ਹੈਰੋਈਨ ਸਮੇਤ ਫੜ੍ਹੀ ਗਈ ਥਾਣੇਦਾਰਨੀ ਆਪਣੇ ਥਾਣੇਦਾਰ ਸਮੇਤ ਨੌਕਰੀ ਤੋਂ ਬਰਖਾਸਤ

ਹੈਰੋਈਨ ਸਮੇਤ ਫੜ੍ਹੀ ਗਈ ਥਾਣੇਦਾਰਨੀ ਆਪਣੇ ਥਾਣੇਦਾਰ ਸਮੇਤ ਨੌਕਰੀ ਤੋਂ ਬਰਖਾਸਤ
ਰੇਣੂ ਬਾਲਾ ਅਤੇ ਉਸ ਦੇ ਪਤੀ ਸੁਰਿੰਦਰ ਸਿੰਘ

ਪਟਿਆਲਾ: ਬੀਤੇ ਦਿਨੀਂ ਤਰਨਤਾਰਨ ਪੁਲਿਸ ਵੱਲੋਂ ਹੈਰੋਈਨ ਨਾਲ ਫੜ੍ਹੀ ਗਈ ਪਟਿਆਲਾ ਨਾਲ ਸਬੰਧਿਤ ਥਾਣੇਦਾਰਨੀ ਰੇਣੂ ਬਾਲਾ ਅਤੇ ਉਸ ਦੇ ਪਤੀ ਥਾਣੇਦਾਰ ਸੁਰਿੰਦਰ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਬੀਤੇ ਕੱਲ੍ਹ ਪਟਿਆਲਾ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਵੱਲੋਂ ਇਹ ਕਾਰਵਾਈ ਕੀਤੀ ਗਈ। 

ਦੱਸ ਦਈਏ ਕਿ ਪਟਿਆਲਾ ਦੇ ਥਾਣਾ ਅਰਬਨ ਅਸਟੇਟ ਵਿੱਚ ਤੈਨਾਤ ਏਐਸਆਈ ਰੇਣੂ ਬਾਲਾ ਅਤੇ ਉਸ ਦੇ ਇੱਕ ਜਾਣਕਾਰ ਨਿਸ਼ਾਨ ਸਿੰਘ ਵਾਸੀ ਪੱਟੀ ਨੂੰ ਤਰਨਤਾਰਨ ਜ਼ਿਲ੍ਹੇ ਪੁਲਿਸ ਨੇ ਪੰਜ ਦਿਨ ਪਹਿਲਾਂ ਪੱਟੀ ਵਿੱਚੋਂ ਪੱਚੀ ਲੱਖ ਰੁਪਏ ਦੀ ਪੰਜਾਬ ਗ੍ਰਾਮ ਹੈਰੋਈਨ ਸਮੇਤ ਕਾਬੂ ਕੀਤਾ ਸੀ। ਉਸ ਨਾਲ ਉਸ ਦੇ ਇੱਕ ਸਾਥੀ ਨਿਸ਼ਾਨ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਸੀ। 

ਰੇਣੂ ਬਾਲਾ ਤੋਂ ਕੀਤੀ ਪੁੱਛਗਿਛ ਦੇ ਅਧਾਰ 'ਤੇ ਦੋ ਦਿਨ ਪਹਿਲਾਂ ਪੁਲਿਸ ਨੇ ਉਸ ਦੇ ਪਤੀ ਥਾਣੇਦਾਰ ਸੁਰਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ। ਇਹ ਥਾਣੇਦਾਰ ਥਾਣਾ ਸਦਰ ਪਟਿਆਲਾ ਵਿੱਚ ਤੈਨਾਤ ਸੀ। ਇਹਨਾਂ ਦੋਵਾਂ ਦਾ ਪੁਲਿਸ ਰਿਮਾਂਡ ਲੈ ਕੇ ਪੁਲਿਸ ਪੁੱਛਗਿੱਛ ਕਰ ਰਹੀ ਹੈ। 

ਇਸ ਮਾਮਲੇ ਸਬੰਧੀ ਜਾਣਕਾਰਾਂ ਦਾ ਮੰਨਣਾ ਹੈ ਕਿ ਇਸ ਥਾਣੇਦਾਰਾਂ ਦੀ ਜੋੜੀ ਨੂੰ ਰਿੜਕਿਆਂ ਪੰਜਾਬ ਵਿੱਚ ਚਲਦੇ ਨਸ਼ੇ ਦੇ ਵਪਾਰ 'ਚ ਪੁਲਿਸ, ਸਿਆਸੀ, ਸਮਗਲਰ ਗਠਜੋੜ ਦੀਆਂ ਕਈ ਅਹਿਮ ਉਲਝਣਾ ਨੂੰ ਸੁਲਝਿਆ ਜਾ ਸਕਦਾ ਹੈ। ਪਰ ਮਸਲਾ ਇਹ ਹੈ ਕਿ ਜਾਂਚ ਕਰ ਰਹੀ ਟੀਮ ਅਤੇ ਪੰਜਾਬ ਸਰਕਾਰ ਉਲਝੀਆਂ ਤੰਦਾਂ ਸੁਲਝਾਉਣ ਲਈ ਕਿੰਨੀ ਕੁ ਗੰਭੀਰ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।