ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀਆਂ ਵੱਲੋਂ ਮੰਗੇ ਜਾਂਚ ਟੀਮ ਦੇ ਫੋਨ ਰਿਕਾਰਡ ਦੇਣ ਤੋਂ ਸਰਕਾਰ ਨੇ ਨਾਹ ਕੀਤੀ

ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀਆਂ ਵੱਲੋਂ ਮੰਗੇ ਜਾਂਚ ਟੀਮ ਦੇ ਫੋਨ ਰਿਕਾਰਡ ਦੇਣ ਤੋਂ ਸਰਕਾਰ ਨੇ ਨਾਹ ਕੀਤੀ

ਫ਼ਰੀਦਕੋਟ: ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਖਿਲਾਫ ਕੋਟਕਪੂਰਾ ਵਿਖੇ ਸ਼ਾਂਤਮਈ ਰੋਸ ਕਰ ਰਹੀ ਸਿੱਖ ਸੰਗਤ 'ਤੇ ਪੰਜਾਬ ਪੁਲਿਸ ਵੱਲੋਂ ਚਲਾਈ ਗੋਲੀ ਦੇ ਮਾਮਲੇ 'ਚ ਬੀਤੇ ਕੱਲ੍ਹ ਜੱਜ ਹਰਪਾਲ ਸਿੰਘ ਦੀ ਅਦਾਲਤ ਵਿੱਚ ਕੋਟਕਪੂਰਾ ਵਿਖੇ ਸੁਣਵਾਈ ਹੋਈ।

ਇਸ ਮਾਮਲੇ ਵਿੱਚ ਦੋਸ਼ੀ ਵਜੋਂ ਨਾਮਜ਼ਦ ਉੱਚ ਪੁਲਿਸ ਅਫਸਰਾਂ ਨੇ ਅਦਾਲਤ ਵਿੱਚ ਅਰਜ਼ੀ ਦੇ ਕੇ ਜਾਂਚ ਟੀਮ ਦੇ ਸਾਰੇ ਮੈਂਬਰਾਂ ਦੇ ਮੋਬਾਈਲ ਫ਼ੋਨਾਂ ਦੇ ਰਿਕਾਰਡ ਨੂੰ ਸੁਰੱਖਿਅਤ ਕਰਨ ਅਤੇ ਇਸ ਦੀ ਇੱਕ ਨਕਲ ਅਦਾਲਤ ਵਿੱਚ ਪੇਸ਼ ਕਰਨ ਦੀ ਮੰਗ ਕੀਤੀ ਸੀ ਪਰ ਪੰਜਾਬ ਸਰਕਾਰ ਨੇ ਅੱਜ ਪੁਲੀਸ ਅਫਸਰਾਂ ਦੀ ਇਸ ਮੰਗ ਦਾ ਜ਼ੋਰਦਾਰ ਵਿਰੋਧ ਕਰਦਿਆਂ ਕਿਹਾ ਕਿ ਜਾਂਚ ਟੀਮ ਦੇ ਮੈਂਬਰਾਂ ਦੀਆਂ ਫ਼ੋਨ ਕਾਲਾਂ ਦੇ ਵੇਰਵੇ ਜਨਤਕ ਨਹੀਂ ਕੀਤੇ ਜਾ ਸਕਦੇ, ਕਿਉਂਕਿ ਇਸ ਨਾਲ ਜਾਂਚ ਟੀਮ ਦੇ ਖਾਸ ਮੁਖ਼ਬਰਾਂ ਅਤੇ ਉਨ੍ਹਾਂ ਗੁਪਤ ਸਰੋਤਾਂ ਦੀ ਸ਼ਨਾਖਤ ਹੋਵੇਗੀ, ਜੋ ਕਾਨੂੰਨੀ ਨਸ਼ਰ ਨਹੀਂ ਕੀਤੇ ਜਾ ਸਕਦੇ। 

