ਪੰਜਾਬ ਕਿਸਾਨ ਯੂਨੀਅਨਾਂ ਤੇ ਲਖਾ ਸਿਧਾਣਾ ,ਦੀਪ ਸਿਧੂ ਵਿਚਾਲੇ ਟਕਰਾਅ ਕਾਰਣ ਟਿਕੈਤ ਲੀਡਰ ਵਜੋਂ ਚਮਕੇ! ਕਵਰ ਸਟੋਰੀ : ਪ੍ਰਗਟ ਸਿੰਘ ਜੰਡਿਆਲਾ ਗੁਰੂ

ਪੰਜਾਬ ਕਿਸਾਨ ਯੂਨੀਅਨਾਂ ਤੇ ਲਖਾ ਸਿਧਾਣਾ ,ਦੀਪ ਸਿਧੂ ਵਿਚਾਲੇ ਟਕਰਾਅ ਕਾਰਣ ਟਿਕੈਤ ਲੀਡਰ ਵਜੋਂ ਚਮਕੇ! ਕਵਰ ਸਟੋਰੀ : ਪ੍ਰਗਟ ਸਿੰਘ ਜੰਡਿਆਲਾ ਗੁਰੂ

ਮਹਾਂਪੰਚਾਇਤਾਂ ਕਾਰਣ ਕਿਸਾਨੀ ਅੰਦੋਲਨ ਜਾਟ ਭਾਈਚਾਰੇ ਦਾ ਬਣ ਰਿਹਾ ਅੰਦੋਲਨ

ਕਿਸਾਨੀ ਸੰਘਰਸ਼ ਹੁਣ ਜਨ ਅੰਦੋਲਨ ਬਣਿਆ: ਰਾਕੇਸ਼ ਟਿਕੈਤ

ਪੰਜਾਬ ਕਿਸਾਨ ਯੂਨੀਅਨਾਂ ਤੇ ਲਖਾ ਸਿਧਾਣਾ ,ਦੀਪ ਸਿਧੂ ਵਿਚਾਲੇ ਟਕਰਾਅ ਕਾਰਣ ਛਬੀ ਜਨਵਰੀ ਬਾਅਦ ਰਕੇਸ਼ ਟਿਕੈਤ ਕਿਸਾਨ ਲੀਡਰ ਵਜੋਂ ਚਮਕ ਚੁਕੇ ਹਨ। ਦਿਨੋਂ ਪੰਜਾਬ ਕਿਸਾਨ ਯੂਨੀਅਨਾਂ ਦੀ ਸਾਖ ਘਟ ਰਹੀ ਹੈ।ਜੇਕਰ ਦੀਪ ਸਿਧੂ ਗਰੁਪ ਤੇ ਪੰਜਾਬ ਕਿਸਾਨ ਯੂਨੀਅਨਾਂ ਦਾ ਸਾਂਝਾ ਗਠਜੋੜ ਕਾਇਮ ਹੋ ਜਾਂਦਾ ਤਾਂ ਇਹ ਅੰਦੋਲਨ ਪੰਜਾਬ ਦੇ ਹਥ ਵਿਚ ਰਹਿੰਦਾ।ਪਰ  ਅੱਜ-ਕੱਲ੍ਹ ਕਿਸਾਨ ਅੰਦੋਲਨ ਦੀ ਲਗ਼ਾਮ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਬਹੁਤ ਮਜ਼ਬੂਤੀ ਨਾਲ ਸੰਭਾਲਦੇ ਨਜ਼ਰ ਆ ਰਹੇ ਹਨ। ਰਾਕੇਸ਼ ਟਿਕੈਤ ਉਂਝ ਤਾਂ ਪੱਛਮੀ ਉੱਤਰ ਪ੍ਰਦੇਸ਼ ਤੋਂ ਹਨ, ਪਰ ਹੁਣ ਉਨ੍ਹਾਂ ਨੂੰ ਹਰਿਆਣਾ, ਰਾਜਸਥਾਨ, ਮਹਾਰਾਸ਼ਟਰ, ਕਰਨਾਟਕ ਤੇ ਮੱਧ ਪ੍ਰਦੇਸ਼ ਤੋਂ ਵੀ ਕਿਸਾਨ ਮਹਾਂਪੰਚਾਇਤਾਂ ਵਿੱਚ ਸ਼ਿਰਕਤ ਕਰਨ ਲਈ ਸੱਦਿਆ ਜਾ ਰਿਹਾ ਹੈ।

ਰਾਕੇਸ਼ ਟਿਕੈਤ ਦੇ ਸਾਥੀ ਧਰਮਿੰਦਰ ਮਲਿਕ ਕਹਿੰਦੇ ਹਨ, "26 ਜਨਵਰੀ ਤੋਂ ਬਾਅਦ ਰਾਕੇਸ਼ ਟਿਕੈਤ ਹਰਿਆਣਾ ਵਿੱਚ ਚਾਰ ਮਹਾਂਪੰਚਾਇਤਾਂ ਨੂੰ ਸੰਬੋਧਿਤ ਕਰ ਚੁੱਕੇ ਹਨ ਜਿਸ ਵਿੱਚ ਜੀਂਦ ਵਿੱਚ ਇੱਕ ਅਤੇ ਚਰਖੀ ਦਾਦਰੀ ਤੇ ਕੁਰਕੂਸ਼ੇਤਰ ਵਿੱਚ ਇੱਕ-ਇੱਕ ਮਹਾਂਪੰਚਾਇਤ ਸ਼ਾਮਲ ਹੈ।"

