ਕੈਪਟਨ ਨੇ ਕਿਹਾ ਟਿਫਿਨ-ਬੰਬ ਦਾ ਉਦੇਸ਼ ਕਿਸਾਨਾਂ ਦੇ ਵਿਰੋਧ ਵਿਚ ਨਹੀਂ

ਕੈਪਟਨ ਨੇ ਕਿਹਾ ਟਿਫਿਨ-ਬੰਬ ਦਾ ਉਦੇਸ਼ ਕਿਸਾਨਾਂ ਦੇ ਵਿਰੋਧ ਵਿਚ ਨਹੀਂ

 *ਤਰਨ ਤਾਰਨ ਨੇੜਿਓਂ ਦੋ ਹੱਥਗੋਲਿਆਂ ਸਮੇਤ ਸ਼ੱਕੀ  ਕਾਬੂ   

  *ਮੁੱਖ ਮੰਤਰੀ ਨੂੰ ਮਾਰਨ ਦੀ ਧਮਕੀ ਦੇਣ ਵਾਲੇ ਗੁਰਪਤਵੰਤ ਪੰਨੂ ਖਿਲਾਫ਼ ਕੇਸ ਦਰਜ

ਅੰਮ੍ਰਿਤਸਰ ਟਾਈਮਜ਼ ਬਿਉਰੋ

ਚੰਡੀਗੜ੍ਹ: ਪੰਜਾਬ ਪੁਲਿਸ ਵੱਲੋਂ ਟਿਫਿਨ-ਬੰਬ ਹਮਲੇ ਦੀ ਸੰਭਾਵਨਾ ਨੂੰ ਲੈ ਕੇ ਸੂਬੇ ਵਿੱਚ ਅਲਰਟ ਜਾਰੀ ਕੀਤੇ ਜਾਣ ਦੇ  ਬਾਅਦ, ਮੁੱਖ ਮੰਤਰੀ ਅਮਰਿੰਦਰ ਸਿੰਘ ਨੇ  ਕਿਹਾ ਕਿ ਧਮਕੀ ਦੇ ਪਿੱਛੇ ਦੇ ਉਦੇਸ਼ ਦਾ ਅਜੇ ਪਤਾ ਨਹੀਂ ਹੈ।ਕੈਪਟਨ ਨੇ ਕਿਹਾ, "ਅਸੀਂ ਇਸਦੇ ਪਿੱਛੇ ਦੇ ਉਦੇਸ਼ ਨੂੰ ਨਹੀਂ ਜਾਣਦੇ। ਇਹ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ 'ਤੇ ਕੇਂਦਰਤ ਨਹੀਂ ਸੀ। ਪਰ ਪਿਛਲੇ 1.5 ਸਾਲਾਂ ਵਿੱਚ ਜਿਸ ਤਰੀਕੇ ਦੇ ਨਾਲ ਹਥਿਆਰ ਆ ਰਹੇ ਹਨ, ਮੈਂ ਆਪਣੀ ਜ਼ਿੰਦਗੀ ਵਿੱਚ ਅਜਿਹਾ ਕਦੇ ਨਹੀਂ ਵੇਖਿਆ।" ਡਰੋਨ ਰਾਹੀਂ ਕਥਿਤ ਤੌਰ' ਤੇ ਦਿੱਤੇ ਗਏ ਟਿਫਿਨ ਬੰਬ ਹਮਲੇ ਦੀ ਸੰਭਾਵਨਾ ਨੂੰ ਲੈ ਕੇ ਬੀਤੇ ਸੋਮਵਾਰ ਨੂੰ ਜਨਮ ਅਸ਼ਟਮੀ ਦੇ ਮੌਕੇ 'ਤੇ ਲੁਧਿਆਣਾ ਦੇ ਮੰਦਰਾਂ ਅਤੇ ਹੋਰ ਧਾਰਮਿਕ ਸਥਾਨਾਂ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ।ਇਸ ਮਹੀਨੇ ਦੇ ਸ਼ੁਰੂ ਵਿੱਚ ਵੀ, ਪੰਜਾਬ ਵਿੱਚ ਇੱਕ ਟਿਫਿਨ ਬਾਕਸ, ਇੱਕ ਵਿਸਫੋਟਕ ਉਪਕਰਣ (ਆਈਈਡੀ) ਵਿੱਚ ਬਨਾਏ ਗਏ ਹੈਂਡ ਗ੍ਰੇਨੇਡ ਅਤੇ 9 ਐਮਐਮ ਪਿਸਤੌਲ ਦੇ 100 ਗੋਲਿਆਂ ਦੇ ਬਰਾਮਦ ਹੋਣ ਤੋਂ ਬਾਅਦ ਹਾਈ ਅਲਰਟ ਜਾਰੀ ਕੀਤਾ ਗਿਆ ਸੀ।ਇਹ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਅੰਮ੍ਰਿਤਸਰ ਤੋਂ ਬਰਾਮਦ ਕੀਤੇ ਗਏ ਸਨ।

