ਖਜ਼ਾਨਾ ਖਾਲੀ ਪਰ ਸੋਨੀਆ ਦੇ ਹੁਕਮਾਂ ਨਾਲ ਪ੍ਰਵਾਸੀਆਂ ਦਾ ਕਿਰਾਇਆ ਭਰੇਗੀ ਪੰਜਾਬ ਸਰਕਾਰ

ਖਜ਼ਾਨਾ ਖਾਲੀ ਪਰ ਸੋਨੀਆ ਦੇ ਹੁਕਮਾਂ ਨਾਲ ਪ੍ਰਵਾਸੀਆਂ ਦਾ ਕਿਰਾਇਆ ਭਰੇਗੀ ਪੰਜਾਬ ਸਰਕਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਿਨ੍ਹਾਂ ਕਿਸੇ ਅਗਾਊਂ ਸੂਚਨਾ ਦੇ ਇਕੋ ਦਮ ਕੀਤੇ ਗਏ ਲਾਕਡਾਊਨ ਨਾਲ ਬਿਨ੍ਹਾਂ ਕਿਸੇ ਰੁਜ਼ਗਾਰ ਤੋਂ ਲਗਭਗ ਡੇਢ ਮਹੀਨਾ ਨਜ਼ਰਬੰਦੀ ਕੱਟਣ ਮਗਰੋਂ ਹੁਣ ਕੰਮਾਂ ਲਈ ਆਪਣੇ ਘਰਾਂ ਤੋਂ ਬਾਹਰ ਹੋਰ ਸੂਬਿਆਂ, ਥਾਂਵਾਂ 'ਤੇ ਗਏ ਲੋਕ ਪ੍ਰਵਾਨਗੀ ਮਿਲਣ ਦੇ ਚਲਦਿਆਂ ਆਪਣੇ ਘਰਾਂ ਨੂੰ ਮੁੜਨ ਲੱਗੇ ਹਨ। ਪੰਜਾਬ ਵਿਚੋਂ ਵੀ 8 ਲੱਖ 30 ਹਜ਼ਾਰ ਦੇ ਕਰੀਬ ਪ੍ਰਵਾਸੀਆਂ ਨੇ ਘਰਾਂ ਨੂੰ ਮੁੜਨ ਲਈ ਨਾਂ ਦਰਜ ਕਰਵਾਏ ਹਨ। 

ਪੰਜਾਬ ਵਿਚੋਂ ਪ੍ਰਵਾਸੀਆਂ ਨੂੰ ਭੇਜਣ ਲਈ ਹੋਣ ਵਾਲਾ ਸਾਰਾ ਖਰਚ ਪੰਜਾਬ ਸਰਕਾਰ ਨੇ ਚੁੱਕਣ ਦਾ ਐਲਾਨ ਕੀਤਾ ਹੈ। ਇਸ ਐਲਾਨ ਕਾਂਗਰਸ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੇ ਐਲਾਨ ਨੂੰ ਸਿਰ ਮੱਥੇ ਮੰਨਦਿਆਂ ਕੀਤਾ ਗਿਆ ਹੈ। ਦੱਸ ਦਈਏ ਕਿ ਬੀਤੇ ਕੱਲ੍ਹ ਸੋਨੀਆ ਗਾਂਧੀ ਨੇ ਭਾਜਪਾ ਸਰਕਾਰ 'ਤੇ ਨਿਸ਼ਾਨਾ ਲਾਉਂਦਿਆਂ ਐਲਾਨ ਕੀਤਾ ਸੀ ਕਿ ਇਸ ਬਿਪਤਾ ਦੀ ਘੜੀ ਪ੍ਰਵਾਸੀਆਂ ਮਜ਼ਦੂਰਾਂ ਨੂੰ ਇਕੱਲੇ ਨਹੀਂ ਛੱਡਿਆ ਜਾ ਸਕਦਾ ਅਤੇ ਇਹਨਾਂ ਦੀ ਘਰ ਵਾਪਸੀ ਦਾ ਸਾਰਾ ਖਰਚ ਕਾਂਗਰਸ ਪਾਰਟੀ ਚੁੱਕੇਗੀ। ਸੋਨੀਆ ਗਾਂਧੀ ਨੇ ਕਿਹਾ ਸੀ ਕਿ ਜੇ ਟਰੰਪ ਦੇ ਦੌਰੇ ਦੌਰਾਨ ਇਕ ਪ੍ਰੋਗਰਾਮ 'ਤੇ ਸਰਕਾਰ 100 ਕਰੋੜ ਰੁਪਇਆ ਖਰਚ ਸਕਦੀ ਹੈ ਅਤੇ ਭਾਰਤੀ ਰੇਲਵੇ ਪ੍ਰਧਾਨ ਮੰਤਰੀ ਕੇਅਰ ਫੰਡ ਵਿਚ 151 ਕਰੋੜ ਰੁਪਏ ਦੇ ਸਕਦੀ ਹੈ ਤਾਂ ਇਹਨਾਂ ਲੋਕਾਂ ਦੇ ਸਫਰ ਦਾ ਖਰਚ ਸਰਕਾਰ ਕਿਉਂ ਨਹੀਂ ਚੁੱਕ ਸਕਦੀ। 

