ਭਾਰੀ ਸਿਆਸੀ ਨੁਕਸਾਨ ਉਠਾਉਣ ਬਾਅਦ ਅਕਾਲੀ ਦਲ ਅਨੰਦਪੁਰ ਮਤੇ ਦੇ ਹੱਕ ਵਿਚ ਡਟਿਆ
*ਕੀ ਪੰਥਕ ਧਿਰਾਂ ਸਾਂਝਾ ਪੰਥਕ ਗੱਠਜੋੜ ਉਸਾਰ ਸਕਣਗੀਆਂ?
*ਬਾਗੀ ਅਕਾਲੀਆਂ ਵਲੋਂ ਮੀਟਿੰਗਾਂ ਦਾ ਦੌਰ ਜਾਰੀ ,ਨਹੀਂ ਚਾਹੁੰਦੇ ਸੁਖਬੀਰ ਦੀ ਪ੍ਰਧਾਨਗੀ
ਬੀਤੇ ਦਿਨੀਂ ਅਕਾਲੀ ਦਲ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ ਨੇ ਇਕ ਇੰਟਰਵਿਊ ਦੌਰਾਨ ਇਹ ਕਿਹਾ ਸੀ ਕਿ ਅਸੀਂ 'ਥਰਡ ਫਰੰਟ' (ਤੀਸਰੇ ਮੋਰਚੇ) ਨਾਲ ਹਾਂ ਪਰ ਨਾਲ ਹੀ ਉਨ੍ਹਾਂ ਇਹ ਵੀ ਸਪੱਸ਼ਟ ਕਿਹਾ ਕਿ ਸਾਡੇ ਲਈ ਹੁਣ ਕਾਂਗਰਸ ਤੇ ਭਾਜਪਾ ਬਰਾਬਰ ਹਨ। ਸਾਡਾ ਕੋਈ ਮਿੱਤਰ ਨਹੀਂ ਤੇ ਸਾਡਾ ਕੋਈ ਦੁਸ਼ਮਣ ਨਹੀਂ। ਉਨ੍ਹਾਂ ਕਿਹਾ ਸੀ ਕਿ ਸਾਡਾ ਐਲਾਨਨਾਮਾ ਜੋ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ 'ਤੇ ਆਧਾਰਿਤ ਹੈ, ਜੋ ਭਾਰਤੀ ਸੰਘਵਾਦ ਦੀ ਮਜ਼ਬੂਤੀ ਦੀ ਗੱਲ ਕਰਦਾ ਹੈ ਅਤੇ ਪੰਜਾਬ ਤੇ ਸਿੱਖਾਂ ਦੀਆਂ ਹੋਰ ਮੰਗਾਂ ਪ੍ਰਤੀ ਜਿਹੜੀ ਵੀ ਪਾਰਟੀ ਹਾਂ-ਪੱਖੀ ਰੁਖ਼ ਅਪਣਾਏਗੀ, ਅਸੀਂ ਉਸ ਨਾਲ ਜਾ ਸਕਦੇ ਹਾਂ। ਸਾਡੀ ਲੜਾਈ ਸਿਧਾਂਤਕ ਹੈ।
ਸੁਆਲ ਇਹ ਹੈ ਕਿ ਜਦੋਂ ਅਕਤੂਬਰ 2023 ਵਿਚ ਰਾਹੁਲ ਗਾਂਧੀ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਏ ਸਨ ਤਾਂ 2 ਦਿਨ ਉਥੇ ਰਹਿ ਕੇ ਉਨ੍ਹਾਂ ਨੇ ਬਿਨਾਂ ਪਾਰਟੀ ਦੇ ਲਾਮ-ਲਸ਼ਕਰ ਅਤੇ ਰਾਜਨੀਤਕ ਤਾਕਤ ਦੇ ਵਿਖਾਵੇ ਦੇ ਸੇਵਾ ਕੀਤੀ ਸੀ ਤੇ ਸਿਖ ਪੰਥ ਪ੍ਰਤੀ ਆਪਣੀ ਯੋਗ ਨੀਤੀ ਦਾ ਪ੍ਰਗਟਾਵਾ ਕੀਤਾ ਸੀ, ਉਸ ਵਕਤ ਦੂਸਰੀ ਕਤਾਰ ਦੇ ਕੁਝ ਅਕਾਲੀ ਨੇਤਾਵਾਂ ਨੇ ਉਨ੍ਹਾਂ ਨੂੰ ਆਪਣੀ ਦਾਦੀ ਦੇ ਕੀਤੇ ਕਰਮਾਂ ਲਈ ਮੁਆਫ਼ੀ ਮੰਗਣ ਲਈ ਵੀ ਕਿਹਾ ਸੀ। ਜਦ ਕਿ ਉਸ ਸਮੇਂ ਸਿਖ ਲੀਡਰਸ਼ਿਪ ਨੂੰ ਰਾਹੁਲ ਗਾਂਧੀ ਨਾਲ ਸਿਆਸੀ ਸੰਵਾਦ ਤੌਰਨ ਦੀ ਲੋੜ ਸੀ। ਉਂਜ ਚੰਗਾ ਹੁੰਦਾ ਕਿ ਜੇ ਰਾਹੁਲ ਗਾਂਧੀ ਕਾਂਗਰਸ ਪਾਰਟੀ ਵਲੋਂ ਇਕ ਵਾਰ ਸਪੱਸ਼ਟ ਰੂਪ ਵਿਚ ਮੁਆਫ਼ੀ ਮੰਗ ਲੈਂਦੇ।
ਗੌਰਤਲਬ ਹੈ ਕਿ 1984 ਵਿਚ ਸ੍ਰੀ ਦਰਬਾਰ ਸਾਹਿਬ 'ਤੇ ਕੇਂਦਰੀ ਹਕੂਮਤ ਦੇ ਹਮਲੇ ਅਤੇ ਇਸ ਦੇ ਪ੍ਰਤੀਕਰਮ ਵਜੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਅਤੇ ਇਸ ਦੇ ਅੱਗੇ ਹੋਰ ਪ੍ਰਤੀਕਰਮ ਵਜੋਂ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਵੇਲੇ ਰਾਹੁਲ 14 ਸਾਲ ਦਾ ਅਤੇ ਪ੍ਰਿਅੰਕਾ 12 ਸਾਲ ਦੀ ਸੀ। ਸੋ, ਉਸ ਸਮੇਂ ਦੇ ਘਟਨਾਕ੍ਰਮ ਲਈ ਰਾਹੁਲ ਅਤੇ ਪ੍ਰਿਅੰਕਾ ਨੂੰ ਜ਼ਿੰਮੇਵਾਰ ਠਹਿਰਾਉਣਾ ਜਾਇਜ਼ ਨਹੀਂ। ਜੇਕਰ ਦੇਖਿਆ ਜਾਵੇ ਤਾਂ ਦਰਬਾਰ ਸਾਹਿਬ ਉਪਰ ਫੌਜੀ ਹਮਲਾ ਫਿਰਕੂ ਸਟੇਟ ਦਾ ਹਮਲਾ ਸੀ ਜੋ ਸਿਖਾਂ ਨਾਲ ਹੁਣ ਤਕ ਵਿਤਕਰਾ ਕਰਦਾ ਹੈ। ਦਰਬਾਰ ਸਾਹਿਬ, ਗੁਰੂ ਗ੍ਰੰਥ ਸਾਹਿਬ ,ਸਿਖ ਧਰਮ ਉਪਰ ਫਿਰਕੂ ਹਮਲੇ ਜਾਰੀ ਹਨ।ਸ਼ੋਸ਼ਲ ਮੀਡੀਆ ਉਪਰ ਸਿਖ ਪੰਥ ਵਿਰਧ ਜ਼ਹਿਰ ਫੈਲਾਇਆ ਜਾ ਰਿਹਾ ਹੈ।
ਉਂਜ ਵੀ ਚੋਣ ਨਤੀਜੇ ਇਹ ਸਾਬਤ ਕਰਦੇ ਹਨ ਕਿ ਸਿੱਖਾਂ ਦੇ ਵੱਡੇ ਹਿੱਸੇ ਨੇ ਕਾਂਗਰਸ ਨੂੰ ਮੁਆਫ਼ ਕਰ ਦਿੱਤਾ ਹੈ ਜਾਂ ਉਹ ਭਾਜਪਾ ਨੂੰ ਕਾਂਗਰਸ ਨਾਲੋਂ ਵਧ ਫਿਰਕੂ ਪਾਰਟੀ ਸਮਝਦੇ ਹਨ। ਉਹ ਜਾਣਦੇ ਹਨ ਜੇ ਪੰਜਾਬ ਵਿਚ ਕਾਂਗਰਸ ਖਤਮ ਹੋਈ ਭਾਜਪਾ ਵਡੀ ਪਾਰਟੀ ਬਣੇਗੀ।ਜਦ ਕਿ ਇਸ ਸਥਿਤੀ ਵਿਚ ਅਕਾਲੀ ਦਲ ਸਿਆਸੀ ਤੌਰ ਉਪਰ ਬੁਰੀ ਤਰ੍ਹਾਂ ਨਿਘਰ ਚੁਕਾ ਹੈ ਤੇ ਉਹ ਸਿਆਸੀ ਤੌਰ ਉਪਰ ਮਜਬੂਤ ਨਹੀਂ ਰਿਹਾ।
