ਹਰੀਸ਼ ਰਾਵਤ ਨੇ ਮੰਨਿਆ, ਪੰਜਾਬ ਕਾਂਗਰਸ ਦੇ ਹਾਲਾਤ ਸੁਖਾਵੇਂ ਨਹੀਂ,   

ਹਰੀਸ਼ ਰਾਵਤ ਨੇ ਮੰਨਿਆ, ਪੰਜਾਬ ਕਾਂਗਰਸ ਦੇ ਹਾਲਾਤ ਸੁਖਾਵੇਂ ਨਹੀਂ,   

 *ਕਿਹਾ-ਬਹੁਤ ਸਾਰੇ ਮਸਲੇ ਹਨ ਜਿਨ੍ਹਾਂ ਨੂੰ ਹੱਲ ਕੀਤਾ ਜਾਣਾ ਹੈ   

  *ਕੈਪਟਨ ਤੇ ਸਿਧੂ ਦਾ ਝਗੜਾ ਬਰਕਰਾਰ

ਅੰਮ੍ਰਿਤਸਰ ਟਾਈਮਜ਼ ਬਿਉਰੋ

ਚੰਡੀਗੜ੍ਹ : ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਮੰਨਿਆ ਕਿ ਪੰਜਾਬ ਕਾਂਗਰਸ ’ਚ ਆਲ ਇਜ਼ ਵੈੱਲ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਮਸਲੇ ਹਨ ਜਿਨ੍ਹਾਂ ਨੂੰ ਹੱਲ ਕੀਤਾ ਜਾਣਾ ਹੈ। ਰਾਵਤ ਦਾ ਇਹ ਬਿਆਨ ਉਦੋਂ ਆਇਆ, ਜਦੋਂ ਉਹ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਖਤਮ ਕਰਨ ਲਈ ਚੰਡੀਗੜ੍ਹ ’ਚ ਦੋ ਦਿਨਾਂ ਦੀ ਯਾਤਰਾ ਤੋਂ ਬਾਅਦ ਵਾਪਸ ਜਾਣ ਦੀ ਤਿਆਰੀ ਕਰ ਰਹੇ ਸਨ। ਇਸ ਦੌਰਾਨ ਰਾਵਤ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੱਖ-ਵੱਖ ਬੈਠਕਾਂ ਕੀਤੀਆਂ।ਅਹਿਮ ਗੱਲ ਇਹ ਹੈ ਕਿ ਆਪਣੇ ਦੋ ਦਿਨਾਂ ਦੀ ਯਾਤਰਾ ਦੌਰਾਨ ਰਾਵਤ ਨੇ ਕੈਪਟਨ ਅਤੇ ਸਿੱਧੂ ਦੋਵਾਂ ਨੂੰ ਹੀ ਯਕੀਨ ਦਿਵਾਉਣ ਦੀ ਕੋਸ਼ਿਸ ਕੀਤੀ। ਉਨ੍ਹਾਂ ਨੇ ਸਿੱਧੂ ਨੂੰ ਅਨੁਸ਼ਾਸਨ ਦਾ ਪਾਠ ਪੜ੍ਹਾਇਆ ਅਤੇ ਪੰਜਾਬ ਸਰਕਾਰ ਦੇ ਕੰਮਕਾਜ ਨੂੰ ਸਲਾਹਿਆ। ਰਾਵਤ ਨੇ ਕਿਹਾ, ਪੰਜਾਬ ’ਚ ਕੁਝ ਅਜਿਹੇ ਕੰਮ ਹੋਏ ਜਿਨ੍ਹਾਂ ਦੀ ਪ੍ਰਸ਼ੰਸਾ ਹੋਣੀ ਚਾਹੀਦੀ ਸੀ। ਬਰਗਾੜੀ ਕਾਂਡ ਅਤੇ ਨਸ਼ੇ ਵਰਗੇ ਮਾਮਲਿਆਂ ’ਚ ਸੀਨੀਅਰ ਅਧਿਕਾਰੀਆਂ ’ਤੇ ਵੀ ਕਾਰਵਾਈ ਹੋਈ। ਅਜਿਹੀ ਕਾਰਵਾਈ ਦੇਸ਼ ਦੇ ਹੋਰ ਹਿੱਸਿਆਂ ’ਚ ਵਿਖਾਈ ਨਹੀਂ ਦਿੰਦੀ।

