ਆਖਰੀ ਸਾਹਾਂ ’ਤੇ ਪੁੱਜਾ ਜੰਡਿਆਲਾ ਗੁਰੂ ਵਿਚ ਠਠਿਆਰਾਂ ਦਾ ਧੰਦਾ                 

ਆਖਰੀ ਸਾਹਾਂ ’ਤੇ ਪੁੱਜਾ ਜੰਡਿਆਲਾ ਗੁਰੂ ਵਿਚ ਠਠਿਆਰਾਂ ਦਾ ਧੰਦਾ                 

 ਕਦੇ 200 ਪਰਿਵਾਰ ਜੁੜੇ ਹੋਏ ਸਨ ਇਸ ਕਿੱਤੇ ਨਾਲ, ਹੁਣ ਰਹਿ ਗਏ 12

ਅੰਮ੍ਰਿਤਸਰ ਟਾਈਮਜ਼

 ਜੰਡਿਆਲਾ ਗੁਰੂ : ਕਿਸੇ ਸਮੇਂ ਪਿੱਤਲ ਅਤੇ ਤਾਂਬੇ ਦੇ ਭਾਂਡਿਆਂ ਦੇ ਨਿਰਮਾਣ ਲਈ ਮਸ਼ਹੂਰ ਜੰਡਿਆਲਾ ਗੁਰੂ ’ਵਿਚ ਇਹ ਕੰਮ ਕਰਨ ਵਾਲੇ ਗਿਣਤੀ ਦੇ ਹੀ ਕਾਰੀਗਰ ਰਹਿ ਗਏ ਹਨ ਅਤੇ ਇਹ ਪੁਰਾਤਨ ਕਲਾ ਆਖ਼ਰੀ ਸਾਹਾਂ ’ਤੇ ਹੈ। ਮੌਜੂਦਾ ਸਮੇਂ ਇਸ ਕੰੰਮ ਨੂੰ ਕਰਨ ਵਾਲਿਆਂ ਦੀ ਉਮਰ 55 ਤੋਂ ਉਪਰ ਹੈ। ਕਈ ਠਠਿਆਰਾਂ ਦਾ ਤਾਂ 50 ਸਾਲ ਤੋਂ ਵੱਧ ਦਾ ਭਾਂਡੇ ਤਿਆਰ ਕਰਨ ਦਾ ਤਜਰਬਾ ਹੈ। ਇਨ੍ਹਾਂ ਸਾਰਿਆਂ ਦੀ ਹੀ ਅਗਲੀ ਪੀਡ਼੍ਹੀ ਨੇ ਇਸ ਕਿੱਤੇ ਨੂੰ ਨਹੀਂ ਅਪਣਾਇਆ। 200 ਦੇ ਕਰੀਬ ਪਰਿਵਾਰਾਂ ਵਿਚੋਂ 12 ਕੁ ਪਰਿਵਾਰਾਂ ਦੇ ਬਜ਼ੁਰਗ ਹੀ ਇਸ ਕੰਮ ਨੂੰ ਕਰ ਰਹੇ ਹਨ, ਬਾਕੀਆਂ ਨੇ ਹੋਰ ਕਿੱਤੇ ਅਪਣਾ ਲਏ ਹਨ।

ਜੰਡਿਆਲਾ ਗੁਰੂ ਵਿਚ ਠਠਿਆਰਾਂ ਦਾ ਮੁਹੱਲਾ ਤੇ ਠਠਿਆਰਾਂ ਵਾਲਾ ਬਾਜ਼ਾਰ ਪੰਜਾਬ ਦੇ ਨਾਲ-ਨਾਲ ਬਾਹਰਲੇ ਸੂਬਿਆਂ ਵਿਚ ਪਿੱਤਲ ਤੇ ਤਾਂਬੇ ਦੇ ਬਰਤਨ ਬਣਾਉਣ ਲਈ ਮਸ਼ਹੂਰ ਸੀ। ਦੂਰੋਂ ਦੂਰੋਂ ਲੋਕ ਇੱਥੇ ਬਰਤਨ ਖ਼ਰੀਦਣ ਅਤੇ ਬਣਵਾਉਣ ਲਈ ਆਉਂਦੇ ਰਹੇ ਹਨ, ਜਿਨ੍ਹਾਂ ਦੀ ਤਾਦਾਦ ਘਟਣ ਕਾਰਨ ਇਸ ਕੰਮ ਨੂੰ ਠਠਿਆਰ ਛੱਡਦੇ ਚਲੇ ਗਏ, ਜੋ ਅੱਜ ਬੰਦ ਹੋਣ ਦੇ ਕੰਢੇ ਪੁੱਜ ਚੁੱਕਾ ਹੈ।

ਨਵੀਂ ਪੀੜ੍ਹੀ ਨੇ ਭਾਂਡੇ ਬਣਾਉਣ ਦੇ ਕੰਮ ਤੋਂ ਮੂੰਹ ਮੋਡ਼ਿਆ

ਠਠਿਆਰ ਮੰਗਾ ਸਿੰਘ ਨੇ ਕਿਹਾ ਕਿ ਅਜੇ ਤਾਂ ਹੱਥ ਕੰਮ ਕਰ ਰਹੇ ਹਨ, ਚਿੰਤਾ ਇਸ ਗੱਲ ਦੀ ਹੈ ਜਿਸ ਦਿਨ ਭਾਂਡੇ ਬਣਾਉਣ ਲਈ ਸਰੀਰ ਵਿਚ ਜ਼ੋਰ ਨਾ ਰਿਹਾ ਤਾਂ ਗੁਜ਼ਾਰਾ ਕਿਵੇਂ ਕਰਾਂਗੇ। ਇਹ ਕੰਮ ਇਕ ਪੁਰਾਤਨ ਕਲਾ ਹੈ, ਜੋ ਇਸ ਪੀੜ੍ਹੀ ਦੇ ਨਾਲ ਅਲੋਪ ਹੋ ਜਾਵੇਗੀ। ਵੰਡ ਸਮੇਂ ਲਾਹੌਰ ਤੋਂ ਅੰਮ੍ਰਿਤਸਰ ਆਏ ਕਈ ਠਠਿਆਰ ਪਰਿਵਾਰਾਂ ਵਿਚ ਉਨ੍ਹਾਂ ਦਾ ਵੀ ਪਰਿਵਾਰ ਸੀ ਜੋ ਪੀੜ੍ਹੀ ਦਰ ਪੀੜ੍ਹੀ ਹੱਥੀ ਪਿੱਤਲ ਤੇ ਤਾਂਬੇ ਦੇ ਭਾਂਡੇ ਬਣਾਉਂਦਾ ਆ ਰਿਹਾ ਹੈ। ਉਨ੍ਹਾਂ ਦੇ ਦਾਦਾ ਸੁੱਖ ਦਿਆਲ ਸਿੰਘ ਤੋਂ ਬਾਅਦ ਪਿਤਾ ਦਰਸ਼ਨ ਸਿੰਘ ਅਤੇ ਉਨ੍ਹਾਂ ਦੇ ਦੇਹਾਂਤ ਮਗਰੋਂ 15 ਸਾਲ ਦੀ ਉਮਰ ’ਚ ਉਨ੍ਹਾਂ ਖ਼ੁਦ ਇਹ ਕੰਮ ਕਰਨਾ ਸ਼ੁਰੂ ਕੀਤਾ ਅਤੇ ਹੁਣ ਤਕ ਕਰ ਰਹੇ ਹਨ। ਸਖ਼ਤ ਮਿਹਨਤ ਮਗਰੋਂ ਮਸਾਂ ਗੁਜ਼ਾਰਾ ਹੋ ਰਿਹਾ ਹੈ। ਬੱਚਿਆਂ ਨੇ ਇਸ ਕੰਮ ਤੋਂ ਪਾਸਾ ਵੱਟ ਲਿਆ ਹੈ, ਸਰਕਾਰਾਂ ਨੇ ਹਮੇਸ਼ਾ ਲਾਰੇ ਲਾਏ ਪਰ ਕੋਈ ਸਾਰ ਨਹੀਂ ਲਈ।