ਉਂਜ ਰਾਹੁਲ ਗਾਂਧੀ ਕਈ ਵਾਰ 1984 ਦੀਆਂ ਘਟਨਾਵਾਂ ਲਈ ਦੁੱਖ ਦਾ ਪ੍ਰਗਟਾਵਾ ਵੀ ਕਰ ਚੁੱਕੇ ਹਨ ਪਰ ਇਹ ਠੀਕ ਹੈ ਕਿ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾਂ ਪ੍ਰੈੱਸ ਵਿਚ ਸਿੱਧੇ ਰੂਪ ਵਿਚ ਅਜੇ ਤੱਕ ਮੁਆਫ਼ੀ ਨਹੀਂ ਮੰਗੀ।
ਸਾਲ 2023 ਵਿਚ ਜਦੋਂ ਸ੍ਰੀ ਰਾਹੁਲ ਗਾਂਧੀ ਅਮਰੀਕਾ ਵਿਚ ਇੰਡੀਅਨ ਓਵਰਸੀਜ਼ ਕਾਂਗਰਸ ਦੇ ਇਕ ਪ੍ਰੋਗਰਾਮ ਵਿਚ ਗਏ ਤਾਂ ਉਨ੍ਹਾਂ ਨੂੰ ਮਿਲੇ ਇਕ ਸਿੱਖ ਵਫ਼ਦ ਵਲੋਂ ਉਠਾਏ ਇਕ ਸਵਾਲ ਦੇ ਜਵਾਬ ਵਿਚ ਰਾਹੁਲ ਗਾਂਧੀ ਨੇ ਇਸ ਲਈ ਮੁਆਫ਼ੀ ਮੰਗੀ ਸੀ। ਪਰ ਦੌਰੇ ਦਾ ਪ੍ਰਬੰਧ ਕਰ ਰਹੇ ਲੋਕਾਂ ਨੇ ਰਾਜਨੀਤਕ ਕਾਰਨਾਂ ਕਰਕੇ ਇਸ ਮੁਆਫ਼ੀ ਨੂੰ ਪ੍ਰੈੱਸ ਵਿਚ ਦੇਣ ਤੋਂ ਗੁਰੇਜ਼ ਕੀਤਾ ਸੀ। ਵੈਸੇ ਰਾਹੁਲ ਦੀ ਨੀਅਤ ਅਤੇ ਨੀਤੀ ਇਸ ਗੱਲ ਤੋਂ ਵੀ ਸਪੱਸ਼ਟ ਹੈ ਕਿ ਹੁਣ ਕੇਂਦਰ ਵਿਚ ਰਾਜ ਮੰਤਰੀ ਬਣੇ ਰਵਨੀਤ ਸਿੰਘ ਬਿੱਟੂ ਨੇ ਸ਼ਰੇਆਮ ਕਿਹਾ ਸੀ ਕਿ ਉਨ੍ਹਾਂ ਨੇ ਕਾਂਗਰਸ ਇਸ ਲਈ ਵੀ ਛੱਡੀ ਕਿ ਰਾਹੁਲ ਗਾਂਧੀ ਮੇਰੇ 'ਤੇ ਮੇਰੇ ਦਾਦਾ ਸਵਰਗੀ ਬੇਅੰਤ ਸਿੰਘ ਦੇ ਸਿੱਖ ਕਾਤਲਾਂ ਨੂੰ ਛੱਡਣ ਦਾ ਦਬਾਅ ਬਣਾ ਰਹੇ ਸਨ, ਜਿਸ ਤਰ੍ਹਾਂ ਰਾਹੁਲ ਦੇ ਪਰਿਵਾਰ ਨੇ ਰਾਜੀਵ ਗਾਂਧੀ ਦੇ ਕਤਲ ਵਿਚ ਸ਼ਾਮਿਲ ਲੋਕਾਂ ਨੂੰ ਮੁਆਫ਼ ਕਰ ਦਿੱਤਾ ਸੀ।
ਇਸ ਤੋਂ ਸਪਸ਼ਟ ਹੈ ਕਿ ਰਾਹੁਲ ਦੀ ਨੀਤੀ ਸਿਖਾਂ ਪ੍ਰਤੀ ਭਾਜਪਾ ਵਾਂਗ ਫਿਰਕੂ ਨਹੀਂ ਹੈ।
