ਪ੍ਰੈੱਸ ਦੀ ਅਜ਼ਾਦੀ ਦੀ ਦਰਜੇਬੰਦੀ ਵਿੱਚ ਭਾਰਤ 180 ਦੇਸ਼ਾਂ ਵਿੱਚੋਂ 142 ਨੰਬਰ ਉੱਤੇ ਪੁੱਜਿਆ

ਪ੍ਰੈੱਸ ਦੀ ਅਜ਼ਾਦੀ ਦੀ ਦਰਜੇਬੰਦੀ ਵਿੱਚ ਭਾਰਤ 180 ਦੇਸ਼ਾਂ ਵਿੱਚੋਂ 142 ਨੰਬਰ ਉੱਤੇ ਪੁੱਜਿਆ

 ਰਿਪੋਰਟਰਜ਼ ਵਿਦਾਊਟ ਬਾਰਡਰਜ਼'  ਨੇ ਦਿਤੀ ਰਿਪੋਟ   

 *ਤਾਨਾਸ਼ਾਹੀ ਰੁਚੀਆਂ ਵਾਲੇ  ਪੁਰਸ਼ਾਂ ਵਿੱਚ ਉੱਤਰੀ ਕੋਰੀਆ ਦੇ ਕਿਮ-ਜੋਂਗ ਉਨ, ਪਾਕਿਸਤਾਨ ਦੇ ਇਮਰਾਨ ਖਾਨ ਤੇ ਭਾਰਤ ਦੇ  ਪ੍ਰਧਾਨ ਮੰਤਰੀ  ਮੋਦੀ  ਵੀ ਸ਼ਾਮਲ

ਅੰਮ੍ਰਿਤਸਰ ਟਾਈਮਜ਼ ਬਿਉਰੋ

ਜਲੰਧਰ :'ਰਿਪੋਰਟਰਜ਼ ਵਿਦਾਊਟ ਬਾਰਡਰਜ਼' ਦੁਨੀਆ ਭਰ ਵਿੱਚ ਪ੍ਰੈੱਸ ਦੀ ਅਜ਼ਾਦੀ ਉੱਤੇ ਨਜ਼ਰ ਰੱਖਣ ਵਾਲੀ ਸੰਸਾਰ ਪੱਧਰੀ ਸੰਸਥਾ ਹੈ । ਪੰਜ ਸਾਲ ਦੇ ਵਕਫ਼ੇ ਤੋਂ ਬਾਅਦ ਹੁਣੇ-ਹੁਣੇ ਆਈ ਇਸ ਦੀ ਰਿਪੋਰਟ ਵਿੱਚ ਉਨ੍ਹਾਂ 37 ਰਾਸ਼ਟਰ ਮੁਖੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਹੜੇ ਆਪਣੇ ਦੇਸ਼ਾਂ ਵਿੱਚ ਪ੍ਰੈੱਸ ਦੀ ਅਜ਼ਾਦੀ ਨੂੰ ਕੁਚਲਣ ਲਈ ਬਦਨਾਮ ਹਨ |।ਇਨ੍ਹਾਂ ਤਾਨਾਸ਼ਾਹੀ ਰੁਚੀਆਂ ਵਾਲੇ ਭੱਦਰ ਪੁਰਸ਼ਾਂ ਵਿੱਚ ਉੱਤਰੀ ਕੋਰੀਆ ਦੇ ਕਿਮ-ਜੋਂਗ ਉਨ, ਪਾਕਿਸਤਾਨ ਦੇ ਇਮਰਾਨ ਖਾਨ ਦੇ ਨਾਲ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਨਾਂਅ ਸ਼ਾਮਲ ਹੈ | ਇਸ ਸੂਚੀ 'ਚ ਸ਼ਾਮਲ ਤਾਨਾਸ਼ਾਹ ਸ਼ਿਕਾਰੀਆਂ ਵਿੱਚ 17 ਨਵੇਂ ਹਨ । ਕੁੱਲ 37 ਵਿੱਚੋਂ 13 ਏਸ਼ੀਆ ਪ੍ਰਸ਼ਾਂਤ ਖੇਤਰ ਦੇ ਹਨ । ਪਹਿਲੀ ਵਾਰ ਦੋ ਔਰਤਾਂ ਬੰਗਲਾਦੇਸ਼ ਦੀ ਮੁਖੀ ਸ਼ੇਖ ਹਸੀਨਾ ਤੇ ਹਾਂਗਕਾਂਗ ਦੀ ਕੈਰੀ ਲੈਮ ਨੂੰ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ । ਸੰਸਥਾ ਵੱਲੋਂ ਹਰ ਰਾਸ਼ਟਰ ਮੁਖੀ ਦੀ ਵੱਖਰੀ ਫਾਈਲ ਤਿਆਰ ਕਰਕੇ ਦੱਸਿਆ ਗਿਆ ਹੈ ਕਿ ਪ੍ਰੈੱਸ ਦੀ ਅਜ਼ਾਦੀ ਨੂੰ ਕੁਚਲਣ ਲਈ ਉਸ ਵੱਲੋਂ ਕਿਹੜੇ ਹੱਥਕੰਡੇ ਅਪਣਾਏ ਜਾਂਦੇ ਰਹੇ ਹਨ ।
ਮੋਦੀ ਬਾਰੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਹ 26 ਮਈ 2014 ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹੀ ਪ੍ਰੈੱਸ ਦੀ ਅਜ਼ਾਦੀ ਨੂੰ ਕੁਚਲਣ ਲੱਗ ਪਏ ਸਨ ।ਉਨ੍ਹਾ ਦਾ ਮਨਚਾਹਿਆ ਨਿਸ਼ਾਨਾ 'ਸੈਕੁਲਰ' ਤੇ 'ਪ੍ਰੈਸਟੀਚਿਊਟ' ਰਿਹਾ ਹੈ । 'ਸੈਕੁਲਰ' ਸ਼ਬਦ ਦੀ ਵਰਤੋਂ ਦੱਖਣ ਪੰਥੀ ਹਿੰਦੂ ਧਰਮ ਨਿਰਪੱਖਤਾ ਨੂੰ ਨੀਵਾਂ ਦਿਖਾਉਣ ਲਈ ਸੈਕੂਲਰ ਸ਼ਬਦ ਨੂੰ ਵਿਗਾੜ ਕੇ ਕਰਦੇ ਹਨ ।

ਸੈਕੂਲਰ ਸ਼ਬਦ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਦਰਜ ਹੈ, ਜਿਸ ਨੂੰ ਮੋਦੀ ਸਮਰਥਕ ਮੰਨਣੋਂ ਇਨਕਾਰੀ ਹਨ ।ਦੂਜੇ ਸ਼ਬਦ 'ਪ੍ਰੈਸਟੀਚਿਊਟ' ਨੂੰ ਪ੍ਰੈੱਸ ਤੇ ਪ੍ਰੌਸਟੀਚਿਊਟ (ਵੇਸਵਾਗਿਰੀ) ਨੂੰ ਮਿਲਾ ਕੇ ਘੜਿਆ ਗਿਆ ਹੈ । ਇਸ ਦਾ ਮਤਲਬ ਹੈ ਕਿ ਮੋਦੀ ਵਿਰੋਧੀ ਮੀਡੀਆ ਇੱਕ ਵੇਸਵਾ ਵਾਂਗ ਵਿਕਿਆ ਹੋਇਆ ਹੈ ।