ਇਸ ਖੇਤਰ ਵਿੱਚ ਡਰੋਨ ਗਤੀਵਿਧੀਆਂ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ, ਪੁਲਿਸ ਨੇ ਇੱਕ ਵਿਸ਼ਾਲ ਤਾਲਮੇਲ ਕਾਰਵਾਈ ਦੇ ਬਾਅਦ ਬੰਬ ਅਤੇ ਗੋਲਾ ਬਾਰੂਦ ਬਰਾਮਦ ਕੀਤਾ। ਤਲਾਸ਼ੀ ਮੁਹਿੰਮ ਦੇ ਦੌਰਾਨ, ਪੁਲਿਸ ਟੀਮ ਨੇ ਇੱਕ ਬੈਗ ਬਰਾਮਦ ਕੀਤਾ ਜਿਸ ਵਿੱਚ ਇੱਕ ਡਬਲ-ਡੇਕਰ ਬੱਚਿਆਂ ਦੇ ਦੁਪਹਿਰ ਦੇ ਖਾਣੇ ਦਾ ਡੱਬਾ ਅਤੇ ਹੋਰ ਗੋਲਾ ਬਾਰੂਦ ਬਹੁਤ ਸਾਵਧਾਨੀ ਨਾਲ ਨਰਮ ਫੋਮ ਪਾਊਚਾਂ ਵਿੱਚ ਪੈਕ ਕੀਤਾ ਗਿਆ ਸੀ।ਹੁਣੇ ਜਿਹੇ ਥਾਣਾ ਸਿਟੀ ਪੁਲੀਸ ਨੇ ਬੀਤੇ ਦਿਨੀਂ  ਪਿੰਡ ਜੌਹਲ ਢਾਏਵਾਲਾ ਦੇ ਵਸਨੀਕ ਸਰੂਪ ਸਿੰਘ (36)ਨੂੰ ਕਾਬੂ ਕਰ ਕੇ ਉਸ ਕੋਲੋਂ ਦੋ ਹੱਥਗੋਲੇ ਬਰਾਮਦ ਕੀਤੇ ਹਨ। ਉਸ ਦਾ ਸਬੰਧ ਗੁਰਪਤਵੰਤ ਸਿੰਘ ਪੰਨੂ ਦੀ ਅਗਵਾਈ ਵਾਲੀ ਸਿੱਖਸ ਫਾਰ ਜਸਟਿਸ ਨਾਲ ਹੋਣ ਦਾ ਦਾਅਵਾ ਕੀਤਾ ਗਿਆ ਹੈ। ਪੁਲੀਸ ਅਨੁਸਾਰ ਸਰੂਪ ਸਿੰਘ ਨੂੰ ਕਾਬੂ ਕੀਤੇ ਜਾਣ ਨਾਲ ਸਰਹੱਦੀ ਸੂਬੇ ’ਚ ਸੰਭਾਵੀ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਅਨੁਸਾਰ  ਸਰੂਪ ਸਿੰਘ ਕੋਲੋਂ ਚੀਨ ਦੇ ਬਣੇ ਪੀ-86 ਮਾਰਕੇ ਦੇ 2 ਹੱਥਗੋਲੇ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਉਸ ਕੋਲੋਂ ਦੋ ਸਿੰਮਾਂ ਵਾਲਾ ਇਕ ਮੋਬਾਈਲ, 1300 ਰੁਪਏ ਦੀ ਭਾਰਤੀ ਕਰੰਸੀ, ਆਧਾਰ ਕਾਰਡ ਅਤੇ ਡਰਾਈਵਿੰਗ ਲਾਇਸੈਂਸ ਵੀ ਬਰਾਮਦ ਕੀਤਾ ਗਿਆ ਹੈ। ਉਹ ਤਰਨ ਤਾਰਨ ਸ਼ਹਿਰ ਨੇੜਲੇ ਪਿੰਡ ਕੱਕਾ ਕੰਡਿਆਲਾ ਨੇੜੇ ਮੋਟਰਸਾਈਕਲ ’ਤੇ ਕਿੱਧਰੇ ਜਾ ਰਿਹਾ ਸੀ ਅਤੇ ਪੁਲੀਸ ਦੇ ਕਾਬੂ ਆ ਗਿਆ।