ਦਰਬਾਰ ਸਾਹਿਬ ਤੇ ਸਿਖ ਪੰਥ ਹਿੰਦੂ ਰਾਸ਼ਟਰਵਾਦੀਆਂ ਦੇ ਨਿਸ਼ਾਨੇ ਉਪਰ

ਦਰਬਾਰ ਸਾਹਿਬ ਤੇ ਸਿਖ ਪੰਥ ਹਿੰਦੂ ਰਾਸ਼ਟਰਵਾਦੀਆਂ ਦੇ ਨਿਸ਼ਾਨੇ ਉਪਰ

*ਅਰਚਨਾ  ਵਲੋਂ ਦਰਬਾਰ ਸਾਹਿਬ ਵਿਖੇ ਯੋਗਾ ਆਸਣ ਦੀ ਸ਼ਰਾਰਤ ਕਰਕੇ ਸਿਖ ਪੰਥ ਨੂੰ ਚਿੜ੍ਹਾਉਣ ਦੀ ਕੋਸ਼ਿਸ਼

*ਸ੍ਰੋਮਣੀ ਕਮੇਟੀ ਦੀ ਸ਼ਿਕਾਇਤ ਅਰਚਨਾ ਉਪਰ ਕੇਸ ਦਰਜ

*ਸ਼ੋਸ਼ਲ ਮੀਡੀਆ ਉਪਰ ਸਿਖ ਧਰਮ ਵਿਰੁਧ ਭਗਵੇਂਵਾਦੀ ਸਰਗਰਮ

*ਸ੍ਰੋਮਣੀ ਕਮੇਟੀ ਦੇ ਢਿਲੇ ਪ੍ਰਬੰਧ ਕਾਰਣ ਹਿੰਦੂਤਵੀ ਦਰਬਾਰ ਸਾਹਿਬ ਵਿਰੁੱਧ ਕਰ ਰਹੇ ਨੇ ਹਰਕਤਾਂ

ਭਾਰਤ ਵਿਚ ਸਿੱਖਾਂ ਨੂੰ  ਨਫ਼ਰਤ ਦਾ ਸ਼ਿਕਾਰ ਬਣਾ ਕੇ, ਹਿੰਸਾ ਦਾ ਸ਼ਿਕਾਰ ਬਣਾਉਣ ਦੀ ਪ੍ਰਵਿਰਤੀ ਕੋਈ ਨਵੀਂ ਗੱਲ ਨਹੀਂ ਹੈ। ਜਿਸ ਤਰ੍ਹਾਂ ਦੀ ਨਫ਼ਰਤ 84 ਵਿਚ ਸਿੱਖਾਂ ਨੇ ਭਾਰਤ ਵਿਚ ਵੇਖੀ ਹੈ, ਉਸ ਸਾਹਮਣੇ ਅੱਜ ਦੀਆਂ ਵਾਰਦਾਤਾਂ ਬਹੁਤ ਛੋਟੀਆਂ ਹਨ ਪਰ ਸਵਾਲ ਇਹ ਹੈ ਕਿ ਇਹ ਵਾਪਰ ਕਿਉਂ ਰਹੀਆਂ ਹਨ? ਦਰਬਾਰ ਸਾਹਿਬ ਤੇ ਸਿਖ ਪੰਥ ਹਿੰਦੂ ਰਾਸ਼ਟਰਵਾਦੀਆਂ ਦੇ ਨਿਸ਼ਾਨੇ ਉਪਰ ਕਿਉਂ ਹੈ?

 

ਅੰਤਰਰਾਸ਼ਟਰੀ ਯੋਗ ਦਿਵਸ ‘ਤੇ,  ਅਰਚਨਾ ਮਕਵਾਨਾ ਨਾਮ ਦੀ ਇਸ ਇਨਫਲੂਐਂਨਸਰ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਯੋਗਾ ਆਸਣ ਦੀ ਸ਼ਰਾਰਤ ਕਰਕੇ ਸਿਖ ਪੰਥ ਨੂੰ ਚਿੜ੍ਹਾਉਣ ਦੀ ਕੋਸ਼ਿਸ਼ ਕੀਤੀ।  ਇਸ ਦੀਆਂ ਫੋਟੋਆਂ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਪੋਸਟ ਕੀਤੀਆਂ ਹਨ। ਜਿਸ ਤੋਂ ਬਾਅਦ ਇਹ ਤਸਵੀਰਾਂ ਵਾਇਰਲ ਹੋ ਗਈਆਂ।