ਮੋਦੀ ਰਾਜ ਦੇ ਕਾਲੇ ਚਿੱਠੇ ਨੂੰ ਬਿਆਨਦਿਆਂ ਲਿਖਿਆ ਗਿਆ ਹੈ ਕਿ 2001 ਵਿੱਚ ਗੁਜਰਾਤ ਦਾ ਮੁੱਖ ਮੰਤਰੀ ਬਣਦਿਆਂ ਹੀ ਮੋਦੀ ਨੇ ਮੀਡੀਆ 'ਤੇ ਨਕੇਲ ਕੱਸਣ ਲਈ ਇਸ ਰਾਜ ਨੂੰ ਇੱਕ ਪ੍ਰਯੋਗਸ਼ਾਲਾ ਵਜੋਂ ਵਰਤਿਆ ਸੀ ।ਇਸੇ ਪ੍ਰਯੋਗ ਨੂੰ ਉਨ੍ਹਾ ਵੱਲੋਂ ਅੱਗੇ ਜਾ ਕੇ ਪ੍ਰਧਾਨ ਮੰਤਰੀ ਵਜੋਂ ਵਰਤਿਆ ਗਿਆ । ਨਰਿੰਦਰ ਮੋਦੀ ਦਾ ਨਿਸ਼ਾਨਾ ਇਹ ਸੀ ਕਿ ਮੁਖ ਧਾਰਾ ਦੇ ਮੀਡੀਏ ਨੂੰ ਆਪਣੇ ਭਾਸ਼ਣਾਂ ਰਾਹੀਂ ਲਬਾਲਬ ਭਰ ਦਿੱਤਾ ਜਾਵੇ, ਤਾਂ ਜੋ ਉਸ ਦੀ ਹਿੰਦੂਤਵੀ ਵਿਚਾਰਧਾਰਾ ਲੋਕਾਂ ਵਿੱਚ ਫੈਲ ਸਕੇ | ਇਸ ਉਦੇਸ਼ ਨੂੰ ਪੂਰਾ ਕਰਨ ਲਈ ਅਰਬਪਤੀ ਕਾਰੋਬਾਰੀਆਂ ਨਾਲ ਸੰਬੰਧ ਜੋੜੇ ਗਏ, ਜਿਨ੍ਹਾਂ ਕੋਲ ਵਿਸ਼ਾਲ ਮੀਡੀਆ ਸਾਮਰਾਜ ਸੀ | ਇਸ ਕਦਮ ਰਾਹੀਂ ਮੋਦੀ ਨੇ ਆਪਣੇ ਵੰਡਪਾਊ ਤੇ ਇਤਰਾਜ਼ਯੋਗ ਭਾਸ਼ਣਾਂ ਨੂੰ ਕਰੋੜਾਂ ਦਰਸ਼ਕਾਂ ਤੱਕ ਪੁਚਾਉਣ ਵਿੱਚ ਸਫ਼ਲਤਾ ਹਾਸਲ ਕਰ ਲਈ । ਇਸ ਤੋਂ ਬਾਅਦ ਮੋਦੀ ਦੇ ਨਿਸ਼ਾਨੇ ਉੱਤੇ ਉਸ ਮੀਡੀਆ ਪਲੇਟਫਾਰਮ ਦੇ ਪੱਤਰਕਾਰ ਸਨ, ਜਿਹੜੇ ਉਨ੍ਹਾ ਦੀ ਵੰਡਪਾਊ ਸਿਆਸਤ ਉੱਤੇ ਸਵਾਲ ਕਰਦੇ ਸਨ ।
