ਕਿਸਾਨੀ ਅੰਦੋਲਨ ਵਿਚ ਜਥੇਬੰਦਕ ਏਕਤਾ ਦੀ ਘਾਟ ਪਰ ਪੰਜਾਬ ਦਾ ਹਰ ਵਰਗ  ਸ਼ਾਮਲ     

ਕਿਸਾਨੀ ਅੰਦੋਲਨ ਵਿਚ ਜਥੇਬੰਦਕ ਏਕਤਾ ਦੀ ਘਾਟ ਪਰ ਪੰਜਾਬ ਦਾ ਹਰ ਵਰਗ  ਸ਼ਾਮਲ     

       ਰਵਾਇਤੀ ਲੀਡਰਸ਼ਿੱਪ ਦੀ ਸ਼ੱਕੀ ਭੂਮਿਕਾ ਅਤੇ ਯੋਗ ਲੀਡਰਸ਼ਿੱਪ ਦੀ ਅਣਹੋਂਦ ਉਭਰੀ                   

ਬਘੇਲ ਸਿੰਘ                    

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਿਸਾਨ ਵਿਰੋਧੀ ਕਨੂੰਨਾਂ ਦੇ ਖਿਲਾਫ ਦੇਸ਼ ਦੇ ਕੁੱਝ ਹਿੱਸਿਆਂ ਵਿਚੋਂਂ ਜੋਰਦਾਰ ਵਿਰੋਧ ਸ਼ੁਰੂ ਹੋ ਗਿਆ ਹੈ। ਸਭ ਤੋਂਂ ਵੱਧ ਮੌਜੂਦਾ  ਕਿਸਾਨ ਲਹਿਰ ਦਾ ਪ੍ਰਭਾਵ ਪੰਜਾਬ ਅਤੇ ਹਰਿਆਣੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਹਰਿਆਣੇ ਅੰਦਰ ਰੋਸ ਜਤਾ ਰਹੇ ਕਿਸਾਨਾਂ ਤੇ ਰਾਜ ਕਰਦੀ ਧਿਰ ਵੱਲੋਂ ਕਾਫੀ ਅੱਤਿਆਚਾਰ ਦੀਆਂ ਤਸਵੀਰਾਂ ਅਤੇ ਵੀਡੀਓ ਜਨਤਕ ਹੋਈਆਂ ਹਨ,ਇਸ ਦੇ ਬਾਵਜੂਦ ਵੀ ਕਿਸਾਨਾਂ ਦਾ ਰੋਹ ਮੱਠਾ ਨਹੀ ਪਿਆ,ਬਲਕਿ ਵੱਧ ਰਿਹਾ ਹੈ। ਪੰਜਾਬ ਅੰਦਰ ਵੀ ਕਿਸਾਨ ਦੀ ਹੋਣੀ ਨਾਲ ਜੁੜੇ ਇਹਨਾਂ ਮਾਰੂ ਕਨੂੰਨਾਂ ਦਾ ਵੱਡੀ ਪੱਧਰ ਤੇ ਵਿਰੋਧ ਹੋ ਰਿਹਾ ਹੈ।ਪੰਜਾਬ ਅੰਦਰ ਇਹ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ,ਜਦੋਂਂ ਕਿਸਾਨਾਂ ਦੇ ਹੱਕ ਵਿੱਚ ਹਰ ਵਰਗ ਨੇ ਹਾਅ ਦਾ ਨਾਹਰਾ ਮਾਰਿਆ ਹੈ ਅਤੇ ਪੰਜਾਬ ਦੀਆਂ ਕਿਸਾਨ ਮਜਦੂਰ ਜਥੇਬੰਦੀਆਂ ਨੇ ਇਕੱਠੇ ਹੋ ਕੇ ਕੇਂਦਰ ਦੀ ਹਕੂਮਤ ਦੇ ਖਿਲਾਫ ਆਰ ਪਾਰ ਦੀ ਲੜਾਈ ਵਿੱਢ ਦਿੱਤੀ ਹੈ।ਬੇਸ਼ੱਕ ਇਸ ਅੰਦੋਲਨ ਨੂੰ ਮੁਲਾਜ਼ਮਾਂ ਆੜਤੀਆਂ, ਦੁਕਾਨਦਾਰਾਂ, ਵਪਾਰੀਆਂ ਆਦਿ ਨੇ ਵੀ ਸਮੱਰਥਨ ਦਿੱਤਾ ਹੈ,ਪਰ ਮੁੱਖ ਰੂਪ ਵਿੱਚ ਇਸ ਅੰਦੋਲਨ ਦੀ ਅਗਵਾਈ ਕਿਸਾਨ ਤੇ ਮਜਦੂਰ ਜਥੇਬੰਦੀਆਂ ਹੀ ਕਰ ਰਹੀਆਂ ਹਨ। ਪੰਜਾਬ ਦੀਆਂ ਇਕੱਤੀ ਕਿਸਾਨ ਮਜਦੂਰ ਜਥੇਬੰਦੀਆਂ ਨੇ ਇਕੱਠੇ ਹੋ ਕੇ ਮੋਦੀ ਸਰਕਾਰ ਖਿਲਾਫ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ।ਇਸ ਖੇਤੀ ਅੰਦੋਲਨ ਦਾ ਮਾੜਾ ਪੱਖ ਇਹ ਹੈ ਕਿ ਕਿਸਾਨ ਮਜਦੂਰ ਜਥੇਬੰਦੀਆਂ ਇਹ ਭਲੀ ਭਾਂਤ ਜਾਣਦੀਆਂ ਹੋਈਆਂ ਵੀ ਕਿ ਏਕੇ ਤੋਂਂ ਬਗੈਰ ਜਿੱਤ ਸਕਣਾ ਸੰਭਵ ਨਹੀ,ਫਿਰ ਵੀ ਇਮਾਨਦਾਰੀ ਨਾਲ ਏਕਾ ਕਰਨ ਵੱਲ ਨਹੀ ਚੱਲ ਸਕੀਆਂ। ਸਾਂਝੇ ਅੰਦੋਲਨ ਵਿੱਚ ਆਪਣੀ ਆਪਣੀ ਜਥੇਬੰਦੀ ਦੇ ਝੰਡੇ ਅਤੇ ਏਜੰਡੇ ਦੀ ਕਸ਼ਮਕਸ਼ ਬਰਕਰਾਰ ਹੈ।  ਚੱਲਦੇ ਰੋਸ਼ ਪ੍ਰਦਰਸ਼ਣਾਂ ਤੋ ਇਹ  ਅੰਦਾਜ਼ਾ ਲਾਉਣਾ ਕੋਈ ਮੁਸ਼ਕਲ ਨਹੀ ਕਿ ਕਿਸਾਨ ਜਥੇਬੰਦੀਆਂ ਆਪਣੇ ਹਿਤਾਂ ਦੀ ਲੜਾਈ ਪ੍ਰਤੀ ਕਿੰਨੀਆਂ ਕੁ ਸੁਹਿਰਦ ਹਨ। ਅਸਲ ਸਚਾਈ ਤਾਂ ਇਹ ਵੀ ਹੈ ਕਿ ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਵਕਤੀ ਏਕਤਾ ਵੀ ਇਮਾਨਦਾਰੀ ਵਾਲੀ ਨਹੀਂਂ ਹੈ। ਕਿਸਾਨਾਂ ਦੀਆਂ ਦੀ ਅਗਵਾਈ ਖੱਬੇ ਪੱਖੀ ਸੋਚ ਵਾਲੇ ਆਗੂਆਂ ਦੇ ਹੱਥ ਹੋਣ ਕਰਕੇ ਉਹ ਕਿਸਾਨੀ ਨੂੰ ਸਿੱਖੀ ਤੋ ਅਲੱਗ ਕਰਕੇ ਦੇਖਣ ਦੀ ਬੇਸਮਝੀ ਕਰ ਰਹੇ ਹਨ,ਜਿਹੜੀ ਕਿਸਾਨੀ ਸੰਘਰਸ਼ ਦੇ ਹਿਤ ਵਿੱਚ ਨਹੀ ਹੈ,ਕਿਉਂਕਿ ਜਿਹੜਾ ਪੰਜਾਬ ਵਸਦਾ ਹੀ ਗੁਰਾਂ ਦੇ ਨਾਮ ਤੇ ਹੈ ਅਤੇ ਜਿਹੜੀ ਕਿਸਾਨੀ ਖੁਦ ਗੁਰੂ ਨਾਨਕ ਸਾਹਿਬ ਨੇ ਕੀਤੀ ਹੋਵੇ ਅਤੇ ਉਹਨਾਂ ਵੱਲੋਂ ਵਰੋਸਾਈ ਇਸ ਗਰੀਬ ਕਿਸਾਨੀ ਨੂੰ ਮਾਲਕੀ ਦੇ ਹੱਕ ਗੁਰੂ ਗੋਬਿੰਦ ਸਿੰਘ ਸਾਹਿਬ ਤੋਂਂ ਥਾਪੜਾ ਲੈ ਕੇ ਪਹਿਲਾ ਖਾਲਸਾ ਰਾਜ ਕਾਇਮ ਕਰਨ ਵਾਲੇ ਸਿੱਖ ਹੁਕਮਰਾਨ ਬਾਬਾ ਬੰਦਾ ਸਿੰਘ ਬਹਾਦੁਰ ਨੇ ਦਿੱਤੇ ਹੋਣ, ਉਸ ਖਿੱਤੇ ਦੀ ਕਿਸਾਨੀ ਨੂੰ ਸਿੱਖੀ ਤੋ ਅਲੱਗ ਕਿਵੇਂ ਕੀਤਾ ਜਾ ਸਕਦਾ ਹੈ। ਜੇਕਰ ਕਿਸਾਨ ਜਥੇਬੰਦੀਆਂ ਇਹ ਵਰਤਾਰਾ ਜਾਰੀ ਰੱਖਦੀਆਂ ਹਨ, ਤਾਂ ਪੰਜਾਬ ਦਾ ਨੌਜਵਾਨ ਵਰਗ ਕਿਸਾਨੀ ਸੰਘਰਸ਼ ਤੋਂਂ ਪਿੱਛੇ ਹੱਟ ਸਕਦਾ ਹੈ,ਕਿਉਕਿ ਨੌਜਵਾਨ ਕਿਤੋਂਂ ਬਾਹਰੋ ਨਹੀ ਆਏ ,ਬਲਕਿ ਉਹਨਾਂ ਮਜਦੂਰ ਅਤੇ ਕਿਸਾਨ ਪਰਿਵਾਰਾਂ ਵਿਚੋਂਂ ਹਨ,ਜਿੰਨਾਂ ਦਾ ਸਿੱਖੀ ਨਾਲ ਸਬੰਧ ਹੋਣ ਕਰਕੇ ਲਗਾਤਾਰ ਹਕੂਮਤੀ ਧੱਕੇਸ਼ਾਹੀਆਂ ਦਾ ਸ਼ਿਕਾਰ ਹੁੰਦੇ ਆ ਰਹੇ ਹਨ।                       

ਪੰਜਾਬੀ ਦੇ ਗਾਇਕ ਕਲਾਕਾਰ ਅੰਦੋਲਨ ਦਾ ਹਿੱਸਾ

ਦੇਖਿਆ ਗਿਆ ਹੈ ਕਿ ਪੰਜਾਬੀ ਦੇ ਗਾਇਕ ਕਲਾਕਾਰ ਵੀ ਇਸ ਅੰਦੋਲਨ ਦਾ ਹਿੱਸਾ ਬਣ ਰਹੇ ਹਨ,ਜਿਹਨਾਂ ਦੇ ਪਿੱਛੇ ਬਹੁਤ ਵੱਡੀ ਗਿਣਤੀ ਉਹਨਾਂ ਦੇ ਨੌਜਵਾਨ ਪ੍ਰਸੰਸਕਾਂ ਦੀ ਹੈ। ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਵਾਲੇ ਗਾਇਕਾਂ ਨੇ ਉਹਨਾਂ ਕਿਸਾਨ ਜਥੇਬੰਦੀਆਂ ਨਾਲ ਸਾਂਝਾ ਗੱਠਜੋੜ ਬਣਾ ਲਿਆ ਹੈ,ਜਿਹੜੇ ਪੰਥ ਅਤੇ ਸਿੱਖੀ ਦੀ ਗੱਲ ਕਰਨ ਵਾਲਿਆਂ ਨਾਲ ਨਫਰਤ ਕਰਦੇ ਹਨ ਤੇ ਖੁਦ ਸਿੱਖ ਹਿਤਾਂ ਦੀ ਗੱਲ ਕਰਨਾ ਵੱਡਾ ਗੁਨਾਹ ਸਮਝਦੇ ਹਨ।ਹੈਰਾਨੀ ਇਸ ਗੱਲ ਤੋ ਹੁੰਦੀ ਹੈ ਕਿ ਜਦੋ ਸਿੱਖ ਹਿਤਾਂ ਦੀ ਗੱਲ ਕਰਨ ਵਾਲੇ ਬਹੁਤ ਸਾਰੇ ਉਹ ਗਾਇਕ ਜਿਹੜੇ ਗਾਹੇ ਬ ਗਾਹੇ ਸਿੱਖਾਂ ਨਾਲ ਹੁੰਦੀਆਂ ਧੱਕੇਸ਼ਾਹੀਆਂ ਦੀ ਗੱਲ ਅਪਣੇ ਗੀਤਾਂ ਵਿੱਚ ਕਰਦੇ ਰਹਿੰਦੇ ਹਨ,ਉਹਨਾਂ ਕਲਾਕਾਰਾਂ ਨੇ ਅਗਵਾਈ ਪੰਜਾਬ ਦੀਆਂ ਉਹਨਾਂ ਕਿਸਾਨ ਜਥੇਬੰਦੀਆਂ ਦੀ ਕਬੂਲੀ ਹੈ,ਜਿੰਨਾਂ ਨੇ ਅਪਣੀ ਸਟੇਜ ਤੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜੈਕਾਰਾ ਲਾਉਣ ਤੇ ਸਖਤੀ ਨਾਲ ਪਾਬੰਦੀ ਲਾਈ ਹੋਈ ਹੈ।ਚਰਚਾ ਇਹ ਵੀ ਹੈ ਕਿ ਕਿਸਾਨ ਜਥੇਬੰਦੀਆਂ ਨੇ ਗਾਇਕਾਂ ਨੂੰ ਆਪਣੀਆਂ ਸਟੇਜਾਂ ਦੇਣ ਤੋ ਇਨਕਾਰ ਕਰ ਦਿੱਤਾ ਸੀ,ਜਿਸ ਤੋ ਅਸਹਿਜ ਮਹਿਸੂਸ ਕਰ ਰਹੇ ਕਲਾਕਾਰਾਂ ਨੇ ਖੱਬੇ ਪੱਖੀ ਕਿਸਾਨ ਜਥੇਬੰਦੀਆਂ ਨਾਲ ਸਮਝੌਤਾ ਕਰ ਲਿਆ, ਤਾਂ ਕਿ ਕਿਸਾਨੀ ਹਿਤਾਂ ਲਈ ਚੱਲ ਰਹੇ ਸੰਘਰਸ਼ ਵਿੱਚ ਸ਼ਮੂਲੀਅਤ ਹੁੰਦੀ ਰਹੇ ਤੇ ਕਿਸਾਨ ਰੋਹ ਤੋਂਂ ਬਚਿਆ ਜਾ ਸਕੇ। ਕਿਉਕਿ ਜਿੱਥੇ ਬਹੁਗਿਣਤੀ ਗਾਇਕਾਂ ਕਲਾਕਾਰਾਂ ਦਾ ਸਬੰਧ ਕਿਸਾਨ ਪਰਿਵਾਰਾਂ ਨਾਲ ਹੈ,ਉੱਥੇ ਉਹਨਾਂ ਦੇ ਕਾਰੋਬਾਰ ਦਾ ਵੀ ਸਿੱਧਾ ਸਬੰਧ ਪੰਜਾਬ ਦੀ ਮਜਬੂਤ ਆਰਥਿਕਤਾ ਨਾਲ ਜੁੜਿਆ ਹੋਇਆ ਹੈ,ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਪੰਜਾਬ ਦੀ ਆਰਥਿਕਤਾ ਵੀ ਕਿਸਾਨੀ ਦੁਆਲੇ ਹੀ ਘੁੰਮਦੀ ਹੈ। ਗਾਇਕਾਂ ਦਾ ਪਿਛੋਕੜ ਭਾਂਵੇਂ ਕਿਸਾਨੀ ਨਾਲ ਸਬੰਧਤ ਹੈ,ਪਰ ਅਸਲ ਸਚਾਈ ਇਹ ਹੈ ਕਿ ਉਹਨਾਂ ਦੇ ਕਾਰੋਬਾਰ ਕਿਸਾਨੀ ਦੀ ਖੁਸ਼ਹਾਲੀ ਨਾਲ ਚੱਲਦੇ ਹਨ,ਇਸ ਲਈ ਉਹ ਕਿਸਾਨੀ ਰੋਹ ਦਾ ਸ਼ਿਕਾਰ ਹੋਣ ਤੋ ਬਚਣ ਲਈ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਏ ਹਨ,ਤਾਂਕਿ ਲੋਕਾਂ ਦੇ ਮਨਾਂ ਵਿਚ ਉਹਨਾਂ ਲਈ ਥਾਂ ਬਣੀ ਰਹੇ।ਜਿੱਥੋ ਤੱਕ ਵਿਚਾਰਧਾਰਾ ਦਾ ਸੁਆਲ ਹੈ ਕੁੱਝ ਕੁ ਕਲਾਕਾਰਾਂ ਨੂੰ ਛੱਡ ਕੇ ਗਾਇਕਾਂ ਦੀ ਕੋਈ ਵਿਚਾਰਧਾਰਾ ਨਹੀ। ਯਾਦ ਹੋਵੇਗਾ ਕਿ ਜਦੋਂ ਭਾਈ ਗੁਰਬਖਸ਼ ਸਿੰਘ ਵੱਲੋਂ ਗੁਰਦੁਆਰਾ ਅੰਬ ਸਾਹਿਬ ਤੋ ਪਹਿਲੀ ਵਾਰ ਬੰਦੀ ਸਿੱਖਾਂ ਦੀ ਰਿਹਾਈ ਲਈ ਸੰਘਰਸ਼ ਸ਼ੁਰੂ ਕੀਤਾ ਗਿਆ ਸੀ, ਸੰਘਰਸ਼ ਪੂਰੇ ਜੋਬਨ ਤੇ ਪੁੱਜ ਗਿਆ ਸੀ ਤਾਂ ਉਸ ਮੌਕੇ ਵੀ ਸਮੁੱਚੇ ਪੰਜਾਬੀ ਗਾਇਕਾਂ ਨੇ ਉੱਥੇ ਹਾਜਰੀ ਭਰੀ ਸੀ,ਸੋ ਹੁਣ ਵੀ ਗਾਇਕਾਂ ਨੇ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋ ਕੇ ਭਾਵੇਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਵੀ ਕਿਸਾਨ ਮਜ਼ਦੂਰ ਪਰਿਵਾਰਾਂ ਵਿਚੋ ਹਨ,ਪ੍ਰੰਤੂ ਅਸਲ ਸਚਾਈ ਇਹ ਹੈ ਕਿ ਉਹਨਾਂ ਨੇ ਪੰਜਾਬ ਦੇ ਲੋਕਾਂ ਦਾ ਗੁੱਸਾ ਦੇਖਿਆ ਹੈ,ਉਹ ਇਹ ਵੀ ਚੰਗੀ ਤਰਾਂ ਜਾਣਦੇ ਹਨ ਕਿ ਜੇਕਰ ਪੰਜਾਬੀ ਅੱਖਾਂ ਉਪਰ ਬੈਠਾਉਣਾ ਜਾਣਦੇ ਹਨ,ਤਾਂ ਉਹ ਔਕਾਤ ਦਿਖਾਉਣੀ ਵੀ ਜਾਣਦੇ ਹਨ,ਇਸ ਲਈ ਹਵਾ ਦਾ ਰੁੱਖ ਦੇਖ ਕੇ,ਆਪਣਾ ਭਵਿੱਖ ਸੁਰਖਿਅਤ ਕਰਨ ਲਈ ਕਿਸਾਨੀ ਘੋਲ ਦਾ ਹਿੱਸਾ ਬਣੇ ਹਨ। ਫਿਰ ਵੀ ਗਾਇਕ ਕਲਾਕਾਰਾਂ ਦੇ ਇਸ ਰੁਝਾਨ ਨੂੰ ਪੰਜਾਬ ਦੇ ਹਿਤ ਵਿਚ ਦੇਖਦਿਆਂ ਸ਼ੁਭ ਹੀ ਮੰਨਿਆ ਜਾਣਾ ਚਾਹੀਦਾ ਹੈ ਅਤੇ ਕਲਾਕਾਰਾਂ ਦੀ ਇਸ ਪਹੁੰਚ ਨੂੰ ਨਜ਼ਰ ਅੰਦਾਜ਼ ਵੀ ਨਹੀ ਕੀਤਾ ਜਾ ਸਕਦਾ,ਪਰ ਇਹ ਜ਼ਰੂਰ ਕਹਿਣਾ ਬਣਦਾ ਹੈ ਕਿ ਜਦੋਂਂ ਜਥੇਬੰਦ ਹੋ ਕੇ ਲੜਾਈ ਲੜਨ ਦਾ ਤਹੱਈਆ ਕਰ ਹੀ ਲਿਆ ਹੈ,ਫਿਰ ਵਿਚਾਰਧਾਰਾ ਜਰੂਰ ਸਪੱਸ਼ਟ ਹੋਣੀ ਚਾਹੀਦੀ ਹੈ,ਜਿਸਤਰਾਂ ਕੁੱਝ ਕੁ ਕਲਾਕਾਰਾਂ ਨੇ ਆਪਣੀ ਜ਼ਮੀਰ ਦੀ ਅਵਾਜ਼ ਸੁਣੀ ਹੈ ਤੇ ਸ਼ੰਭੂ ਬਾਰਡਰ ਵਾਲੇ ਧਰਨੇ ਵਿਚ ਸਾਰਾ ਕੁੱਝ ਸਪੱਸ਼ਟ ਵੀ ਕੀਤਾ ਹੈ।

