ਸਰਕਾਰ ਕਿਸਾਨਾਂ ਨਾਲ ਲੰਬੀ ਲੜਾਈ ਲੜਨ ਦੀ ਤਿਆਰੀ ਕਰ ਰਹੀ ਹੈ
ਅੰਮ੍ਰਿਤਸਰ ਟਾਈਮਜ਼ ਬਿਊਰੋ
ਭਾਰਤ ਦੀ ਰਾਜਧਾਨੀ ਦਿੱਲੀ ਦੀਆਂ ਹੱਦਾਂ 'ਤੇ ਬੈਠੇ ਕਿਸਾਨਾਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਸਰਕਾਰ ਕਾਨੂੰਨਾਂ ਨੂੰ ਰੱਦ ਕਰਨ ਲਈ ਸਹਿਮਤ ਨਹੀਂ ਹੋ ਰਹੀ। ਜਿੱਥੇ ਪਹਿਲਾਂ ਭਾਰਤ ਸਰਕਾਰ ਇਹਨਾਂ ਕਾਨੂੰਨਾਂ ਨੂੰ 100 ਫੀਸਦੀ ਸਹੀ ਕਹਿ ਕੇ ਪ੍ਰਚਾਰਦੀ ਰਹੀ ਹੁਣ ਕਿਸਾਨ ਸੰਘਰਸ਼ ਦੇ ਦਬਾਅ ਦੇ ਚਲਦਿਆਂ ਸਰਕਾਰ ਕਾਨੂੰਨਾਂ ਵਿਚ ਸੋਧਾਂ ਕਰਨ ਨੂੰ ਤਾਂ ਤਿਆਰ ਹੋ ਗਈ ਹੈ ਪਰ ਕਾਨੂੰਨ ਰੱਦ ਕਰਨ ਦੀ ਗੱਲ ਤੋਂ ਅਜੇ ਵੀ ਇਨਕਾਰੀ ਹੈ।
ਇੰਡੀਅਨ ਐਕਸਪ੍ਰੈਸ ਅਖਬਾਰ ਵਿਚ ਉੱਚ ਸਰਕਾਰੀ ਅਹੁਦੇਦਾਰ ਦੇ ਹਵਾਲੇ ਨਾਲ ਲੱਗੀ ਖਬਰ ਮੁਤਾਬਕ ਸਰਕਾਰ ਵੱਲੋਂ ਕਾਨੂੰਨ ਰੱਦ ਕਰਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਸਰਕਾਰ ਕਾਨੂੰਨ ਰੱਦ ਕਰਨ ਤੋਂ ਇਲਾਵਾ ਬਾਕੀ ਸਾਰੀਆਂ ਸੰਭਾਵਨਾਵਾਂ ਲਈ ਤਿਆਰ ਹੈ ਅਤੇ ਕਿਸੇ ਵੀ ਤਰ੍ਹਾਂ ਦੀਆਂ ਸੋਧਾਂ ਕਰ ਸਕਦੀ ਹੈ।
ਇਸ ਅਫਸਰ ਨੇ ਕਿਹਾ ਕਿ ਜੇ ਕਿਸਾਨ ਆਪਣਾ ਸੰਘਰਸ਼ ਲੰਮਾ ਖਿੱਚਣ ਲਈ ਤਿਆਰੀ ਕਰਕੇ ਆਏ ਹਨ ਤਾਂ ਸਰਕਾਰ ਵੀ ਲੰਮੇ ਸੰਘਰਸ਼ ਲਈ ਤਿਆਰ ਹੈ।
ਸਰਕਾਰੀ ਇਸ਼ਾਰਿਆਂ ਤੋਂ ਪ੍ਰਤੀਤ ਹੋ ਰਿਹਾ ਹੈ ਕਿ ਸਰਕਾਰ ਦੀ ਅੜੀ ਪੰਜਾਬੀਆਂ ਨੇ ਭੰਨ ਦਿੱਤੀ ਹੈ ਪਰ ਸਰਕਾਰ ਹੁਣ ਵਿਚਕਾਰਲਾ ਰਾਹ ਭਾਲ ਰਹੀ ਹੈ ਜਿਸ ਨਾਲ ਉਸਦਾ ਮੂੰਹ ਵੀ ਬਚਿਆ ਰਹਿ ਜਾਵੇ ਅਤੇ ਕਿਸਾਨਾਂ ਨੂੰ ਵਾਪਸ ਪਿੰਡਾਂ ਵਿਚ ਭੇਜਿਆ ਜਾ ਸਕੇ।
Comments (0)