ਜੰਡਿਆਲਾ ਗੁਰੂ ਵਿਚ ਠਠਿਆਰਾਂ ਵੱਲੋਂ ਪਿੱਤਲ ਤੇ ਤਾਂਬੇ ਦੇ ਭਾਂਡਿਆਂ ’ਚ ਪਰਾਤ, ਕਡ਼ਾਹੀ, ਪਤੀਲੇ, ਦੇਗ, ਗਾਗਰ, ਗਿਲਾਸ, ਕਡ਼ਛੀ, ਜੱਗ, ਡੋਲ, ਥਾਲ, ਜੱਗ, ਸੁਰਾਹੀ ਆਦਿ ਤਿਆਰ ਕਰ ਕੇ ਦੇਸ਼ ਭਰ ’ਚ ਭੇਜੇ ਜਾਂਦੇ ਸਨ। ਥਾਂ-ਥਾਂ ਲੱਗਣ ਵਾਲੇ ਮੇਲਿਆਂ ’ਚ ਵੀ ਮਾਲ ਵੱਧ ਵਿਕਣ ਦੀ ਆਸ ਹੁੰਦੀ ਸੀ। ਹੁਣ ਇਹ ਕੰਮ ਜ਼ਿਆਦਾਤਰ ਠਠਿਆਰ ਲੇਬਰ ’ਤੇ ਹੀ ਕਰ ਰਹੇ ਹਨ। ਪੁਰਾਤਨ ਸਮੇਂ ਵਿਚ ਘਰਾਂ ਅਤੇ ਢਾਬਿਆਂ ’ਚ ਪਿੱਤਲ ਤੇ ਤਾਂਬੇ ਦੇ ਭਾਂਡਿਆਂ ਦੀ ਵਰਤੋਂ ਹੁੰਦੀ ਸੀ। ਮਹਿੰਗਾਈ ਤੇ ਬਰਤਨਾਂ ਦੀ ਵੱਧ ਮੰਗ ਕਾਰਨ ਸਿਲਵਰ ਤੇ ਸਟੀਲ ਨੇ ਇਸ ਦੀ ਥਾਂ ਲੈ ਲਈ ਹੈ। ਪਿੱਤਲ ਤੇ ਤਾਂਬੇ ਦੇ ਭਾਂਡਿਆਂ ਦੀ ਵਰਤੋਂ ਲਈ ਇਸ ਨੂੰ ਕਲੀ ਕਰਵਾਉਣੀ ਵੀ ਜ਼ਰੂਰੀ ਹੁੰਦੀ ਹੈ। ਪਿੱਤਲ ਦੇ ਬਰਤਨ 750 ਰੁਪਏ ਕਿਲੋ ਤੇ ਤਾਂਬੇ ਦੇ ਬਰਤਨ 1000 ਰੁਪਏ ਕਿਲੋ ਤਕ ਪੁੱਜ ਗਏ ਹਨ। ਸਟੀਲ ਤੇ ਸਿਲਵਰ ਤੋਂ ਮਹਿੰਗੇ ਹੋਣ ਕਾਰਨ ਲੋਕ ਇਨ੍ਹਾਂ ਦੀ ਖ਼ਰੀਦ ਨਹੀਂ ਕਰਦੇ।

ਲਛਮਣ ਦਾਸ (75) ਨੇ ਦੱਸਿਆ ਕਿ ਢਲ੍ਹਾਈ ਵਾਸਤੇ ਸਰਕਾਰ ਵੱਲੋਂ ਚੱਲੇ ਹੋਏ ਕਾਰਤੂਸਾਂ ਦੇ ਖੋਲ ਮਿਲਦੇ ਸਨ, ਉਹ ਵੀ ਸਰਕਾਰ ਨੇ ਬੰਦ ਕਰ ਦਿੱਤੇ ਅਤੇ ਸਰਕਾਰ ਬਾਹਰੋਂ-ਬਾਹਰ ਹੀ ਇਸ ਦੀ ਨਿਲਾਮੀ ਕਰਕੇ ਵੇਚ ਦਿੰਦੀ ਹੈ। ਪੁਰਾਣੇ ਸਮੇਂ ਵਿਚ ਸਰਕਾਰ ਜੰਡਿਆਲਾ ਗੁਰੂ ਦੇ ਕਾਰਖ਼ਾਨਿਆਂ ਨੂੰ ਚਿੱਠੀ ਪਾਉਂਦੀ ਸੀ ਕਿ ਚੱਲੇ ਹੋਏ ਕਾਰਤੂਸਾਂ ਦੀ ਨਿਲਾਮੀ ਹੋਣ ਜਾ ਰਹੀ ਹੈ। ਜੰਡਿਆਲਾ ਗੁਰੂ ਤੋਂ ਕੁਝ ਵਿਅਕਤੀ ਖੋਲ ਖ਼ਰੀਦ ਕੇ ਲੈ ਆਉਂਦੇ ਸਨ, ਪਰ ਹੁਣ ਅਜਿਹਾ ਨਹੀਂ ਹੁੰਦਾ।

