ਮਾਮਲਾ ਕੇਜਰੀਵਾਲ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਦਾ 

ਮਾਮਲਾ ਕੇਜਰੀਵਾਲ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਦਾ 

  ਬੱਗਾ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ

ਗ੍ਰਿਫ਼ਤਾਰੀ ’ਤੇ ਲੱਗੀ ਰੋਕ 5 ਜੁਲਾਈ ਤੱਕ ਵਧਾਈ

ਅੰਮ੍ਰਿਤਸਰ ਟਾਈਮਜ਼

ਐੱਸਏਐੱਸ ਨਗਰ (ਮੁਹਾਲੀ): ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੀਨੀਅਰ ਭਾਜਪਾ ਆਗੂ ਤੇਜਿੰਦਰਪਾਲ ਸਿੰਘ ਬੱਗਾ ਨੂੰ ਰਾਹਤ ਦਿੰਦਿਆਂ ਉਸ ਦੀ ਗ੍ਰਿਫ਼ਤਾਰੀ ’ਤੇ ਲੱਗੀ ਰੋਕ 5 ਜੁਲਾਈ ਤੱਕ ਵਧਾ ਦਿੱਤੀ ਹੈ। ਬੱਗਾ ਵਿਰੁੱਧ ਮੁਹਾਲੀ ਵਿੱਚ ਪੰਜਾਬ ਪੁਲੀਸ ਦੇ ਸਟੇਟ ਸਾਈਬਰ ਸੈੱਲ ਥਾਣੇ ਵਿੱਚ ਫੌਜਦਾਰੀ ਕੇਸ ਦਰਜ ਕੀਤਾ ਗਿਆ ਸੀ। ਬੱਗਾ ’ਤੇ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਅਤੇ ਸਮਾਜ ਨੂੰ ਧਰਮ ਤੇ ਜਾਤ-ਪਾਤ ਦੇ ਆਧਾਰ ’ਤੇ ਵੰਡਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਮੁਹਾਲੀ ਪੁਲੀਸ ਨੇ ਇਸ ਮਾਮਲੇ ਵਿੱਚ ਪਿਛਲੇ ਦਿਨੀਂ ਭਾਜਪਾ ਆਗੂ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਪਰ ਦਿੱਲੀ ਪੁਲੀਸ ਦੇ ਕਹਿਣ ’ਤੇ ਕੁਰੂਕਸ਼ੇਤਰ ਨੇੜੇ ਹਰਿਆਣਾ ਪੁਲੀਸ ਨੇ ਬੈਰੀਕੇਡ ਲਗਾ ਕੇ ਬੱਗਾ ਨੂੰ ਗ੍ਰਿਫ਼ਤਾਰ ਕਰਕੇ ਮੁਹਾਲੀ ਲਿਆ ਰਹੀ ਪੰਜਾਬ ਪੁਲੀਸ ਦੇ ਕਾਫ਼ਲੇ ਦਾ ਰਾਹ ਡੱਕ ਲਿਆ। ਇਸ ਦੌਰਾਨ ਤਿੰਨ ਸੂਬਿਆਂ ਦੀ ਪੁਲੀਸ ਵਿੱਚ ਕਾਫ਼ੀ ਜੱਦੋਜਹਿਦ ਹੋਈ ਅਤੇ ਕੁਝ ਘੰਟਿਆਂ ਮਗਰੋਂ ਦਿੱਲੀ ਪੁਲੀਸ ਨੇ ਬੱਗੇ ਨੂੰ ਜਬਰੀ ਰਿਹਾਅ ਕਰਵਾ ਲਿਆ ਸੀ।  ਮੁਹਾਲੀ ਅਦਾਲਤ ਨੇ ਪਿਛਲੇ ਦਿਨੀਂ ਤੇਜਿੰਦਰਪਾਲ ਬੱਗਾ ਦੇ ਗ੍ਰਿਫ਼ਤਾਰੀ ਵਰੰਟ ਜਾਰੀ ਕੀਤੇ ਸੀ, ਪਰ ਉਸੇ ਰਾਤ ਭਾਜਪਾ ਆਗੂ ਨੇ ਹਾਈ ਕੋਰਟ ਦਾ ਬੂਹਾ ਖੜਕਾਉਂਦਿਆਂ ਫੈਸਲੇ ਨੂੰ ਚੁਣੌਤੀ ਦਿੱਤੀ। ਹਾਈ ਕੋਰਟ ਨੇ ਰਾਤ ਨੂੰ ਹੀ ਕੇਸ ਦੀ ਸੁਣਵਾਈ ਕਰਦਿਆਂ ਬੱਗਾ ਦੀ ਗ੍ਰਿਫ਼ਤਾਰੀ ’ਤੇ 10 ਮਈ ਤੱਕ ਰੋਕ ਲਾ ਦਿੱਤੀ ਸੀ। ਅਦਾਲਤ ਨੇ  ਭਾਜਪਾ ਆਗੂ ਨੂੰ ਵੱਡੀ ਰਾਹਤ ਦਿੰਦਿਆਂ ਉਸ ਦੀ ਗ੍ਰਿਫ਼ਤਾਰੀ ’ਤੇ ਲੱਗੀ ਰੋਕ ਨੂੰ 5 ਜੁਲਾਈ ਤੱਕ ਵਧਾ ਦਿੱਤਾ।. 