ਇਸ ਗੱਲ ਦਾ ਪਤਾ ਲੱਗਦਿਆਂ ਹੀ ਸ਼੍ਰੋਮਣੀ  ਕਮੇਟੀ  ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਨੇ ਦਰਬਾਰ ਸਾਹਿਬ ਦੀ ਪਰਿਕਰਮਾ ਡਿਊਟੀ ‘ਤੇ ਤਾਇਨਾਤ ਤਿੰਨ ਮੁਲਾਜ਼ਮਾਂ ਨੂੰ ਮੁਅੱਤਲ ਕਰਕੇ ਜਾਂਚ ਦੇ ਹੁਕਮ ਦਿੱਤੇ ਹਨ।ਸ੍ਰੋਮਣੀ ਕਮੇਟੀ ਦੀ ਸ਼ਿਕਾਇਤ ਉਪਰ  ਅੰਮ੍ਰਿਤਸਰ ਪੁਲਸ ਨੇ ਅਰਚਨਾ ਮਕਵਾਨਾ ਦੇ ਖ਼ਿਲਾਫ਼ ਧਾਰਾ 295 ਏ ਤਹਿਤ ਐਫ ਆਈ ਆਰ ਦਰਜ ਕੀਤੀ ਗਈ । ਸਿਖ ਪੰਥ ਦੇ ਰੋਸ ਨੂੰ ਦੇਖਦਿਆਂ ਮਕਵਾਨਾ ਨੇ   ਮੁਆਫੀ ਮੰਗ ਲਈ ਸੀ।

ਆਪਣੀ ਸਫ਼ਾਈ ਵਾਲੀ ਵੀਡੀਓ ਵਿੱਚ ਅਰਚਨਾ ਮਕਵਾਨਾ ਨੇ ਕਿਹਾ ਸੀ ਕਿ ਉਹ 19 ਜੂਨ ਨੂੰ ਇੱਕ ਐਵਾਰਡ ਲੈਣ ਲਈ ਦਿੱਲੀ ਆਈ ਸੀ ਅਤੇ ਉਹ ਦਰਬਾਰ ਸਾਹਿਬ ਮੱਥਾ ਟੇਕਣ ਲਈ ਚਲੀ ਗਈ।ਉਸ ਨੇ ਕਿਹਾ ਕਿ ਜਿਸ ਦਿਨ ਯੋਗਾ ਦਿਵਸ ਸੀ, ਮੈਂ ਆਪਣਾ ਮਨਪਸੰਦ ਆਸਣ ਜੋ ਕਿ ਸ਼ੀਰਸ਼ ਆਸਣ ਹੈ ਧੰਨਵਾਦ ਵਜੋਂ ਕੀਤਾ ਹੈ, ਮੇਰੀ ਅਜਿਹੀ ਕੋਈ ਭਾਵਨਾ ਨਹੀਂ ਸੀ, ਮੇਰਾ ਕਿਸੇ ਵੀ ਧਾਰਮਿਕ ਸੰਸਥਾ ਜਾਂ ਸੰਪਰਦਾ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ।”

ਉਨ੍ਹਾਂ ਨੇ ਮੁਆਫ਼ੀ ਦਾ ਢੌਂਗ ਰਚਦਿਆਂ ਕਿਹਾ ਕਿ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਗਾਹਲਾਂ ਕੱਢੀਆਂ ਜਾ ਰਹੀਆਂ ਸਨ, ਕੋਈ ਵੀ ਧਰਮ ਨਹੀਂ ਸਿਖਾਉਂਦਾ ਕਿ ਤੁਸੀਂ ਕਿਸੇ ਨੂੰ ਏਨਾ ਅਪਮਾਨਿਤ ਕਰੋ, ਕਿਸੇ ਦੀ ਗਲਤੀ ਹੋਵੇ ਤਾਂ ਮੁਆਫ਼ ਕਰ ਦੇਣਾ ਚਾਹੀਦਾ ਹੈ, ਮੈਂ ਮੁਆਫ਼ੀ ਮੰਗਦੀ ਹਾਂ, ਮੈਂ ਅੱਗੇ ਤੋਂ ਨਹੀਂ ਕਰਾਂਗੀ, ਮੈਨੂੰ ਨਿਯਮ ਨਹੀਂ ਪਤਾ ਸਨ, ਮੈਂ ਭਾਵਨਾਵਾਂ ਵਿੱਚ ਵਹਿ ਗਈ ਸੀ ਮੇਰਾ ਮੰਤਵ ਗਲਤ ਨਹੀਂ ਸੀ।”

ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਨੇ ਆਪਣੇ ਬਿਆਨ ਵਿੱਚ ਕਿਹਾ, “ਕੈਮਰੇ ਦੇਖਣ ਉੱਤੇ ਇਹ ਸਾਹਮਣੇ ਆਇਆ ਕਿ ਉਕਤ ਲੜਕੀ ਕਰੀਬ ਇੱਕ ਘੰਟਾ ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਰਹੀ ਤੇ ਆਸਣ ਕਰਦਿਆਂ ਤਸਵੀਰ ਖਿਚਵਾਈ, ਉਨ੍ਹਾਂ ਨੇ ਦਰਬਾਰ ਸਾਹਿਬ ਜਾਂ ਹੋਰ ਅਸਥਾਨਾਂ ’ਤੇ ਮੱਥਾ ਨਹੀਂ ਟੇਕਿਆ।”

ਉਨ੍ਹਾਂ ਅੱਗੇ ਕਿਹਾ, “ਇਸ ਤੋਂ ਇਹ ਲੱਗਦਾ ਹੈ ਕਿ ਉਸ ਨੇ ਜਾਣ ਬੁਝਕੇ ਇਹ ਆਸਣ ਕਰਕੇ ਸੰਗਤਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ।”

ਹੁਣ ਉਹ ਆਪਣੇ ਬਚਾਅ ਲਈ ਝੂਠੀਆਂ ਦਲੀਲਾਂ ਘੜ ਰਹੀ ਹੈ ਕਿ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।ਗੁਜਰਾਤ ਪੁਲਿਸ ਨੇ ਤੁਰੰਤ ਉਸ ਨੂੰ ਸੁਰੱਖਿਆ ਮੁਹੱਈਆ ਕਰਵਾ ਦਿਤੀ। 

ਅਸਲ ਵਿਚ ਇਹ ਔਰਤ ਅਰਚਨਾ ਹਿੰਦੂ ਰਾਸ਼ਟਵਾਦੀ ਨਸਲਵਾਦੀ ਫੋਰਸਾਂ ਦਾ ਪ੍ਰੋਡੈਕਟ ਹੈ।ਇਹ ਨਸਲਵਾਦੀ ਅਦਿਖ ਫੋਰਸਾਂ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀ ਜ਼ਿੰਮੇਵਾਰ ਹਨ ਜੋ  ਸਿਖਾਂ ਨੂੰ ਖਾਲਿਸਤਾਨੀ ਕਹਿਕੇ ਬਦਨਾਮ ਕਰਨ ਉਪਰ ਤੁਲੀਆਂ ਹਨ। 

ਇਹ ਹਿੰਦੂ ਰਾਸ਼ਟਰਵਾਦੀ ਫਿਰਕੂ ਲਾਣਾ ਨਫਰਤੀ ਭਾਸ਼ਾ ਵਟਸਐਪ ਯੂਨੀਵਰਸਿਟੀ ਰਾਹੀਂ ਫੈਲਾ ਰਿਹਾ ਹੈ ਕਿ ਦਰਬਾਰ ਸਾਹਿਬ ਹਿੰਦੂ ਧਰਮ ਦਾ ਹੈ।ਲੜਕੀ ਨੇ ਕੋਈ ਗਲਤ ਨਹੀਂ ਕੀਤਾ।  ਜਦਕਿ ਇਹ ਸਿਖ ਧਰਮ ਉਪਰ ਹਮਲਾ ਹੈ।ਤੁਸੀਂ ਸਮਝ ਸਕਦੇ ਹੋ ਕਿ ਇਹ ਆਮ ਘਟਨਾ ਨਹੀਂ ਇਸ ਪਿਛੇ ਸਿਖਾਂ ਨੂੰ ਜ਼ਲੀਲ ਕਰਨ ਦਾ ਵਡਾ ਭਗਵੇਂਵਾਦੀ ਨੈਰੇਟਿਵ ਹੈ।ਇਹ ਲੜਕੀ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ, ਸਿਖ ਪੰਥ ਨੂੰ ਜ਼ਲੀਲ ਕਰਨ ਆਈ ਸੀ।ਹਿੰਦੂ ਰਾਸ਼ਟਰਵਾਦੀ ਗਿਰੋਹ ਪਹਿਲਾਂ ਸਿਖ ਪੰਥ ਨੂੰ ਕੰਗਨਾ ਰਨੌਤ ਰਾਹੀਂ ਜ਼ਲੀਲ ਕਰਦਾ ਰਿਹਾ ਤੇ ਹੁਣ ਨਵੀਂ ਝਾਂਸੀ ਦੀ ਰਾਣੀ ਅਰਚਨਾ ਲਭ ਲਈ ਹੈ।

