ਧਾਰਾ 370 ਹਟਾਉਣ ਅਤੇ ਕਸ਼ਮੀਰੀ ਪੰਡਿਤਾਂ ਦੇ ਵਿਹਾਰ ਬਾਰੇ ਕਸ਼ਮੀਰੀ ਪੰਡਿਤ ਦੇ ਕਸ਼ਮੀਰੀਅਤ 'ਤੇ ਵਿਚਾਰ ਪੜ੍ਹੋ

ਧਾਰਾ 370 ਹਟਾਉਣ ਅਤੇ ਕਸ਼ਮੀਰੀ ਪੰਡਿਤਾਂ ਦੇ ਵਿਹਾਰ ਬਾਰੇ ਕਸ਼ਮੀਰੀ ਪੰਡਿਤ ਦੇ ਕਸ਼ਮੀਰੀਅਤ 'ਤੇ ਵਿਚਾਰ ਪੜ੍ਹੋ

5 ਅਗਸਤ 2019 ਕਸ਼ਮੀਰੀਅਤ ਦਾ ਅੰਤ ਤਹਿ ਕਰ ਗਿਆ। ਮੈਂ ਇਸ ਵੇਲੇ ਸਿਡਨੀ ਵਿੱਚ ਰਹਿ ਰਿਹਾਂ ਅਤੇ ਖ਼ੁਸ਼ ਹਾਂ। ਇੱਕ ਕਸ਼ਮੀਰੀ ਪੰਡਤ ਹੋਣ ਨਾਤੇ ਮੇਰਾ ਇਸ ਮਸਲੇ ਬਾਰੇ ਕੁਝ ਬੋਲਣਾ ਬਣਦਾ, ਭਾਂਵੇ ਇਹ ਲੰਬਾ ਭਾਵਪੂਰਤ ਅਤੇ ਤਿੱਖਾ ਲੱਗੇ, ਪਰ ਮੈਨੂੰ ਲਗਦਾ ਕਿ ਮੈਨੂੰ ਮੇਰੇ ਖ਼ਿਆਲ ਪ੍ਰਗਟ ਕਰਨ ਦੀ ਅਜ਼ਾਦੀ ਹੈ।

ਜੋ ਮੈਂ ਲਿਖਣ ਜਾਂ ਰਿਹਾਂ, ਮੇਰੀ ਜਾਤ ਦੇ ਬਹੁਤੇ ਲੋਕੀ ਇਸਨੂੰ ਪਸੰਦ ਨਹੀਂ ਕਰਨਗੇ, ਪਰ ਮੈਨੂੰ ਪ੍ਰਵਾਹ ਨਹੀਂ। ਕਸ਼ਮੀਰੀਅਤ ਦੀ ਮੌਤ ਨਾਲ਼ ਹੀ ਮੇਰਾ ਕਸ਼ਮੀਰੀ ਚਿਹਰਾ ਵੀ ਮਿਟ ਜਾਵੇਗਾ ਅਤੇ ਮੈਂ ਉਹ ਕਹਿਣ ਜਾ ਰਿਹਾਂ ਜੋ ਮੈਂ ਬਚਪਨ ਤੋਂ ਦੇਖਿਆ ਹੈ।

ਕਸ਼ਮੀਰੀ ਪੰਡਤ ਭਾਵੇਂ ਬੜੇ ਸਲੀਕੇ ਵਾਲ਼ੇ ਲੋਕ ਹਨ ਪਰ ਉਹਨਾਂ ਵਿੱਚ ਹੈਂਕੜ ਅਤੇ ਸਵਾਰਥੀਪੁਣਾ ਕੁੱਟ ਕੁੱਟ ਕੇ ਭਰਿਆ ਹੈ। ਕਸ਼ਮੀਰੀ ਪੰਡਤ ਹਮੇਸ਼ਾ ਤੋਂ ਘੱਟ ਗਿਣਤੀ ਰਹੇ ਹਨ ਪਰ ਪੜ੍ਹੇ-ਲਿਖੇ ਕਸ਼ਮੀਰੀਆਂ ਵਿੱਚ ਉਹ ਹਮੇਸ਼ਾਂ ਬਹੁ-ਗਿਣਤੀ ਰਹੇ ਹਨ। ਉਹ ਵਿਦਿਅਕ ਖੇਤਰ, ਰੁਜ਼ਗਾਰ ਅਤੇ ਲਗਭਗ ਸਾਰੀਆਂ ਅਹਿਮ ਸਰਕਾਰੀ ਨੌਕਰੀਆਂ ਅਤੇ ਅਹੁਦਿਆਂ ਉੱਤੇ ਕਾਬਜ਼ ਰਹੇ ਹਨ। ਬਹੁਤਾਤ ਕਸ਼ਮੀਰੀ ਪੰਡਤਾਂ ਦੇ ਬੱਚਿਆਂ ਨੂੰ ਇਹਨਾਂ ਤਿੰਨ ਖੇਤਰਾਂ ਵਿੱਚ ਜਾਣ ਲਈ ਜੋਰ ਪਾਇਆ ਜਾਂਦਾ ਸੀ:
1) ਡਾਕਟਰ
2) ਇੰਜੀਨੀਅਰ
3) ਬੈਂਕ

ਬਹੁ ਗਿਣਤੀ ਹੋਣ ਦੇ ਬਾਵਜੂਦ ਵੀ ਮੁਸਲਮਾਨਾਂ ਉੱਤੇ ਘੱਟ ਗਿਣਤੀ ਪੰਡਤਾਂ ਨੇ ਸਰਕਾਰੀ ਦਫ਼ਤਰਾਂ ਰਾਹੀਂ ਰਾਜ ਕੀਤਾ। ਕਸ਼ਮੀਰੀ ਪੰਡਤਾਂ ਨੇ ਕਸ਼ਮੀਰੀ ਮੁਸਲਮਾਨਾਂ ਨਾਲ਼ ਸਦਾ ਦੂਜੇ ਦਰਜੇ ਦੇ ਸ਼ਹਿਰੀਆਂ ਵਾਂਗ ਵਰਤਾ ਕੀਤਾ। ਕਸ਼ਮੀਰੀ ਪੰਡਤ ਬਾਕੀ ਭਾਰਤੀਆਂ ਬਾਰੇ ਵੀ ਆਪਸ ਵਿੱਚ ਬੜੀ ਘ੍ਰਿਣਾ ਨਾਲ਼ ਗੱਲ ਕਰਦੇ। ਉਹਨਾਂ ਨੇ ਹਰ ਵਰਗ ਨੂੰ ਆਪਣੇ ਸ਼ਬਦਾਂ ਵਿੱਚ ਪ੍ਰਭਾਸ਼ਿਤ ਕੀਤਾ ਹੋਇਆ ਸੀ। ਭਾਵੇਂ ਉਹ ਡੋਗਰੇ ਹੋਣ, ਦੱਖਣੀ ਭਾਰਤੀ ਜਾਂ ਸਿੱਖ, ਕਸ਼ਮੀਰੀ ਪੰਡਤਾਂ ਨੇ ਸਭਦਾ ਮਜ਼ਾਕ ਉਡਾਇਆ ਹੈ। ਇਹ ਬੜੀ ਲਾਹਣਤ ਵਾਲ਼ੀ ਅਤੇ ਅੱਤ ਦੀ ਨਸਲਵਾਦੀ ਗੱਲ ਹੈ। ਕਿਉਂਕਿ ਕਸ਼ਮੀਰ ਭਾਰਤ ਅਤੇ ਪਾਕਿਸਤਾਨ ਦੇ ਹਮਾਇਤੀਆਂ ਦਰਮਿਆਨ ਵੰਡਿਆ ਸੀ, ਕਸ਼ਮੀਰੀ ਪੰਡਤ 'ਗੱਚ ਤਲੇਈ ਪਾਕਿਸਤਾਨ' (ਤਾਂ ਪਾਕਿਸਤਾਨ ਜਾਓ) ਕਹਿਣ ਦਾ ਕੋਈ ਮੌਕਾ ਨਾ ਛੱਡਦੇ। ਫੇਰ ਜਦੋਂ ਇਹਨਾਂ ਦੇ ਸਤਾਏ ਲੋਕੀ ਸਰੀਰਕ ਅਤੇ ਮਾਨਸਿਕ ਪੱਖੋਂ ਲੈਸ ਹੋਕੇ ਆਏ ਤਾਂ ਗੱਲ ਵੱਸੋਂ ਬਾਹਰ ਹੋ ਗਈ। ਭਾਂਵੇ ਮੈਂ ਇਸਦਾ ਪੱਖ ਨਹੀਂ ਲੈਂਦਾ, ਪਰ ਕਦੇ-ਕਦੇ ਤੁਹਾਡੀ ਹੀ ਬਦਤਮੀਜ਼ੀ ਤੁਹਾਨੂੰ ਡਰਾਉਣ ਲਈ ਭੇਖ ਬਦਲ ਮੁੜ ਆਉਂਦੀ ਹੈ ਅਤੇ ਇਸਨੇ ਸਾਨੂੰ ਬੁਰੀ ਤਰ੍ਹਾਂ ਡਰਾਇਆ।

