ਅਕਾਲ ਤਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਿੰਦੀਆਂ ਲਗਾ ਕੇ ਸਰੂਪ ਛਪਾਈ ਤੁਰੰਤ ਰੋਕੇ

ਅਕਾਲ ਤਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਿੰਦੀਆਂ ਲਗਾ ਕੇ ਸਰੂਪ ਛਪਾਈ ਤੁਰੰਤ ਰੋਕੇ

ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬਿੰਦੀਆਂ ਤੇ ਹੋਰ ਮਨਮਤੀ ਸੋਧਾਂ ਵਾਲੇ ਸਰੂਪ ਦੀ ਛਪਾਈ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਰੰਤ ਰੋਕੇ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਚੀਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਛਪਵਾ ਕੇ ਡਾਕ ਰਾਹੀ ਵਿਦੇਸ਼ਾਂ ਵਿੱਚ ਵੰਡਣ ਕਰਕੇ ਅਮਰੀਕਾ ਦੇ ਵਿਵਾਦਿਤ ਸਿੱਖ ਬੁਕ ਕਲੱਬ(sikhbookclub. Com) ਵਾਲੇ ਥਮਿੰਦਰ ਸਿੰਘ ਆਨੰਦ ਨੇ ਹੁਣ ਇਕ ਨਵਾਂ ਕਾਰਨਾਮਾ ਕਰ ਦਿਖਾਇਆ ਹੈ ਜੋ ਕਿ ਸ੍ਰੋਮਣੀ ਕਮੇਟੀ ਵੱਲੋਂ ਪੰਥ ਪ੍ਰਵਾਨਤ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੋਂ ਅਲੱਗ ਬਿੰਦੀਆਂ ਤੇ ਨਵੀਆਂ ਲਗਾਂ ਮਾਤਰਾਂ ਲਗਾ ਕੇ ਇਕ ਸਰੂਪ ਸੋਧੇ ਹੋਏ ਸਰੂਪ ਦਾ ਨਾਮ ਦੇ ਕੇ ਆਨਲਾਈਨ ਅਤੇ ਛਾਪਕੇ ਅਮਰੀਕਾ ਵਿਚ ਫ੍ਰੀ ਵੰਡਿਆ ਜਾ ਰਿਹਾ ਹੈ।

ਇਸ ਸਬੰਧੀ ਉਨਹਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਉਸਨੇ ਵੀਹ ਸਾਲ ਪੁਰਾਣੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਅਤੇ ਜੋਗਿੰਦਰ ਸਿੰਘ ਤਲਵਾੜਾ ਵਾਲੀ ਕਮੇਟੀ ਦੀ ਰਿਪੋਰਟ ਤੇ ਆਧਾਰ ਤੇ ਇਸ ਸਰੂਪ ਦੇ ਪਾਠਾਂ ਨੂੰ ਸੋਧਿਆ ਹੈ। ਜਦਕਿ ਸ੍ਰੋਮਣੀ ਕਮੇਟੀ ਨੇ ਇਸ 26 ਮਾਰਚ 1996 ਵਾਲੀ ਕਮੇਟੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 1106 ਅੰਗ ਤੱਕ ਵਾਲੀ ਅਧੂਰੀ ਰਿਪੋਰਟ ਕਦੇ ਵੀ ਪ੍ਰਵਾਨ ਨਹੀਂ ਕੀਤੀ ਹੈ। ਇਸੇ ਤਰਾਂ ਸ੍ਰੋਮਣੀ ਕਮੇਟੀ ਨੇ ਛਾਪੇ ਦੀਆਂ ਬੀੜਾ ਵਿੱਚ ਸੁਧਾਈ ਕਰਨ ਲਈ ਹੱਥ ਲਿਖਤ ਅਤੇ ਛਾਪੇ ਦੀਆਂ ਬੀੜਾ ਦੇ ਪਾਠ ਭੇਦਾਂ ਦੀ ਸੂਚੀ ਬਣਾਉਣ ਲਈ 1976 ਵਿੱਚ ਰਣਧੀਰ ਸਿੰਘ ਸਕਾਲਰ, ਗਿਆਨੀ ਗਿਆਨ ਸਿੰਘ ‘ਸੁਤੰਤਰ’ ਨਿਹੰਗ, ਗਿਆਨੀ ਕੁਦੰਨ ਸਿੰਘ ਦੀ ਕਮੇਟੀ ਬਣਾਈ ਸੀ ਜਿਸਦੀ ਰਿਪੋਰਟ ਵੀ ਕਦੇ ਲਾਗੂ ਨਹੀਂ ਹੋਈ ਸੀ।

ਥਮਿੰਦਰ ਸਿੰਘ ਆਨੰਦ ਨੇ ਨਾ ਸਿਰਫ ਗੁਰਬਾਣੀ ਦੇ ਪਾਠ ਵਿੱਚ ਫਰਕ ਪਾਏ ਹਨ ਬਲਕਿ ਉਸਨੇ ਮੁੰਦਾਵਣੀ ਤੋਂ ਬਾਅਦ ਇਕ ਖਾਲੀ ਅੰਗ ਰੱਖਕੇ ਅਗਲੇ ਅੰਗ ਤੇ ਰਾਗਮਾਲਾ ਛਾਪੀ ਹੈ। ਗੁਰਬਾਣੀ ਨਾਲ ਇਸ ਤਰਾਂ ਛੇੜ-ਛਾੜ ਕਰਨ ਦਾ ਕਿਸੇ ਨੂੰ ਵੀ ਅਧਿਕਾਰ ਨਹੀਂ ਹੈ।

ਵਰਨਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਨੇ ਥਮਿੰਦਰ ਦੀ ਦੂਸਰੀ ਫ਼ਰਮ ‘ਸਿੱਖਲਿੰਕ’ ਵੱਲੋਂ ਕਨੇਡਾ ਵਾਲੇ ਰਿਪੂਦਮਨ ਸਿੰਘ ਮਲਿਕ ਦੇ ਭਰਾ ਗੁਰਦੀਪ ਮਲਿਕ ਨਾਲ ਮਿਲਕੇ ਚੀਨ ਤੋਂ ਡਾਕ ਰਾਹੀ ਸਰੂਪ ਛਪਾਕੇ ਵੰਡਣ ਕਰਕੇ 295-A ਦੇ ਅਧੀਨ 2015 ਵਿੱਚ ਪਰਚਾ ਵੀ ਦਰਜ ਕਰਵਾਇਆ ਸੀ। 

ਇਸ ਸੰਬੰਧੀ ਸਿੱਖ ਚਿੰਤਕ ਸਤਿੰਦਰ ਸਿੰਘ ਲੁਧਿਆਣਾ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਇਸ ਤੇ ਤੁਰੰਤ ਧਿਆਨ ਦੇਵੇ ਅਤੇ ਇਸ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸਦੀ ਛਪਵਾਈ, ਆਨਲਾਈਨ ਵੰਡਣਾ ਅਤੇ ਪ੍ਰਿੰਟਿੰਗ ਤੁਰੰਤ ਬੰਦ ਕਰਵਾਉਣ ਦਾ ਆਦੇਸ਼ ਜਾਰੀ ਕਰੇ। ਸ੍ਰੀ ਅਕਾਲ ਤਖਤ ਸਾਹਿਬ ਤੋਂ ਪਹਿਲਾ ਹੀ ਕਿਸੇ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਛਾਪਣ ਦੀ ਮਨਾਹੀ ਹੈ ਅਤੇ ਸਿਰਫ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਦੁਨੀਆ ਭਰ ਵਿੱਚ ਛਪਵਾਈ ਕਰ ਸਕਦੀ ਹੈ। ਅਗਰ ਇਸ ਤਰਾਂ ਹਰ ਕੋਈ ਆਪਣੇ ਆਪ ਸੁਧਾਈ ਕਰਕੇ ਸਰੂਪ ਛਾਪਣ ਲੱਗ ਜਾਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਬਾਈਬਲ ਵਾਂਗ ਸੈਂਕੜੇ ਅਲੱਗ ਅਲੱਗ ਤਰਾਂ ਦੇ ਸਰੂਪ ਬਣ ਜਾਣਗੇ।

ਇਸ ਸਬੰਧੀ ਜਲਦ ਹੀ ਭਵਿੱਖ ਵਾਸਤੇ ਕੋਈ ਠੋਸ ਨੀਤੀ ਬਣਾਉਣ ਦੀ ਜ਼ਰੂਰਤ ਹੈ ਤਾਂ ਕਿ ਅਗਰ ਕੋਈ ਕਿਤੇ ਸੁਧਾਈ ਦੀ ਲੋੜ ਹੈ ਵੀ ਤਾਂ ਪੰਥ ਦੀਆਂ ਸਾਰੀਆਂ ਸਿਰਮੌਰ ਸੰਸਥਾਵਾਂ, ਵਿਦਵਾਨ, ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਅਗਵਾਈ ਵਿੱਚ ਇਕੱਠੇ ਇਕਮਤ ਹੋਕੇ ਫੈਸਲਾ ਲੈ ਲੈਣ। ਗੁਰਬਾਣੀ ਦੇ ਫੌਂਟ ਅਤੇ ਗੁਰਬਾਣੀ ਦੇ ਪ੍ਰਮਾਣਿਤ ਪਾਠ ਦੀ PDF ਬਣਾਕੇ ਲੌਕ ਕਰ ਦੇਣੀ ਚਾਹੀਦੀ ਹੈ ਤੇ ਅੱਗੋਂ ਛਾਪੇ ਅਤੇ ਡਿਜੀਟਲ ਰੂਪ ਵਿੱਚ ਸਿਰਫ ਉਸਦੀ ਹੀ ਵਰਤੋ ਹੋਵੇ ਤਾਂ ਕਿ ਮੋਬਾਇਲ ਐਪ ਜਾਂ ਆਨਲਾਈਨ ਜਾਂ ਛਾਪੇ ਵਿਚ ਜੋ ਗਲਤੀਆਂ ਪਾਠ ਭੇਦਾਂ ਵਾਲੀਆਂ ਹੋ ਰਹੀਆਂ ਹਨ ਉਹ ਸਦਾ ਲਈ ਬੰਦ ਹੋ ਜਾਣ।