ਰਾਕੇਸ਼ ਟਿਕੈਤ ਉੱਤਰ ਪ੍ਰਦੇਸ਼ ਤੋਂ ਬਾਹਰ ਵੀ ਕਿਸਾਨਾਂ ਦੇ ਆਗੂ ਬਣਦੇ ਨਜ਼ਰ ਆ ਰਹੇ ਹਨ ਤਾਂ ਦੂਜੇ ਪਾਸੇ ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਮਹਾਂਪੰਚਾਇਤਾਂ ਦੀ ਕਮਾਨ ਉਨ੍ਹਾਂ ਦੇ ਵੱਡੇ ਭਰਾ ਨਰੇਸ਼ ਟਿਕੈਤ ਨੇ ਸੰਭਾਲੀ ਹੋਈ ਹੈ। ਹਰਿਆਣਾ, ਰਾਜਸਥਾਨ ਵਿੱਚ ਮਹਾਂਪੰਚਾਇਤਾਂ ਵਿੱਚ ਇਕੱਠਾ ਹੋ ਰਹੀ ਭੀੜ ਤੋਂ ਸਾਬਤ ਹੋ ਰਿਹਾ ਹੈ ਕਿ ਰਾਕੇਸ਼ ਟਿਕੈਤ ਪੂਰੇ ਉੱਤਰ ਭਾਰਤ ਦੇ ਕਿਸਾਨ ਆਗੂ ਬਣ ਚੁੱਕੇ ਹਨ।

 'ਪੌਲੀਟਿਕਸ ਆਫ਼ ਚੌਧਰ' ਕਿਤਾਬ ਦੇ ਲੇਖਕ ਸਤੀਸ਼ ਤਿਆਗੀ ਕਹਿੰਦੇ ਹਨ, "ਪੱਛਮੀ ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿੱਚ ਜਿਹੜੀਆਂ ਮਹਾਂਪੰਚਾਇਤਾਂ ਹੋ ਰਹੀਆਂ ਹਨ, ਉਨ੍ਹਾਂ ਵਿੱਚ ਜ਼ਿਆਦਤਰ ਜਾਟ ਹਨ। ਦੋਵਾਂ ਇਲਾਕਿਆਂ ਵਿੱਚ ਜਾਟ ਗੋਤ ਦੀ ਨਿਗ੍ਹਾ ਤੋਂ ਇੱਕ ਹੀ ਹਨ।ਇਸ ਲਈ ਸਮਾਜਿਕ ਸਬੰਧ ਹੈ, ਰਿਸ਼ਤੇਦਾਰੀਆਂ ਹਨ। ਕਿਉਂਕਿ ਅੰਦੋਲਨ ਹੁਣ ਜਾਟ ਆਗੂਆਂ ਦੇ ਹੱਥਾਂ ਵਿੱਚ ਚਲਾ ਗਿਆ ਹੈ ਇਸ ਲਈ ਪੰਚਾਇਤਾਂ ਵਿੱਚ ਭੀੜ ਵੀ ਆਪਣੇ ਆਪ ਹੀ ਤੁਰੀ ਆਉਂਦੀ ਹੈ।"ਸਤੀਸ਼ ਤਿਆਗੀ ਕਹਿੰਦੇ ਹਨ ਕਿ ਕਿਸਾਨ ਅੰਦੋਲਨ ਦੀ ਪਕੜ ਦੱਖਣੀ ਹਰਿਆਣਾ ਵਿੱਚ ਘੱਟ ਅਤੇ ਕੇਂਦਰੀ ਹਰਿਆਣਾ ਵਿੱਚ ਜ਼ਿਆਦਾ ਹੈ। ਹਰਿਆਣਾ ਦੇ ਗੁਰਨਾਮ ਸਿੰਘ ਚਢੂਨੀ ਨੂੰ ਕਿਸਾਨਾਂ ਦਾ ਸਭ ਤੋਂ ਵੱਡਾ ਆਗੂ ਮੰਨਿਆ ਜਾਂਦਾ ਹੈ, ਜੋ ਭਾਰਤੀ ਕਿਸਾਨ ਯੂਨੀਅਨ ਦੇ ਹੀ ਆਗੂ ਹਨ ਅਤੇ ਜੱਟ ਸਿੱਖ ਹਨ।ਹਰਿਆਣਾ ਵਿੱਚ ਕਿਸਾਨ ਮੁੱਦੇ 'ਤੇ ਜਿਹੜੀਆਂ ਮਹਾਂਪੰਚਾਇਤਾਂ ਹੋਈਆਂ, ਉਨ੍ਹਾਂ ਵਿੱਚੋਂ ਜੀਂਦ ਦੀ ਮਹਾਂਪੰਚਾਇਤ ਵਿੱਚ ਉਹ ਗਏ ਸਨ, ਪਰ ਕੈਥਲ ਅਤੇ ਭਿਵਾਨੀ ਉਹ ਨਹੀਂ ਗਏ।  ਰਾਕੇਸ਼ ਟਿਕੈਤ ਦੇ ਨਾਲ ਉਨ੍ਹਾਂ ਦਾ ਨਾ ਜਾਣਾ ਸੁਰਖ਼ੀਆਂ ਬਣਿਆ।

