ਨਕੋਦਰ ਬੇਅਦਬੀ ਕਾਂਡ ਕਾਰਣ ਸੁਖਬੀਰ ਬਾਦਲ ਤੇ ਉਸਦੇ ਜੋਟੀਦਾਰ ਫਿਰ ਫਸੇ

ਨਕੋਦਰ ਬੇਅਦਬੀ ਕਾਂਡ ਕਾਰਣ ਸੁਖਬੀਰ ਬਾਦਲ ਤੇ ਉਸਦੇ ਜੋਟੀਦਾਰ ਫਿਰ ਫਸੇ

ਨਕੋਦਰ ਬੇਅਦਬੀ ਕਾਂਡ ਕਾਰਣ ਸੁਖਬੀਰ ਬਾਦਲ ਤੇ ਉਸਦੇ ਜੋਟੀਦਾਰ ਫਿਰ ਫਸੇ ,ਦਰਬਾਰਾ ਸਿੰਘ ਗੁਰੂ ਦੀ ਨਿਯੁਕਤੀ ਵਾਪਸ ਲਈ
ਜਥੇਦਾਰ ਮੌਨ ਕਿਉਂ, ਬਾਦਲਕਿਆਂ ਦੀਆਂ ਸਰਗਰਮੀਆਂ ਉਪਰ ਪਾਬੰਦੀਆਂ ਕਿਉਂ ਨਹੀਂ
ਵਾਰ ਵਾਰ ਸਿਖ ਪੰਥ ਪ੍ਰਤੀ ਗੁਨਾਹ ਦੁਹਰਾ ਰਹੇ ਨੇ ਬਾਦਲਕੇ
ਕੀ ਪੰਥ ਦੇ ਗੁਨਾਹਗਾਰ ਚਲਾਉਣਗੇ ਅਕਾਲੀ ਦਲ, ਜਥੇਦਾਰ ਜੁਆਬ ਦੇਣ


ਜਥੇਦਾਰ ਅਕਾਲ ਤਖਤ ਸਮੇਤ ਸਿੰਘ ਸਾਹਿਬਾਨ  ਬਾਦਲ ਧੜੇ ਖਿਲਾਫ ਨਰਮ ਵਰਤਾਰਾ ਅਪਨਾ ਰਹੇ ਹਨ। ਇਨ੍ਹਾਂ ਦੀਆਂ ਸਿਆਸੀ ਗਤੀਵਿਧੀਆਂ ਉਪਰ ਇਨ੍ਹਾਂ ਬਿਲਕੁਲ ਪਾਬੰਦੀਆਂ ਨਹੀਂ ਲਗਾਈਆਂ ਜਦ ਕਿ ਇਹ ਸਿਖ ਪੰਥ ਦੇ ਦੋਸ਼ੀ ਹਨ, ਜਿਨ੍ਹਾਂ ਕਾਰਣ ਸਿਖ ਪੰਥ ਦਾ ਘਾਣ ਹੋਇਆ ਹੈ। ਜਦ ਕਿ ਸੁਖਬੀਰ ਸਿੰਘ ਬਾਦਲ ਸਮੇਤ,ਦਲਜੀਤ ਸਿੰਘ ਚੀਮਾ, ਬਲਵਿੰਦਰ ਸਿੰਘ ਭੂੰਦੜ ਮਹੇਸ਼ ਸਿੰਘ ਗਰੇਵਾਲ ਸੌਦਾ ਸਾਧ ਦੀ ਮੁਆਫੀ ਵਿਚ  ਪਿਉ-ਪੁੱਤ ਬਾਦਲ ਦੇ ਖਾਸ ਜੋਟੀਦਾਰ ਰਹੇ ਹਨ।
ਹੁਣ ਬਾਦਲਕਿਆਂ ਨੇ ਆਪਣੇ ਚਹੇਤੇ ਫੈਡਰੇਸ਼ਨ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਰਾਹੀਂ ਸਿੰਘ ਸਾਹਿਬਾਨਾਂ ਨੂੰ ਗੁਮਰਾਹ ਕਰਨ ਦਾ ਯਤਨ ਕੀਤਾ ਹੈ ਕਿ  ਇਕ ਪੱਤਰ ਭੇਜਕੇ ਮੰਗ ਕੀਤੀ ਹੈ ਕਿ ਜਿਹੜੇ ਕਾਂਗਰਸੀ, ਆਪ ਆਗੂ  ਚੋਣਾਂ ਦੌਰਾਨ ਸੌਦਾ ਸਾਧ ਕੋਲ ਵੋਟਾਂ ਮੰਗਣ ਗਏ ਸਨ ਉਨ੍ਹਾਂ ਨੂੰ ਅਕਾਲ ਤਖਤ ਸਾਹਿਬ ਪੇਸ਼ ਕੀਤਾ ਜਾਵੇ। ਜਦਕਿ ਇਹਨਾਂ ਸਭ ਦੀ ਪੇਸ਼ੀ ਹੋ ਚੁਕੀ ਹੈ।
ਜਦ ਕਿ ਮਸਲਾ ਬਹਿਬਲ ਗੋਲੀ ਕਾਂਡ ਤੇ ਸੌਦਾ ਸਾਧ ਨੂੰ  ਅਕਾਲ ਤਖਤ ਤੋਂ ਮਾਫ ਕਰਵਾਉਣ ਦਾ ਮਸਲਾ ਹੈ ।ਇਸ ਦੇ ਲਈ ਵਡਾ ਬਾਦਲ ਸੁਖਬੀਰ ਸਿੰਘ ਬਾਦਲ, ਗਿਆਨੀ ਗੁਰਬਚਨ ਸਿੰਘ ਸਮੇਤ ਪੰਜ ਸਿੰਘ ਸਾਹਿਬਾਨ ਤੇ ਸੁਖਬੀਰ ਬਾਦਲ ਦੇ ਧੜੇ ਦੇ ਮੁਖ ਲੀਡਰ ਜਿੰਮੇਵਾਰ ਹਨ।
ਸਿੰਘ ਸਾਹਿਬਾਨ ਨੂੰ ਕਰਨੈਲ ਸਿੰਘ ਪੀਰ ਮੁਹੰਮਦ ਉਪਰ ਕਾਰਵਾਈ ਕਰਨੀ ਚਾਹੀਦੀ ਹੈ ਕਿਉਂ ਕਿ ਉਹ ਇਸ ਮਸਲੇ ਨੂੰ ਭਟਕਾਉਣ ਤੇ ਸਿੰਘ ਸਾਹਿਬਾਨ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।


ਦਰਬਾਰਾ ਸਿੰਘ ਗੁਰੂ ਨਕੋਦਰ ਬੇਅਦਬੀ ਕਾਂਡ ਦਾ ਦੋਸ਼ੀ?