                              ਭਾਜਪਾ ਵਲੋਂ ਕੇਜਰੀਵਾਲ ਦੀ ਰਿਹਾਇਸ਼ ਨੇੜੇੇ ਪ੍ਰਦਰਸ਼ਨ                                          

-ਤਜਿੰਦਰ ਪਾਲ ਸਿੰਘ ਬੱਗਾ ਦੀ ਗਿ੍ਫ਼ਤਾਰੀ ਦੇ ਮੁੱਦੇ ਨੂੰ ਲੈ ਕੇ ਭਾਜਪਾ ਸਿੱਖ ਸੈੱਲ ਅਤੇ ਭਾਜਪਾ ਯੁਵਾ ਮੋਰਚਾ ਵਰਕਰਾਂ ਵਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਨੇੜੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ । ਪ੍ਰਦਰਸ਼ਨਵਿਚ ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ, ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਂਵੰਤ, ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ, ਆਰ.ਪੀ. ਸਿੰਘ ਸਮੇਤ ਹੋਰਨਾਂ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ ।ਇਸ ਪ੍ਰਦਰਸ਼ਨ ਦੌਰਾਨ ਕੇਜਰੀਵਾਲ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ ।ਇਸ ਤੋਂ ਪਹਿਲਾਂ ਪੁਲਿਸ ਨੇ ਬਗੈਰ ਇਜਾਜ਼ਤ ਦੇ ਪ੍ਰਦਰਸ਼ਨ ਕਰਨ ਲਈ ਭਾਜਪਾ ਵਰਕਰਾਂ ਨੂੰ ਚਿਤਾਵਨੀ ਦਿੰਦੇ ਹੋਏ ਉਥੋਂ ਜਾਣ ਲਈ ਕਿਹਾ ।ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੰਜਾਬ ਪੁਲਿਸ ਵਲੋਂ ਤਜਿੰਦਰ ਪਾਲ ਸਿੰਘ ਬੱਗਾ ਨੂੰ ਬਗੈਰ ਕਸੂਰ ਤੋਂ ਸਿਰਫ਼ ਕੇਜਰੀਵਾਲ ਦੇ ਇਸ਼ਾਰੇ 'ਤੇ ਹੀ ਗਿ੍ਫ਼ਤਾਰ ਕੀਤਾ ਗਿਆ ਅਤੇ ਬਗੈਰ ਦਸਤਾਰ ਤੋਂ ਬੱਗਾ ਦੀ ਗਿ੍ਫ਼ਤਾਰੀ ਕੀਤੀ । ਇਸ ਮੌਕੇ ਆਦੇਸ਼ ਗੁਪਤਾ ਨੇ ਕਿਹਾ ਕਿ ਬੱਗਾ ਨੂੰ ਗਿ੍ਫ਼ਤਾਰ ਕਰਵਾ ਕੇ ਕੇਜਰੀਵਾਲ ਨੇ ਤਾਨਾਸ਼ਾਹ ਵਰਗੀ ਕਾਰਵਾਈ ਕੀਤੀ ਹੈ ।ਉਨ੍ਹਾਂ ਕਿਹਾ ਕਿ ਜੇਕਰ ਕੇਜਰੀਵਾਲ ਤੋਂ ਸਵਾਲ ਪੁੱਛਣਾ ਗੁਨਾਹ ਹੈ ਤਾਂ ਭਾਜਪਾ ਦਾ ਹਰ ਵਰਕਰ ਇਹ ਗੁਨਾਹ ਕਰਦਾ ਰਹੇਗਾ ।ਪ੍ਰਦਰਸ਼ਨ ਦੌਰਾਨ ਪੁਲਿਸ ਨੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ, ਆਰ.ਪੀ. ਸਿੰਘ ਸਮੇਤ ਕਈ ਭਾਜਪਾ ਆਗੂਆਂ ਤੇ ਵਰਕਰਾਂ ਨੂੰ ਹਿਰਾਸਤ ਵਿਚ ਲਿਆ।                                                           