ਇਸ ਪਿੱਛੇ ਸਿਆਸਤ ਬਾਰੇ ਦੱਸਦਿਆਂ ਸਤੀਸ਼ ਤਿਆਗੀ ਕਹਿੰਦੇ ਹਨ, "ਗੁਰਨਾਮ ਸਿੰਘ ਚਢੂਨੀ ਹਰਿਆਣਾ ਦੀ ਜੀਟੀ ਰੋਡ ਬੈਲਟ (ਕਰਨਾਲ, ਕੈਥਲ) ਤੋਂ ਹਨ, ਜਿੱਥੇ ਜਾਟਾਂ ਦਾ ਦਬਦਬਾ ਜ਼ਿਆਦਾ ਨਹੀਂ ਹੈ। ਇਸ ਇਲਾਕੇ ਵਿੱਚ ਖਾਪਾਂ ਦਾ ਪ੍ਰਭਾਵ ਵੀ ਜ਼ਿਆਦਾ ਨਹੀਂ ਹੈ।'''ਹਰਿਆਣਾ ਵਿੱਚ ਜਾਤੀਆਂ ਦੀ ਵਸੋਂ ਹਰ ਇਲਾਕੇ ਵਿੱਚ ਵੱਖਰੀ ਹੈ। ਜਿੱਥੇ ਇੱਕ ਇਲਾਕੇ ਵਿੱਚ ਜਾਟ ਰਹਿੰਦੇ ਹਨ, ਇੱਕ ਵਿੱਚ ਰਾਜਪੂਤ ਤੇ ਯਾਦਵ ਵੱਖਰੇ ਇਲਾਕੇ ਵਿੱਚ। ਰੋਹਤਕ, ਸੋਨੀਪਤ ਵਾਲੇ ਇਲਾਕੇ ਵਿੱਚ 50 ਫ਼ੀਸਦ ਤੋਂ ਵੀ ਜ਼ਿਆਦਾ ਜਾਟ ਮਿਲਣਗੇ। ਹੁਣ ਅੰਦੋਲਨ ਦਾ ਰੂਪ ਬਦਲ ਗਿਆ ਹੈ। ਹੁਣ ਇਸ ਅੰਦੋਲਨ ਦਾ ਰੂਪ ਜਾਤੀ ਜ਼ਿਆਦਾ ਹੈ। ਚਢੂਨੀ ਉਸ ਵਿੱਚ ਫ਼ਿੱਟ ਨਹੀਂ ਬੈਠਦੇ। ਜਾਟਾਂ  ਨੂੰ ਰਾਕੇਸ਼ ਟਿਕੈਤ ਚੰਗੇ ਲੱਗ ਰਹੇ ਹਨ।' ਚਢੂਨੀ ਜਾਟ ਆਗੂ ਤਾਂ ਹਨ ਪਰ ਉਹ ਸਿੱਖ ਜਟ ਹਨ। ਸਤੀਸ਼ ਤਿਆਗੀ 28 ਜਨਵਰੀ ਨੂੰ ਰਾਕੇਸ਼ ਟਿਕੈਤ ਦੇ ਉਨ੍ਹਾਂ ਭਾਵੁਕ ਪਲਾਂ ਵੱਲ ਇਸ਼ਾਰਾ ਕਰ ਰਹੇ ਹਨ, ਜਿਸ ਤੋਂ ਬਾਅਦ ਕਿਸਾਨ ਅੰਦੋਲਨ ਵਿੱਚ ਨਵੀਂ ਤਾਕਤ ਆ ਗਈ। ਗ਼ਾਜ਼ੀਪੁਰ ਬਾਰਡਰ ਜੋ ਖਾਲ੍ਹੀ ਹੋਣ ਲੱਗਿਆ ਸੀ, ਉੱਥੇ ਮੁੜ ਕਿਸਾਨਾਂ ਦੀ ਭੀੜ ਇਕੱਠਾ ਹੋਣਾ ਸ਼ੁਰੂ ਹੋ ਗਈ।

ਦੂਸਰੇ ਪਾਸੇ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਰਹੇ ਐੱਸਐੱਸ ਚਹਿਰ ਕਹਿੰਦੇ ਹਨ, "ਇੰਨ੍ਹਾਂ ਮਹਾਂਪੰਚਾਇਤਾਂ ਦਾ ਕਿਸਾਨ ਅੰਦੋਲਨ ਵਿੱਚ ਜ਼ਿਆਦਾ ਰੋਲ ਨਹੀਂ ਹੈ। ਖਾਪ ਤਾਂ ਜਾਤ 'ਤੇ ਆਧਾਰਿਤ ਹੁੰਦੀ ਹੈ। ਪਰ ਇਸ ਅੰਦੋਲਨ ਨੂੰ ਜਾਤ ਦੇ ਆਧਾਰ 'ਤੇ ਸਮਰਥਨ ਨਹੀਂ ਮਿਲ ਰਿਹਾ, ਸਗੋਂ ਸਾਰੀਆਂ ਜਾਤਾਂ ਦੇ ਕਿਸਾਨਾਂ ਤੋਂ ਮਿਲ ਰਿਹਾ ਹੈ। ਦੇਸ ਦੇ ਕਿਸੇ ਵੀ ਪਿੰਡ ਵਿੱਚ ਦੋ ਤਰ੍ਹਾਂ ਦੇ ਲੋਕ ਰਹਿੰਦੇ ਹਨ। ਇੱਕ ਕਿਸਾਨ ਅਤੇ ਦੂਜਾ ਮਜ਼ਦੂਰ ਜਾਂ ਕਹੋ ਕਿ ਕਿਸਾਨੀ ਨਾਲ ਜੁੜਿਆ ਮਜ਼ਦੂਰ। ਇਹ ਅੰਦੋਲਨ ਉਨ੍ਹਾਂ ਦਾ ਹੀ ਹੈ, ਇਸ ਲਈ ਹਰ ਮਹਾਂਪੰਚਾਇਤ ਵਿੱਚ ਇਕੱਠ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਪ੍ਰੋਫ਼ੈਸਰ ਚਹਿਰ ਮੰਨਦੇ ਹਨ ਕਿ ਰਾਕੇਸ਼ ਟਿਕੈਤ ਕਿਸਾਨਾਂ ਦੇ ਵੱਡੇ ਆਗੂ ਬਣ ਗਏ ਹਨ, ਸਿੰਘੂ ਅਤੇ ਟਿਕਰੀ 'ਤੇ ਅੰਦੋਲਨ ਦਮ ਤੋੜ ਰਿਹਾ ਹੈ। ''