ਸੁਖਬੀਰ ਬਾਦਲ ਦੀ ਸਿਖ ਪੰਥ ਨੂੰ ਠੇਸ ਪਹੁੰਚਾਉਣ ਦੀ ਦੂਜੀ ਗੁਨਾਹਗਾਰ ਵਜੋਂ ਪ੍ਰਕਿਰਿਆ ਦਰਬਾਰਾ ਸਿੰਘ ਗੁਰੂ ਨੂੰ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦਾ ਸਕਤਰ ਲਗਾਉਣਾ ਜਿਸ ਉਪਰ ਨਕੋਦਰ ਬੇਅਦਬੀ ਕਾਂਡ ਦੌਰਾਨ ਸਿਖਾਂ ਉਪਰ ਗੋਲੀਕਾਂਡ ਦੇ ਦੋਸ਼ ਲਗੇ ਸਨ। ਇਹ ਸਪਸ਼ਟ ਹੈ ਕਿ ਦਰਬਾਰਾ ਸਿੰਘ ਗੁਰੂ ਬਾਦਲ ਪਰਿਵਾਰ ਦੇ ਅਤਿ ਨੇੜੇ ਹੈ।ਵਡੀ ਗਲ ਇਹ ਹੈ ਕਿ ਸੁਖਬੀਰ ਬਾਦਲ ਸਿਖ ਪੰਥ ਵਿਰੁਧ ਲਗਾਤਾਰ ਅਪਰਾਧ ਕਰ ਰਹੇ ਹਨ।ਪਰ ਸਿੰਘ ਸਾਹਿਬਾਨ  ਸੁਖਬੀਰ ਬਾਦਲ ਸਮੇਤ ਇਹਨਾਂ ਦੇ ਜੋਟੀਦਾਰ ਦੀਆਂ ਗਤੀਵਿਧੀਆਂ  ਉਪਰ ਪਾਬੰਦੀਆਂ ਨਹੀਂ ਲਗਾ ਰਹੇ। ਜਦ ਕਿ ਇਹ ਜਰੂਰੀ ਸੀ।
ਬੀਤੇ ਦਿਨੀਂ  1986 ਸਾਕਾ ਨਕੋਦਰ ਕਾਂਡ ਨਾਲ ਜੁੜੇ ਦਰਬਾਰਾ ਸਿੰਘ ਗੁਰੂ ਨਿਯੁਕਤੀ ਦੇ ਖ਼ਿਲਾਫ਼  ਨਕੋਦਰ ਕਾਂਡ ਦੇ ਸ਼ਹੀਦ ਰਵਿੰਦਰ ਸਿੰਘ ਲਿਤਰਾਂ ਦੇ ਮਾਪਿਆਂ ਨੇ ਜਥੇਦਾਰ ਨੂੰ ਚਿੱਠੀ ਲਿਖਕੇ ਬੇਨਤੀ ਕੀਤੀ ਸੀ ਕਿ ਸੁਖਬੀਰ ਬਾਦਲ ਦੀ ਸਜ਼ਾ ਸਬੰਧੀ ਆਪਣਾ ਫ਼ੈਸਲਾ ਲੈਣ ਸਮੇਂ ਇਸ ਨੂੰ ਧਿਆਨ ਵਿੱਚ ਰੱਖਿਆ ਜਾਵੇ।
ਚਿੱਠੀ ਵਿੱਚ ਨਕੋਦਰ ਕਾਂਡ ਦੇ ਸ਼ਹੀਦ ਰਵਿੰਦਰ ਸਿੰਘ ਲਿਤਰਾਂ ਦੇ ਮਾਪਿਆਂ ਨੇ ਕਿਹਾ ਸੀ ਕਿ 2 ਫਰਵਰੀ 1986 ਨੂੰ ਨਕੋਦਰ ਦੇ ਗੁਰੂ ਨਾਨਕਪੁਰਾ ਮਹੱਲੇ ਦੇ ਗੁਰੂ ਅਰਜਨ ਸਾਹਿਬ ਜੀ ਦੇ ਗੁਰਦਵਾਰਾ ਸਾਹਿਬ ਵਿੱਚ ਬਰਨਾਲਾ ਅਕਾਲੀ ਸਰਕਾਰ ਦੇ ਰਾਜ ਦੌਰਾਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪੰਜ ਸਰੂਪ ਪੰਥ ਦੋਖੀਆਂ ਨੇ ਅਗਨ ਭੇਂਟ ਕਰ ਦਿੱਤੇ ਸਨ, 38 ਸਾਲ ਬੀਤਣ ਦੇ ਬਾਵਜੂਦ ਅੱਜ ਤੱਕ ਕੋਈ ਵੀ ਸਰਕਾਰ ਇਹ ਪਤਾ ਨਹੀਂ ਲਗਾ ਸਕੀ ਕਿ ਇਸ ਘਿਨੌਣੀ ਕਾਰਵਾਈ ਲਈ ਕੌਣ ਜ਼ਿੰਮੇਵਾਰ ਸੀ, ਕਿਸੇ ਨੂੰ ਅੱਜ ਤੱਕ ਸਜ਼ਾ ਨਹੀਂ ਮਿਲੀ।
ਚਾਰ ਬੇਗ਼ੁਨਾਹ ਸਿੱਖ ਨੌਜਵਾਨਾਂ - ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਬਲਧੀਰ ਸਿੰਘ ਰਾਮਗੜ੍ਹ, ਭਾਈ ਝਲਮਣ ਸਿੰਘ ਗੋਰਸੀਆਂ ਅਤੇ ਭਾਈ ਹਰਮਿੰਦਰ ਸਿੰਘ ਚਲੂਪਰ ਨੂੰ 4 ਫਰਵਰੀ 1986 ਨੂੰ ਉਸ ਸਮੇਂ ਦੀ ਪੰਥਕ ਸਰਕਾਰ ਨੇ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦਾ ਵਿਰੋਧ ਕਰਨ ਕਾਰਨ ਦਿਨ ਦਿਹਾੜੇ ਛਾਤੀਆਂ ਵਿੰਨ੍ਹ ਕੇ ਸ਼ਹੀਦ ਕਰ ਦਿੱਤਾ ਸੀ, ਉਨ੍ਹਾਂ ਦੇ ਪੋਸਟ ਮਾਰਟਮ ਵੀ ਅਜੋਕੇ ਪੰਥਕ ਆਗੂ ਤੇ ਉਸ ਸਮੇਂ ਦੇ ਐਕਟਿੰਗ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਦੇ ਹੁਕਮਾਂ ‘ਤੇ ਕੀਤੇ ਗਏ, ਪਰਿਵਾਰਾਂ ਨੂੰ ਆਪਣੇ ਬੱਚਿਆਂ ਦੇ ਸ਼ਹੀਦੀ ਸਰੂਪ ਵੀ ਅੰਤਿਮ ਸਸਕਾਰ ਲਈ ਨਸੀਬ ਨਾ ਹੋਏ ਤੇ ਉਸ ਸਮੇ ਦੇ ਐੱਸ ਐੱਸ ਪੀ ਮੁਹੰਮਦ ਇਜ਼ਹਾਰ ਆਲਮ ਜਿਸ ਦੀ ਦੇਖ ਰੇਖ ਵਿੱਚ ਇਹ ਸਾਕਾ ਵਾਪਰਿਆ ਨੂੰ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਤੇ ਪੰਥਕ ਪਾਰਟੀ ਨੇ ਉਸ ਦੇ ਮਰਨ ਤੱਕ ਉਸ ਦੀ ਪੁਸ਼ਤ ਪਨਾਹੀ ਕੀਤੀ ।