ਬਹੁਤ ਲੰਮੇ ਸਮੇ ਬਾਅਦ ਇਹ ਦੇਖਿਆ ਗਿਆ ਹੈ,ਜਦੋ ਕਿਸਾਨੀ ਘੋਲਾਂ ਨੇ ਲੋਕ ਘੋਲਾਂ ਦਾ ਰੂਪ ਧਾਰਿਆ ਹੋਵੇ।ਇਸ ਕਿਸਾਨੀ ਅੰਦੋਲਨ ਵਿੱਚ ਨੌਜਵਾਨਾਂ ਦੀ ਸਰਗਰਮ ਸ਼ਮੂਲੀਅਤ ਦਰਸਾਉਂਦੀ ਹੈ ਕਿ ਪੰਜਾਬ ਦੇ ਨੌਜਵਾਨ ਕੇਂਦਰ ਦੀਆਂ ਲਗਾਤਾਰ ਹੋ ਰਹੀਆਂ ਵਧੀਕੀਆਂ ਤੋ ਤੰਗ ਆ ਚੁੱਕੇ ਹਨ,ਜਿਸ ਕਰਕੇ ਉਹਨਾਂ ਨੇ ਜੋਸ਼ ਨਾਲ ਇਸ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ ਹੈ।ਇਹ ਵੀ ਦੇਖਿਆ ਗਿਆ ਹੈ ਕਿ ਅਪਣੀ ਹੋਂਦ ਪ੍ਰਤੀ ਜਾਗਰੂਕ ਨੌਜਵਾਨਾਂ ਵੱਲੋਂ ਕਿਸਾਨੀ ਘੋਲਾਂ ਵਿੱਚ ਵੀ ਗਾਹੇ ਬ ਗਾਹੇ ਖਾਲਿਸਤਾਨ ਜਿੰਦਾਬਾਦ ਅਤੇ ਬੋਲੇ ਸੌ ਨਿਹਾਲ ਦੇ ਜੈਕਾਰੇ ਲਾਏ ਜਾ ਰਹੇ ਹਨ,ਜਿੰਹਨਾਂ ਦਾ ਖੱਬੇ ਪੱਖੀ ਕਿਸਾਨ ਆਗੂਆਂ ਵੱਲੋਂ ਸਖਤ ਵਿਰੋਧ ਦਰਜ ਕਰਵਾਇਆ ਜਾਂਦਾ ਹੈ।ਅਪਣਾ ਗੁੱਸਾ ਕੱਢਣ ਲਈ ਬਹੁਤ ਸਾਰੇ ਨੌਜਵਾਨਾਂ ਨੇ ਸੰਭੂ ਬਾਰਡਰ ਤੇ ਲੱਗੇ ਧਰਨੇ ਵਿੱਚ ਜਾਣ ਨੂੰ ਇਸ ਕਰਕੇ ਹੀ ਤਰਜੀਹ ਦਿੱਤੀ ਹੈ,ਕਿਉਕਿ ਉਥੇ ਨੌਜਵਾਨਾਂ ਵੱਲੋਂ ਸਿੱਖ ਭਾਵਨਾਵਾਂ ਦਾ ਪ੍ਰਗਟਾਵਾ ਖੁੱਲ੍ਹ ਕੇ ਕੀਤਾ ਜਾ ਸਕਦਾ ਹੈ,ਇਸ ਦੇ ਨਾਲ ਨਾਲ ਕਿਸਾਨ ਯੂਨੀਅਨਾਂ ਦੇ ਧਰਨਿਆਂ ਵਿੱਚ ਵੀ ਨੌਜਵਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ,ਪ੍ਰੰਤੂ ਨੌਜਵਾਨਾਂ ਦੇ ਜੋਸ਼ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਵਾਲਾ ਕੋਈ ਵੀ ਆਗੂ ਇਸ ਵੱਡੇ ਅੰੰਦੋਲਨ ਵਿੱਚ ਵੀ ਦਿਖਾਈ ਨਹੀ ਪੈਂਦਾ। ਸ਼ੰਭੂ ਬਾਰਡਰ ਤੇ ਲੱਗੇ ਧਰਨੇ ਦੀ ਇੱਕ ਵਿਸ਼ੇਸ਼ਤਾ ਇਹ ਵੀ ਰਹੀ ਕਿ ਉਥੇ ਆਪਣੇ ਹਿਤਾਂ ਪ੍ਰਤੀ ਜਾਗਰੂਕ ਨੌਜਵਾਨ,ਬੁੱਧੀਜੀਵੀ,ਪਰਚਾਰਕ,ਪੰਥਕ ਅਤੇ ਪੰਜਾਬ ਹਿਤੈਸੀ ਬੁਲਾਰਿਆਂ ਦੀ ਭਰਵੀਂ ਹਾਜ਼ਰੀ ਦਰਜ ਕੀਤੀ ਗਈ ਹੈ,ਜਿਹਨਾਂ ਨੇ ਕੇਂਦਰ ਨੂੰ ਇਹ ਸਪੱਸ਼ਟ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਲੋਕ ਸਿਰਫ ਕਿਸਾਨੀ ਕਨੂੰਨ ਰੱਦ ਕਰਨ ਦੀ ਹੀ ਮੰਗ ਨਹੀ ਕਰਦੇ ਬਲਕਿ ਕੇਂਦਰ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਧੱਕੇ ਅਤੇ ਵਿਤਕਰੇ ਪ੍ਰਤੀ ਕੇਂਦਰ ਨੂੰ ਸੁਚੇਤ ਵੀ ਕਰਦੇ ਹਨ ਕਿ ਪੰਜਾਬ ਦੀ ਜੁਆਨੀ ਵਿਚੋਂਂ ਗੈਰਤ ਮਰੀ ਨਹੀ ਹੈ,ਇਸ ਲਈ ਉਹਨਾਂ ਦੇ ਸਬਰ ਦੀ ਪਰਖ ਨਾ ਕੀਤੀ ਜਾਵੇ।
> ਇਹਦੇ ਵਿੱਚ ਕੋਈ ਸ਼ੱਕ ਨਹੀ ਕਿ ਕੋਈ ਵੀ ਸਿਆਸੀ ਪਾਰਟੀ ਕਿਸੇ ਵੀ ਸੰਘਰਸ਼ ਵਿੱਚ ਇਮਾਨਦਾਰੀ ਨਾਲ ਸ਼ਮੂਲੀਅਤ ਨਹੀ ਕਰਦੀ,ਬਲਕਿ ਵੋਟ ਰਾਜਨੀਤੀ ਨੂੰ ਆਧਾਰ ਬਣਾ ਕੇ ਹੀ ਆਪਣਾ ਪੱਤਾ ਖੇਡਦੀ ਹੈ। ਭਾਵੇਂ ਉਹ ਪਿਛਲੇ ਸਾਲਾਂ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਲੈਣ ਲਈ ਲੱਗਿਆ ਬਰਗਾੜੀ ਮੋਰਚਾ ਹੋਵੇ ਜਾਂ ਮੌਜੂਦਾ ਕਿਸਾਨ ਮਜ਼ਦੂਰ ਸੰਘਰਸ਼ ਹੋਵੇ,ਸਿਆਸੀ ਪਾਰਟੀਆਂ ਹਮੇਸਾਂ ਆਪਣੇ ਪਾਰਟੀ ਹਿਤਾਂ ਨੂੰ ਪਰਮੁੱਖਤਾ ਦਿੰਦੀਆਂ ਹਨ,ਇਸ ਤੋ ਵੱਧ ਉਹਨਾਂ ਦੀ ਲੋਕ ਘੋਲਾਂ ਨਾਲ ਕੋਈ ਹਮਦਰਦੀ ਨਹੀ ਹੁੰਦੀ।ਜਿਸਤਰਾਂ ਕਿਸਾਨੀ ਘੋਲਾਂ ਨੇ ਲੋਕ ਘੋਲਾਂ ਦਾ ਰੂਪ ਲਿਆ ਹੈ,ਉਸ ਦਾ ਲਾਹਾ ਵੀ ਸਿਆਸੀ ਧਿਰਾਂ ਅਪਣੇ ਅਪਣੇ ਵਿਤ ਅਨੁਸਾਰ ਲੈਣ ਤੋ ਪਿੱਛੇ ਨਹੀ ਹਨ।ਪਿਛਲੇ ਦਿਨਾਂ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਇਹ ਭਰੋਸਾ ਦਿਵਾਇਆ ਸੀ ਕਿ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਤਿੰਨੋ ਕਨੂੰਨਾਂ ਨੂੰ ਵਿਧਾਨ ਸਭਾ ਵਿੱਚ ਸਪੈਸ਼ਲ ਇਜਲਾਸ ਬੁਲਾ ਕੇ ਰੱਦ ਕਰਨ ਦਾ ਮਤਾ ਪਾਸ ਕੀਤਾ ਜਾਵੇਗਾ ਪਰ ਹਾਲੇੇ ਤਕ ਕੁਝ ਨਹੀੰ ਵਾਾਪਰਿਆ। ਇਸੇਤਰਾਂ ਅਕਾਲੀ ਦਲ ਵੱਲੋਂ 25 ਸਤੰਬਰ ਦੇ ਮੁਕੰਮਲ ਪੰਜਾਬ ਬੰਦ ਦੌਰਾਨ ਹੀ ਚਾਰ ਘੰਟੇ ਦੇ ਚੱਕਾ ਜਾਮ ਅਤੇ ਇੱਕ ਅਕਤੂਬਰ ਨੂੰ ਤਿੰਨ ਤਖਤ ਸਹਿਬਾਨਾਂ ਤੋ ਵੱਖ ਵੱਖ ਆਗੂਆਂ ਦੀ ਅਗਵਾਈ ਚ ਵੱਡੇ ਕਾਫਲਿਆਂ ਦੇ ਰੂਪ ਚੰਡੀਗੜ ਪਹੁੰਚ ਕੇ ਰਾਜਪਾਲ ਪੰਜਾਬ ਨੂੰ ਮੰਗ ਪੱਤਰ ਦੇਣ ਦੀ ਕੋਸ਼ਿਸ਼ ਵਿੱਚ ਗਿਰਫਤਾਰੀਆਂ ਦੇਣਾ ਵੀ ਸਿਆਸੀ ਲਾਹੇ ਦੇ ਯਤਨਾਂ ਵਿੱਚ ਇੱਕ ਦੂਜੇ ਤੋ ਅੱਗੇ ਨਿਕਲਣ ਦਾ ਵਰਤਾਰਾ ਸੀ,ਜਿਸ ਨੂੰ ਹੁਣ ਲੋਕ ਹੁੰੰਗਾਰਾ ਨਹੀਂ ਮਿਲਿਆ।ਆਮ ਆਦਮੀ ਪਾਰਟੀ ਸਮੇਤ ਵੋਟਾਂ ਦੀ ਰਾਜਨੀਤੀ ਕਰਨ ਵਾਲੀਆਂ ਸਾਰੀਆਂ ਹੀ ਧਿਰਾਂ ਕਿਸਾਨੀ ਦੇ ਇਸ ਅੰਦੋਲਨ ਵਿਚ ਸਿਆਸੀ ਲਾਹਾ ਲੈਣ ਤੋ ਵੱਧ ਹੋਰ ਕੋਈ ਵੀ ਮਾਅਰਕਾ ਨਹੀ ਮਾਰ ਸਕਦੀਆਂ। ਜੇਕਰ ਕਿਸਾਨੀ ਘੋਲਾਂ ਦੀ ਹਮਾਇਤ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਆਪੋ ਆਪਣੀਆ ਪਾਰਟੀਆਂ ਦੇ ਬੈਨਰ ਹੇਠ ਪ੍ਰਦ੍ਰਸ਼ਨ ਕਰਕੇ ਕਿਸਾਨ ਹਿਤੈਸ਼ੀ ਸਿੱਧ ਕਰਨ ਦੀ ਕੋਸ਼ਿਸ਼ ਵਿੱਚ ਸਰਗਰਮ ਹਨ।

ਪੰਜਾਬ ਦੇ ਲੋਕਾਂ ਦਾ ਖਾਸ ਕਰਕੇ ਕਿਸਾਨ ਮਜਦੂਰਾਂ ਅਤੇ ਨੌਜੁਆਨਾਂ ਦੇ ਵੱਡੀ ਪੱਧਰ ਤੇ ਕਿਸਾਨੀ ਅੰਦੋਲਨ ਨਾਲ ਜੁੜਨ ਪਿੱਛੇ ਕਿਸੇ ਵਿਸ਼ੇਸ਼ ਕਿਸਾਨ ਜਥੇਬੰਦੀ ਦੀ ਲੀਡਰਸ਼ਿੱਪ ਦੀ ਵਿਸ਼ੇਸ਼ ਯੋਗਤਾ ਨਹੀ ਹੈ, ਬਲਕਿ ਇਹ ਕੇਂਦਰ ਸਰਕਾਰ ਵੱਲੋਂ ਕਿਸਾਨੀ ਅਤੇ ਪੰਜਾਬ ਨਾਲ ਕੀਤੇ ਜਾ ਰਹੇ ਲਗਾਤਾਰ ਵਿਤਕਰਿਆਂ ਦੀ ਲੜੀ ਤਹਿਤ ਪਾਸ ਕੀਤੇ ਤਿੰਨ ਕਿਸਾਨ ਵਿਰੋਧੀ ਕਨੂੰਨਾਂ ਕਰਕੇ ਲੋਕਾਂ ਵਿਚ ਪੈਦਾ ਹੋਏ ਬੇਤਹਾਸ਼ੇ ਰੋਹ ਦਾ ਨਤੀਜਾ ਹੈ, ਸਰਕਾਰ ਦੀ ਇਸ ਧੱਕੇਸ਼ਾਹੀ ਤੋ ਬਾਅਦ ਲੋਕ ਬਗੈਰ ਕਿਸੇ ਜਥੇਬੰਦੀ ਦਾ ਝੰਡਾ ਦੇਖੇ ਆਪ ਮੁਹਾਰੇ ਸੜਕਾਂ ਤੇ ਆ ਗਏ ਅਤੇ ਅੰਦੋਲਨ ਵਿਚ ਆ ਸ਼ਾਮਲ ਹੋਏ ਹਨ,ਇਸ ਲਈ ਇਸ ਅੰਦੋਲਨ ਨੂੰ ਲੋਕਾਂ ਦਾ ਅੰਦੋਲਨ ਬਨਾਉਣ ਅਤੇ ਜਿੱਤ ਤੱਕ ਲੈ ਕੇ ਜਾਣ ਲਈ ਜਿੱਥੇ ਖੱਬੇ ਪੱਖੀ ਧਿਰਾਂ ਨੂੰ ਸਿੱਖ ਵਿਰੋਧੀ ਸੋਚ ਦਾ ਤਿਆਗ ਕਰਨਾ ਪਵੇਗਾ,ਓਥੇ ਵੱਖ ਵੱਖ ਰਾਜਸੀ ਪਾਰਟੀਆਂ ਨਾਲ ਜੁੜੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਆਪਸੀ ਏਕਤਾ ਬਾਰੇ ਜ਼ਰੂੂੂਰ ਸੋਚਣਾ ਪਵੇਗਾ ।