ਜਦੋਂ ਦੇਸ ਪੰਜਾਬ ਗੁਲਾਮ ਹੋਇਆ

ਜਦੋਂ ਦੇਸ ਪੰਜਾਬ ਗੁਲਾਮ ਹੋਇਆ

ਜੁਗਰਾਜ ਸਿੰਘ
ਸਾਰੇ ਪੰਜਾਬ ਨੂੰ ਇੱਕ ਝੰਡੇ ਹੇਠ ਇਕੱਠਾ ਕਰਨ ਦਾ ਜੋ ਸੁਫ਼ਨਾ ਸਿੱਖ ਲੰਮੇ ਸਮੇਂ ਤੋਂ ਦੇਖ ਰਹੇ ਸਨ, ਉਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਾ ਕੇ ਪੂਰਾ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸੂਝ-ਬੂਝ ਸਦਕਾ ਸਾਰੇ ਪੰਜਾਬ ਨੂੰ ਇੱਕ ਝੰਡੇ ਹੇਠ ਇਕੱਠਾ ਕਰ ਦਿੱਤਾ। ਉਸ ਨੇ ਆਪਣੇ ਰਾਜ ਨੂੰ ‘ਖ਼ਾਲਸਾ ਰਾਜ’ ਦਾ ਨਾਂ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਮੌਤ ਤੋਂ ਪਹਿਲਾਂ ਹੀ ਅਨੁਮਾਨ ਲਾ ਲਿਆ ਸੀ ਕਿ ਉਸ ਤੋਂ ਬਾਅਦ ਅੰਗਰੇਜ਼ ਪੰਜਾਬ ਸਮੇਤ ਸਾਰੇ ਹਿੰਦੁਸਤਾਨ ਉੱਤੇ ਕਬਜ਼ਾ ਕਰ ਲੈਣਗੇ। ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਦਸ ਸਾਲ ਵਿੱਚ ਹੀ ਉਸ ਦਾ ਕਿਹਾ ਸੱਚ ਹੋ ਗਿਆ ਤੇ ਪੰਜਾਬ ਅੰਗਰੇਜ਼ੀ ਸਾਮਰਾਜ ਦੇ ਅਧੀਨ ਹੋ ਗਿਆ।

1839 ਵਿੱਚ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ ਪੰਜਾਬ ਉੱਤੇ ਕਬਜ਼ਾ ਕਰਨ ਬਾਰੇ ਸੋਚਣ ਲੱਗੇ। ਆਪਣੇ ਇਸ ਇਰਾਦੇ ਨੂੰ ਪੂਰਾ ਕਰਨ ਲਈ ਅੰਗਰੇਜ਼ਾਂ ਨੇ ਜੁਲਾਈ 1844 ਵਿੱਚ ਲਾਰਡ ਹਾਰਡਿੰਗ ਨੂੰ ਹਿੰਦੁਸਤਾਨ ਦਾ ਗਵਰਨਰ ਜਨਰਲ ਲਾਇਆ, ਜੋ ਕਿ ਹੰਢਿਆ ਹੋਇਆ ਜਰਨੈਲ ਸੀ। ਇਸੇ ਸਾਲ ਅੰਗਰੇਜ਼ਾਂ ਨੇ ਸਤਲੁਜ ਦਰਿਆ ਦੇ ਕੰਢੇ ਅਸਲਾ ਤੇ ਸੈਨਿਕ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਦੂਜੇ ਪਾਸੇ ਲਾਹੌਰ ਵਿੱਚ ਸਿੱਖ ਫ਼ੌਜ ਨੂੰ ਤਿਆਰ ਕਰਨ ਲਈ ਕੋਈ ਨਹੀਂ ਸੀ। ਸਾਰੇ ਦਰਬਾਰੀ ਆਪਣੀਆਂ ਜਗੀਰਾਂ ਲਈ ਪੰਜਾਬ ਨੂੰ ਕੁਰਬਾਨ ਕਰਨ ਲਈ ਤਿਆਰ ਸਨ ਪਰ ਦਰਬਾਰੀ ਖ਼ਾਲਸਾ ਫ਼ੌਜ ਤੋਂ ਡਰਦੇ ਸਨ ਤੇ ਉਨ੍ਹਾਂ ਨੂੰ ਆਪਸ ਵਿੱਚ ਲੜਾ ਕੇ ਤਬਾਹ ਕਰਨਾ ਚਾਹੁੰਦੇ ਸਨ।