ਸ਼ਹੀਦ ਪਰਿਵਾਰ ਨੇ ਲਿਖਿਆ ਕਿ ਨਕੋਦਰ ਸਾਕੇ ਦੀ ਜਾਂਚ ਲਈ ਸਰਕਾਰ ਨੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਬਣਾਇਆ, ਜਿਸਨੇ ਆਪਣੀ ਰਿਪੋਰਟ ਪੰਜਾਬ ਦੀ ਸਰਕਾਰ ਨੂੰ 31 ਅਕਤੂਬਰ 1986 ਨੂੰ ਸੌਂਪ ਦਿੱਤੀ, ਪਰ ਪੰਥਕ ਸਰਕਾਰ ਨੇ ਇਹ ਰਿਪੋਰਟ ਦੱਬ ਦਿੱਤੀ ਅਤੇ 5 ਮਾਰਚ 2001 ਨੂੰ ਪੰਥਕ ਸਰਕਾਰ ਨੇ ਇੱਕ ਵਾਰ ਫੇਰ ਇਹ ਰਿਪੋਰਟ ਦਾ ਇੱਕ ਹਿੱਸਾ ਖਾਨਾ ਪੂਰਤੀ ਲਈ ਵਿਧਾਨ ਸਭਾ ਵਿੱਚ ਰੱਖਕੇ ਮੁਲਜ਼ਮਾਂ ਨੂੰ ਬਚਾ ਲਿਆ, ਲੋੜੀਂਦੀ ਐਕਸ਼ਨ ਟੇਕਨ ਰਿਪੋਰਟ ਵੀ ਵਿਧਾਨ ਸਭਾ ਵਿਚ ਨਾ ਰੱਖੀ ਗਈ।
ਪੀੜਤਾਂ ਨੇ ਇਹ ਵੀ ਕਿਹਾ ਹੈ ਕਿ ਦਰਬਾਰਾ ਸਿੰਘ ਗੁਰੂ ਨੇ ਫਰਵਰੀ 2022 ਵਿਚ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕਰ ਲਈ ਸੀ, ਪਰ ਪਤਾ ਨਹੀਂ ਕਿੰਨ੍ਹਾਂ ਕਾਰਨਾਂ ਕਰ ਕੇ ਬਾਦਲਕਿਆਂ ਨੇ ਨਾ ਸਿਰਫ਼ ਇਸ ਨੂੰ ਦੁਬਾਰਾ ਪਾਰਟੀ ਵਿਚ ਵਾਪਸ ਲਿਆਂਦਾ ਹੈ ਬਲਕਿ ਨਵੇਂ ਕਾਰਜ਼ਕਾਰੀ ਪ੍ਰਧਾਨ ਦਾ ਖ਼ਾਸ ਸਲਾਹਕਾਰ ਵੀ ਨਿਯੁਕਤ ਕੀਤਾ ਹੈ?
ਸਾਡੇ ਜ਼ਖਮਾਂ ਉਪਰ ਵਾਰ ਵਾਰ ਬਾਦਲਕੇ ਲੂਣ ਨਾ ਛਿੜਕਨ-ਸ਼ਹੀਦ ਪਰਿਵਾਰ
ਸ਼ਹੀਦਾਂ ਦੇ ਪਰਿਵਾਰ ਨੇ ਜਥੇਦਾਰ ਸਾਹਿਬਾਨ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਜ਼ਖ਼ਮਾਂ ਤੇ ਵਾਰ-ਵਾਰ ਲੂਣ ਨਾ ਛਿੜਕਿਆ ਜਾਵੇ। ਇਸ ਤੋਂ ਪਹਿਲਾਂ ਇਸੇ ਦਰਬਾਰਾ ਸਿੰਘ ਗੁਰੂ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਪ੍ਰਿੰਸੀਪਲ ਸੈਕਟਰੀ ਲਗਾਇਆ, ਉਨ੍ਹਾਂ ਨੂੰ 2012 ਵਿਚ ਭਦੌੜ ਤੋਂ, 2017 ਵਿਚ ਬੱਸੀ ਪਠਾਣਾ ਤੋਂ ਤੇ 2019 ਵਿਚ ਫ਼ਤਹਿਗੜ੍ਹ ਸਾਹਿਬ ਤੋਂ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਟਿਕਟਾਂ ਦਿੱਤੀਆਂ ਜੋ ਕਿ ਸਿੱਖ ਕੌਮ ਦੀਆ ਭਾਵਨਾਵਾਂ ਦੇ ਬਿਲਕੁਲ ਉਲਟ ਸੀ ਅਤੇ ਦਰਬਾਰਾ ਸਿੰਘ ਗੁਰੂ ਤਿੰਨੇ ਵਾਰ ਹਾਰੇ। ਸੁਮੇਧ ਸੈਣੀ ਅਤੇ ਇਜ਼ਹਾਰ ਆਲਮ ਵਾਂਗ ਦਰਬਾਰਾ ਸਿੰਘ ਗੁਰੂ ਵੀ ਇਸੇ ਕਤਾਰ ਵਿੱਚ ਆਉਂਦੇ ਹਨ।
ਇਸ ਤੋਂ ਸਪਸ਼ਟ ਹੈ ਕੀ ਸੁਖਬੀਰ ਸਿੰਘ ਬਾਦਲ ਤੇ ਉਸ ਦੇ ਸੀਨੀਅਰ ਸਾਥੀ ਬਲਵਿੰਦਰ ਸਿੰਘ ਭੂੰਦੜ ਆਦਿ ਸਮੇਤ ਸਿਖ ਪੰਥ ਦੇ ਜ਼ਖਮ ਉਪਰ ਵਾਰ ਵਾਰ ਲੂਣ ਭੂਕ ਰਹੇ ਹਨ। ਇਸ ਬਾਰੇ ਸਿਖ ਪੰਥ ਨੂੰ ਜਾਗਣਾ ਚਾਹੀਦਾ ਹੈ। ਇਹਨਾਂ ਕੂੜ ਦੀਆਂ ਕਾਰਵਾਈਆਂ ਦਾ ਵਿਰੋਧ ਕਰਨਾ ਚਾਹੀਦਾ ਹੈ।
