ਭਾਰਤ ਸਰਕਾਰ ਨਾਲ ਗੱਲਬਾਤ ਤੋਂ ਪਹਿਲਾਂ ਪਾਟੀਆਂ ਯੂਨੀਅਨਾਂ

ਭਾਰਤ ਸਰਕਾਰ ਨਾਲ ਗੱਲਬਾਤ ਤੋਂ ਪਹਿਲਾਂ ਪਾਟੀਆਂ ਯੂਨੀਅਨਾਂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਦੇ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ ਭਾਵੇਂ ਕਿ ਪੰਜਾਬ ਦੀ ਸਮੁੱਚੀ ਕਿਸਾਨੀ ਇਕਜੁੱਟ ਹੋ ਕੇ ਆਰ-ਪਾਰ ਦੇ ਸੰਘਰਸ਼ ਲਈ ਤਿਆਰ ਨਜ਼ਰ ਆ ਰਹੀ ਹੈ, ਪਰ ਕਿਸਾਨ ਯੂਨੀਅਨਾਂ ਦਰਮਿਆਨ ਸੰਘਰਸ਼ ਦੇ ਸ਼ੁਰੂਆਤੀ ਦੌਰ ਵਿਚ ਹੀ ਪਾਟੋਧਾੜ ਨਜ਼ਰ ਆਉਣ ਲੱਗੀ ਹੈ। ਭਾਰਤ ਸਰਕਾਰ ਵੱਲੋਂ ਗੱਲਬਾਤ ਲਈ ਦਿੱਲੀ ਬੁਲਾਏ ਗਏ ਕਿਸਾਨ ਯੂਨੀਅਨਾਂ ਦੇ ਆਗੂਆਂ ਦਰਮਿਆਨ ਦਿੱਲੀ ਜਾਣ ਸਬੰਧੀ ਵਖਰੇਵੇਂ ਨਜ਼ਰ ਆ ਰਹੇ ਹਨ। 

ਅੱਜ ਚੰਡੀਗੜ੍ਹ ਵਿਚ ਕਿਸਾਨ ਜਥੇਬੰਦੀਆਂ ਨੇ ਅਗਲੀ ਰਣਨੀਤੀ ਬਣਾਉਣ ਲਈ ਬੈਠਕ ਬੁਲਾਈ ਸੀ, ਪਰ ਪ੍ਰਾਪਤ ਜਾਣਕਾਰੀ ਮੁਤਾਬਕ ਕੁਝ ਜਥੇਬੰਦੀਆਂ ਨੇ ਇਸ ਬੈਠਕ ਦਾ ਬਾਈਕਾਟ ਕਰ ਦਿੱਤਾ ਹੈ। ਸੂਤਰਾਂ ਦੇ ਦੱਸਣ ਮੁਤਾਬਕ ਜਿੱਥੇ ਕੁੱਝ ਜਥੇਬੰਦੀਆਂ ਸਰਕਾਰ ਨਾਲ ਗੱਲਬਾਤ ਕਰਨ ਲਈ ਦਿੱਲੀ ਜਾਣ ਵਾਸਤੇ ਤਿਆਰ ਹਨ ਉੱਥੇ ਕੁੱਝ ਜਥੇਬੰਦੀਆਂ ਗੱਲਬਾਤ ਲਈ ਦਿੱਲੀ ਜਾਣ ਦਾ ਵਿਰੋਧ ਕਰ ਰਹੀਆਂ ਹਨ। 

ਜਿੱਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਰੇਲ ਪਟੜੀਆਂ ਤੋਂ ਧਰਨੇ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਪਰ ਬਾਕੀ ਕਿਸਾਨ ਜਥੇਬੰਦੀਆਂ ਨੇ ਫੈਂਸਲਾ ਕੀਤਾ ਹੈ ਕਿ ਰੇਲ ਪਟੜੀਆਂ 'ਤੇ ਧਰਨੇ ਇਸੇ ਤਰ੍ਹਾਂ ਜਾਰੀ ਰਹਿਣਗੇ। ਟੋਲ ਟੈਕਸਾਂ 'ਤੇ ਵੀ ਧਰਨੇ ਇਸੇ ਤਰ੍ਹਾਂ ਜਾਰੀ ਰਹਿਣਗੇ। 

ਕਿਸਾਨ ਜਥੇਬੰਦੀਆਂ ਦੀ ਬੈਠਕ ਚੰਡੀਗੜ੍ਹ ਵਿਚ ਚੱਲ ਰਹੀ ਹੈ ਅਤੇ ਸ਼ਾਮ 4 ਵਜੇ ਕਿਸਾਨ ਜਥੇਬੰਦੀਆਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ। ਪਰ ਸਰਕਾਰ ਕਿਸੇ ਹੱਦ ਤਕ ਕਿਸਾਨ ਜਥੇਬੰਦੀਆਂ ਦੇ ਏਕੇ ਨੂੰ ਤਾਰਪੀਡੋ ਕਰਨ ਵਿਚ ਕਾਮਯਾਬ ਹੁੰਦੀ ਨਜ਼ਰ ਆ ਰਹੀ ਹੈ। 

ਕਿਸਾਨ ਸੰਘਰਸ਼ ਵਿਚ ਹੁਣ ਤਕ ਤਿੰਨ ਤਰ੍ਹਾਂ ਦੇ ਨਿਸ਼ਾਨੇ ਸਾਹਮਣੇ ਆ ਰਹੇ ਹਨ। ਜਿੱਥੇ ਇਕ ਪਾਸੇ ਕੁੱਝ ਧਿਰਾਂ ਸਿਰਫ ਕਾਨੂੰਨਾਂ ਵਿਚ ਐਮਐਸਪੀ ਸ਼ਾਮਲ ਕਰਾਉਣ ਦੀ ਮੰਗ ਤਕ ਸੀਮਤ ਹਨ, ਕੁੱਝ ਜਥੇਬੰਦੀਆਂ ਇਹਨਾਂ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਗੱਲ 'ਤੇ ਖੜ੍ਹੀਆਂ ਹਨ ਉੱਥੇ ਸ਼ੰਭੂ ਵਿਖੇ ਲੱਗੇ ਮੋਰਚੇ ਨੂੰ ਵੀ ਵੱਡਾ ਸਮਰਥਨ ਮਿਲ ਰਿਹਾ ਹੈ ਜਿਸ ਵਿਚ ਇਹਨਾਂ ਕਾਨੂੰਨਾਂ ਨੂੰ ਰੱਦ ਕਰਕੇ ਪੰਜਾਬ ਦੀ ਖੁਦਮੁਖਤਿਆਰੀ ਲਈ ਸੰਘਰਸ਼ ਕਰਨ ਦਾ ਸੱਦਾ ਦਿੱਤਾ ਜਾ ਰਿਹਾ ਹੈ।