13 ਦਸੰਬਰ ਨੂੰ ਲਾਰਡ ਹਾਰਡਿੰਗ ਨੇ ਜੰਗ ਦਾ ਐਲਾਨ ਕਰ ਦਿੱਤਾ। ਸਿੱਖ ਫ਼ੌਜ ਦੇ ਦੋਵੇਂ ਕਮਾਂਡਰਾਂ ਲਾਲ ਸਿੰਘ ਤੇ ਤੇਜਾ ਸਿੰਘ ਨੇ ਪਹਿਲਾਂ ਹੀ ਅੰਗਰੇਜ਼ਾਂ ਨਾਲ ਗੰਢ-ਤੁੱਪ ਕਰ ਲਈ ਸੀ। 18 ਦਸੰਬਰ, 1845 ਨੂੰ ਮੁਦਕੀ ਦੇ ਸਥਾਨ ਉੱਤੇ ਸਿੱਖਾਂ ਤੇ ਅੰਗਰੇਜ਼ਾਂ ਵਿਚਕਾਰ ਪਹਿਲੇ ਐਂਗਲੋ-ਸਿੱਖ ਯੁੱਧ ਦੀ ਪਹਿਲੀ ਲੜਾਈ ਹੋਈ। ਇਸ ਲੜਾਈ ਵਿੱਚ ਲਗਭਗ 215 ਅੰਗਰੇਜ਼ ਫੌਜੀ ਮਾਰੇ ਗਏ ਤੇ ਸਿੱਖਾਂ ਦਾ ਇਸ ਤੋਂ ਕਿਤੇ ਵੱਧ ਜਾਨੀ-ਮਾਲੀ ਨੁਕਸਾਨ ਹੋਇਆ। ਇਸ ਤੋਂ ਬਾਅਦ ਫ਼ਿਰੋਜ਼ਸ਼ਾਹ, ਬੱਦੋਵਾਲ ਤੇ ਅਲੀਵਾਲ ਦੀਆਂ ਲੜਾਈਆਂ ਹੋਈਆਂ। ਸਿੱਖ ਜਰਨੈਲਾਂ ਦੀ ਗੱਦਾਰੀ ਕਾਰਨ ਇਨ੍ਹਾਂ ਲੜਾਈਆਂ ਵਿੱਚ ਸਿੱਖਾਂ ਦਾ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ।

ਪਹਿਲੇ ਐਂਗਲੋ-ਸਿੱਖ ਯੁੱਧ ਦੀ ਆਖ਼ਰੀ ਲੜਾਈ ਸਭਰਾਉਂ ਵਿੱਚ 10 ਫਰਵਰੀ, 1846 ਨੂੰ ਲੜੀ ਗਈ। ਇਸ ਵਿੱਚ ਵੀ ਲਾਲ ਸਿੰਘ ਨੇ ਪਹਿਲਾਂ ਹੀ ਸਿੱਖ ਫ਼ੌਜ ਦੇ ਮੋਰਚਿਆਂ ਦੇ ਨਕਸ਼ੇ ਦੁਸ਼ਮਣ ਕੋਲ ਪਹੁੰਚਾ ਦਿੱਤੇ। ਪਰ ਸਮੇਂ ਉੱਤੇ ਆ ਕੇ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਨੇ ਸਿੱਖ ਫ਼ੌਜ ਦੀ ਕਮਾਨ ਸੰਭਾਲ ਲਈ। ਉਹ ਇੰਨੀ ਬਹਾਦਰੀ ਨਾਲ ਲੜਿਆ ਕਿ ਅੰਗਰੇਜ਼ਾਂ ਨੂੰ ਦਿਨੇ ਤਾਰੇ ਨਜ਼ਰ ਆ ਗਏ। ਅੰਤ ਸ਼ਾਮ ਸਿੰਘ ਅਟਾਰੀਵਾਲਾ ਲੜਦਾ ਹੋਇਆ ਸ਼ਹੀਦ ਹੋ ਗਿਆ। ਇਸ ਤੋਂ ਬਾਅਦ ਸਿੱਖ ਫ਼ੌਜ ਦਾ ਹੌਂਸਲਾ ਟੁੱਟ ਗਿਆ ਤੇ ਫ਼ੌਜ ਦੀ ਜਿੱਤ, ਹਾਰ ਵਿੱਚ ਬਦਲ ਗਈ। ਅੰਗਰੇਜ਼ਾਂ ਨੇ ਭੈਰੋਵਾਲ ਦੀ ਸੰਧੀ ਅਨੁਸਾਰ ਦਲੀਪ ਸਿੰਘ ਦੇ ਨਾਬਾਲਗ ਹੋਣ ਕਰਕੇ ਲਾਹੌਰ ਰਾਜ ਦਾ ਸ਼ਾਸਨ ਪ੍ਰਬੰਧ ਅੱਠ ਸਰਦਾਰਾਂ ਦੀ ਕੌਂਸਲ ਅਧੀਨ ਕਰ ਕੇ ਬ੍ਰਿਟਿਸ਼ ਰੈਜ਼ੀਡੈਂਟ ਦੀ ਅਗਵਾਈ ਤੇ ਸਲਾਹ ਅਨੁਸਾਰ ਕਰ ਦਿੱਤਾ। ਰਾਣੀ ਜਿੰਦਾਂ ਦੀ ਸਾਰੀ ਤਾਕਤ ਖੋਹ ਲਈ ਗਈ ਤੇ ਉਸ ਨੂੰ ਗੁਜ਼ਾਰੇ ਲਈ ਡੇਢ ਲੱਖ ਰੁਪਏੇ ਸਾਲਾਨਾ ਪੈਨਸ਼ਨ ਲਗਾ ਦਿੱਤੀ।