ਜ਼ਿਲ੍ਹਾ ਅਟਾਰਨੀ ਰਜਨੀਸ਼ ਗੋਇਲ ਨੇ ਪੰਜਾਬ ਸਰਕਾਰ ਤੇ ਜਾਂਚ ਟੀਮ ਦੇ ਹੱਕ ਵਿੱਚ ਬਹਿਸ ’ਤੇ ਬੋਲਦਿਆਂ ਕਿਹਾ ਕਿ ਮੁਲਜ਼ਮਾਂ ਨੂੰ ਜਾਂਚ ਟੀਮ ਦੀਆਂ ਕਾਲਾਂ ਦਾ ਰਿਕਾਰਡ ਮੰਗਣ ਦਾ ਕੋਈ ਕਾਨੂੰਨੀ ਹੱਕ ਨਹੀਂ ਹੈ। ਪੁਲੀਸ ਅਫਸਰਾਂ ਦੇ ਵਕੀਲਾਂ ਨੇ ਦਾਅਵਾ ਕੀਤਾ ਕਿ ਪੂਰੇ ਮਾਮਲੇ ਦੀ ਸੱਚਾਈ ਲਿਆਉਣ ਲਈ ਜਾਂਚ ਟੀਮ ਦੇ ਮੈਂਬਰਾਂ ਦੀਆਂ ਮੋਬਾਈਲ ਕਾਲਾਂ ਦਾ ਰਿਕਾਰਡ ਸੁਰੱਖਿਅਤ ਰੱਖਿਆ ਜਾਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਟੀਮ ਨਿਰਪੱਖ ਪੜਤਾਲ ਦਾ ਦਾਅਵਾ ਕਰਦੀ ਹੈ ਤਾਂ ਉਹ ਮੋਬਾਈਲ ਕਾਲਾਂ ਦਾ ਰਿਕਾਰਡ ਅਦਾਲਤ ’ਚ ਪੇਸ਼ ਕਰਨ ਤੋਂ ਪਿੱਛੇ ਕਿਉਂ ਹਟ ਰਹੀ ਹੈ। 

ਮੁਲਜ਼ਮਾਂ ਨੇ ਦਾਅਵਾ ਕੀਤਾ ਕਿ ਸਮੁੱਚੀ ਪੜਤਾਲ ਸਿਆਸਤ ਤੋਂ ਪ੍ਰੇਰਿਤ ਹੈ ਅਤੇ ਜਾਂਚ ਟੀਮ ਨੇ ਪੂਰੇ ਮਾਮਲੇ ਦੀ ਸਚਾਈ ਸਾਹਮਣੇ ਲਿਆਉਣ ਦੀ ਥਾਂ ਕੁਝ ਪੁਲੀਸ ਅਫਸਰਾਂ ਨੂੰ ਰੰਜਿਸ਼ ਤਹਿਤ ਫਸਾਇਆ ਹੈ। ਉਨ੍ਹਾਂ ਕਿਹਾ ਕਿ ਆਈਜੀ ਕੁੰਵਰਵਿਜੇ ਪ੍ਰਤਾਪ ਸਿੰਘ ਨੇ ਨਿਰਪੱਖ ਜਾਂਚ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਹਨ ਅਤੇ ਨਿਯਮਾਂ ਅਨੁਸਾਰ ਜਾਂਚ ਦੌਰਾਨ ਪਾਈਆਂ ਜਾਂਦੀਆਂ ਜ਼ਾਮਨੀਆਂ ਇਲਾਕਾ ਮੈਜਿਸਟਰੇਟ ਕੋਲ ਜਮ੍ਹਾਂ ਨਹੀਂ ਕਰਵਾਈਆਂ।

ਅਦਾਲਤ ਨੇ ਇਸ ਮਾਮਲੇ ’ਤੇ ਲੰਬੀ ਬਹਿਸ ਤੋਂ ਬਾਅਦ ਸੁਣਵਾਈ 15 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਉਸ ਦਿਨ ਅਦਾਲਤ ਵਿਸ਼ੇਸ਼ ਜਾਂਚ ਟੀਮ ਦਾ ਮੋਬਾਈਲ ਫ਼ੋਨ ਦਾ ਰਿਕਾਰਡ ਮਾਮਲੇ ਵਿੱਚ ਮੰਗਵਾਉਣ ਜਾਂ ਨਾ ਮੰਗਵਾਉਣ ਦੇ ਮੁੱਦੇ ’ਤੇ ਫੈਸਲਾ ਸੁਣਵਾ ਸਕਦੀ ਹੈ। ਅੱਜ ਅਦਾਲਤ ਵਿੱਚ ਸੁਣਵਾਈ ਦੌਰਾਨ ਮੁਅੱਤਲ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ, ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ, ਐੱਸਪੀ ਬਲਜੀਤ ਸਿੰਘ ਸਿੱਧੂ ਅਤੇ ਇੰਸਪੈਕਟਰ ਗੁਰਦੀਪ ਸਿੰਘ ਪੰਧੇਰ ਹਾਜ਼ਰ ਸਨ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।