ਪੰਜਾਬ ਕਾਂਗਰਸ ਇੰਚਾਰਜ ਹਰੀਸ ਰਾਵਤ ਨੇ ਕਿਹਾ ਕਿ ਪੰਜਾਬ ਸਰਕਾਰ ਸੀਬੀਆਈ ਦੇ ਜੁਬਾੜੇ ’ਚੋਂ ਕੇਸ (ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ) ਵਾਪਸ ਲੈ ਕੇ ਆਈ ਹੈ। ਅਜਿਹਾ ਕਦੇ ਵੀ ਵੇਖਣ ਨੂੰ ਨਹੀਂ ਮਿਲਿਆ। ਰਾਵਤ ਦਾ ਇਹ ਬਿਆਨ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਕੈਪਟਨ ਨੂੰ ਘੇਰਦੇ ਰਹੇ ਹਨ।ਮੁੱਖ ਮੰਤਰੀ ਕੈਪਟਨ ’ਤੇ ਬੇਭਰੋਸਾ ਪ੍ਰਗਟ ਕਰਨ ਵਾਲੇ ਚਾਰ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਦੇ ਚੰਡੀਗੜ੍ਹ ਦੌਰੇ ਦੌਰਾਨ ਉਨ੍ਹਾਂ ਨਾਲ ਮੁਲਾਕਾਤ ਨਾ ਕਰਨ ਨੂੰ ਲੈ ਕੇ ਰਾਵਤ ਨੇ ਕਿਹਾ, ਚੰਗਾ ਹੀ ਹੋਇਆ ਕਿ ਇਹ ਮੰਤਰੀ ਮੈਨੂੰ ਮਿਲਣ ਨਹੀਂ ਆਏ। ਜੇਕਰ ਉਹ ਮੇਰੇ ਕੋਲ ਆਉਂਦੇ ਤਾਂ ਮੇਰਾ ਦੌਰਾ ਉਨ੍ਹਾਂ ਦੇ ਨਾਲ ਹੀ ਜੋੜ ਦਿੱਤਾ ਜਾਂਦਾ।                             ਇਥੇ ਜਿਕਰਯੋਗ ਹੈ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਮੁਖੀ ਹਰੀਸ਼ ਰਾਵਤ ਨੇ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਤੇ ਪੰਜਾਬ ਵਾਸੀਆਂ ਨੂੰ ਬਿਜਲੀ ਦੀਆਂ ਦਰਾਂ ਵਿੱਚ ਰਾਹਤ ਦੇਣ ਲਈ ਕਿਹਾ। ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਮੁਖੀ ਨਵਜੋਤ ਸਿੰਘ ਸਿੱਧੂ ਵੀ ਬਿਜਲੀ ਦਰਾਂ ਘਟਾਉਣ ’ਤੇ ਜ਼ੋਰ ਦੇ ਰਹੇ ਹਨ। ਸ੍ਰੀ -

     

ਪੰਜਾਬ ਕਾਂਗਰਸ ਦਾ ਸੰਕਟ

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜਿਉਂ ਜਿਉਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਿਉਂ ਤਿਉਂ ਰਾਜ ਕਰ ਰਹੀ ਕਾਂਗਰਸ ਪਾਰਟੀ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈੈੈ। 5 ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨਾਲ ਬਹੁਤ ਸਾਰੇ ਵਾਅਦੇ ਕਰਕੇ ਸੱਤਾ ਦੇ ਸਿੰਗਾਂ ਨੂੰ ਹੱਥ ਪਾ ਲਿਆ ਸੀ। ਉਸ ਵੇਲੇ ਉਨ੍ਹਾਂ ਨੇ ਭੋਲੇ ਭਾਲੇ ਪੰਜਾਬੀਆਂ ਨੂੰ ਵੱਡੇ ਸਬਜ਼ਬਾਗ ਦਿਖਾਕੇ ਸੱਤਾ ਹਥਿਆ ਲਈ ਸੀ, ਜਿਹੜੇ ਵਾਅਦੇ ਉਨ੍ਹਾਂ ਕੀਤੇ ਸਨ ਉਨ੍ਹਾਂ ਨੂੰ ਪੂਰਾ ਕਰਨ ਦੀ ਕੈਪਟਨ ਅਮਰਿੰਦਰ ਸਿੰਘ ਵਿੱਚ ਸਮਰਥਾ ਨਹੀ ਸੀ।  ਉਸ ਵੇਲੇ ਪੰਜਾਬ ਦੇ ਲੋਕ ਅਕਾਲੀ ਦਲ ਦੀ  ਰਾਜਨੀਤੀ ਤੋਂ ਤੰਗ ਆਏ ਹੋਏ ਸਨ ਇਸ ਲਈ ਉਨ੍ਹਾਂ ਆਮ ਆਦਮੀ ਪਾਰਟੀ ਨਾਲੋਂ ਕੈਪਟਨ ਦੇ ਵਾਅਦੇ ਉੱਤੇ ਯਕੀਨ ਕਰਕੇ ਇਸ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ। ਪਰ ਹੁਣ 5 ਸਾਲ ਬਾਅਦ ਸਥਿਤੀ ਤਬਦੀਲ ਹੁੰਦੀ ਨਜ਼ਰ ਆ ਰਹੀ ਹੈੈ।