2018 ਵਿਚ ਠਠਿਆਰਾਂ ਨੂੰ ਉਸ ਵੇਲੇ ਆਸ ਬੱਝੀ ਸੀ ਜਦੋਂ ਇਸ ਕਲਾ ਨੂੰ ਅੰਤਰਰਾਸ਼ਟਰੀ ਹੈਰੀਟੇਜ ਐਲਾਨ ਚੁੱਕੀ ਯੂਨੈਸਕੋ ਨੇ ਇਸ ਨੂੰ ਆਲਮੀ ਪੱਧਰ ’ਤੇ ਉਤਸ਼ਾਹਿਤ ਕਰਨ ਦਾ ਐਲਾਨ ਕੀਤਾ ਸੀ। ਇਸ ਸਬੰਧੀ ਜੰਡਿਆਲਾ ਗੁਰੂ ਦੇ ਜੈਨ ਹਾਈ ਸਕੂਲ ਵਿਖੇ 27 ਮਈ 2018 ਨੂੰ ਕਰਵਾਏ ਗਏ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਓਸ ਵੇਲੇ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਲ੍ਹਾ ਗੋਬਿੰਦਗਡ਼੍ਹ ਅਤੇ ਟਾਊਨ ਹਾਲ ਦੇੇ ਪਾਰਟੀਸ਼ਨ ਮਿਊਜ਼ੀਅਮ ਵਿਚ ਇਨ੍ਹਾਂ ਭਾਂਡਿਆਂ ਨੂੰ ਵੇਚਣ ਲਈ ਇਕ ਇਕ ਦੁਕਾਨ ਖੋਲ੍ਹਣ ਅਤੇ ਦੁਬਈ ਅੰਤਰਰਾਸ਼ਟਰੀ ਮੇਲੇ ਗਲੋਬਲ ਫੈਸਟੀਵਲ ਵਿਚ ਇਸ ਦੀ ਪ੍ਰਦਰਸ਼ਨੀ ਲਾਉਣ ਦਾ ਵੀ ਐਲਾਨ ਕੀਤਾ ਸੀ ਪਰ ਇਹ ਸਿਰਫ ਐਲਾਨ ਹੀ ਰਹਿ ਗਏ। ਲਛਮਣ ਦਾਸ ਨੇ ਦੱਸਿਆ ਕਿ ਭਾਰਤ ਵਿਚ ਜੰਡਿਆਲਾ ਗੁਰੂ ਹੀ ਅਜਿਹਾ ਕਸਬਾ ਹੈ, ਜਿਥੇ ਸਥਾਨਕ ਕਲਾ ਨੂੰ ਯੂਨੈਸਕੋ ਨੇ ਮਾਨਤਾ ਦਿੱਤੀ ਹੈ ਤੇ ਉਤਸ਼ਾਹਿਤ ਕਰਨ ਲਈ ਰਾਜ਼ੀ ਹੋਈ ਸੀ। ਸੂਬਾ ਸਰਕਾਰ ਨੇ ਹਰ ਸਾਲ ਫੰਡ ਵਿੱਚੋਂ 10 ਲੱਖ ਰੁਪਏ ਦੀ ਸਹਾਇਤਾ ਦਾ ਐਲਾਨ ਵੀ ਕੀਤਾ ਸੀ।

ਆਰਥਿਕ ਤੰਗੀ ਤੇ ਪੁਰਾਣੀਆਂ ਦੁਕਾਨਾਂ ਵੀ ਚਿੰਤਾ ਦਾ ਵਿਸ਼ਾ

ਠਠਿਆਰ ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਪੀਡ਼੍ਹੀ ਦਰ ਪੀਡ਼੍ਹੀ ਕੰਮ ਕਰਦਾ ਆ ਰਿਹਾ ਹੈ। ਇਸ ਕੰਮ ਨਾਲ 200 ਪਰਿਵਾਰ ਜੁਡ਼ੇ ਹੋਏ ਸਨ, ਪਰ ਹੁਣ 12 ਦੇ ਆਸ-ਪਾਸ ਪਰਿਵਾਰ ਹੀ ਇਸ ਕੰਮ ਨਾਲ ਜੁਡ਼ੇ ਰਹਿ ਗਏ ਹਨ। ਇਹ ਪਰਿਵਾਰ ਵੀ ਆਰਥਿਕ ਤੰਗੀ ਨਾਲ ਜੂਝ ਰਹੇ ਹਨ, ਦੁਕਾਨਾਂ ਪੁਰਾਣੀਆਂ ਹੋਣ ਕਾਰਨ ਛੱਤਾਂ ਦੀ ਹਾਲਤ ਬਹੁਤ ਖ਼ਸਤਾ ਹੈ ਕਿਸੇ ਵੀ ਸਮੇਂ ਕੋਈ ਹਾਦਸਾ ਹੋ ਸਕਦਾ ਹੈ। ਸਰਕਾਰ ਨੂੰ ਠਠਿਆਰਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋਡ਼ ਹੈ, ਜੇਕਰ ਸਮਾਂ ਰਹਿੰਦੇ ਕੁਝ ਨਾ ਕੀਤਾ ਤਾਂ ਇਹ ਕੰਮ ਤੇ ਕਲਾ ਖ਼ਤਮ ਹੀ ਹੋ ਜਾਵੇਗੀ।