ਹਲਾਂਕਿ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਲੱਗੀਆਂ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਇਸ ਆਵਾਜਾਈ ਦਾ 85 ਫੀਸਦੀ ਖਰਚਾ ਭਾਰਤੀ ਰੇਲਵੇ ਚੁੱਕੇਗੀ ਅਤੇ ਬਾਕੀ 15 ਫੀਸਦੀ ਸੂਬਿਆਂ ਨੂੰ ਦੇਣਾ ਪਵੇਗਾ। ਪਰ ਇਸ ਬਾਰੇ ਸਥਿਤੀ ਸਪਸ਼ਟ ਨਹੀਂ ਹੈ, ਕਿ ਕਿਰਾਇਆ ਬਾਅਦ ਵਿਚ ਮੋੜਿਆ ਜਾਵੇਗਾ ਜਾਂ ਕਿਸ ਤਰ੍ਹਾਂ। ਇਹ ਵੀ ਸਪਸ਼ਟ ਨਹੀਂ ਕਿ 15 ਫੀਸਦੀ ਕਿਰਾਇਆ ਕਿਹੜਾ ਸੂਬਾ ਭਰੇਗਾ; ਜਿਸ ਸੂਬੇ ਤੋਂ ਪ੍ਰਵਾਸੀ ਜਾਣਗੇ ਜਾਂ ਜਿਸ ਸੂਬੇ ਵਿਚ ਉਹ ਜਾਣਗੇ? 

ਉੱਥੇ ਖਜ਼ਾਨਾ ਖਾਲ੍ਹੀ ਹੋਣ ਅਤੇ ਭਾਰਤ ਸਰਕਾਰ ਵੱਲੋਂ ਪੰਜਾਬ ਨੂੰ ਕੋਈ ਮਾਲ੍ਹੀ ਮਦਦ ਨਾ ਮਿਲਣ ਦਾ ਰੌਲਾ ਪਾਉਣ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਵਿਚੋਂ ਜਾਣ ਵਾਲੇ ਪ੍ਰਵਾਸੀਆਂ ਦੀ ਆਵਾਜਾਈ ਦਾ ਖਰਚ ਚੁੱਕਣ ਦਾ ਐਲਾਨ ਕੀਤਾ ਹੈ। ਇਹ ਐਲਾਨ ਪੰਜਾਬ ਕਾਂਗਰਸ ਕਮੇਟੀ ਦੇ ਮੁਖੀ ਸੁਨੀਲ ਜਾਖੜ ਵੱਲੋਂ ਕੀਤਾ ਗਿਆ ਹੈ। ਇਹ ਖਰਚ ਕਰੋੜਾਂ ਰੁਪਏ 'ਚ ਹੋਣ ਦੀ ਸੰਭਾਵਨਾ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।