ਇਸ ਮਕਸਦ ਦੀ ਪੂਰਤੀ ਲਈ ਨਰਿੰਦਰ ਮੋਦੀ ਪਾਸ ਅਪਰਾਧਕ ਕਾਨੂੰਨਾਂ ਦੇ ਹਥਿਆਰ ਸਨ, ਜਿਹੜੇ ਪ੍ਰੈੱਸ ਦੀ ਅਜ਼ਾਦੀ ਨੂੰ ਕੁਚਲਣ ਲਈ ਕਾਰਗਰ ਹਨ । ਅਜਿਹਾ ਹੀ ਇੱਕ ਹਥਿਆਰ ਰਾਜਧ੍ਰੋਹ ਦਾ ਕਾਨੂੰਨ ਹੈ, ਜਿਸ ਤਹਿਤ ਪੱਤਰਕਾਰਾਂ ਨੂੰ ਲੰਮੇ ਸਮੇਂ ਤੱਕ ਜੇਲ੍ਹ ਵਿੱਚ ਰਹਿਣਾ ਪੈਂਦਾ ਹੈ ਸ਼ਇਨ੍ਹਾਂ ਬਾਗੀ ਪੱਤਰਕਾਰਾਂ ਦੀ ਜ਼ੁਬਾਨ ਬੰਦ ਕਰਾਉਣ ਲਈ ਮੋਦੀ ਕੋਲ ਆਨਲਾਈਨ ਟਰੋਲਰਜ਼ ਦੀ ਇੱਕ ਮਜ਼ਬੂਤ ਫੌਜ ਹੈ, ਜਿਨ੍ਹਾਂ ਦੇ ਮੈਂਬਰਾਂ ਨੂੰ 'ਯੋਧਾ' ਕਿਹਾ ਜਾਂਦਾ ਹੈ ।ਮੋਦੀ ਇਨ੍ਹਾਂ 'ਯੋਧਿਆਂ' ਉੱਤੇ ਪੂਰਾ ਭਰੋਸਾ ਕਰਦੇ ਹਨ | ਇਹ 'ਯੋਧੇ' ਪੱਤਰਕਾਰਾਂ ਵਿਰੁੱਧ ਜ਼ਹਿਰੀਲੀ ਪ੍ਰਚਾਰ ਮੁਹਿੰਮ ਚਲਾਉਂਦੇ ਹਨ, ਜਿਸ ਵਿੱਚ ਉਨ੍ਹਾਂ ਨੂੰ ਖ਼ਤਮ ਕੀਤੇ ਜਾਣ ਤੱਕ ਦੀ ਗੱਲ ਵੀ ਹੁੰਦੀ ਹੈ । ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2017 ਵਿੱਚ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ, ਹਿੰਦੂਤਵੀ ਵਿਚਾਰਧਾਰਾ ਨਾਲ ਜੁੜੇ ਇਨ੍ਹਾਂ ਲੋਕਾਂ ਦਾ ਮਹੱਤਵਪੂਰਨ ਸ਼ਿਕਾਰ ਸੀ ।ਰਿਪੋਰਟ ਵਿੱਚ ਇਹ ਵੀ ਦਰਜ ਹੈ ਕਿ ਮੋਦੀ ਦੀ ਅਲੋਚਕ ਰਾਣਾ ਅਯੂਬ ਤੇ ਬਰਖਾ ਦੱਤ ਵਰਗੀਆਂ ਔਰਤ ਪੱਤਰਕਾਰਾਂ ਨੂੰ ਸੋਸ਼ਲ ਮੀਡੀਆ ਉੱਤੇ ਗਾਲੀ-ਗਲੋਚ ਤੇ ਗੈਂਗਰੇਪ ਵਰਗੇ ਹਮਲਿਆਂ ਦਾ ਸਾਹਮਣਾ ਕਰਨਾ ਪਿਆ ।
