡੋਲ ਜੁੱਸੇ ਨਕਾਰਾ ਹੁੰਦੇ ਜਾ ਰਹੇ ਹਨ, ਜਿਹੜੇ ਇਸ ਖਿੱਤੇ 'ਚ ਵਸਦੇ ਲੋਕਾਂ ਲਈ ਖ਼ਤਰੇ ਦੀ ਘੰਟੀ ਹਨ ਅਤੇ ਕਿਸੇ ਸਮੇਂ ਪੰਜਾਬ ਦਾ ਇਹ ਜ਼ਹਿਰੀਲਾ ਪਾਣੀ ਪੰਜਾਬੀਆਂ ਦੀ ਸਿਹਤ ਦੀ ਬਰਬਾਦੀ ਅਤੇ ਪੰਜਾਬ ਦੇ ਕਿੱਤੇ 'ਚੋਂ ਉਜਾੜੇ ਦਾ ਕਾਰਨ ਬਣੇਗਾ।