       ਕੇਂਦਰ ਨੂੰ ਧਿਰ ਬਣਾਉਣ ਦੀ ਮੰਗ ਲਈ ਪੰਜਾਬ ਸਰਕਾਰ ਵਲੋਂ 2 ਅਰਜ਼ੀਆਂ ਦਾਇਰ       

 ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਦੇ ਮਾਮਲੇ ਵਿਚ ਕੇਂਦਰ ਨੂੰ ਧਿਰ ਬਣਾਉਣ ਅਤੇ ਦਿੱਲੀ ਦੇ ਜਨਕਪੁਰੀ ਤੇ ਹਰਿਆਣਾ ਦੇ ਕੁਰੂਕਸ਼ੇਤਰ ਥਾਣਿਆਂ ਦੀ 6 ਮਈ ਦੀ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਨੂੰ ਸੁਰੱਖਿਅਤ ਰੱਖਣ ਦੀ ਮੰਗ ਕਰਦਿਆਂ ਪੰਜਾਬ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਦੋ ਅਰਜ਼ੀਆਂ ਦਾਖ਼ਲ ਕੀਤੀਆਂ ।ਪੰਜਾਬ ਸਰਕਾਰ ਨੇ ਦੋਸ਼ ਲਗਾਇਆ ਹੈ ਕਿ ਬੱਗਾ ਖ਼ਿਲਾਫ਼ ਮੁਹਾਲੀ 'ਚ ਪਿਛਲੇ ਮਹੀਨੇ ਦਰਜ ਮਾਮਲੇ ਸੰਬੰਧੀ ਉਸ ਨੂੰ ਗਿ੍ਫ਼ਤਾਰ ਕਰਨ ਪੁੱਜੀ ਪੰਜਾਬ ਪੁਲਿਸ ਦੀ ਟੀਮ ਨੂੰ ਜਨਕਪੁਰੀ ਅਤੇ ਕੁਰੂਕਸ਼ੇਤਰ ਥਾਣਿਆਂ ਵਿਚ 'ਬੰਧਕ' ਬਣਾ ਕੇ ਰੱਖਿਆ ਗਿਆ ।ਦਿੱਲੀ ਪੁਲਿਸ ਵਲੋਂ ਪੇਸ਼ ਵਧੀਕ ਸਾਲਿਸਟਰ ਜਨਰਲ ਸੱਤਿਆਪਾਲ ਜੈਨ ਨੇ ਕਿਹਾ ਕਿ ਅਦਾਲਤ ਵਲੋਂ ਨੋਟਿਸ ਜਾਰੀ ਕਰਕੇ ਜਵਾਬ ਮੰਗੇ ਜਾਣ 'ਤੇ ਉਨ੍ਹਾਂ (ਪੰਜਾਬ ਸਰਕਾਰ) ਨੇ ਦੋ ਅਰਜ਼ੀਆਂ ਦਾਖ਼ਲ ਕੀਤੀਆਂ ਹਨ ।ਇਕ ਅਰਜ਼ੀ ਵਿਚ ਪੰਜਾਬ ਸਰਕਾਰ ਨੇ ਭਾਰਤ ਸਰਕਾਰ ਅਤੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਧਿਰ ਬਣਾਉਣ ਦੀ ਮੰਗ ਕੀਤੀ ਹੈ । ਦੂਸਰੀ ਅਰਜ਼ੀ ਵਿਚ ਬੇਨਤੀ ਕੀਤੀ ਗਈ ਹੈ ਕਿ ਦਿੱਲੀ ਦੇ ਜਨਕਪੁਰੀ ਥਾਣੇ ਅਤੇ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿਪਲੀ ਅਤੇ ਸਦਰ ਥਾਣਿਆਂ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀਆਂ 6 ਮਈ ਦੀਆਂ ਫੁਟੇਜ਼ ਨੂੰ ਸੁਰੱਖਿਅਤ ਰੱਖਣ ਦੇ ਨਿਰਦੇਸ਼ ਦਿੱਤੇ ਜਾਣ । ਪੰਜਾਬ ਸਰਕਾਰ ਨੇ ਕਥਿਤ ਤੌਰ 'ਤੇ ਬੰਧਕ ਬਣਾਏ ਗਏ ਆਪਣੇ ਪੁਲਿਸ ਮੁਲਾਜ਼ਮਾਂ ਦੇ ਸੰਬੰਧ 'ਚ ਸ਼ੁੱਕਰਵਾਰ ਨੂੰ ਹਾਈਕੋਰਟ ਵਿਚ ਹੈਬੀਅਸ ਕਾਰਪਸ ਪਟੀਸ਼ਨ ਦਾਖ਼ਲ ਕੀਤੀ ਸੀ, ਹਾਲਾਂਕਿ ਹਰਿਆਣਾ ਅਤੇ ਦਿੱਲੀ ਪੁਲਿਸ ਦੋਵਾਂ ਨੇ ਇਸ ਦੋਸ਼ ਤੋਂ ਇਨਕਾਰ ਕੀਤਾ ਹੈ । ਇਸ ਮਾਮਲੇ 'ਚ ਸੁਣਵਾਈ ਜਸਟਿਸ ਲਲਿਤ ਬੱਤਰਾ ਦੇ ਬੈਂਚ ਨੇ ਕੀਤੀ | ਜੈਨ ਨੇ ਕਿਹਾ ਕਿ ਮਾਮਲੇ 'ਚ ਸ਼ਾਮਿਲ ਸਾਰੇ ਪੱਖਾਂ ਦੀ ਸਹਿਮਤੀ ਨਾਲ ਸਨਿਚਰਵਾਰ ਨੂੰ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਅਤੇ ਹੁਣ ਅਗਲੀ ਸੁਣਵਾਈ 10 ਮਈ ਨੂੰ ਹੋਵੇਗੀ ਕਿਉਂਕਿ ਸ਼ੁੱਕਰਵਾਰ ਨੂੰ ਦਾਖ਼ਲ ਕੀਤੀ ਹੈਬੀਅਸ ਕਾਰਪਸ ਪਟੀਸ਼ਨ ਕਿਸੇ ਹੋਰ ਬੈਂਚ ਕੋਲ ਹੈ । 