ਮੋਦੀ ਰਾਜ ਅਧੀਨ ਉਸ ਦੇ 'ਭਗਤਾਂ' ਨੇ ਇੱਕ ਨਿਯਮ ਬਣਾ ਲਿਆ ਹੈ ਕਿ ਜਿਹੜਾ ਵੀ ਪੱਤਰਕਾਰ ਜਾਂ ਮੀਡੀਆ ਪਲੇਟਫਾਰਮ, ਨਰਿੰਦਰ ਮੋਦੀ ਵਿਰੁੱਧ ਕੋਈ ਸਵਾਲ ਕਰਦਾ ਹੈ ਉਸ ਨੂੰ ਸਿਕੁਲਰ (ਬਿਮਾਰੀ ਤੇ ਧਰਮ ਨਿਰਪੱਖ ਦਾ ਮਿਸ਼ਰਣ) ਐਲਾਨ ਦਿੱਤਾ ਜਾਂਦਾ ਹੈ ।ਇਸ ਦੇ ਨਾਲ ਹੀ ਮੋਦੀ ਭਗਤਾਂ ਵੱਲੋਂ ਉਸ ਨੂੰ ਨਿਸ਼ਾਨਾ ਬਣਾਉਣ ਲਈ ਉਸ ਵਿਰੁੱਧ ਅਨੇਕਾਂ ਥਾਵਾਂ ਉਤੇ ਮੁਕੱਦਮੇ ਦਰਜ ਕਰਾ ਦਿੱਤੇ ਜਾਂਦੇ ਹਨ । ਮੋਦੀ ਪੱਖੀ ਮੁੱਖ ਧਾਰਾ ਦਾ ਮੀਡੀਆ ਉਸ ਨੂੰ ਬਦਨਾਮ ਕਰਨ ਦੀ ਮੁਹਿੰਮ ਛੇੜ ਦਿੰਦਾ ਹੈ ।
ਇਸ ਰਿਪੋਰਟ ਅਨੁਸਾਰ ਪ੍ਰੈੱਸ ਦੀ ਅਜ਼ਾਦੀ ਦੀ ਦਰਜੇਬੰਦੀ ਵਿੱਚ ਅਸੀਂ 180 ਦੇਸ਼ਾਂ ਵਿੱਚੋਂ 142 ਨੰਬਰ ਉੱਤੇ ਪੁੱਜ ਗਏ ਹਾਂ । ਮੋਦੀ ਰਾਜ ਦੌਰਾਨ ਲੋਕਤੰਤਰ ਦੇ ਵੱਖ-ਵੱਖ ਪਹਿਲੂਆਂ ਬਾਰੇ ਸਾਡੀ ਦਸ਼ਾ ਲਗਾਤਾਰ ਬਦਹਾਲੀ ਵੱਲ ਜਾ ਰਹੀ ਹੈ । ਔਰਤਾਂ ਦੀ ਸੁਰੱਖਿਆ, ਭੁੱਖਮਰੀ ਦਾ ਕੋਹੜ, ਪ੍ਰਗਟਾਵੇ ਦੀ ਅਜ਼ਾਦੀ, ਆਦਿ ਹਰ ਖੇਤਰ ਦੇ ਸਰਵਿਆਂ ਵਿੱਚ ਅਸੀਂ ਫਾਡੀ ਹੀ ਸਾਹਮਣੇ ਆਉਂਦੇ ਹਾਂ । 

   ਸਾਡਾ ਮੰੰਨਣਾ ਹੈ ਕਿ ਅਸਲ ਵਿੱਚ  ਮੋਦੀ  ਸਰਕਾਰ ਦੌਰਾਨ ਲੋਕਤੰਤਰ ਵਿਚ ਨਿਘਾਰ ਆਇਆ ਹੈ । ਇਸ ਕਾਰਣ ਪ੍ਰੈਸ ਦੀ ਅਜਾਦੀ  ਖਤਰੇ ਵਿਚ ਹੈ।ਭਾਰਤੀ ਨਿਆਂ ਪਾਲਿਕਾ, ਸਾਡੀ ਵਿਧਾਨ ਪਾਲਿਕਾ ਤੇ ਮੀਡੀਆ ਦੀ ਜੇਕਰ ਜ਼ਰਾ ਵੀ  ਦਿ੍ੜ  ਹੁੰਦੀ ਤਾਂ ਹਕੂਮਤੀ ਕੁਰਸੀਆਂ ਉੱਤੇ ਬੈਠੇ ਤਾਨਾਸ਼ਾਹਾਂ ਜੇਲ੍ਹਾਂ ਵਿੱਚ ਹੁੰਦੇ।