ਪੰਜਾਬ ਵਿੱਚ ਕਿਸਾਨੀ ਲਹਿਰ ਤੇ ਨਵੀਂ ਲੀਡਰਸ਼ਿੱਪ ਦੀਆਂ ਸੰਭਾਵਨਾਵਾਂ

ਪੰਜਾਬ ਵਿੱਚ ਕਿਸਾਨੀ ਲਹਿਰ ਤੇ ਨਵੀਂ ਲੀਡਰਸ਼ਿੱਪ ਦੀਆਂ ਸੰਭਾਵਨਾਵਾਂ

ਰਵਾਇਤੀ ਲੀਡਰਸ਼ਿਪ ਦਾ ਭਵਿੱਖ ਘੁੰਮਣ ਘੇਰੀਆਂ ਵਿਚ
ਨਵੇਂ ਸਿੱਖ ਚਿਹਰੇ ਇਤਿਹਾਸ ਦੀ ਰੋਸ਼ਨੀ ਵਿਚ ਤੌਰ ਰਹੇ ਨੇ ਕਿਸਾਨੀ ਲਹਿਰ

ਅਵਤਾਰ ਸਿੰਘ

ਪੰਜਾਬ ਵਿੱਚ ਚੱਲ ਰਹੇ ਕਿਸਾਨ ਮੋਰਚੇ ਨੇ ਭਵਿੱਖ ਦੀ ਰਾਜਨੀਤਿਕ ਤੋਰ ਲਈ ਕਈ ਨਵੇਂ ਸਬਕ ਸਾਡੇ ਸਾਹਮਣੇ ਰੱਖੇ ਹਨ।ਬੇਸ਼ੱਕ ਪਿਛਲੇ 5-6 ਸਾਲਾਂ ਦੌਰਾਨ ਪੰਜਾਬ ਵਿੱਚ ਕਈ ਅਜਿਹੇ ਮੋਰਚੇ ਲੱਗੇ ਹਨ ਜਿਨ੍ਹਾਂ ਵਿੱਚ ਸਿੱਖ ਸੰਗਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਪਰ ਉਹ ਮੋਰਚੇ ਬਹੁਤ ਵੱਡੇ ਉਭਾਰ ਦੇ ਬਾਵਜੂਦ ਵੀ ਪੰਜਾਬ ਦੇ ਰਾਜਨੀਤਿਕ ਤਲ ਵਿੱਚ ਕੋਈ ਸਦੀਵੀ ਹਲਚਲ ਛੇੜਨ ਦੇ ਕਾਬਲ ਨਾ ਹੋ ਸਕੇ। ਇਨ੍ਹਾਂ ਮੋਰਚਿਆਂ ਨੂੰ ਚਲਾਉਣ ਵਾਲੇ ਜਾਂ ਇਨ੍ਹਾਂ ਦਾ ਪਰਬੰਧ ਕਰਨ ਵਾਲੇ ਵੀਰ ਬੇਸ਼ੱਕ ਗੱਲ ਪੰਥ ਦੀ ਕਰਦੇ ਸਨ ਪਰ ਉਨ੍ਹਾਂ ਦੀਆਂ ਆਪਣੀਆਂ ਨਿੱਜੀ ਰਾਜਨੀਤਿਕ ਲਾਲਸਾਵਾਂ ਮੋਰਚਿਆਂ ਦੀ ਸਿਧਾਂਤਕ ਲੀਹ ਦੇ ਰਾਹ ਵਿੱਚ ਖੜ੍ਹ ਜਾਂਦੀਆਂ ਸਨ।