ਸੂਬੇ ਦੀ ਪੁਲੀਸ ਨੇ ਇਸ ਤੋਂ ਪਹਿਲਾਂ ਵੀ ਵੱਖ-ਵੱਖ ਥਾਵਾਂ ਤੋਂ ਹੱਥਗੋਲੇ ਅਤੇ ਆਰਡੀਐਕਸ ਨਾਲ ਭਰੇ ਟਿਫਿਨ ਬਾਕਸਾਂ ਤੋਂ ਇਲਾਵਾ ਹੋਰ ਹਥਿਆਰ ਤੇ ਗੋਲੀ-ਸਿੱਕਾ ਬਰਾਮਦ ਕੀਤਾ ਹੈ। ਪੁਲੀਸ ਇਸ ਨੂੰ ਸਰਹੱਦੀ ਸੂਬੇ ਦੀ ਸ਼ਾਂਤੀ  ਨੂੰ ਭੰਗ ਕਰਨ ਦੀਆਂ ਵੱਡੀਆਂ ਕੋਸ਼ਿਸ਼ਾਂ  ਵਜੋਂ ਦੇਖ ਰਹੀ ਹੈ|

ਮੁੱਢਲੀ ਪੜਤਾਲ ਦੌਰਾਨ ਸਰੂਪ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਉਹ ਸੋਸ਼ਲ ਮੀਡੀਆ ਰਾਹੀਂ ਵਿਦੇਸ਼ ਬੈਠੇ  ਗੁਰਪਤਵੰਤ ਸਿੰਘ ਪੰਨੂ ਦੇ  ਨੇੜਲਿਆਂ ਦੇ ਸੰਪਰਕ ਵਿੱਚ ਆਇਆ ਸੀ ਅਤੇ ਜਿਨ੍ਹਾਂ ਨੇ ਉਸ ਨੂੰ ਖਾੜਕੂ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਪ੍ਰੇਰਿਆ। ਪੁਲੀਸ ਨੇ ਦੱਸਿਆ ਕਿ ਵਿਦੇਸ਼ੀ ਸੰਚਾਲਕਾਂ ਨੇ ਸਰੂਪ ਸਿੰਘ ਲਈ 2 ਹੱਥਗੋਲਿਆਂ ਦੀ ਖੇਪ ਦਾ ਪ੍ਰਬੰਧ ਕੀਤਾ। ਉਹ ਪਹਿਲਾਂ ਹੀ ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਕੁਝ ਸੰਵੇਦਨਸ਼ੀਲ ਨਿਸ਼ਾਨਿਆਂ ਦੀ ਰੇਕੀ ਕਰ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਮੋਬਾਈਲ ਫੋਨ ਵਿੱਚੋਂ ਇਕ ਸਿਖਲਾਈ ਵੀਡੀਓ ਵੀ ਮਿਲੀ ਹੈ, ਜਿਸ ਵਿੱਚ ਵਿਦੇਸ਼ੀ ਸੰਚਾਲਕ ਉਸ ਨੂੰ ਹੱਥਗੋਲੇ ਨੂੰ ਸਫ਼ਲਤਾਪੂਰਵਕ ਵਿਸਫੋਟ ਕਰਨ ਬਾਰੇ ਦੱਸ ਰਹੇ ਹਨ। ਪੁਲੀਸ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਹ ਸਾਰੀਆਂ ਖੇਪਾਂ ਸਰਹੱਦ ਪਾਰੋਂ ਵੱਖ-ਵੱਖ ਖਾੜਕੂ ਸੰਗਠਨਾਂ ਵੱਲੋਂ ਪੰਜਾਬ ਵਿੱਚ ਹਿੰਸਕ ਹਮਲਿਆਂ ਨੂੰ ਅੰਜਾਮ ਦੇਣ ਲਈ ਭੇਜੀਆਂ ਜਾ ਰਹੀਆਂ ਹਨ। ਸਥਾਨਕ ਥਾਣਾ ਸਿਟੀ ਪੁਲੀਸ ਨੇ ਵਿਸਫੋਟਕ ਪਦਾਰਥ (ਸੋਧ) ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ| ਸਰੂਪ ਸਿੰਘ ਅਜੇ ਕੁੰਵਾਰਾ ਹੈ ਤੇ ਉਸ ਦੇ ਪਿਤਾ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ| ਉਸ ਕੋਲ ਢਾਈ ਕਨਾਲ ਜ਼ਮੀਨ ਹੈ| ਉਹ ਗੁਜਰਾਤ ਜਾਂ ਕਿਸੇ ਹੋਰ ਸੂਬੇ ਅੰਦਰ ਡਰਾਈਵਰੀ ਕਰਦਾ ਸੀ ਅਤੇ ਤਿੰਨ ਕੁ ਦਿਨ ਪਹਿਲਾਂ ਹੀ ਇਲਾਕੇ ਅੰਦਰ ਆਇਆ ਸੀ| ਉਸ ਦੀ ਬਿਰਧ ਮਾਤਾ ਆਪਣੇ ਲੜਕੇ ਦੇ ਕਿਸੇ ਵੀ ਅਪਰਾਧ ਤੋਂ ਅਨਜਾਣ ਹੈ।ਇਸਤੋਂ ਪਹਿਲਾਂ ਟਿਫਨ ਬੰਬ ਕੇਸ ਵਿਚ ਸਿੰਘ ਸਾਹਿਬ ਜਸਵੀਰ ਸਿੰਘ ਰੋਡੇ ਨੂੰ ਗਿ੍ਫਤਾਰ ਕੀਤਾ ਗਿਆ ਸੀ।ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ (ਖਾਲਸਾ) ਰੋਡੇ ਦੇ ਸਪੁੱਤਰ ਗੁਰਮੁੱਖ ਸਿੰਘ ਬਰਾੜ ਦੀ ਗਿ੍ਫਤਾਰੀ ਦੇ ਵਿਰੋਧ 'ਚ ਪੰਥਕ ਧਿਰਾਂ, ਰਾਜਸੀ ਪਾਰਟੀਆਂ, ਸਮਾਜ ਸੇਵੀ ਜਥੇਬੰਦੀਆਂ, ਕਿਸਾਨ ਯੂਨੀਅਨਾਂ ਤੇ ਹੋਰ ਸੰਸਥਾਵਾਂ ਦੀ ਭਰਵੀਂ ਇਕੱਤਰਤਾ ਸਥਾਨਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਗੁਰੂ ਤੇਗ ਬਹਾਦਰ ਨਗਰ ਵਿਖੇ ਕਰਕੇ ਗੁਰਮੁੱਖ ਸਿੰਘ ਬਰਾੜ ਸਮੇਤ ਜੇਲ੍ਹਾਂ 'ਚ ਬੰਦ ਹੋਰ ਸਿੱਖ ਨੌਜਵਾਨਾਂ ਦੀ ਰਿਹਾਈ, ਕਿਸਾਨੀ ਸੰਘਰਸ਼, ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੇ ਹੋਰਨਾਂ ਪੰਥਕ ਮਸਲਿਆਂ ਦੇ ਹੱਲ ਲਈ ਸਮੂਹ ਪੰਥਕ ਧਿਰਾਂ ਨੂੰ ਇਕ ਝੰਡੇ ਥੱਲੇ ਇਕੱਠੇ ਹੋਣ ਦਾ ਸੱਦਾ ਦਿੱਤਾ ਸੀ  । ਇਸ ਮੌਕੇ ਜਥੇਬੰਦੀਆਂ 'ਚ ਤਾਲਮੇਲ ਬਿਠਾਉਣ ਲਈ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ ਦੀ ਅਗਵਾਈ ਹੇਠ ਇਕ ਤਿੰਨ ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ, ਜਿਸ ਵਿਚ ਭਾਈ ਜਸਬੀਰ ਸਿੰਘ ਰੋਡੇ ਅਤੇ ਬਾਬਾ ਅਵਤਾਰ ਸਿੰਘ ਧੂੜਕੋਟ ਵਾਲੇ ਸ਼ਾਮਿਲ ਹਨ । 

ਖ਼ਾਲਿਸਤਾਨ ਪੱਖੀ  ਪੰਨੂ ਖ਼ਿਲਾਫ਼ ਕੇਸ ਦਰਜ

 ਪੰਜਾਬ ਪੁਲੀਸ ਨੇ ਸੂਬੇ ਦੇ ਮੁੱਖ ਮੰਤਰੀ ਨੂੰ ਮਾਰਨ ਦੀ ਧਮਕੀ ਦੇਣ ’ਤੇ ਖ਼ਾਲਿਸਤਾਨ ਪੱਖੀ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਪੰਨੂ ਤੇ ਉਸ ਦੇ ਸਾਥੀਆਂ ਅਤੇ ਸਿੱਖਸ ਫਾਰ ਜਸਟਿਸ ਮੈਂਬਰਾਂ ਖਿਲਾਫ ਗ਼ੈਰਕਾਨੂੰਨੀ ਸਰਗਰਮੀਆਂ (ਰੋਕੂ) ਐਕਟ ਤੇ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਮੁਹਾਲੀ ਦੇ ਸਟੇਟ ਸਾਈਬਰ ਕਰਾਈਮ ਪੁਲੀਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਰਪਤਵੰਤ ਪੰਨੂ ਨੂੰ ਹਿੰਸਕ ਦਹਿਸ਼ਤੀ ਕਾਰਵਾਈਆਂ ਨੂੰ ਭੜਕਾਉਣ ਤੇ ਸੰਵਿਧਾਨ ਅਨੁਸਾਰ ਪੰਜਾਬ ਦੇ ਚੁਣੇ ਹੋਏ ਮੁੱਖ ਮੰਤਰੀ ਨੂੰ ਮਾਰਨ ਦੀ ਧਮਕੀ ਦੇਣ ਦੇ ਦੋਸ਼ ਵਿੱਚ ਦੋਸ਼ੀ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ 28 ਅਗਸਤ ਨੂੰ ਪੋਸਟ ਕੀਤੀ ਗਈ ਵੀਡੀਓ ਦੀ ਮੁੱਢਲੀ ਜਾਂਚ ਦਾ ਹਵਾਲਾ ਦਿੰਦਿਆਂ ਡੀਜੀਪੀ ਨੇ ਕਿਹਾ ਕਿ ਉਕਤ ਵੀਡੀਓ ਤੋਂ ਮੁੱਖ ਮੰਤਰੀ ਦੇ ਵਿਰੁੱਧ ਇੱਕ ਅਪਰਾਧਿਕ ਸਾਜ਼ਿਸ਼ ਦਾ ਸਪੱਸ਼ਟ ਤੌਰ ’ਤੇ ਪਤਾ ਚਲਦਾ ਹੈ। ਉਨ੍ਹਾਂ ਕਿਹਾ ਕਿ ਪੂਰੀ ਸਾਜ਼ਿਸ਼ ਤੋਂ ਪਰਦਾ ਚੁੱਕਣ ਲਈ ਅਗਲੇਰੀ ਜਾਂਚ ਜਾਰੀ ਹੈ। ਡੀਜੀਪੀ ਨੇ ਕਿਹਾ ਕਿ ਐੱਸਐੱਫਜੇ ਨੇ ਜੁਲਾਈ ਵਿੱਚ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਵਿਰੁੱਧ ਧਮਕੀ ਦਿੱਤੀ ਸੀ। ਧਮਕੀ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਜਥੇਬੰਦੀ ਹਿਮਾਚਲ ਦੇ ਮੁੱਖ ਮੰਤਰੀ ਨੂੰ ਆਜ਼ਾਦੀ ਦਿਹਾੜੇ ’ਤੇ ਕੌਮੀ ਝੰਡਾ ਲਹਿਰਾਉਣ ਦੀ ਇਜਾਜ਼ਤ ਨਹੀਂ ਦੇਵੇਗੀ। ਹਿਮਾਚਲ ਪੁਲੀਸ ਨੇ ਉਦੋਂ ਪੰਨੂ ਖਿਲਾਫ਼ ਕੇਸ ਦਰਜ ਕੀਤਾ ਸੀ। ਪੁਲੀਸ ਮੁਖੀ ਨੇ ਕਿਹਾ ਕਿ ਅਮਰੀਕਾ ਅਧਾਰਿਤ ਖਾਲਿਸਤਾਨ ਪੱਖੀ ਜਥੇਬੰਦੀ ਸਿੱਖਸ ਫਾਰ ਜਸਟਿਸ ਨੂੰ ਭਾਰਤ ਸਰਕਾਰ ਨੇ ਯੂਏਪੀਏ ਦੀਆਂ ਵੱਖ ਵੱਖ ਧਾਰਾਵਾਂ ਤਹਿਤ 10 ਜੁਲਾਈ 2019 ਨੂੰ ਜਾਰੀ ਨੋਟੀਫਿਕੇਸ਼ਨ ਰਾਹੀਂ ‘ਗੈਰਕਾਨੂੰਨੀ ਜਥੇਬੰਦੀ’ ਐਲਾਨਿਆ ਸੀ। ਉਨ੍ਹਾਂ ਦੱਸਿਆ ਕਿ ਇਸ ਜਥੇਬੰਦੀ ਨੂੰ ਭਾਰਤ ਸੰਘ ਦੇ ਖੇਤਰ ਤੋਂ ਬਾਹਰ, ਖਾਲਿਸਤਾਨ ਨਾਮੀ ਦੇਸ਼ ਬਣਾਉਣ ਲਈ ਸ਼ਾਂਤਮਈ ਮੁਹਿੰਮ ਦੀ ਆੜ ਵਿੱਚ ਪੰਜਾਬ ਅਤੇ ਹੋਰਨਾਂ ਥਾਵਾਂ ’ਤੇ ਦੇਸ਼ ਵਿਰੋਧੀ ਅਤੇ ਵਿਨਾਸ਼ਕਾਰੀ ਗਤੀਵਿਧੀਆਂ ਵਿੱਚ ਸ਼ਾਮਲ ਪਾਇਆ ਗਿਆ ਸੀ। ਇਸ ਪਾਬੰਦੀਸ਼ੁਦਾ ਜਥੇਬੰਦੀ ਦੇ ਖਾੜਕੂ ਸੰਗਠਨਾਂ ਦੇ ਮੈਂਬਰਾਂ ਅਤੇ ਕੱਟੜਪੰਥੀ ਸੰਗਠਨਾਂ ਦੇ ਮੈਂਬਰਾਂ/ਪੰਜਾਬ ਵਿੱਚ ਗੜਬੜੀ ਪੈਦਾ ਕਰਨ ਦੀਆਂ ਕਾਰਵਾਈਆਂ ਵਿੱਚ ਸ਼ਾਮਲ ਅਨਸਰਾਂ ਨਾਲ ਨੇੜਲੇ ਸੰਪਰਕ ਸਾਹਮਣੇ ਆਏ ਹਨ।