ਜੇਕਰ ਉਸ ਵੇਲੇ ਅਕਾਲੀ ਦਲ ਨੇ ਰਾਹੁਲ ਗਾਂਧੀ ਵਲੋਂ ਸ੍ਰੀ ਦਰਬਾਰ ਸਾਹਿਬ ਯਾਤਰਾ ਦੌਰਾਨ ਸਹੀ ਸਟੈਂਡ ਲਿਆ ਹੁੰਦਾ ਜੋ ਹੁਣ ਅਕਾਲੀ ਦਲ ਦੇ ਪ੍ਰਮੁੱਖ ਨੇਤਾ ਬਲਵਿੰਦਰ ਸਿੰਘ ਭੂੰਦੜ ਨੇ ਐਲਾਨ ਕੀਤਾ ਹੈ ਤਾਂ ਅੱਜ ਅਕਾਲੀ ਦਲ ਦੀ ਸਥਿਤੀ ਕੁਝ ਹੋਰ ਹੀ ਹੁੰਦੀ।ਕਾਂਗਰਸ ਦਾ ਆਪ ਦੀ ਥਾਂ ਅਕਾਲੀ ਦਲ ਨਾਲ ਸਮਝੌਤਾ ਹੋਣਾ ਸੀ। ਇਤਿਹਾਸ ਗਵਾਹ ਹੈ ਕਿ ਪੰਜਵੇਂ ਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਲਈ ਵਕਤ ਦੇ ਹਾਕਮ ਜਹਾਂਗੀਰ ਨੂੰ ਮੁੱਖ ਦੋਸ਼ੀ ਮੰਨਿਆ ਜਾਂਦਾ ਹੈ, ਪਰ 6ਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਈ ਤੋਂ ਬਾਅਦ ਬਾਦਸ਼ਾਹ ਜਹਾਂਗੀਰ ਨਾਲ ਉਨ੍ਹਾਂ ਦੇ ਚੰਗੇ ਸੰਬੰਧ ਰਹੇ। ਬਾਦਸ਼ਾਹ ਔਰੰਗਜ਼ੇਬ ਦੇ ਅਸਹਿ ਤੇ ਅਕਹਿ ਜ਼ੁਲਮ ਤੋਂ ਬਾਅਦ 10ਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਪਹਿਲੇ ਨਾਲ ਚੰਗੇ ਸੰਬੰਧ ਵੀ ਸਾਡੇ ਸਾਹਮਣੇ ਹਨ।
ਸਿੱਖਾਂ ਦੇ ਇਕ ਵੇਲੇ ਦੇ ਵੱਡੇ ਤੇ ਖ਼ੂੰਖਾਰ ਦੁਸ਼ਮਣ ਜ਼ਕਰੀਆ ਖ਼ਾਨ ਦੇ ਕਹਿਣ 'ਤੇ ਮੁਗ਼ਲ ਸਲਤਨਤ ਨੇ ਸਿੱਖਾਂ ਨੂੰ ਨਵਾਬੀ ਪੇਸ਼ ਕੀਤੀ ਤਾਂ ਵਕਤ ਦੇ ਸਿੱਖ ਆਗੂਆਂ ਨੇ ਵਕਤ ਦੀ ਹਕੀਕਤ ਤੇ ਰਾਜਨੀਤੀ ਨੂੰ ਸਮਝਦਿਆਂ ਆਪਣੀ ਤਾਕਤ ਵਧਾਉਣ ਲਈ ਸਮਾਂ ਲੈਣ ਵਾਸਤੇ ਇਹ ਨਵਾਬੀ ਵੀ ਪ੍ਰਵਾਨ ਕਰ ਲਈ ਸੀ। ਸ. ਕਪੂਰ ਸਿੰਘ ਨੂੰ ਨਵਾਬ ਕਪੂਰ ਸਿੰਘ ਬਣਾ ਲਿਆ ਸੀ। ਹੋਰ ਬਹੁਤ ਉਦਾਹਰਨਾਂ ਹਨ।