ਇਹ ਆਮ ਚਰਚਾ ਵੀ ਸੁਆਲ ਖੜੇ ਕਰਦੀ ਹੈ ਕਿ ਲੋਕਾਂ ਨੂੰ ਲੋਕ ਏਕਤਾ ਦਾ ਪੜ੍ਹਾਉਣ ਵਾਲੇ ਖੁਦ ਤਿੰਨ ਦਰਜਨ ਜਥੇਬੰਦੀਆਂ ਵਿੱਚ ਕਿਉਂ ਵੰਡੇ ਹੋਏ ਹਨ। ਅੱਜ ਲੜਾਈ ਮਹਿਜ ਤਿੰਨ ਮੰਗਾਂ ਦੀ ਨਹੀ ਬਲਕਿ ਪੰਜਾਬ ਦੇ ਖੋਹੇ ਬਿਜਲੀ ਪਾਣੀ,ਖੁਦਮੁਖਤਿਆਰੀ ਸਮੇਤ ਪੰਜਾਬ ਦੇ ਲੰਮੇ ਸਮੇ ਤੋ ਲਟਕੇ ਮਸਲਿਆਂ ਨੂੰ ਹੱਲ ਕਰਨ ਦੀ ਹੈ,ਜਿਸ ਤੋ ਘੱਟ ਕਿਸਾਨ ਜਥੇਬੰਦੀਆਂ ਕੁੱਝ ਵੀ ਪਰਵਾਨ ਨਾ ਕਰਨ,ਜੇਕਰ ਮਹਿਜ ਤਿੰਨ ਕਿਸਾਨੀ ਮੰਗਾਂ ਤੇ ਕਿਸਾਨ ਜਥੇਬੰਦੀਆਂ ਸੰਤੁਸਟੀ ਜਾਹਿਰ ਕਰਦੀਆਂ ਹਨ,ਤਾਂ ਸਮਝਣਾ ਹੋਵੇਗਾ ਕਿ ਇਹ ਜਥੇਬੰਦੀਆਂ ਨਾ ਹੀ ਮਜਦੂਰਾਂ ਪ੍ਰਤੀ ਇਮਾਨਦਾਰ ਰਹਿ ਸਕੀਆਂ ਹਨ ਅਤੇ ਨਾ ਹੀ ਕਿਸਾਨੀ ਸਮੇਤ ਸਮੁੱਚੇ ਪੰਜਾਬ ਪ੍ਰਤੀ। ਸੋ  ਪੰਜਾਬ ਦੀ ਹੋਂਦ ਬਚਾਉਣ ਦਾ ਅੰਦੋਲਨ ਬਣਾ ਕੇ ਜਿੱਤ ਤੱਕ ਲੈ ਕੇ ਜਾਣ ਵਾਲੀ ਲੀਡਰਸ਼ਿੱਪ ਦੀ ਘਾਟ ਰੜਕਦੀ ਹੈ ਤੇ ਰਵਾਇਤੀ ਕਿਸਾਨੀ ਲੀਡਰਸ਼ਿੱਪ ਵੱਲੋਂ ਪਿਛਲੇ ਸਮਿਆਂ ਦੌਰਾਨ ਕਿਸਾਨੀ ਘੋਲਾਂ ਦੇ ਸਿਖਰ ਤੇ ਪਹੁੰਚਣ ਉਪਰੰਤ ਕੀਤੀਆਂ ਬੰਦ ਕਮਰਾ ਮੀਟਿੰਗਾਂ ਦੇ ਫੈਸਲਿਆਂ ਕਾਰਨ  ਕਿਸਾਨ ਜਥੇਬੰਦੀਆਂ ਦੀ ਪੁਰਾਣੀ ਚੱਲੀ ਆ ਰਹੀ ਲੀਡਰਸ਼ਿਪ ਦੀ ਭੂਮਿਕਾ ਲੋਕ  ਵਿੱਚ ਸ਼ੱਕੀ ਹੋ ਚੁੱਕੀ ਹੈ, ਇਸ ਲਈ  ਕਿਸਾਨੀ ਅੰਦੋਲਨ ਦੌਰਾਨ ਜਥੇਬੰਦੀਆਂ ਵਿਚ ਰੜਕਦੀ ਏਕੇ ਦੀ ਘਾਟ,ਰਵਾਇਤੀ ਲੀਡਰਸ਼ਿੱਪ ਦੀ ਸ਼ੱਕੀ ਭੂਮਿਕਾ ਅਤੇ ਯੋਗ ਲੀਡਰਸ਼ਿੱਪ ਦੀ ਅਣਹੋਂਦ ਤੇ ਚਿੰਤਾ ਤੇ ਚਿੰਤਨ ਕਰਨਾ ਵੀ ਮੌਜੂਦਾ ਸੰਘਰਸ਼ ਦੇ ਏਜੰਡੇ ਤੇ ਹੋਣਾ ਚਾਹੀਦਾ ਹੈ।ਅਜਿਹੀ ਭਰੋਸੇਯੋਗ,ਨਿਰ-ਸੁਆਰਥ,ਹਉਮੈਂਂ ਰਹਿਤ,ਦੂਰ ਅੰਦੇੇੇਸ਼ ਅਤੇ ਸੂਝਵਾਨ ਨੌਜੁਆਨ ਲੀਡਰਸ਼ਿਪ ਪੈਦਾ ਕਰਨ ਦੀ ਜਰੂਰਤ ਹੈ,ਜਿਹੜੀ ਦੱਬੇ ਕੁਚਲੇ ਲੋਕਾਂ ਨੂੰ ਬਰਾਬਰਤਾ ਪ੍ਰਦਾਨ ਕਰਨ ਵਾਲੀ ਸਿੱਖ ਵਿਚਾਰਧਾਰਾ ਤੇ ਪਹਿਰਾ ਦੇ ਕੇ ਇਸ ਕਿਸਾਨੀ ਅੰਦੋਲਨ ਨੂੰ ਪੰਜਾਬ ਦੀ ਹੋਂਦ ਦੀ ਲੜਾਈ ਬਨਾਉਣ ਦੇ ਸਮਰੱਥ ਹੋਵੇ।

ਬਘੇਲ ਸਿੰਘ ਧਾਲੀਵਾਲ
99142-58142