ਭਾਈ ਗੁਰਬਖਸ਼ ਸਿੰਘ ਵੱਲੋਂ ਦੋ ਵਾਰ ਲਗਾਏ ਗਏ ਮੋਰਚੇ, ਬਾਪੂ ਸੂਰਤ ਸਿੰਘ ਵੱਲੋਂ ਆਰੰਭ ਕੀਤੇ ਸੰਘਰਸ਼ ਅਤੇ ਫਿਰ 6 ਮਹੀਨੇ ਤੱਕ ਨਿਰੰਤਰ ਚੱਲੇ ਬਰਗਾੜੀ ਦੇ ਮੋਰਚੇ ਨੇ ਪੰਜਾਬ ਦੇ ਰਾਜਨੀਤਿਕ ਪਾਣੀਆਂ ਵਿੱਚ ਕੋਈ ਅਜਿਹੀ ਹਲਚਲ ਨਾ ਛੇੜੀ ਜੋ ਛਿੜਨੀ ਚਾਹੀਦੀ ਸੀ। ਉਹੋ ਹੀ ਅਜਮਾਏ ਹੋਏ ਚਿਹਰੇ। ਉਹ ਹੀ ਅਜਮਾਏ ਹੋਏ ਭਾਸ਼ਣ ਅਤੇ ਉਹੋ ਹੀ ਰਵਾਇਤੀ ਨਾਅਰੇ ਅਤੇ ਰਾਜਨੀਤਕ ਇਛਾਵਾਂ। ਸ਼ਾਇਦ ਪੰਜਾਬ ਨੂੰ ਅਤੇ ਗੁਰੂ ਨੂੰ ਸੰਪੂਰਨ ਸਮਰਪਣ ਨਾ ਹੋਣ ਕਾਰਨ ਹੀ ਉਹ ਮੋਰਚੇ ਅਤੇ ਸੰਘਰਸ਼ ਆਪਣੀ ਮੰਜਲ ਹਾਸਲ ਨਾ ਕਰ ਸਕੇ, ਇੱਥੋਂ ਤੱਕ 2015 ਦਾ ਸਰਬੱਤ ਖਾਲਸਾ ਜੋ ਖਾਲਸਾ ਪੰਥ ਦੀਆਂ ਮਾਸੂਮ ਭਾਵਨਾਵਾਂ ਦਾ ਜੋਰਦਾਰ ਪ੍ਰਗਟਾਵਾ ਸੀ ਉਹ ਵੀ ਖਾਲਸਾ ਪੰਥ ਦੀਆਂ ਸੁਤੀਆਂ ਕਲਾਵਾਂ ਨੂੰ ਨਾ ਜਗਾ ਸਕਿਆ। ਸ਼ਾਇਦ ਉਹ ਕਸਰਤ ਵੀ ਗੁਰੂ ਲਿਵ ਨਾਲ ਜੁੜੀ ਹੋਈ ਨਹੀ ਸੀ ਬਲਕਿ ਆਪਣੀ ਰਾਜਨੀਤਿਕ ਆਕੜ ਨੂੰ ਪੱਠੇ ਪਾਉਣ ਦਾ ਹੀ ਯਤਨ ਸੀ। ਇਸੇ ਕਰਕੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਤਿੰਨੇ ਜਥੇਦਾਰ ਇੱਕ ਦੂਜੇ ਨਾਲ ਇੱਕਸੁਰ ਨਹੀ ਹਨ।

ਖ਼ੈਰ ਪੰਜਾਬ ਵਿੱਚ ਚੱਲ ਰਹੇ ਮੌਜੂਦਾ ਕਿਸਾਨੀ ਮੋਰਚੇ ਨੇ ਇੱਕ ਬਹੁਤ ਹੀ ਮੱਧਮ ਜਿਹੀ ਆਸ ਦੀ ਕਿਰਨ ਇਸ ਕਰਕੇ ਜਗਾਈ ਹੈ ਕਿ ਇਸ ਮੋਰਚੇ ਵਿੱਚ ਸ਼ਾਮਲ ਕੁਝ ਸ਼ਖਸ਼ੀਅਤਾਂ ਨੇ ਪੰਜਾਬ ਦੇ ਮਸਲੇ ਨੂੰ ਸਿੱਖ ਪਰਿਪੇਖ ਤੋਂ ਪਰਿਭਾਸ਼ਤ ਕਰਨਾ ਆਰੰਭ ਕਰ ਦਿੱਤਾ ਹੈ। ਇਨ੍ਹਾਂ ਵਿੱਚ ਕੋਈ ਇੱਕ ਖਾਸ ਸ਼ਖਸ਼ੀਅਤ ਸ਼ਾਮਲ ਨਹੀ ਹੈ ਬਲਕਿ ਕਈ ਪਾਸਿਆਂ ਤੋਂ ਇਹ ਯਤਨ ਹੋ ਰਹੇ ਹਨ ਕਿ ਕਿਸਾਨੀ ਦੇ ਮਸਲੇ ਨੂੰ ਅਤੇ ਕਿਸਾਨੀ ਦੇ ਸ਼ੰਘਰਸ਼ ਨੂੰ, ਖੱਬੇਪੱਖੀ ਸੋਚ ਨਾਲੋਂ ਖਾਲਸਾ ਜੀ ਦੀ ਰਾਜਨੀਤਕ ਇੱਛਾ ਅਨੁਸਾਰ ਪਰਿਭਾਸ਼ਤ ਕੀਤਾ ਜਾਵੇ।