ਦਰਬਾਰਾ ਸਿੰਘ ਗੁਰੂ ਬਾਰੇ ਬਾਦਲਕਿਆਂ ਦਾ ਯੂ ਟਰਨ
ਭਾਵੇਂ ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਆਈ.ਏ.ਐੱਸ.ਅਧਿਕਾਰੀ ਦਰਬਾਰਾ ਸਿੰਘ ਗੁਰੂ ਦੀ ਨਿਯੁਕਤੀ ’ਤੇ ਇਸੇ ਕਾਰਣ ਯੂ-ਟਰਨ ਲੈ ਲਿਆ ਹੈ। ਪਾਰਟੀ ਨੇ ਕਾਰਜਕਾਰੀ ਪ੍ਰਧਾਨ ਸ: ਬਲਵਿੰਦਰ ਸਿੰਘ ਭੂੰਦੜ ਦੇ ਸਲਾਹਕਾਰ ਵਜੋਂ ਕੀਤੀ ਗਈ ਉਨ੍ਹਾਂ ਦੀ ਨਿਯੁਕਤੀ ਵਾਪਸ ਲੈ ਲਈ ਹੈ।ਬਾਦਲ ਦਲ ਹਾਲੇ ਤਕ ਆਪਣੇ ਤੌਰ ਤਰੀਕਿਆਂ ਨੂੰ ਸੁਧਾਰਣ ਲਈ ਅਜੇ ਵੀ ਤਿਆਰ ਨਹੀਂ ਹੈ। ਅਕਾਲ ਤਖਤ ਵਲੋਂ ਸੁਖਬੀਰ ਬਾਦਲ ਨੂੰ ਪੰਥਕ ਦੋਸ਼ਾਂ ਕਾਰਣ ਗੁਨਾਹਗਾਰ ਵਜੋਂ ਸੰਬੋਧਨ ਕੀਤਾ ਸੀ।
ਕੀ ਕਹਿੰਦੇ ਨੇ ਦਰਬਾਰਾ ਸਿੰਘ ਗੁਰੂ
ਦੂਜੇ ਪਾਸੇ ਦਰਬਾਰਾ ਸਿੰਘ ਗੁਰੂ ਦਾ ਕਹਿਣਾ ਸੀ  ਕਿ ਉਹ ਨਾ ਤਾਂ ਮੌਕੇ ’ਤੇ ਮੌਜੂਦ ਸਨ ਅਤੇ ਨਾ ਹੀ ਉਨ੍ਹਾਂ ਗੋਲੀ ਚਲਾਉਣ ਲਈ ਕੋਈ ਹੁਕਮ ਜਾਂ ਪ੍ਰਵਾਨਗੀ ਦਿੱਤੀ ਸੀ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਤਾਂ ਪੁਲਿਸ ਦੇ ਅਧਿਕਾਰੀਆਂ ਵੱਲੋਂ ਗੋਲੀ ਚਲਾਉਣ ਤੋਂ ਬਾਅਦ ਵੀ ਸੂਚਿਤ ਨਹੀਂ ਕੀਤਾ ਗਿਆ ਸੀ। ਉਨ੍ਹਾਂ ਨੇ 1986 ਦੇ ਨਕੋਦਰ ਪੁਲਿਸ ਕੇਸ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਹੋਣ ਤੋ ਇਨਕਾਰ ਕੀਤਾ ਹੈ ਅਤੇ ਜ਼ੋਰ ਦੇ ਕੇ ਕਿਹਾ ਹੈ ਕਿ ਕੁਝ ਤਾਕਤਾਂ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਸਰਗਰਮ ਹਨ। ਇਹ ਤਾਂ ਦਰਬਾਰਾ ਸਿੰਘ ਗੁਰੂ ਦਾ ਪਖ ਹੈ।
ਪਰ ਅੰਤਮ ਫੈਸਲਾ ਸਿਖ ਪੰਥ ਦਾ ਹੋਣਾ ਹੈ।ਮੁਖ ਸੰਕਟ ਦਾ ਵਿਸ਼ਾ ਹੈ ਕਿ ਸੁਖਬੀਰ ਬਾਦਲ ਦੇ ਸਲਾਹਕਾਰ ਉਹੀ ਹਨ ਜੋ ਸਿਖ ਪੰਥ ਵਿਰੋਧੀ ਹਨ ਤੇ ਸਿਖ ਪੰਥ ਪ੍ਰਤੀ ਗੁਨਾਹਗਾਰ  ਹਨ।
ਦਰਬਾਰਾ ਸਿੰਘ ਗੁਰੂ ਇਨ੍ਹਾਂ ਸੁਆਲਾਂ ਦੇ ਜੁਆਬ ਦੇਣ
ਕੀ ਫਤਿਹਗੜ੍ਹ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੇ 1986 ਦੀ ਨਕੋਦਰ ਫਾਇਰਿੰਗ, ਜਿਸ ਵਿੱਚ 4 ਸਿੱਖ ਨੌਜਵਾਨ ਮਾਰੇ ਗਏ ਸਨ, ਵਿੱਚ ਕੋਈ ਭੂਮਿਕਾ ਨਿਭਾਈ ਸੀ? ਕੀ ਜਲੰਧਰ ਦੇ ਅਕਾਲੀ ਉਮੀਦਵਾਰ-ਚਰਨਜੀਤ ਸਿੰਘ ਅਟਵਾਲ ਨੇ 2001 ਵਿੱਚ ਪੰਜਾਬ ਵਿਧਾਨ ਦਾ ਸਪੀਕਰ ਹੁੰਦਿਆਂ ਨਕੋਦਰ ਕਤਲੇਆਮ ਅਤੇ ਬੇਅਦਬੀ ਬਾਰੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਬਾਦਲ ਦਲ ਦੇ ਦਬਾਅ ਹੇਠ, ਐਕਸ਼ਨ ਟੇਕਨ ਰਿਪੋਰਟ ਤੋਂ ਬਿਨਾਂ ਪੰਜਾਬ ਵਿਧਾਨ ਸਭਾ ਵਿੱਚ ਰੱਖੀ ਸੀ? ਕੀ ਬਾਦਲ ਦਲ ਰਿਪੋਰਟ ਨੂੰ ਦਬਾਉਣ ਅਤੇ ਮੁਲਜ਼ਮਾਂ ਨੂੰ ਉੱਚ ਅਹੁਦਿਆਂ ‘ਤੇ ਰੱਖਣ ਨਾਲ ਉਨ੍ਹਾਂ ਨੂੰ ਬਚਾਉਣ ਲਈ ਦੋਸ਼ੀ ਨਹੀਂ ਹੈ?  