1848 ਵਿੱਚ ਲਾਰਡ ਹਾਰਡਿੰਗ ਦੀ ਥਾਂ ਲਾਰਡ ਡਲਹੌਜ਼ੀ ਹਿੰਦੁਸਤਾਨ ਦਾ ਗਵਰਨਰ ਜਨਰਲ ਬਣ ਕੇ ਆਇਆ। ਉਹ ਅੰਗਰੇਜ਼ੀ ਰਾਜ ਨੂੰ ਇੱਥੇ ਹੋਰ ਵਧੇਰੇ ਫੈਲਾਉਣ ਵਿੱਚ ਵਿਸ਼ਵਾਸ ਰੱਖਦਾ ਸੀ। 20 ਅਪਰੈਲ 1848 ਨੂੰ ਮੁਲਤਾਨ ਦੇ ਗਵਰਨਰ ਦੀਵਾਨ ਮੂਲਰਾਜ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਰ ਦਿੱਤਾ। ਅੰਗਰੇਜ਼ ਪਹਿਲਾਂ ਹੀ ਅਜਿਹੇ ਮੌਕੇ ਦੀ ਤਾਕ ਵਿੱਚ ਸਨ ਤਾਂ ਜੋ ਉਨ੍ਹਾਂ ਨੂੰ ਪੰਜਾਬ ਉੱਤੇ ਪੂਰੀ ਤਰ੍ਹਾਂ ਕਬਜ਼ਾ ਕਰਨ ਲਈ ਕੋਈ ਚੰਗਾ ਮੌਕਾ ਮਿਲ ਸਕੇ। ਹੁਣ ਅੰਗਰੇਜ਼ਾਂ ਨੇ ਸਿੱਖਾਂ ਨੂੰ ਉਕਸਾਇਆ ਤਾਂ ਜੋ ਬਾਗ਼ੀ ਸਿੱਖ ਇਕੱਠੇ ਹੋ ਕੇ ਬਗ਼ਾਵਤ ਲਈ ਤਿਆਰ ਹੋਣ। ਰਾਣੀ ਜਿੰਦਾਂ ’ਤੇ ਦੇਸ਼ ਧ੍ਰੋਹ ਦਾ ਦੋਸ਼ ਲਗਾ ਕੇ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਮਹਾਰਾਣੀ ਨਾਲ ਬਦਸਲੂਕੀ ਕਾਰਨ ਖ਼ਾਲਸਾ ਫ਼ੌਜ ਵਿੱਚ ਗੁੱਸੇ ਦੀ ਲਹਿਰ ਪੈਦਾ ਹੋ ਗਈ। ਉੱਤਰ-ਪੱਛਮ ਵਿੱਚ ਚਤਰ ਸਿੰਘ ਅਟਾਰੀਵਾਲਾ ਨੇ ਬਗ਼ਾਵਤ ਕਰ ਦਿੱਤੀ। ਕੁਝ ਸਮੇਂ ਬਾਅਦ ਉਸ ਦਾ ਪੁੱਤਰ ਸ਼ੇਰ ਸਿੰਘ ਵੀ ਉਸ ਦੀ ਮਦਦ ਲਈ ਆ ਗਿਆ।

ਗਵਰਨਰ ਜਨਰਲ ਲਾਰਡ ਡਲਹੌਜ਼ੀ ਨੇ ਸਿੱਖਾਂ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ। ਚਨਾਬ ਦੇ ਕੰਢੇ ਜੰਗ ਹੋਣੀ ਮਿੱਥੀ ਗਈ। ਪਹਿਲੇ ਐਂਗਲੋ-ਸਿੱਖ ਯੁੱਧ ਦੀ ਸੰਧੀ ਅਨੁਸਾਰ ਖ਼ਾਲਸਾ ਫ਼ੌਜ ਦੇ ਹਥਿਆਰ ਪਹਿਲਾਂ ਹੀ ਅੰਗਰੇਜ਼ਾਂ ਕੋਲ ਜਮ੍ਹਾਂ ਸਨ ਤੇ ਫ਼ੌਜ ਦੀ ਗਿਣਤੀ ਵੀ ਕਾਫ਼ੀ ਘਟਾ ਦਿੱਤੀ ਗਈ ਸੀ। ਹੁਣ ਖ਼ਾਲਸਾ ਫ਼ੌਜ ਦਾ ਸਰਦਾਰ ਸ਼ੇਰ ਸਿੰਘ ਸੀ। 22 ਨਵੰਬਰ 1848 ਨੂੰ ਦੂਜੇ ਐਂਗਲੋ-ਸਿੱਖ ਯੁੱਧ ਦੀ ਪਹਿਲੀ ਲੜਾਈ ਰਾਮਨਗਰ ਦੀ ਲੜਾਈ ਸੀ, ਜਿਸ ਵਿੱਚ ਅੰਗਰੇਜ਼ਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। 3 ਜਨਵਰੀ 1849 ਨੂੰ ਚੇਲਿਆਂ ਵਾਲਾ ਦੇ ਮੈਦਾਨ ਵਿੱਚ ਦੂਜੀ ਲੜਾਈ ਹੋਈ। ਸਿੱਖ ਲੜਾਈ ਵਿੱਚ ਬੜੀ ਬਹਾਦਰੀ ਨਾਲ ਲੜੇ, ਬਹੁਤ ਸਾਰੇ ਅੰਗਰੇਜ਼ ਸੈਨਿਕ ਮਾਰੇ ਗਏ। ਅੰਗਰੇਜ਼ ਚਨਾਬ ਦਰਿਆ ਦੇ ਕੰਢੇ ਤਕ ਪਿਛਾਂਹ ਹਟ ਗਏ। 21 ਫਰਵਰੀ 1849 ਨੂੰ ਗੁਜਰਾਤ ਦੀ ਲੜਾਈ ਹੋਈ। ਇਸ ਲੜਾਈ ਵਿੱਚ ਵੀ ਖ਼ਾਲਸਾ ਫ਼ੌਜ ਨੇ ਬਹਾਦਰੀ ਦੇ ਜੌਹਰ ਦਿਖਾਏ ਪਰ ਸਿੱਖਾਂ ਦੀ ਹਾਰ ਹੋਈ। ਅੰਗਰੇਜ਼ਾਂ ਨੇ ਸਿੱਖਾਂ ਦਾ ਪਿੱਛਾ ਕਰ ਕੇ ਉਨ੍ਹਾਂ ਦਾ ਜਾਨੀ-ਮਾਲੀ ਨੁਕਸਾਨ ਕੀਤਾ।

11 ਮਾਰਚ 1849 ਨੂੰ ਬਚੀ ਹੋਈ ਖ਼ਾਲਸਾ ਫ਼ੌਜ ਨੇ ਰਾਵਲਪਿੰਡੀ ਨਜ਼ਦੀਕ ਹਰਮੋਕ ਨਾਮੀ ਸਥਾਨ ਵਿੱਚ ਮੇਜਰ ਜਨਰਲ ਗਿਲਬਰਟ ਅੱਗੇ ਹਥਿਆਰ ਸੁੱਟ ਦਿੱਤੇ। ਬਹੁਤ ਸਾਰੇ ਸਿੱਖ ਸੈਨਿਕ ਰੋ ਰਹੇ ਸਨ, ਬਹੁਤਿਆਂ ਦੇ ਚਿਹਰਿਆਂ ’ਤੇ ਗੁੱਸੇ ਦੇ ਚਿੰਨ੍ਹ ਸਨ। ਇੱਕ ਪੁਰਾਣੇ ਸਿੱਖ ਸਰਦਾਰ ਨੇ ਕਿਹਾ ਕਿ ‘ਅੱਜ ਰਣਜੀਤ ਸਿੰਘ ਮਰ ਗਿਆ’। ਅੰਤ 29 ਮਾਰਚ 1849 ਨੂੰ ਅੰਗਰੇਜ਼ਾਂ ਨੇ ਇਹ ਐਲਾਨ ਕਰ ਦਿੱਤਾ ਕਿ ਸਿੱਖ ਰਾਜ ਦਾ ਅੰਤ ਹੋ ਗਿਆ ਹੈ ਤੇ ਹੁਣ ਤੋਂ ਪੰਜਾਬ ਅੰਗਰੇਜ਼ੀ ਸਾਮਰਾਜ ਦਾ ਹਿੱਸਾ ਹੈ।