ਕਿਸਾਨੀ ਦੇ ਸੰਘਰਸ਼ ਨੂੰ ਸਿਰਫ ਕਿਸਾਨੀ ਦਾ ਨਹੀ ਬਲਕਿ ਭਾਰਤੀ ਸਟੇਟ ਵੱਲੋਂ ਬਹੁ-ਕੌਮੀ ਮੁਲਕ ਨੂੰ ਇੱਕੋ ਕੌਮ ਦੀ ਅਧੀਨਗੀ ਹੇਠ ਕਰਨ ਦੇ ਯਤਨ ਵੱਜੋਂ ਦੇਖਣ ਅਤੇ ਇਸ ਨੂੰ ਪੰਜਾਬ ਦੀ ਖੁਦਮੁਖਤਿਆਰੀ ਲਈ ਵੱਡਾ ਸੰਘਰਸ਼ ਵਿੱਢਣ ਦੇ ਯਤਨਾਂ ਲਈ ਵਰਤਣ ਦਾ ਰੁਝਾਨ ਪੈਦਾ ਹੋ ਰਿਹਾ ਹੈ। ਪਰ ਇਹ ਬਹੁਤ ਜੋਰਦਾਰ ਰੁਝਾਨ ਨਹੀ ਹੈ।ਇਸਦੇ ਬਾਵਜੂਦ ਵੀ ਪੈਦਾ ਹੋ ਰਹੇ ਸਿੱਖ ਪਰਿਪੇਖ ਦਾ ਸਵਾਗਤ ਕਰਨਾ ਬਣਦਾ ਹੈ ਕਿਉਂਕਿ ਪਹਿਲਾ ਕਦਮ ਬਹੁਤ ਛੋਟਾ ਹੋ ਸਕਦਾ ਹੈ। ਜੇ ਵਿਚਾਰਧਾਰਕ ਲੀਹ ਠੀਕ ਪੈ ਜਾਵੇ ਫਿਰ ਅੱਗੇ ਤੋਂ ਪੰਜਾਬ ਦੀ ਸਿਆਸੀ ਖੁਦਮੁਖਤਾਰੀ ਲਈ ਸੰਘਰਸ਼ਾਂ ਦੇ ਪੈਂਤੜੇ ਬਣਾਉਣ ਲਈ ਸੌਖ ਹੋ ਸਕਦੀ ਹੈ।