ਇਨ੍ਹਾਂ ਸੁਆਲਾਂ ਦਾ ਜਵਾਬ ਕੋਣ ਦੇਵੇਗਾ ਸਿੰਘ ਸਾਹਿਬਾਨ ਜਾਂ ਬਾਦਲਕਿਆਂ ਦੀ ਦੋਸ਼ੀ ਲੀਡਰਸ਼ਿਪ
ਅਠੱਤੀ ਸਾਲ ਪਹਿਲਾਂ, ਚਾਰ ਸਿੱਖ ਨੌਜਵਾਨ -ਰਵਿੰਦਰ ਸਿੰਘ ਲਿੱਤਰਾਂ, ਬਲਧੀਰ ਸਿੰਘ ਰਾਮਗੜ੍ਹ, ਝਿਲਮਣ ਸਿੰਘ ਗੋਰਸੀਆਂ ਅਤੇ ਹਰਮਿੰਦਰ ਸਿੰਘ ਚਲੂਪਰ ਨੂੰ 4 ਫਰਵਰੀ, 1986 ਨੂੰ ਨਕੋਦਰ ਵਿਖੇ ਬਿਨਾ ਕਿਸੇ ਭੜਕਾਹਟ ਦੇ ਚਲਾਈ ਗਈ ਪੁਲਿਸ ਗੋਲੀਬਾਰੀ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ। ਇਹ ਗੋਲੀਬਾਰੀ ਗੁਰਦੁਆਰਾ ਗੁਰੂ ਅਰਜਨ ਸਾਹਿਬ ਮਹੱਲਾ ਗੁਰੂ ਨਾਨਕਪੁਰਾ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ ਹੋਈ ਸੀ।  ਜਨਤਕ ਦਬਾਅ ਅੱਗੇ ਝੁਕਦਿਆਂ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਬਣਾਇਆ ਗਿਆ, ਜਿਸਨੇ ਆਪਣੀ ਰਿਪੋਰਟ ਵਿੱਚ ‘‘ਬੇਲੋੜੀ ਗੋਲੀਬਾਰੀ ਲਈ ਪੁਲਿਸ ਨੂੰ ਦੋਸ਼ੀ ਅਤੇ ਪ੍ਰਸ਼ਾਸਨ ਨੂੰ ਸਹੀ ਫੈਸਲਿਆਂ ਦੀ ਘਾਟ ਅਤੇ ਅਯੋਗਤਾ ਲਈ ਦੋਸ਼ੀ ਕਰਾਰ ਦਿੱਤਾ’’। ਇਹ ਰਿਪੋਰਟ ਅਕਤੂਬਰ 1986 ਵਿਚ ਹੀ ਸਰਕਾਰ ਨੂੰ ਸੌਂਪ ਦਿੱਤੀ ਗਈ ਸੀ।
31 ਅਕਤੂਬਰ 1986 ਨੂੰ ਪੰਜਾਬ ਸਰਕਾਰ ਨੂੰ ਸੌਂਪੀ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਨੂੰ ਪੂਰੀ ਤਰ੍ਹਾਂ ਵਿਸ਼ਲੇਸ਼ਣ ਕਰਦਿਆਂ ਇਹ ਸਿੱਟਾ ਕੱਢਿਆ ਹੈ ਕਿ ਦਰਬਾਰਾ ਸਿੰਘ ਗੁਰੂ ਫਰਵਰੀ 1986 ਵਿੱਚ ਵੱਖ-ਵੱਖ ਕਾਰਵਾਈਆਂ ਕਰਨ ਅਤੇ ਕਈ ਕਾਰਵਾਈਆਂ ਨਾ ਕਰਨ ਦੇ ਦੋਸ਼ੀ ਹਨ। ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਮੁਤਾਬਕ ਉਹ ਚਾਰ ਸਿੱਖ ਨੌਜਵਾਨਾਂ ਦੀ ਗੈਰ-ਕਾਨੂੰਨੀ ਹੱਤਿਆ ਦੀ ਸਾਜਿਸ਼ ਦਾ ਦੋਸ਼ੀ ਹੈ।
ਜਿਸ ਢੰਗ ਨਾਲ ਚਾਰ ਸਿੱਖ ਜਵਾਨਾਂ ਦੀ ਹੱਤਿਆ ਦੇ ਬਾਬਤ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਚਰਨਜੀਤ ਸਿੰਘ ਅਟਵਾਲ ਨੇ ਪੰਜਾਬ ਅਸੈਂਬਲੀ ਦੇ ਸਪੀਕਰ ਦੇ ਤੌਰ ‘ਤੇ ਪੇਸ਼ ਕੀਤੀ, ਉਹ ਸਾਨੂੰ ਦਰਸਾਉਂਦਾ ਹੈ ਕਿ ਸਪੀਕਰ ਅਤੇ ਉਨ੍ਹਾਂ ਦਾ ਦਫ਼ਤਰ, ਬਾਦਲ ਦਲ ਦੇ ਨਾਲ ਦਸਤਾਵੇਜ਼ ਨੂੰ ਦਬਾਉਣ ਵਿੱਚ ਸ਼ਾਮਲ ਸੀ। ਇਸ ਰਿਪੋਰਟ ਨੂੰ 5 ਮਾਰਚ 2001 ਨੂੰ ਬਹਿਸ ਅਤੇ ਵਿਚਾਰ ਕੀਤੇ ਤੋਂ ਬਿਨਾਂ ਹੀ, ਐਕਸ਼ਨ ਟੇਕਨ ਰਿਪੋਰਟ ਦੀ ਅਣਹੋਂਦ ਵਿਚ ਹੀ, ਚੋਰੀ-ਛਿੱਪੇ ਰੱਖ ਦਿੱਤਾ ਗਿਆ ਸੀ। ਅਟਵਾਲ ਵੀ ਉਸ ਹੱਦ ਤੱਕ ਇਨਸਾਫ ਨੂੰ ਦਬਾਉਣ ਦੇ ਸਾਜ਼ਿਸ਼ਕਾਰ ਹਨ।
ਬਾਦਲ ਦਲ ਦੀ ਲੀਡਰਸ਼ਿਪ
ਵਡੇ ਬਾਦਲ ਤਾਂ ਇਸ ਦੁਨੀਆਂ ਵਿਚ ਨਹੀਂ ਹਨ,ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਪਵੇਗਾ ਕਿ ਇਨ੍ਹਾਂ ਸਾਰੇ ਦਹਾਕਿਆਂ ਦੌਰਾਨ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ? ਸੁਰਜੀਤ ਖਰਨੲ ਬਰਨਾਲਾ ਨੇ 1985 ਤੋਂ 1987 ਤੱਕ ਅਕਾਲੀ ਸਰਕਾਰ ਦੀ ਅਗਵਾਈ ਕੀਤੀ। ਪ੍ਰਕਾਸ਼ ਸਿੰਘ ਬਾਦਲ 1997 ਤੋਂ 2002 ਅਤੇ ਫਿਰ 2007 ਤੋਂ 2017 ਤੱਕ ਰਾਜ ਦੇ ਮੁੱਖ ਮੰਤਰੀ ਸਨ। ਕੀ 15 ਸਾਲ ਦਾ ਰਾਜ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਕਾਰਵਾਈ ਕਰਨ ਲਈ ਕਾਫੀ ਨਹੀਂ ਸੀ?