ਰਾਜਸਥਾਨ ਦੇ ਅਲਵਰ ਵਿੱਚ ਵੀ ਰਾਕੇਸ਼ ਟਿਕੈਤ ਦੀ ਮਹਾਂਪੰਚਾਇਤ ਹੋ ਚੁੱਕੀ ਹੈ। ਉੱਥੇ ਕਾਂਗਰਸ ਆਗੂ ਸਚਿਨ ਪਾਇਲਟ ਨੇ ਦੌਸਾ ਵਿੱਚ ਇੱਕ ਮਹਾਂਪੰਚਾਇਤ ਕੀਤੀ ਸੀ। ਉਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਰਾਜਸਥਾਨ ਦੇ ਗੁੱਜਰ ਕਿਸਾਨ ਸ਼ਾਮਿਲ ਹੋਏ ਸਨ ਕਿਉਂਕਿ ਪਾਇਲਟ ਨੂੰ ਗੁੱਜਰ ਆਗੂ ਵਜੋਂ ਦੇਖਿਆ ਜਾਂਦਾ ਹੈ। ਰਾਜਸਥਾਨ ਵਿੱਚ ਕਿਸਾਨ ਜ਼ਿਆਦਾਤਰ ਜਾਟ ਜਾਤੀ ਦੇ ਹਨ। ਰਾਜਸਥਾਨ ਵਿੱਚ ਹੁਣ ਤੱਕ ਜਿੰਨੇ ਵੀ ਕਿਸਾਨ ਅੰਦੋਲਨ ਹੋਏ ਹਨ ਉਹ ਜਾਟਾਂ ਨੇ ਹੀ ਕੀਤੇ ਹਨ ਅਤੇ ਉਨ੍ਹਾਂ ਦੀ ਹੀ ਅਗਵਾਈ ਵਿੱਚ ਹੋਏ ਹਨ। ਇਸ ਲਈ ਇਸ ਵਾਰ ਦੇ ਕਿਸਾਨ ਅੰਦੋਲਨ ਦੀ ਅਗਵਾਈ ਵੀ ਜਾਟਾਂ ਦੇ ਹੱਥਾਂ ਵਿੱਚ ਹੀ ਹੈ। ਪਰ ਇਸ ਦਾ ਅਰਥ ਇਹ ਨਹੀਂ ਕਿ ਦੂਜੀਆਂ ਜਾਤਾਂ ਦੇ ਕਿਸਾਨ ਇਸ ਵਿੱਚ ਸ਼ਾਮਲ ਨਹੀਂ ਹਨ।"

ਜਿੱਥੋਂ ਤੱਕ ਰਾਜਸਥਾਨ ਵਿੱਚ ਜਾਟਾਂ ਦੇ ਦਬਦਬੇ ਦਾ ਸਵਾਲ ਹੈ, 100 ਵਿਧਾਨ ਸਭਾ ਸੀਟਾਂ 'ਤੇ ਉਨ੍ਹਾਂ ਦਾ ਇੱਕ ਪਾਸੇ ਝੁਕਾਅ ਜਿੱਤ ਹਾਰ ਤੈਅ ਕਰ ਸਕਦਾ ਹੈ। ਹਰ ਸਾਲ ਤਕਰੀਬਨ 30-40 ਸੀਟਾਂ 'ਤੇ ਜਾਟ ਆਗੂ ਚੁਣ ਕੇ ਜਾਂਦੇ ਹਨ, ਜੋ ਬੀਜੇਪੀ ਅਤੇ ਕਾਂਗਰਸ ਦੋਵਾਂ ਪਾਰਟੀਆਂ ਤੋਂ ਹੁੰਦੇ ਹਨ। ਇਨ੍ਹਾਂ ਦੋਵਾਂ ਪਾਰਟੀਆਂ ਦੀ ਰਾਜਸਥਾਨ ਵਿੱਚ ਚਲਦੀ ਵੀ ਹੈ।

ਇਹੀ ਵਜ੍ਹਾ ਹੈ ਕਿ ਰਾਜਸਥਾਨ ਅੰਦੋਲਨ ਵਿੱਚ ਕਿਸਾਨ ਅੰਦੋਲਨ ਦੇ ਆਗੂ ਹਨੁਮਾਨ ਬੇਨਿਵਾਲ ਬਣ ਗਏ ਹਨ, ਜੋ ਖ਼ੁਦ ਜਾਟ ਹਨ। ਦੂਜੇ ਨੇਤਾ ਅਮਰਾਮ ਰਾਮ ਹਨ ਜੋ ਸ਼ਾਹਜਹਾਂਪੁਰ ਬਾਰਡਰ 'ਤੇ ਹਨ। ਪਰ ਉਨ੍ਹਾਂ ਦਾ ਪ੍ਰਭਾਵ ਪੂਰੇ ਰਾਜਸਥਾਨ ਵਿੱਚ ਨਹੀਂ ਸਗੋਂ ਸੀਕਰ ਵਿੱਚ ਜ਼ਿਆਦਾ ਹੈ। ਉਹ ਖੱਬੇ ਪੱਖੀ ਪਾਰਟੀ ਦੇ ਹਮਾਇਤੀ ਹਨ।

ਪੇਮਾਰਾਮ ਕਹਿੰਦੇ ਹਨ ਕਿ ਰਾਕੇਸ਼ ਟਿਕੈਤ ਦੀ ਮਹਾਂਪੰਚਾਇਤ ਜੇ ਰਾਜਸਥਾਨ ਵਿੱਚ ਹੋਵੇਗੀ ਤਾਂ ਰਾਜਸਥਾਨ ਵਿੱਚ ਵੀ ਅੰਦੋਲਨ ਜ਼ੋਰ ਫ਼ੜ ਸਕਦਾ ਹੈ। ਉੱਥੋਂ ਦੇ ਜਾਟਾਂ ਵਿੱਚ ਵੀ ਟਿਕੈਤ ਨੂੰ ਲੈ ਕੇ ਉਤਸ਼ਾਹ ਤਾਂ ਹੈ। ਜ਼ਰੂਰਤ ਤਾਂ ਕਾਂਗਰਸ ਵਰਗੀ ਕਿਸੇ ਪਾਰਟੀ ਨੂੰ ਉਨ੍ਹਾਂ ਦੇ ਨਾਲ ਖੜ੍ਹੇ ਹੋਣ ਦੀ ਹੈ। ਇਹੀ ਕਾਰਣ ਹੈ ਕਿ ਟਿਕੈਤ ਦੇ ਮੰਚ ਉਪਰ ਸਿਆਸਤ ਦਾਨ ਆ ਰਹੇ ਹਨ।ਉਹ ਸਿਖਾਂ ਦੀ ਤਾਕਤ ਨੂੰ ਸਮਝਦੇ ਸਿਖ ਸਭਿਆਚਾਰ ਤੇ ਸਿਖ ਸੰਗਤ ਨੂੰ ਤਰਜੀਹ ਦੇ ਰਹੇ ਹਨ। ਟਿਕੈਤ ਦੇ ਉਭਾਰ ਦਾ ਵਡਾ

ਉੱਤਰ ਪ੍ਰਦੇਸ਼ ਵਿੱਚ ਟਿਕੈਤ ਦਾ ਸਮਰਥਨ

ਹਰਵੀਰ ਸਿੰਘ, ਰੂਰਲ ਵਾਇਸ ਡੌਟ ਇਨ ਦੇ ਸੰਪਾਦਕ ਹਨ। ਉਨ੍ਹਾਂ ਨੇ ਪੱਛਮੀ ਉੱਤਰ ਪ੍ਰਦੇਸ਼ ਨੂੰ ਕਈ ਸਾਲਾਂ ਤੱਕ ਕਵਰ ਕੀਤਾ ਹੈ। ਹਰਵੀਰ ਸਿੰਘ ਪੂਰੇ ਮੁੱਦੇ ਨੂੰ ਵੱਖਰੇ ਨਜ਼ਰੀਏ ਨਾਲ ਸਮਝਾਉਂਦੇ ਹਨ।

ਉਨ੍ਹਾਂ ਮੁਤਾਬਿਕ, "ਕਿਸਾਨ ਅੰਦੋਲਨ ਦੀ ਅਗਵਾਈ ਹਮੇਸ਼ਾ ਜਾਟਾਂ ਦੇ ਹੱਥਾਂ ਵਿੱਚ ਹੀ ਰਹੀ ਹੈ, ਭਾਵੇਂ ਹਰਿਆਣਾ ਹੋਵੇ ਜਾਂ ਪੰਜਾਬ, ਰਾਜਸਥਾਨ ਜਾਂ ਫ਼ਿਰ ਉੱਤਰ ਪ੍ਰਦੇਸ਼। ਹਰਿਆਣਾ ਵਿੱਚ ਗੁਰਨਾਮ ਸਿੰਘ ਚਢੂਨੀ ਹਨ, ਉਹ ਜਾਟ ਆਗੂ ਹਨ। ਉੱਤਰ ਪ੍ਰਦੇਸ਼ ਵਿੱਚ ਰਾਕੇਸ਼ ਟਿਕੈਤ ਵੀ ਜਾਟ ਹਨ। ਰਾਜਸਥਾਨ ਦੇ ਅਮਰਾਮ ਰਾਮ ਵੀ ਜਾਟ ਆਗੂ ਹਨ ਜੋ ਸ਼ਾਹਜਹਾਂਪੁਰ ਬਾਰਡਰ 'ਤੇ ਕਿਸਾਨ ਅੰਦੋਲਨ ਵਿੱਚ ਸ਼ੁਰੂ ਤੋਂ ਹੀ ਡਟੇ ਹੋਏ ਹਨ।"