 ਘੱਟ ਗਿਣਤੀ ਕਮਿਸ਼ਨ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਤੋਂ ਰਿਪੋਰਟ ਤਲਬ

ਭਾਜਪਾ ਨੇਤਾ ਤੇਜਿੰਦਰਪਾਲ ਸਿੰਘ ਬੱਗਾ ਨੂੰ ਪੰਜਾਬ ਪੁਲੀਸ ਵੱਲੋਂ ਗ੍ਰਿਫ਼ਤਾਰ ਕਰਨ ਸਮੇਂ ਪੱਗ ਨਾ ਬੰਨ੍ਹਣ ਦੇ ਕਥਿਤ ਦੋਸ਼ਾਂ ਦੇ ਸਬੰਧ ਵਿੱਚ ਕੌਮੀ ਘੱਟਗਿਣਤੀ ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਨੋਟਿਸ ਜਾਰੀ ਕਰਕੇ ਸੱਤ ਦਿਨਾਂ ਵਿੱਚ ਰਿਪੋਰਟ ਮੰਗੀ ਹੈ। ਬੱਗਾ ਦੇ ਪਿਤਾ ਪ੍ਰੀਤਪਾਲ ਸਿੰਘ ਨੇ ਕਥਿਤ ਦੋਸ਼ ਲਾਇਆ ਹੈ ਕਿ ਪੰਜਾਬ ਪੁਲੀਸ ਦੇ ਜਵਾਨਾਂ ਨੇ ਉਸ ਦੇ ਮੂੰਹ ’ਤੇ ਮੁੱਕੀ ਮਾਰੀ ਅਤੇ ਇੱਥੋਂ ਤੱਕ ਕਿ ਗ੍ਰਿਫ਼ਤਾਰ ਕਰਦੇ ਸਮੇਂ ਉਨ੍ਹਾਂ ਦੇ ਪੁੱਤਰ ਨੂੰ ਪੱਗ ਬੰਨ੍ਹਣ ਦੀ ਆਗਿਆ ਵੀ ਨਹੀਂ ਦਿੱਤੀ। ਪੰਜਾਬ ਦੇ ਮੁੱਖ ਸਕੱਤਰ ਅਨੀਰੁੱਧ ਤਿਵਾੜੀ ਨੂੰ ਭੇਜੇ ਪੱਤਰ ਵਿੱਚ ਕੌਮੀ ਘੱਟਗਿਣਤੀ ਕਮਿਸ਼ਨ ਆਖਿਆ ਕਿ ਇਹ ਇੱਕ ਸਿੱਖ ਵਿਅਕਤੀ ਦੇ ਧਾਰਮਿਕ ਅਧਿਕਾਰਾਂ ਦੀ ਉੰਲੰਘਣਾ ਦਾ ਗੰਭੀਰ ਮਾਮਲਾ ਹੈ। -