ਫਤਿਹਗੜ੍ਹ ਸਾਹਿਬ ਪਾਰਲੀਮਾਨੀ ਹਲਕੇ ਦੀ ਉਮੀਦਵਾਰੀ ਤੋਂ ਪਹਿਲਾਂ ਵੀ ਦਰਬਾਰਾ ਸਿੰਘ ਗੁਰੂ-ਸਾਬਕਾ ਨੌਕਰਸ਼ਾਹ ਅਤੇ ਬਾਦਲਾਂ ਦੇ ਭਰੋਸੇਮੰਦ ਸੀ ਅਤੇ 2007 ਤੋਂ 2011 ਤੱਕ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸਕੱਤਰ ਰਹੇ ਹਨ। ਪਹਿਲੋਂ ਪਹਿਲ, ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਸੀ ਕਿ ਜਦੋਂ ਪੁਲਿਸ ਦੀ ਗੋਲੀਬਾਰੀ ਹੋਈ ਉਹ ਨਕੋਦਰ ਵਿੱਚ ਮੌਜੂਦ ਹੀ ਨਹੀਂ ਸਨ।
ਜਦੋਂ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੰਨਾ ਵਿਖੇ ਦਰਬਾਰਾ ਸਿੰਘ ਦੀ ਉਮੀਦਵਾਰੀ ਦਾ ਐਲਾਨ ਕੀਤਾ ਤਾਂ ਮੀਡੀਆ ਨੂੰ ਸੰਬੋਧਨ ਕਰਦਿਆਂ ਨਿਰਾਸ਼  ਦਿਸਦੇ ਦਰਬਾਰਾ ਸਿੰਘ ਗੁਰੂ ਨੇ ਨਕੋਦਰ ਫਾਇਰਿੰਗ ਹਾਦਸੇ ਬਾਰੇ ਕਿਹਾ, ‘‘ਮੈਂ ਗੋਲੀਬਾਰੀ ਵਿੱਚ ਕੋਈ ਭੂਮਿਕਾ ਨਹੀਂ ਨਿਭਾਈ। ਉਦੋਂ ਤੋਂ ਉਹ ਉਹੀ ਰੱਟਾ ਲਗਾ ਰਹੇ ਹਨ।’’
ਪੰਜਾਬ ਦੇ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਕਿਹਾ ਸੀ ਕਿ  ਮੇਰਾ ਕੰਮ ਸਿਰਫ ਰਿਪੋਰਟ ਨੂੰ ਰੱਖਣਾ ਸੀ ਜੋ ਮੈਂ ਕੀਤਾ। ਮੈਨੂੰ ਪਤਾ ਨਹੀਂ ਕਿ ਸਰਕਾਰ ਨੇ ਕੋਈ ਕਾਰਵਾਈ ਕੀਤੀ ਜਾਂ ਨਹੀਂ ਕੀਤੀ।’’
ਭੋਣ
ਦਰਬਾਰਾ ਸਿੰਘ ਗੁਰੂ ਇਹਨਾਂ ਸਵਾਲਾਂ ਦੇ ਜਵਾਬ ਦੇਵੇ:

1. ਤੁਸੀਂ ਜਲੰਧਰ ਦੇ ਵਧੀਕ ਡਿਪਟੀ ਕਮਿਸ਼ਨਰ ਸੀ ਪਰ 2 ਫਰਵਰੀ, 1986 ਨੂੰ ਤੁਸੀਂ ਜਲੰਧਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਦੇ ਰੂਪ ਵਿਚ ਕੰਮ ਨਹੀਂ ਕਰ ਰਹੇ ਸੀ? ਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ 5 ਸਰੂਪਾਂ ਨੂੰ ਗੁਰੂ ਅਰਜਨ ਸਾਹਿਬ ਜੀ ਦੇ ਗੁਰਦੁਆਰੇ ਵਿੱਚ 2 ਫਰਵਰੀ 1986 ਨੂੰ ਸ਼ਰਾਰਤੀ ਤੱਤਾਂ ਵਲੋਂ ਅਗਨ ਭੇਟ ਕੀਤੇ ਜਾਣ ਤੋਂ ਬਾਅਦ ਨਕੋਦਰ ਦੀਆਂ ਘਟਨਾਵਾਂ ‘ਤੇ ਨਜ਼ਰ ਰੱਖਣ ਲਈ ਥਾਪੇ ਨਹੀਂ ਸੀ ਗਏ?
2. ਡਿਪਟੀ ਜ਼ਿਲ੍ਹਾ ਮੈਜਿਸਟਰੇਟ ਵਜੋਂ, ਕੀ ਤੁਸੀਂ 3 ਫਰਵਰੀ 1986 ਨੂੰ ਨਕੋਦਰ ਵਿਖੇ ਕਰਫਿਊ ਆਰਡਰ ‘ਤੇ ਦਸਤਖਤ ਨਹੀਂ ਕੀਤੇ ਸਨ?
3. ਭਾਵੇਂ ਕਿ ਗੁਰੂ ਗ੍ਰੰਥ ਸਾਹਿਬ ਦੇ 5 ਸਰੂਪਾਂ ਨੂੰ ਅੱਗ ਲਗਾਉਣ ਕਾਰਨ ਸ਼ਹਿਰ ਵਿਚ ਤਣਾਅ ਸੀ, ਫਿਰ ਵੀ ਤੁਸੀਂ ਸਿੱਖ ਸੰਗਤਾਂ ਅਤੇ ਸਿੱਖ ਆਗੂਆਂ ਵਲੋਂ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਜਾਂ ਆਰਜ਼ੀ ਹਿਰਾਸਤ ਵਿੱਚ ਲੈਣ ਦਾ ਹੁਕਮ ਨਹੀਂ ਦਿੱਤਾ? ਅਜਿਹਾ ਕਰਨ ਲਈ ਕੀ ਕਾਰਨ ਸੀ?
4. ਨਕੋਦਰ ਕਸਬੇ ਵਿਚ ਤਣਾਅ ਹੋਣ ਦੇ ਨਾਤੇ, 3 ਫਰਵਰੀ ਨੂੰ ਸ਼ਰਾਰਤ ਕਰਨ ਵਾਲੇ ਅਤੇ ਸਮਾਜ-ਵਿਰੋਧੀ ਤੱਤਾਂ ਨੂੰ ਮਾਰਚ ਕਰਨ ਦੀ ਆਗਿਆ ਦੇਣ ਲਈ ਤੁਹਾਡੀ ਕੀ ਮਜਬੂਰੀ ਸੀ, ਉਦੋਂ ਵੀ ਜਦੋਂ ਧਾਰਾ 144 ਪਹਿਲਾਂ ਹੀ ਸ਼ਹਿਰ ਵਿਚ ਲਾਗੂ ਕੀਤਾ ਗਿਆ ਸੀ?
5. 4 ਫਰਵਰੀ 1986 ਨੂੰ, ਕੀ ਤੁਸੀਂ ਜਾਂ ਤੁਹਾਡੇ ਮਤਹਿਤ ਕਿਸੇ ਵੀ ਅਫਸਰ ਨੇ ਸੰਗਤ ਦੇ ਵਿਰੋਧ ਪ੍ਰਦਰਸ਼ਨ ਮਾਰਚ ਦੇ ਰਸਤੇ ਨੂੰ ਬਦਲਣ ਲਈ ਕਿਹਾ ਸੀ, ਸਿੱਖ ਸੰਗਤਾਂ  ਅਤੇ ਕੱਟੜਪੰਥੀਆਂ ਵਿਚਕਾਰ ਟਕਰਾਅ ਪੈਦਾ ਕਰਨ ਦੇ ਸਪੱਸ਼ਟ ਇਰਾਦੇ ਨਾਲ ਅਜਿਹਾ ਕਿਉਂ ਤੇ ਕਿਸਦੇ ਇਸ਼ਾਰੇ ਤੇ ਕੀਤਾ ਗਿਆ?