ਪਰ ਕਿਸਾਨਾਂ ਦੀਆਂ ਜੋ ਮਹਾਂਪੰਚਾਇਤਾਂ ਹੋ ਰਹੀਆਂ ਹਨ ਉਨਾਂ ਵਿੱਚ ਸਿਰਫ਼ ਖਾਪ ਵਾਲੇ ਹੀ ਨਹੀਂ, ਹੋਰ ਲੋਕ ਵੀ ਸ਼ਾਮਿਲ ਹੋ ਰਹੇ ਹਨ। ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕੀ ਕਿਸਾਨ ਅੰਦੋਲਨ ਜਾਟ ਦਾ ਅੰਦੋਲਨ ਹੋ ਕੇ ਰਹਿ ਗਿਆ ਹੈ। "

ਕੋਈ ਵੀ ਕਿਸਾਨ ਅੰਦੋਲਨ ਸਿਰਫ਼ ਇੱਕ ਜਾਤੀ ਦੇ ਸਿਰ 'ਤੇ ਨਹੀਂ ਚਲ ਸਕਿਆ। ਮੁਜ਼ੱਫਰਨਗਰ ਵਿੱਚ ਮੁਸਲਮਾਨ ਵੀ ਵੱਡੀ ਗਿਣਤੀ ਵਿੱਚ ਆ ਰਹੇ ਹਨ।

ਹਰਿਆਣਾ ਦੀ ਖਾਪ ਪੰਚਾਇਤਾਂ ਵਿੱਚ ਗੁਰਨਾਮ ਸਿੰਘ ਚਢੂਨੀ ਦੇ ਨਾ ਜਾਣ ਨੂੰ ਹਰਵੀਰ ਸਿੰਘ ਦੂਸਰੀ ਰਾਜਨੀਤੀ ਦੱਸਦੇ ਹਨ। ਉਨ੍ਹਾਂ ਮੁਤਾਬਕ " ਗੁਰਨਾਮ ਸਿੰਘ ਚਢੂਨੀ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਹੁੰਦੇ ਸਨ। ਫਿਰ ਰਾਕੇਸ਼ ਟਿਕੈਤ ਦੇ ਨਾਲ ਉਨ੍ਹਾਂ ਦੀ ਨਾ ਬਣੀ ਅਤੇ ਉਨ੍ਹਾਂ ਨੇ ਦੂਸਰਾ ਧੜਾ ਬਣਾ ਲਿਆ। ਇਸ ਕਿਸਾਨ ਅੰਦੋਲਨ ਵਿੱਚ ਉਨ੍ਹਾਂ ਨੇ ਹਰਿਆਣਾ ਵਿੱਚ ਕਿਸਾਨਾਂ ਦੀ ਅਗਵਾਈ ਕੀਤੀ ਤੇ ਉਹ ਇੱਕ ਵੱਡੇ ਆਗੂ ਬਣਕੇ ਉੱਭਰੇ। ਪਰ ਕਿਸ ਮਹਾਂਪੰਚਾਇਤ ਵਿੱਚ ਕਿਹੜਾ ਨੇਤਾ ਜਾਵੇਗਾ ਇਹ ਉੱਥੋਂ ਦੀ ਖਾਪ ਤੈਅ ਕਰਦੀ ਹੈ ਨਾ ਕਿ ਕਿਸਾਨ ਆਗੂ। ਰਾਕੇਸ਼ ਟਿਕੈਤ ਨੂੰ ਸੱਦਾ ਆਵੇਗਾ ਤਾਂ ਉਹ ਜਾਣਗੇ। ਚਢੂਨੀ ਨੂੰ ਸੱਦਾ ਨਹੀਂ ਆਏਗਾ ਤਾਂ ਉਹ ਉੱਥੇ ਨਹੀਂ ਜਾਣਗੇ। ਮੇਵਾਤ ਵਿੱਚ ਮਹਾਂਪੰਚਾਇਤ ਹੋਈ, ਉੱਥੇ ਰਾਕੇਸ਼ ਟਿਕੈਤ ਨਹੀਂ ਗਏ, ਉਥੇ ਯੁੱਧਵੀਰ ਸਿੰਘ ਗਏ। ਇੱਕ ਮਹਾਂਪੰਚਾਇਤ ਵਿੱਚ ਰਾਜੇਵਾਲ ਅਤੇ ਦਰਸ਼ਨ ਪਾਲ ਗਏ।" 

ਪਰ ਜਦੋਂ ਟਿਕੈਤ ਹੋਰਨਾਂ ਸੂਬਿਆਂ ਵਿੱਚ ਮਹਾਂਪੰਚਾਇਤਾਂ 'ਚ ਸ਼ਾਮਲ ਹੋਣ ਲੱਗਣਗੇ ਤਾਂ ਗ਼ਾਜ਼ੀਪੁਰ 'ਤੇ ਕਿਸਾਨਾਂ ਦੀ ਭੀੜ ਆਪਣੇ ਆਪ ਘੱਟ ਜਾਵੇਗੀ। ਪ੍ਰਸਿੱਧ ਵਿਦਵਾਨ ਗੁਰਬਚਨ ਸਿੰਘ ਕਹਿੰਦੇ ਹਨ, "ਹੁਣ ਰਾਕੇਸ਼ ਟਿਕੈਤ ਦੇ ਲਈ ਵੀ ਬਿਨਾਂ ਮੰਗਾਂ ਮਨਵਾਇਆਂ, ਧਰਨਾ ਖ਼ਤਮ ਕਰਨਾ ਸੌਖਾ ਨਹੀਂ ਹੋਵੇਗਾ।''