ਇਹਨਾਂ ਸਾਰੇ ਸਾਲਾਂ ਦੌਰਾਨ ਅਸੀਂ ਇੱਕ ਵੱਖਰੀ ਹੋਂਦ ਹਸਤੀ ਵੱਜੋਂ ਆਪਣੀ ਧਰਤੀ ਉੱਤੇ ਰਹੇ। ਹੁਣ ਸਾਰੇ ਭਾਰਤ ਵਿੱਚੋਂ ਲੋਕਾਂ ਦੀ ਆਮਦ ਨਾਲ਼ ਅਸੀਂ ਦਿੱਲੀ ਵਰਗੇ ਇੱਕ ਮਿਲਗੋਭੇ ਸਮਾਜ ਦਾ ਹਿੱਸਾ ਹੋਵਾਂਗੇ। ਪਹਿਲਾਂ ਤੁਸੀਂ ਕਸ਼ਮੀਰੀ ਮੁਸਲਮਾਨਾਂ ਨੂੰ ਸਹਿਣ ਕਰਦੇ ਸੀ, ਹੁਣ ਤੁਹਾਨੂੰ ਉਸਤੋਂ ਵੀ ਵਧਕੇ ਸਹਿਣ ਕਰਨਾ ਪਵੇਗਾ ਜੋ ਤੁਹਾਨੂੰ ਬਿਲਕੁਲ ਪਸੰਦ ਨਹੀਂ ਆਵੇਗਾ। ਮੌਜੂਦਾ ਕਸ਼ਮੀਰੀ ਪੰਡਤਾਂ ਦੀ ਇੱਕ ਪੂਰੀ ਪੀੜ੍ਹੀ ਕਸ਼ਮੀਰ ਦੀ ਘਾਟੀ ਤੋਂ ਬਾਹਰ ਜੰਮੀ ਅਤੇ ਪਲ਼ੀ ਹੈ, ਹੁਣ ਵਾਪਸ ਆਪਣੀ ਸਰਜਮੀਂ ਕਸ਼ਮੀਰ ਜਾਣ ਦਾ ਉਹਨਾਂ ਦਾ ਅਖੌਤੀ ਸੁਪਨਾ ਸ਼ਾਇਦ ਉਹਨਾਂ ਨੂੰ ਪਸੰਦ ਨਾ ਆਵੇ ਕਿਉਂਕਿ ਕਸ਼ਮੀਰ ਪਹਿਲਾਂ ਵਰਗਾ ਨਹੀਂ ਰਹੇਗਾ। ਧਾਰਾ 370 ਅਤੇ 35 ਦੇ ਹਟਾਏ ਜਾਣ ਨਾਲ਼ ਭਾਂਵੇ ਜ਼ਮੀਨੀ ਤੌਰ ਉੱਤੇ ਕਸ਼ਮੀਰ ਭਾਰਤ ਦਾ ਹਿੱਸਾ ਬਣ ਜਾਵੇ ਪਰ ਇਸਦਾ ਮੁੱਲ ਕਸ਼ਮੀਰੀਅਤ ਦਾ ਉਜਾੜਾ ਹੋਣਾ ਹੈ।

ਕਸ਼ਮੀਰੀਅਤ ਤੋਂ ਭਾਵ ਵੱਖ-ਵੱਖ ਧਰਮਾਂ ਵਿਸ਼ਵਾਸਾਂ ਦੇ ਕਸ਼ਮੀਰੀ ਲੋਕ ਜੋ ਬਿਨ੍ਹਾਂ ਕਿਸੇ ਨਫ਼ਰਤ ਦੇ ਇੱਕ ਦੂਜੇ ਨਾਲ਼ ਰਹਿੰਦੇ ਹਨ। ਹੁਣ ਜਦੋਂ ਕਸ਼ਮੀਰ ਦੇ ਮੂਲ ਨਿਵਾਸੀ ਕਸ਼ਮੀਰ ਵਿੱਚ ਹੀ ਘੱਟ ਗਿਣਤੀ ਹੋ ਜਾਣਗੇ ਤਾਂ ਕਸ਼ਮੀਰੀਅਤ ਦਾ ਮਰਨਾ ਤੈਅ ਹੈ। ਇੱਕ ਯੂਨੀਅਨ ਟੈਰੀਟੋਰੀ ਵੱਜੋਂ ਭਾਂਵੇ ਕਸ਼ਮੀਰ ਪਦਾਰਥਕ ਤਰੱਕੀ ਕਰ ਲਵੇ ਪਰ ਇਸਦਾ ਵਾਤਾਵਰਨ ਉੱਜੜ ਜਾਵੇਗਾ, ਇਸਦੀ ਅਬਾਦੀ ਵਿੱਚ ਭਿੰਨਤਾ ਆਵੇਗੀ ਪਰ ਕਸ਼ਮੀਰੀ ਨਸਲ ਇਸ ਭਿੰਨਤਾ ਵਿੱਚ ਰੁਲ਼ ਜਾਵੇਗੀ, ਬੜਾ ਕੁਝ ਰੋਮਾਂਚਕ ਆਵੇਗਾ ਪਰ ਮੌਲਿਕਤਾ ਖੋ ਜਾਵੇਗੀ, ਬੜੀਆਂ ਤਰੱਕੀਆਂ ਹੋਣਗੀਆਂ ਪਰ ਜਿਸ ਧਰਤੀ ਉੱਤੇ ਇਹ ਤਰੱਕੀਆਂ ਫਲ਼ੀਆਂ ਫੁੱਲੀਆਂ, ਉਹ ਖੋ ਜਾਵੇਗੀ।

ਰੱਬ ਕਸ਼ਮੀਰੀਅਤ ਦੀ ਰੂਹ ਨੂੰ ਸ਼ਾਤੀਂ ਬਖਸ਼ੇ।

ਅਰੁਨ ਕੌਲ