6. ਕੀ ਤੁਸੀਂ 4-5 ਫਰਵਰੀ, 1986 ਨੂੰ ਸਥਾਨਿਕ ਹਸਪਤਾਲ ਦੇ ਅਧਿਕਾਰੀਆਂ ਨੂੰ ਅੱਧੀ ਰਾਤ ਨੂੰ ਮ੍ਰਿਤਕਾਂ ਦੀਆਂ ਲਾਸ਼ਾਂ ‘ਤੇ ਪੋਸਟ ਮਾਰਟਮ ਕਰਨ ਦਾ ਹੁਕਮ ਨਹੀਂ ਦਿੱਤਾ ਸੀ? ਕੀ ਪੋਸਟਮਾਰਟਮ ਦੇ ਹੁਕਮ ਤੇ ਤੁਹਾਡੇ ਦਸਤਖ਼ਤ ਨਹੀਂ ਹਨ?  ਇਥੋਂ ਤੱਕ ਇਨ੍ਹਾਂ ਚਾਰ ਨੌਜਵਾਨਾਂ ਦੇ ਪਰਿਵਾਰਾਂ ਨੂੰ ਸਸਕਾਰ ਕਰਨ ਤੋਂ ਪਹਿਲਾਂ ਆਖਰੀ ਵਾਰ ਦੇਖਣ ਦੀ ਵੀ ਦੀ ਇਜਾਜ਼ਤ ਨਹੀਂ ਦਿੱਤੀ ਸੀ।

8. ਪੋਸਟ ਮਾਰਟਮ ਰਿਪੋਰਟ ਅਨੁਸਾਰ, ਸਿਰਫ 2 ਪੀੜਤਾਂ ਦੀ ਪਛਾਣ ਹੋਈ ਸੀ। ਤੀਸਰੇ ਪੀੜਤ ਰਵਿੰਦਰ ਸਿੰਘ ਲਿੱਤਰਾਂ ਦਾ ਪਿਤਾ ਬਲਦੇਵ ਸਿੰਘ ਜੋ ਕਿ ਪੈਦਲ ਪਹੁੰਚਣ ‘ਚ ਕਾਮਯਾਬ ਰਹੇ, ਨੇ ਆਪਣੇ ਪੁੱਤਰ ਦੀ ਪਛਾਣ 5 ਫਰਵਰੀ ਦੀ ਸਵੇਰ ਨੂੰ ਕੀਤੀ ਅਤੇ ਉਸ ਦੇ ਦਾਹ-ਸਸਕਾਰ ਲਈ ਆਪਣੇ ਪੁੱਤਰ ਦੇ ਮ੍ਰਿਤਕ ਸਰੀਰ ਦਾ ਦਾਅਵਾ ਕੀਤਾ। ਪੀੜਤ ਦਾ ਮ੍ਰਿਤਕ ਸਰੀਰ ਉਸਦੇ ਪਿਤਾ ਨੂੰ ਕਿਉਂ ਨਹੀਂ ਸੋੰਪਿਆ ਗਿਆ?
9. ਚੌਥੇ ਪੀੜਤ ਦੇ ਅੰਤਿਮ ਸਸਕਾਰ ਕਰਨ ਵਾਲੇ ਸਰੀਰ ਦੀ ਪਛਾਣ ਅਜੇ ਵੀ ਇੱਕ ਭੇਦ ਹੈ। ਸ਼ਮਸ਼ਾਨ ਘਾਟ ਵਿੱਚ 1-13ਫਰਵਰੀ 1986 ਦੀ ਮਿਆਦ ਦੇ ਦੌਰਾਨ ਅੰਤਮ ਸਸਕਾਰ ਦੇ ਸੰਬੰਧ ਵਿੱਚ ਕੋਈ ਰਿਕਾਰਡ ਨਹੀਂ ਹੈ। ਜ਼ਿਲ੍ਹਾ ਮੈਜਿਸਟ੍ਰੇਟ ਹੋਣ ਦੇ ਨਾਤੇ ਤੁਸੀਂ ਚੌਥੇ ਅਣਪਛਾਤੇ ਪੀੜਤ ਦੀ ਪਛਾਣ ਦਾ ਪਤਾ ਕਰਨ ਲਈ ਕੀ ਕੋਸ਼ਿਸ਼ ਕੀਤੀ? ਉਸ ਸਮੇਂ ਦੇ ਅੰਤਮ ਸਸਕਾਰ ਦੇ ਰਜਿਸਟਰ ਵਿੱਚ ਕੁਝ ਵੀ ਦਰਜ ਨਹੀ ਹੈ, ਜਦੋਂ ਕਿ ਇਹ ਕਾਨੂੰਨੀ ਜਰੂਰਤ ਹੈ। ਕਿਸਨੇ ਅੰਤਮ ਸਸਕਾਰ ਕਰਨ ਵਾਲੇ ਅਧਿਕਾਰੀਆਂ ਨੂੰ ਕਿਹਾ ਕਿ ਰਜਿਸਟਰ ਵਿੱਚ ਕੁਝ ਨਹੀਂ ਲਿਖਣਾ? ਇਹ ਮੰਨਦੇ ਹੋਏ ਕਿ ਇਸ ਸਮੇਂ ਦੌਰਾਨ ਕੋਈ ਹੋਰ ਮੌਤਾਂ ਨਹੀਂ ਹੋਈਆਂ, ਪੁਲਿਸ ਨੇ ਮਾਰੇ ਗਏ ਚਾਰ ਸਿੱਖ ਨੌਜਵਾਨਾਂ ਦੇ ਨਾਂ ਦਾ ਵੀ ਜ਼ਿਕਰ ਕਿਉਂ ਨਹੀਂ ਕੀਤਾ ਗਿਆ?
10. ਇਕ ਇੰਟਰਵਿਊ ਵਿੱਚ ਤੁਸੀਂ ਦਾਅਵਾ ਕੀਤਾ ਹੈ ਕਿ ਸੀ.ਆਰ.ਪੀ.ਐਫ. ਦੇ ਐੱਸ.ਪੀ. (ਅਪਰੇਸ਼ਨ) ਅਸ਼ਵਨੀ ਕੁਮਾਰ ਸ਼ਰਮਾ ਨੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਨੂੰ ਦੱਸਿਆ ਕਿ ਹਾਲਾਂਕਿ ਡੀ.ਸੀ. ਇਕ ਕਿਲੋਮੀਟਰ ਤੋਂ ਵੀ ਘੱਟ ਦੂਰੀ ਤੇ ਸੀ, ਉਸ ਨੇ ਗੋਲੀ ਚਲਾਉਣ ਦੀ ਆਗਿਆ ਲੈਣ ਲਈ ਕੋਈ ਯਤਨ ਨਹੀਂ ਕੀਤੇ। ਸਵਾਲ ਉਠਦਾ ਹੈ ਕਿ ਕੀ ਇਹ ਜਾਣ-ਬੁੱਝ ਕੇ ਕਿਹਾ ਗਿਆ ਸੀ? ਜੇ ਨਹੀਂ, ਤਾਂ ਫਿਰ ਐਸ. ਪੀ. (ਅਪਰੇਸ਼ਨ) ਖਿਲਾਫ ਕਿਹੜੀ ਵਿਭਾਗੀ ਕਾਰਵਾਈ ਕੀਤੀ ਗਈ ਸੀ? ਤੁਸੀਂ ਅਗਲੇ ਦਿਨ ਕੀ ਕੀਤਾ? ਕੀ ਤੁਸੀਂ ਰਾਜ ਦੇ ਮੁੱਖ ਸਕੱਤਰ ਨੂੰ ਇਕ ਅੰਦਰੂਨੀ ਗੁਪਤ ਰਿਪੋਰਟ ਭੇਜੀ ਸੀ ਜਿਸ ਬਾਰੇ ਤੁਹਾਡੇ ਮੁਤਹਿਤ ਅਫ਼ਸਰ ਨੇ ਕੀ ਕੀਤਾ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ?
11. ਜਸਟਿਸ ਗੁਰਨਾਮ ਸਿੰਘ ਪੈਨਲ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪ੍ਰਸ਼ਾਸਨ ਤੁਹਾਡੇ ਅਤੇ ਤੁਹਾਡੇ ਮੁਤਾਹਿਤ ਅਫਸਰਾਂ ਨੇ ਨਕੋਦਰ ਸ਼ਹਿਰ ਦੇ ਬਾਹਰ ਸ਼ੇਰਪੁਰ ਪੁਲ ‘ਤੇ ਸਿੱਖ ਸੰਗਤ ਦੇ ਇਕੱਠ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ, ਸੰਗਤ ਅਤੇ ਐੱਸ ਪੀ (ਅਪਰੇਸ਼ਨ) ਨੇ ਦਾਅਵਾ ਕੀਤਾ ਕਿ ਉਹ ਲਗਾਤਾਰ ਏਡੀਸੀ ਅਤੇ ਐਸ ਐਸ ਪੀ ਨੂੰ ਇਕੱਠ ਅਤੇ ਉਥੇ ਹੋਏ ਭਾਸ਼ਣਾਂ ਬਾਰੇ ਜਾਣਕਾਰੀ ਦਿੰਦੇ ਰਹੇ ਪਰ ਉਨ੍ਹਾਂ ਨੂੰ ਕੋਈ ਨਿਰਦੇਸ਼ ਜਾਰੀ ਨਹੀਂ ਕੀਤੇ। ਤੁਹਾਡੇ ਪ੍ਰਸ਼ਾਸਨ ਨੇ ਕੋਈ ਨਿਰਦੇਸ਼ ਕਿਉਂ ਜਾਰੀ ਨਹੀਂ ਕੀਤਾ।

12. ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੀ ਰਿਪੋਰਟ- ‘ਨਕੋਦਰ ‘ਚ ਇੱਕ ਸ਼ਰਾਰਤ’, ਮੀਡੀਆ ਦੀਆਂ ਰਿਪੋਰਟਾਂ ਅਤੇ ਅੱਖੀਂ ਦੇਖਣ ਵਾਲੇ ਮੌਕੇ ਦੇ ਗਵਾਹ ਦੱਸਦੇ ਹਨ ਕਿ ਇੱੱਕ ਪੀੜਤ ਹਰਮਿੰਦਰ ਸਿੰਘ ਚਲੂਪਰ ਜੋ ਆਪਣੀ ਸੁਰੱਖਿਆ ਲਈ ਭੱਜਿਆ ਸੀ, ਤੇ ਪੁਲਿਸ ਨੇ ਉਸਨੂੰ ਹਿਰਾਸਤ ਵਿਚ ਲਿਆ ਅਤੇ ਐਸ ਐਚ ਓ ਜਸਕੀਰਤ ਸਿੰਘ ਚਾਹਲ ਨੇ ਆਪਣੇ ਸਰਵਿਸ ਰਿਵਾਲਵਰ ਦੇ ਨਾਲ ਪੁਆਇੰਟ ਬਲੈਂਕ ਰੇਂਜ ਤੋਂ ਗੋਲੀ ਮਾਰੀ ਅਤੇ ਉਸ ਸਮੇਂ ਐਸ ਪੀ (ਡੀ) ਸਵਰਨ ਸਿੰਘ ਘੋਟਨਾ ਉਸ ਦੇ ਨਾਲ ਸੀ। ਉਸ ਦੀ ਪੋਸਟ ਮਾਰਟਮ ਰਿਪੋਰਟ ਵੀ ਇਹ ਦਰਸਾਉਂਦੀ ਹੈ। ਕੀ ਤੁਸੀਂ ਇਸ ਤੇ ਕੁਝ ਰੋਸ਼ਨੀ ਪਾ ਸਕਦੇ ਹੋ? ਐਸ.ਐਚ.ਓ. ਚਾਹਲ ਜਾਂ ਐਸ ਪੀ (ਡੀ) ਸਵਰਨ ਸਿੰਘ ਘੋਟਨਾ ਵਿਰੁੱਧ ਕੀ ਕਾਰਵਾਈ ਕੀਤੀ ਗਈ?

13. ਤੁਹਾਡੀ ਕਾਰਜਕਾਰੀ ਡਿਪਟੀ ਕਮਿਸ਼ਨਰ ਅਤੇ ਇਜ਼ਹਾਰ ਆਲਮ ਐੱਸ ਐੱਸ ਪੀ ਜਲੰਧਰ ਦੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੁਆਰਾ ਗਵਾਹ ਵਜੋਂ ਗਵਾਹੀ ਲਈ ਗਈ ਸੀ। ਨਕੋਦਰ ਪੁਲਿਸ ਗੋਲੀਬਾਰੀ ਨਾਲ ਸੰਬੰਧਤ ਕੁਝ ਵੀ ਤੁਸੀਂ ਕਿਵੇਂ ਭੁੱਲ ਸਕਦੇ ਹੋ?
ਚਰਨਜੀਤ ਸਿੰਘ ਅਟਵਾਲ ਹਾਲਾਂ ਕਿ ਨਕੋਦਰ ਪੁਲਿਸ ਗੋਲੀਬਾਰੀ ਵਿਚ ਸਿੱਧੇ ਤੌਰ ‘ਤੇ ਸ਼ਾਮਲ ਨਹੀਂ ਹਨ, ਪਰ ਉਨ੍ਹਾਂ ਨੂੰ 5 ਮਾਰਚ 2001 ਨੂੰ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਪੰਜਾਬ ਵਿਧਾਨ ਸਭਾ ਵਿਚ ਰੱਖੇ ਜਾਣ ਸਮੇਂ ਸਪੀਕਰ ਦੇ ਤੌਰ’ ਤੇ ਆਪਣੀ ਭੂਮਿਕਾ ਨੂੰ ਸਪੱਸ਼ਟ ਕਰਨਾ ਪੈਣਾ ਹੈ।
ਸਿਖ ਪੰਥ ਨੂੰ  ਨਿਆਂ ਦੇ ਹਿੱਤ ਵਿੱਚ, ਕੀ ਤੁਸੀਂ ਪੀੜਤ ਪਰਿਵਾਰਾਂ ਨੂੰ ਦੱਸ ਸਕਦੇ ਹੋ ਕਿ ਜਸਟਿਸ ਗੁਰਨਾਮ ਸਿੰਘ ਰਿਪੋਰਟ ਦਾ ਭਾਗ 2 ਕਿੱਥੇ ਹੈ?
ਇਹ ਸਵਾਲ ਸਿਖ ਪੰਥ ਵਲੋਂ ਵਾਰ-ਵਾਰ ਪੁੱਛਣੇ ਚਾਹੀਦੇ ਹਨ।

 

ਬਲਵਿੰਦਰ ਪਾਲ ਸਿੰਘ ਪ੍ਰੋਫੈਸਰ