ਜਾਟਾਂ ਦਾ ਵੋਟ ਬੈਂਕ ਉਪਰ ਪ੍ਰਭਾਵ

ਰਾਜਸਥਾਨ ਵਿੱਚ 2014 ਦੀਆਂ ਚੋਣਾਂ ਵਿੱਚ ਜਾਟਾਂ ਦੀਆਂ ਵੋਟਾਂ ਬੀਜੇਪੀ ਨੂੰ ਮਿਲੀਆਂ ਸਨ। 2018 ਦੀਆਂ ਵਿਧਾਨਸਭਾ ਚੋਣਾਂ ਵਿੱਚ ਉਨ੍ਹਾਂ ਦਾ ਵੱਡਾ ਹਿੱਸਾ 38-40 ਫ਼ੀਸਦ ਦੇ ਕਰੀਬ ਕਾਂਗਰਸ ਦੇ ਪੱਖ ਵਿੱਚ ਚਲਾ ਗਿਆ ਸੀ। ਪਰ ਫ਼ਿਰ 2019 ਵਿੱਚ ਉਹ ਬੀਜੇਪੀ ਦੇ ਖੇਮੇ ਵਿੱਚ ਆ ਗਏ। 2019 ਦੀਆਂ ਲੋਕਸਭਾ ਚੋਣਾਂ ਵਿੱਚ 55-60 ਫ਼ੀਸਦ ਜਾਟਾਂ ਨੇ ਬੀਜੇਪੀ ਦੇ ਹੱਕ ਵਿੱਚ ਵੋਟਾਂ ਪਾਈਆਂ। ਦੂਸਰੀ ਗੱਲ ਰਾਜਸਥਾਨ ਦੀ ਰਾਜਨੀਤੀ ਵਿੱਚ ਜਾਟਾਂ ਦਾ ਉਨ੍ਹਾਂ ਪ੍ਰਭਾਵ ਨਹੀਂ ਹੈ ਜਿੰਨਾਂ ਹਰਿਆਣਾ ਜਾਂ ਪੱਛਮੀ ਉੱਤਰ ਪ੍ਰਦੇਸ਼ ਦੀ ਰਾਜਨੀਤੀ ਵਿੱਚ ਹੈ। ਇਸ ਲਈ ਬੀਜੇਪੀ ਨੂੰ ਨੁਕਸਾਨ ਹੋਣ ਦੀ ਚਿੰਤਾ ਕੁਝ ਘੱਟ ਹੈ।ਰਹੀ ਗੱਲ ਉੱਤਰ ਪ੍ਰਦੇਸ਼ ਦੀ, ਤਾਂ ਪੱਛਮੀ ਉੱਤਰ ਪ੍ਰਦੇਸ਼ ਵਿੱਚ 44 ਸੀਟਾਂ 'ਤੇ ਜਾਟ ਬਹੁਗਿਣਤੀ ਹਨ। ਪਹਿਲਾਂ ਉਹ ਰਾਸ਼ਟਰੀ ਲੋਕ ਦਲ ਦੇ ਨਾਲ ਹੁੰਦੇ ਸਨ। ਪਰ 2014 ਅਤੇ ਉਸ ਤੋਂ ਬਾਅਦ ਦੀਆਂ ਚੋਣਾਂ ਤੋਂ ਬਾਅਦ ਬੀਜੇਪੀ ਦੇ ਨਾਲ ਨਜ਼ਰ ਆਉਣ ਲੱਗੇ ਹਨ। ਉਥੇ ਨੁਕਸਾਨ ਹੋਣ ਦੀ ਸੰਭਾਵਨਾ ਹੈ, ਪਰ ਉੱਤਰ ਪ੍ਰਦੇਸ਼ ਵਿੱਚ 403 ਵਿਧਾਨ ਸਭਾ ਸੀਟਾਂ ਹਨ।

