ਲਾਹੌਰ 'ਚ ਸ਼ੇਰ-ਏ-ਪੰਜਾਬ ਦਾ ਬੁੱਤ ਭੰਨਿਆ
*ਮੌਲਵੀ ਨੇ ਹਥੌੜਿਆਂ ਨਾਲ ਕੀਤਾ ਹਮਲਾ, ਗਿ੍ਫ਼ਤਾਰ
*ਭਾਰਤ ਨੇ ਪਾਕਿਸਤਾਨ ਨੂੰ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ
ਅੰਮ੍ਰਿਤਸਰ ਟਾਈਮਜ਼ ਬਿਉਰੋ
ਅੰਮਿ੍ਤਸਰ-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ ਮੌਕੇ ਲਾਹੌਰ ਸ਼ਾਹੀ ਕਿਲ੍ਹੇ ਵਿਚਲੀ ਸਿੱਖ ਗੈਲਰੀ 'ਚ ਤਬਦੀਲ ਕੀਤੀ ਜਾ ਚੁੱਕੀ ਮਾਈ ਜਿੰਦਾ ਦੀ ਹਵੇਲੀ ਦੇ ਬਾਹਰ ਸਥਾਪਿਤ ਮਹਾਰਾਜਾ ਦੇ ਆਦਮ-ਕੱਦ ਬੁੱਤ ਨੂੰ ਤੀਜੀ ਵਾਰ ਨੁਕਸਾਨ ਪਹੁੰਚਾਇਆ ਗਿਆ । ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਕੱਟੜਪੰਥੀ ਸੰਗਠਨ ਤਹਿਰੀਕ-ਏ-ਲੈਬਬੈਕ ਨਾਲ ਸਬੰਧਿਤ ਰਿਜ਼ਵਾਨ ਨਾਂ ਦਾ ਇਕ ਮੌਲਵੀ ਆਪਣੇ ਨਾਲ ਇਕ ਹਥੌੜਾ ਲੈ ਕੇ ਭਾਰੀ ਸੁਰੱਖਿਆ ਵਾਲੇ ਲਾਹੌਰ ਸ਼ਾਹੀ ਕਿਲ੍ਹੇ ਦੀ ਸਿੱਖ ਗੈਲਰੀ ਦੇ ਬਾਹਰ ਪਹੁੰਚਿਆ ਅਤੇ ਉੱਥੇ ਆਪਣੀ ਧਾਰਮਿਕ ਪ੍ਰਾਰਥਨਾ ਕਰਨ ਉਪਰੰਤ ਉਸ ਨੇ ਧਾਰਮਿਕ ਨਾਅਰੇ ਲਗਾਉਂਦਿਆਂ ਮਹਾਰਾਜਾ ਦੇ ਬੁੱਤ 'ਤੇ ਹਮਲਾ ਕਰ ਦਿੱਤਾ । ਜਿਸ ਨਾਲ ਬੁੱਤ ਵੱਖ-ਵੱਖ ਹਿੱਸਿਆਂ 'ਚ ਜ਼ਮੀਨ 'ਤੇ ਡਿਗ ਗਿਆ ।
ਲਾਹੌਰ ਦੇ ਚੀਫ਼ ਕੈਪੀਟਲ ਪੁਲਿਸ ਪ੍ਰਮੁੱਖ ਗ਼ੁਲਾਮ ਮਹਿਮੂਦ ਡੋਗਰ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਤੁਰੰਤ ਐਸ. ਪੀ. ਸਿਟੀ ਲਾਹੌਰ ਨੂੰ ਸ਼ਾਹੀ ਕਿਲ੍ਹੇ ਵਿਖੇ ਭੇਜਿਆ ਗਿਆ।ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।ਦੱਸਿਆ ਜਾ ਰਿਹਾ ਹੈ ਕਿ ਲਾਹੌਰ ਸ਼ਾਹੀ ਕਿਲ੍ਹੇ ਦੀ ਸਿੱਖ ਗੈਲਰੀ ਦੇ ਬਾਹਰ ਵਾਲਡ ਸਿਟੀ ਆਫ਼ ਲਾਹੌਰ ਅਥਾਰਿਟੀ (ਪੰਜਾਬ ਸਰਕਾਰ) ਵਲੋਂ ਸਿੱਖ ਹੈਰੀਟੇਜ ਫਾਊਂਂਡੇਸ਼ਨ ਯੂ. ਕੇ. ਦੇ ਸਹਿਯੋਗ ਨਾਲ ਸਥਾਪਿਤ ਕੀਤਾ ਗਿਆ ਉਕਤ 9 ਫੁੱਟ ਉਚਾ ਬੁੱਤ ਫਾਈਬਰ ਗਲਾਸ ਅਤੇ ਕਾਂਸੇ ਨਾਲ ਬਣਾਇਆ ਗਿਆ ਹੈ | ਪਾਕਿਸਤਾਨੀ ਸਿੱਖ ਭਾਈਚਾਰੇ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਪ੍ਰਸ਼ਾਸਨ ਉਕਤ ਬੁੱਤ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਖ਼ਤ ਕਦਮ ਚੁੱਕੇ ।
ਲਾਹੌਰ 'ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀਆਂ ਖ਼ਬਰਾਂ 'ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਆਪਣੇ ਉਥੇ ਘੱਟ ਗਿਣਤੀਆਂ ਸੰਗਠਨਾਂ ਖ਼ਿਲਾਫ਼ ਚਿੰਤਾਜਨਕ ਦਰ ਨਾਲ ਵੱਧ ਰਹੀ ਹਿੰਸਾ ਦੀਆਂ ਘਟਨਾਵਾਂ ਨੂੰ ਰੋਕਣ 'ਚ ਪੂਰੀ ਤਰ੍ਹਾਂ ਨਾਲ ਨਾਕਾਮ ਰਿਹਾ ਹੈ । ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਸਰਕਾਰ ਨੂੰ ਘੱਟ ਗਿਣਤੀ ਸੰਗਠਨਾਂ ਦੀ ਸੁਰੱਖਿਆ ਅਤੇ ਕਾਰੋਬਾਰ ਨੂੰ ਯਕੀਨੀ ਬਣਾਉਣ ਦੀ ਵੀ ਮੰਗ ਕੀਤੀ ਹੈ । ਇਸ ਘਟਨਾ 'ਤੇ ਸਖ਼ਤ ਟਿੱਪਣੀ ਕਰਦੇ ਹੋਏ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਅਸੀਂ ਅੱਜ ਲਾਹੌਰ 'ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਮੀਡੀਆ 'ਚ ਪ੍ਰੇਸ਼ਾਨ ਕਰਨ ਵਾਲੀਆਂ ਖ਼ਬਰਾਂ ਦੇਖੀਆਂ ਹਨ ।ਸਾਲ 2019 'ਚ ਉਦਘਾਟਨ ਤੋਂ ਬਾਅਦ ਬੁੱਤ ਦੀ ਤੋੜਭੰਨ ਕਰਨ ਦੀ ਇਹ ਤੀਸਰੀ ਅਜਿਹੀ ਘਟਨਾ ਹੈ ।
Comments (0)