ਕਈ ਵਾਰ ਕਿਸੇ ਅਜਿਹੇ ਸੰਘਰਸ਼ ਵਿੱਚੋਂ ਹੀ ਨਵੀ ਲੀਡਰਸ਼ਿੱਪ ਅਤੇ ਨਵੀਆਂ ਰਾਜਨੀਤਿਕ ਪਰਿਭਾਸ਼ਾਵਾਂ ਨਿਕਲ ਆਉਂਦੀਆਂ ਹਨ ਜਿਨ੍ਹਾਂ ਬਾਰੇ ਰਾਜਨੀਤੀ ਦੇ ਮਾਹਿਰਾਂ ਨੇ ਸੋਚਿਆ ਵੀ ਨਹੀਂ ਹੁੰਦਾ। ਕਿਸਾਨੀ ਸੰਘਰਸ਼ ਨੂੰ ਚਲਾ ਰਹੀਆਂ ਖੱਬੇਪੱਖੀ ਕਿਸਾਨ ਜਥੇਬੰਦੀਆਂ ਨੂੰ ਜਦੋਂ ਸੰਘਰਸ਼ ਦੌਰਾਨ ਛੱਡੇ ਜਾਂਦੇ ਜੈਕਾਰਿਆਂ ਅਤੇ ਬੁਲਾਈ ਜਾਂਦੀ ਫਤਹਿ ਤੋਂ ਪੀੜ ਮਹਿਸੂਸ ਹੋਣੀ ਆਰੰਭ ਹੋ ਗਈ ਸੀ ਉਸ ਵੇਲੇ ਹੀ ਇਹ ਗੱਲ ਭਾਂਪ ਲਈ ਗਈ ਸੀ ਕਿ ਕਿਸਾਨੀ ਜਥੇਬੰਦੀਆਂ ਦੀ ਦੌੜ ਮਹਿਜ ਜਿਣਸਾਂ ਦੇ ਭਾਅ ਠੀਕ ਕਰਵਾਉਣ ਤੱਕ ਹੀ ਸੀਮਤ ਰਹੇਗੀ। ਪਰ ਇਸ ਵਿੱਚ ਸ਼ਾਮਲ ਹੋਏ ਕੁਝ ਨਵੇਂ ਚਿਹਰੇ ਸੰਘਰਸ਼ ਨੂੰ ਜਿਸ ਦਿਸ਼ਾ ਵੱਲ ਤੋਰਣ ਦਾ ਯਤਨ ਕਰ ਰਹੇ ਹਨ ਉਹ ਕਾਫੀ ਸ਼ਲਾਘਾਯੋਗ ਅਤੇ ਮਾਣ ਕਰਨਯੋਗ ਹੈ। ਹਾਲ ਦੀ ਘੜੀ ਅਸੀਂ ਉਨ੍ਹਾਂ ਸ਼ਖਸ਼ੀਅਤਾਂ ਦੀ ਪਿੱਠ ਨਹੀ ਥਪਥਪਾਉਣੀ ਚਾਹੁੰਦੇ , ਕਿਉਂਕਿ ਲੰਬੇ ਸਮੇਂ ਤੋਂ ਭਾਰਤੀ ਸਟੇਟ ਦੇ ਕੰਮ ਕਾਜ ਨੂੰ ਦੇਖਦਿਆਂ ਸਾਨੂੰ ਇਕਦਮ ਕਿਸੇ ਨਤੀਜੇ ਉੱਤੇ ਨਹੀ ਪਹੁੰਚਣਾ ਚਾਹੀਦਾ।

ਪਰ ਕਿਸਾਨੀ ਘੋਲ ਦੇ ਓਹਲੇ ਹੇਠ ਜੋ ਕੁਝ ਉਭਰ ਰਿਹਾ ਹੈ ਉਸ ਵਿੱਚੋਂ ਇਹ ਗੱਲ ਸਾਫ ਹੋ ਰਹੀ ਹੈ ਕਿ ਪੰਜਾਬ ਵਿੱਚ ਰਵਾਇਤੀ ਲੀਡਰਸ਼ਿਪ ਦਾ ਸ਼ਾਇਦ ਉਹ ਭਵਿੱਖ ਨਾ ਰਹੇ। ਉਹ ਤਾਨਾਸ਼ਾਹੀ ਨਾ ਰਹੇ ਅਤੇ ਉਹ ਆਕੜ ਨਾ ਰਹੇ ਜੋ ਹੁਣ ਤੱਕ ਉਹ ਮਾਣਦੀ ਰਹੀ ਹੈ। ਕਿਸੇ ਨਾ ਕਿਸੇ ਮੌਕੇ ਤੇ ਆਕੇ ਰਵਾਇਤੀ ਲੀਡਰਸ਼ਿਪ ਨੂੰ ਨਕਾਰਨਾ ਅਤੇ ਨਵੇਂ ਰਾਜਨੀਤਿਕ ਸਿਧਾਂਤ ਦਾ ਉਭਰਨਾ ਪੰਜਾਬ ਲਈ ਚੰਗਾ ਸ਼ਗਨ ਹੋਵੇਗਾ।