ਕਿਸਾਨ ਆਗੂਆਂ ਨੇ ਮੋਦੀ ਸਰਕਾਰ ’ਤੇ  ਲਾਇਆ ਦੋਸ਼

ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਇੰਦਰੀ ਵਿੱਚ ਹੋਈ ਕਿਸਾਨ ਮਹਾਪੰਚਾਇਤ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕੇਂਦਰ ਦੀ ਨਰਿੰਦਰ ਮੋਦੀ ਹਕੂਮਤ ’ਤੇ ਵਰ੍ਹਦਿਆਂ ਕਿਹਾ ਕਿ ਸਰਕਾਰ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨ ਪਾਲ, ਗੁਰਨਾਮ ਸਿੰਘ ਚੜੂਨੀ ਸਣੇ ਹੋਰਨਾਂ ਆਗੂਆਂ ਦੇ ਹਵਾਲੇ ਨਾਲ ਕਿਹਾ ਕਿ ਕਿਸਾਨ ਅੰਦੋਲਨ ਦੇ ‘ਮੰਚ ਅਤੇ ਪੰਚ’ ਉਹੀ ਰਹਿਣਗੇ ਤੇ ਇਨ੍ਹਾਂ ਵੱਲੋਂ ਲਏ ਗਏ ਫ਼ੈਸਲਿਆਂ ਨੂੰ ਹੀ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਦੀ ਮੰਗ ਹੈ ਕਿ ਤਿੰਨੋਂ ਕਾਨੂੰਨ ਰੱਦ ਕੀਤੇ ਜਾਣ ਅਤੇ ਐੱਮਐੱਸਪੀ ’ਤੇ ਫ਼ਸਲਾਂ ਦੀ ਖਰੀਦ ਦੀ ਗਾਰੰਟੀ ਵਾਲਾ ਕਾਨੂੰਨ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਬੀਕੇਯੂ (ਟਿਕੈਤ) ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਦੇ ਹੱਕਾਂ ਲਈ ਸ਼ੁਰੂ ਕੀਤਾ ਗਿਆ ਸੰਘਰਸ਼ ਅੱਜ ਜਨ ਅੰਦੋਲਨ ਬਣ ਚੁੱਕਿਆ ਹੈ। ਇਸ ਅੰਦੋਲਨ ਨੂੰ ਦੇਸ਼ ਭਰ ਵਿੱਚ ਲਿਜਾਇਆ ਜਾਵੇਗਾ। ਇਸ ਦੌਰਾਨ ਗੁਜਰਾਤ ਅਤੇ ਦੇਸ਼ ਦੇ ਹੋਰਨਾਂ ਸੂਬਿਆਂ ਦੇ ਕਿਸਾਨਾਂ ਤੇ ਆਮ ਲੋਕਾਂ ਨੂੰ ਇਨ੍ਹਾਂ ਕਾਨੂੰਨਾਂ ਵਿਚਲੀਆਂ ਖਾਮੀਆਂ ਬਾਰੇ ਜਾਗਰੂਕ ਕੀਤਾ ਜਾਵੇਗਾ। ਕਰਨਾਲ ਦੇ ਇੰਦਰੀ ਵਿੱਚ ਹੋਈ ਕਿਸਾਨ ਮਹਾਪੰਚਾਇਤ ਵਿੱਚ ਪੰਜਾਬ ਤੋਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨ ਪਾਲ, ਗੁਰਨਾਮ ਸਿੰਘ ਚੜੂਨੀ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਹੋਰ ਆਗੂ ਵੀ ਹਾਜ਼ਰ ਸਨ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਦੇਸ਼ ਦਾ ਕਿਸਾਨ ਕੇਂਦਰ ਦੀ ਗਲਤ ਨੀਤੀਆਂ ਖ਼ਿਲਾਫ਼ ਸੰਘਰਸ਼ ਕਰ ਰਿਹਾ ਹੈ, ਪਰ ਕੇਂਦਰ ਸਰਕਾਰ ਆਪਣਾ ਅੜੀਅਲ ਵਤੀਰਾ ਛੱਡਣ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਨੂੰ ‘ਪਰਜੀਵੀ’ ਕਹਿਣ ਸਬੰਧੀ ਕਿਸਾਨਾਂ ਵਿੱਚ ਭਾਰੀ ਰੋਸ ਹੈ, ਜਿਸ ਕਰਕੇ ਅੱਜ ਪੰਜਾਬ, ਹਰਿਆਣਾ ਸਣੇ ਹੋਰਨਾਂ ਸੂਬਿਆਂ ਦੇ ਹਰੇਕ ਘਰ ਤੋਂ ਲੋਕ ਕਿਸਾਨ ਅੰਦੋਲਨ ਵਿੱਚ ਹਿੱਸਾ ਲੈ ਰਹੇ ਹਨ। ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਦੀ ਮੰਗ ਹੈ ਕਿ ਤਿੰਨੋਂ ਖੇਤੀ ਕਾਨੂੰਨ ਰੱਦ ਕਰਕੇ ਐੱਮਐੱਸਪੀ ’ਤੇ ਫ਼ਸਲਾਂ ਦੀ ਖਰੀਦ ਦੀ ਗਾਰੰਟੀ ਵਾਲਾ ਕਾਨੂੰਨ ਲਿਆਂਦਾ ਜਾਵੇ ਅਤੇ ਜਦੋਂ ਤੱਕ ਸਰਕਾਰ ਕਿਸਾਨਾਂ ਦੀ ਮੰਗ ਨਹੀਂ ਮੰਨਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਡਾ. ਦਰਸ਼ਨ ਪਾਲ ਨੇ ਕਿਹਾ ਕਿ  ਕਿਸਾਨ ਮਹਾਪੰਚਾਇਤਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋ ਰਹੇ ਹਨ ਅਤੇ ਹੁਣ ਦੇਸ਼ ਭਰ ਵਿੱਚ ਕਿਸਾਨ ਮਹਾਪੰਚਾਇਤਾਂ ਕੀਤੀਆਂ ਜਾਣਗੀਆਂ। ਗੁਰਨਾਮ ਸਿੰਘ ਚੜੂਨੀ ਨੇ ਦੱਸਿਆ ਕਿ ਕੇਂਦਰੀ ਖੇਤੀ ਕਾਨੂੰਨ ਕਿਸਾਨੀ ਨੂੰ ਤਬਾਹ ਕਰ ਦੇਣਗੇ ਅਤੇ ਦੇਸ਼ ਵਿੱਚ ਮਹਿੰਗਾਈ ਨੂੰ ਵਧਾਉਣਗੇ ਤੇ ਇਸ ਦਾ ਅਸਰ ਹਰ ਤਬਕੇ ਦੇ ਲੋਕਾਂ ’ਤੇ ਪਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸਾਨ ਅੰਦੋਲਨ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ ਜਾਵੇ ਤਾਂ ਜੋ ਕੇਂਦਰ ਸਰਕਾਰ ਦੀਆਂ ਅੱਖਾਂ ਖੁੱਲ੍ਹ ਜਾਣ।