 

ਕੈਪਟਨ ਦੇ ਕੈਬਨਿਟ ਮੰਤਰੀ ਇਸ ਵੇਲੇ ਬਗਾਵਤ ਦਾ ਝੰਡਾ ਚੁੱਕੀ ਫਿਰਦੇ ਹਨ। ਉਨ੍ਹਾਂ ਦਾ ਕਹਿਣਾਂ ਹੈ ਕਿ ਕੈਪਟਨ 5 ਸਾਲ ਪਹਿਲਾਂ ਕੀਤੇ ਮੁੱਖ ਵਾਅਦਿਆਂ ਵਿੱਚੋਂ ਕੋਈ ਵੀ ਪੂਰਾ ਕਰਨ ਦੇ ਸਮਰਥ ਨਹੀ ਰਿਹਾ ਇਸ ਲਈ ਸਾਡੇ ਵਾਸਤੇ ਮੁੜ ਪੰਜਾਬ ਦੇ ਲੋਕਾਂ ਸਾਹਮਣੇ ਜਾਣਾ ਮੁਸ਼ਕਲ ਹੋ ਰਿਹਾ ਹੈੈ। ਹੌਲੀ ਹੌਲੀ ਕੈਪਟਨ ਦਾ ਵਿਰੋਧ ਕਰਨ ਤੋਂ ਬਾਅਦ ਹੁਣ ਇਨ੍ਹਾਂ ਕਾਂਗਰਸੀਆਂ ਨੇ ਕੈਪਟਨ ਨੂੰ ਗੱਦੀ ਤੋਂ ਲਾਹਕੇ ਕਿਸੇ ਸੀਨੀਅਰ ਕਾਂਗਰਸੀ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਚਲਾ ਲਈ ਹੈੈੈ। ਉਨ੍ਹਾਂ ਦਾ ਕਹਿਣਾ ਹੈ ਕਿ ਕੈਪਟਨ ਨਾ ਤਾਂ ਬੇਅਦਬੀ ਦੇ ਮਾਮਲੇ ਤੇ ਇਨਸਾਫ ਦਿਵਾ ਸਕਿਆ ਹੈ ਅਤੇ ਨਾ ਹੀ ਨਸ਼ਿਆਂ ਨੂੰ ਠੱਲ੍ਹ ਪਾ ਸਕਿਆ ਹੈੈੈ। ਨਸ਼ਿਆਂ ਦੇ ਵੱਡੇ ਸੌਦਾਗਰ ਹਾਲੇ ਵੀ ਦਨਦਨਾਉਂਦੇ ਫਿਰਦੇ ਹਨ। ਦੋਸ਼ੀ ਪੁਲਿਸ ਅਫਸਰਾਂ ਦੇ ਘਰਾਂ ਦੀਆਂ ਕੰਧਾਂ ਤੇ ਪੁਲਿਸ ਲਾਠੀਆਂ ਮਾਰਕੇ ਵਾਪਸ ਆ ਜਾਂਦੀ ਹੈ ਅਤੇ ਗਿ੍ਫਤਾਰ ਨਹੀ ਕਰ ਪਾਉਂਦੀ।

 

ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਕਾਂਗਰਸੀਆਂ ਦੇ ਇਹ ਗਿਲੇ ਜਾਇਜ ਹਨ। ਕੈਪਟਨ ਅਮਰਿੰਦਰ ਸਿੰਘ ਪਿਛਲੇ 5 ਸਾਲਾਂ ਦੌਰਾਨ ਅਸਫਲ ਮੁੱਖ ਮੰਤਰੀ ਸਾਬਤ ਹੋਏ ਹਨ। ਨਾ ਤਾਂ ਉਹ ਪੰਜਾਬ ਸਿਰ ਚੜ੍ਹਿਆ ਕਰਜਾ ਘਟਾਉਣ ਵਿੱਚ ਕਾਮਯਾਬ ਹੋਏ ਹਨ ਅਤੇ ਨਾ ਹੀ ਉਹ ਵਾਅਦੇ ਪੂਰੇ ਕਰਨ ਵਿੱਚ ਸਫਲ ਹੋਏ ਹਨ ਜਿਹੜੇ ਉਨ੍ਹਾਂ 2017 ਵਿੱਚ ਕੀਤੇ ਸਨ। ਇਸਤੋਂ ਵੀ ਵੱਡੀ ਗੱਲ ਇਹ ਹੈ ਕਿ ਕੈਪਟਨ ਨੇ ਪਿਛਲੇ 5 ਸਾਲਾਂ ਦੌਰਾਨ ਪੰਜਾਬ ਵਲ ਧਿਆਨ ਨਹੀਂ ਦਿਤਾ। ਉਹ ਤਾਂ ਆਪਣੀ ਪਾਰਟੀ ਦੇ ਵਿਧਾਇਕਾਂ ਨੂੰ ਵੀ ਨਹੀ ਸੀ ਮਿਲਦੇ। 

 ਕਾਂਗਰਸ ਪਾਰਟੀ ਦੇ ਕੁਝ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀ ਤੋਂ ਲਾਹੁਣ ਦੀ ਤਿਆਰੀ ਵਿੱਚ ਹਨ।ਕੈਪਟਨ ਵਿਰੋਧੀ ਖੇਮੇ ਦਾ ਮੰਨਣਾ ਹੈ ਕਿ ਪਿਛਲੇ 5 ਸਾਲਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਨਾਲ ਮਿਲਕੇ ਖੇਡ ਖੇਡੀ ਹੈੈੈ। ਨਹੀ ਤਾਂ ਮੁੱਖ ਮੰਤਰੀ ਬਣਦੇ ਸਾਰ ਹੀ ਪਹਿਲਾ ਕੰਮ ਅਕਾਲੀਆਂ ਦੀ ਨਿੱਜੀ ਟਰਾਂਸਪੋਰਟ ਨੂੰ ਬੰਦ ਕਰਵਾਉਣ ਅਤੇ ਕੇਬਲ ਵਪਾਰ ਨੂੰ ਬੰਦ ਕਰਵਾਉਣ ਦਾ ਹੋਣਾਂ ਚਾਹੀਦਾ ਸੀ। ਪੰਜਾਬ ਦੇ ਕਿਸੇ ਵੀ ਗਵਾਂਢੀ ਰਾਜ ਵਿੱਚ ਨਿੱਜੀ ਟਰਾਂਸਪੋਰਟ ਏਨੀ ਮਜਬੂਤ ਨਹੀ ਹੈ ਕਿ ਉਹ ਮਾਫੀਆ ਦਾ ਰੂਪ ਧਾਰ ਲਵੇ। ਹਰਿਆਣਾਂ, ਹਿਮਾਚਲ, ਰਾਜਸਥਾਨ, ਦਿੱਲੀ, ਉੱਤਰ ਪਰਦੇਸ਼ ਅਤੇ ਮੱਧ ਪਰਦੇਸ਼ ਤੱਕ ਸਾਰੇ ਪਾਸੇ ਸਰਕਾਰੀ ਟਰਾਂਸਪੋਰਟ ਮਜਬੂਤੀ ਨਾਲ ਚੱਲ ਰਹੀ ਹੈ ਪਰ ਸਿਰਫ ਪੰਜਾਬ ਵਿੱਚ ਅਕਾਲੀਆਂ ਨੇ ਇਸਦਾ ਭੱਠਾ ਬਿਠਾ ਦਿੱਤਾ ਹੈੈ। ਸਹੀ ਟਰਾਂਸਪੋਰਟ,ਸ਼ਰਾਬ ਨੀਤੀ,ਕੇਬਲ ਨੀਤੀ,ਰੇਤਾ-ਬਜਰੀ ਨੀਤੀ, ਮੀਡੀਆ ਨੀਤੀ ਆਦਿ ਨਾਲ ਪੰਜਾਬ ਦਾ ਖਜਾਨਾ ਭਰਕੇ, ਸਿਰ ਚੜ੍ਹਿਆ ਕਰਜਾ ਮੋੜਿਆ ਜਾ ਸਕਦਾ ਹੈ ਅਤੇ ਆਉਣ ਵਾਲੀਆਂ ਪੀੜੀਆਂਂ ਦਾ ਭਵਿੱਖ ਸੁਰਖਰੂ ਕੀਤਾ ਜਾ ਸਕਦਾ ਹੈੈੈ।