1984 ਤੋਂ ਬਾਅਦ ਦਿੱਲੀ ਵਿਚ ਪਰਮਜੀਤ ਸਿੰਘ ਸਰਨਾ ਕਾਂਗਰਸ ਦੀ ਮਦਦ ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਣੇ ਸਨ । ਅਕਾਲੀ ਦਲ ਵਲੋਂ ਲਿਆ ਅਜੋਕਾ ਨਵਾਂ ਸਟੈਂਡ ਪੰਜਾਬ ਪਖੀ ਤੇ ਉਸਾਰੂ ਹੈ। ਅਕਾਲੀ ਦਲ ਦੀ ਪਹਿਲੀ ਨੀਤੀ ਕਿ ਭਾਜਪਾ ਦਾ ਹੀ ਬਿਨਾਂ ਸ਼ਰਤ ਸਾਥ ਦੇਣਾ ਹੈ ਤੇ ਦੂਸਰੀ ਧਿਰ ਸਾਡੇ ਲਈ ਅਛੂਤ ਹੈ, ਨੇ ਅਕਾਲੀ ਦਲ ਨੂੰ ਸਿਆਸੀ ਨੁਕਸਾਨ ਪਹੁੰਚਾਇਆ ਹੈ। ਹਾਂ, ਸਿਰਫ਼ ਭਾਜਪਾ ਦਾ ਸਾਥ ਦੇਣਾ ਹੀ ਅਕਾਲੀ ਦਲ ਦੇ ਘਟਾਅ ਦਾ ਕਾਰਨ ਨਹੀਂ ਬਣਿਆ, ਉਨ੍ਹਾਂ ਨੇ ਹੋਰ ਗ਼ਲਤੀਆਂ ਵੀ ਬਹੁਤ ਕੀਤੀਆਂ ਹਨ ਜਿਸ ਕਾਰਣ ਸਿਖ ਉਸਤੋਂ ਨਰਾਜ਼ ਤੇ ਨਿਰਾਸ਼ ਹੋਏ ਹਨ।
ਦੂਸਰੇ ਪਾਸੇ ਅਕਾਲੀ ਦਲ ਵਿਚੋਂ ਸੁਖਬੀਰ ਸਿੰਘ ਬਾਦਲ ਵਿਰੁਧ ਸੰਗਠਨ ਅੰਦਰੋਂ ਲਹਿਰ ਉਠ ਰਹੀ ਹੈ ਤੇ ਅਕਾਲੀ ਲੀਡਰਸ਼ਿਪ ਪਾਰਟੀ ਪ੍ਰਧਾਨ ਬਦਲਣਾ ਚਾਹੁੰਦੇ ਹਨ।
ਬੀਤੇ ਦਿਨੀਂ ਜਲੰਧਰ ਵਿਖੇ ਬੀਬੀ ਜਾਗੀਰ ਕੌਰ ,ਸੁਰਜੀਤ ਸਿੰਘ ਰੱਖੜਾ,ਮਨਪ੍ਰੀਤ ਸਿੰਘ ਇਆਲੀ ,ਸੁਖਦੇਵ ਸਿੰਘ ਢੀਂਡਸਾ ,ਮਨਪ੍ਰੀਤ ਸਿੰਘ ਇਆਲੀ,ਗੁਰਪ੍ਰਤਾਪ ਸਿੰਘ ਵਡਾਲਾ, ਸੁਰਜੀਤ ਸਿੰਘ ਰੱਖੜਾ,ਬਲਦੇਵ ਸਿੰਘ ਮਾਨ,ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਆਦਿ ਨੇ ਮੀਟਿੰਗ ਕੀਤੀ।ਇਸ ਵਿਚ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਨਾ ਮੰਨਣ ਲਈ ਇਹ ਲੀਡਰ ਇਕਮਤ ਸਨ।ਸੂਤਰਾਂ ਤੋਂ ਪਤਾ ਲਗਾ ਹੈ ਕਿ ਉਹ ਚਾਹੁੰਦੇ ਹਨ ਕਿ ਨਵੀਂ ਲੀਡਰਸ਼ਿਪ ਅਗੇ ਲਿਆਂਦੀ ਜਾਵੇ ਤੇ ਸਿਖ ਪੰਥ ਦਾ ਹੁਣ ਬਾਦਲ ਪਰਿਵਾਰ ਉਪਰ ਵਿਸ਼ਵਾਸ ਨਹੀਂ ਰਿਹਾ।ਇਹ ਸਾਰੇ ਝੂੰਦਾ ਕਮੇਟੀ ਦੀ ਰਿਪੋਟ ਲਾਗੂ ਕਰਨ ਦੇ ਹੱਕ ਵਿਚ ਹਨ।ਪਰ ਸੁਖਬੀਰ ਬਾਦਲ ਪ੍ਰਧਾਨਗੀ ਛੱਡਣ ਨੂੰ ਤਿਆਰ ਨਹੀਂ।
ਬਾਕੀ ਪੰਥਕ ਜਥੇਬੰਦੀਆਂ ਵੀ ਨਵਾਂ ਅਕਾਲੀ ਦਲ ਉਸਾਰਨ ਲਈ ਕਸਰਤ ਕਰ ਰਹੀਆਂ ਹਨ।ਨਵੇਂ ਐਮ ਪੀ ਸਰਬਜੀਤ ਸਿੰਘ ਖਾਲਸਾ ,ਬੀਬੀ ਪਰਮਜੀਤ ਕੌਰ ਖਾਲੜਾ ਵਲੋਂ ਸਰਗਰਮੀਆਂ ਜਾਰੀ ਹਨ।ਇਸ ਬਾਰੇ ਭਾਈ ਅੰਮ੍ਰਿਤ ਪਾਲ ਸਿੰਘ ਦੇ ਮਾਤਾ -ਪਿਤਾ ਵੀ ਸਰਗਰਮ ਹਨ।ਉਨ੍ਹਾਂ ਨੇ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਨੂੰ ਰਿਹਾਅ ਕਰਵਾਉਣ ਲਈ ਲਹਿਰ ਵਿਢ ਦਿਤੀ ਹੈ।
ਕੁਝ ਨਿਰਪੱਖ ਸਿਖ ਬੁਧੀਜੀਵੀਆਂ ਦਾ ਮੰਨਣਾ ਹੈ ਕਿ ਵੋਟ ਦੀ ਰਾਜਨੀਤੀ ਵਿਚ ਸਿੱਖਾਂ ਦੀ ਗਿਣਤੀ ਬਹੁਤ ਥੋੜ੍ਹੀ ਹੈ।ਇਸ ਦੇ ਲਈ ਸਭ ਪੰਥਕ ਧਿਰਾਂ ਨੂੰ ਸਾਂਝਾ ਗੱਠਜੋੜ ਬਣਾਉਣ ਦੀ ਲੋੜ ਹੈ।
ਪੰਥਕ ਧਿਰਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੀਆਂ ਸਾਂਝੀਆਂ ਹੱਕੀ ਮੰਗਾਂ ਤੇ ਜ਼ਰੂਰਤਾਂ ਦੀ ਪੂਰਤੀ ਲਈ ਆਪਸ ਵਿਚ ਮਿਲ ਬੈਠਣ,ਆਪਣਾ ਗਠਜੋੜ ਉਸਾਰਨ ਅਤੇ ਪੰਜਾਬ ਨਾਲ ਹੁੰਦੇ ਧੱਕੇ ਰੁਕਵਾਉਣ ਅਤੇ ਮੰਗਾਂ ਮੰਨਵਾਉਣ ਲਈ ਇਕ ਘੱਟੋ-ਘੱਟ 'ਕਾਮਨ ਮਿਨੀਮਮ ਪ੍ਰੋਗਰਾਮ' ਬਣਾਉਣ। ਪੰਜਾਬ ਦੇ ਹਿੱਤਾਂ ਤੇ ਸਮੱਸਿਆਵਾਂ ਦੇ ਹੱਲ ਲਈ ਵੱਖ-ਵੱਖ ਮੰਤਰਾਲਿਆਂ ਤੇ ਹੋਰ ਨੇਤਾਵਾਂ, ਜਿਨ੍ਹਾਂ ਵਿਚ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਵੀ ਸ਼ਾਮਿਲ ਹਨ, ਨੂੰ ਇਕੱਠੇ ਹੋ ਕੇ ਮਿਲਣ। ਇਸ ਲਈ ਪਹਿਲ ਤਾਂ ਸ੍ਰੋਮਣੀ ਅਕਾਲੀ ਦਲ ਨੂੰ ਹੀ ਕਰਨੀ ਚਾਹੀਦੀ ਹੈ।
Comments (0)