ਸ਼ੋਸ਼ਲ ਮੀਡੀਆ ਰਾਹੀਂ ਹਿੰਦੂ ਰਾਸ਼ਟਰਵਾਦੀਆਂ ਵਲੋਂ ਸਿਖ ਪੰਥ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ ।ਗੁਜਰਾਤ ਇਸ ਦੀ ਪ੍ਰਯੋਗਸ਼ਾਲਾ ਹੈ।ਤੇ ਹਿੰਦੂਤਵੀ ਅਰਚਨਾ ਦੀ ਵਕਾਲਤ ਕਰਕੇ ਉਸ ਦਾ ਸਨਮਾਨ ਕਰਨ ਬਾਰੇ ਪੋਸਟਾਂ ਪਾ ਰਹੇ ਹਨ। ਹਿੰਦਤਵੀਆਂ ਵਲੋਂ ਇਕ ਪੇਟਿੰਗ ਦਰਬਾਰ ਸਾਹਿਬ ਬਾਰੇ ਬਣਾਈ ਗਈ ਦਸੀ ਜਾ ਰਹੀ ਹੈ ,ਜਿਥੇ  ਭਗਵੇਂ ਸਾਧੂ ਯੋਗਾ ਕਰ ਰਹੇ ਹਨ ਤੇ ਇਸ ਪੇਟਿੰਗ ਨੂੰ ਪੁਰਾਤਨ ਦਸਿਆ ਜਾ ਰਿਹਾ ਹੈ।ਇਸ ਦੇ ਸਿਧੇ ਅਰਥ ਹਨ ਕਿ ਭਗਵੀਂ ਸਿਆਸਤ ਅਧੀਨ ਦਰਬਾਰ ਸਾਹਿਬ ਤੇ ਸਿਖ ਪੰਥ ਵਿਰੁੱਧ ਕਾਰਵਾਈਆਂ ਜਾਰੀ ਹਨ।

ਸ਼੍ਰੋਮਣੀ ਕਮੇਟੀ ਐਡਵੋਕੇਟ ਧਾਮੀ ਨੇ ਕਿਹਾ ਕਿ ਕਿਸੇ ਨੂੰ ਵੀ  ਦਰਬਾਰ ਸਾਹਿਬ ਵਿਖੇ ਗੁਰਮਤਿ ਵਿਰੁੱਧ ਹਰਕਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਪਰ ਕੁਝ ਫਿਰਕੂ ਲੋਕ ਜਾਣਬੁੱਝ ਕੇ ਇਸ ਪਾਵਨ ਅਸਥਾਨ ਦੀ ਪਵਿੱਤਰਤਾ ਤੇ ਇਤਿਹਾਸਕ ਮਹੱਤਤਾ ਨੂੰ ਨਜ਼ਰਅੰਦਾਜ਼ ਕਰਵਾ ਕੇ ਕੋਝੀਆਂ ਹਰਕਤਾਂ ਕਰਦੇ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਇਕ ਕੁੜੀ ਵੱਲੋਂ ਕੀਤੀ ਗਈ ਹਰਕਤ ਨਾਲ ਸਿੱਖ ਭਾਵਨਾਵਾਂ ਅਤੇ ਮਰਿਆਦਾ ਨੂੰ ਠੇਸ ਪੁੱਜੀ ਹੈ।ਉਨ੍ਹਾਂ ਦਸਿਆ ਕਿ ਸ੍ਰੋਮਣੀ ਕਮੇਟੀ ਦੇ ਤਿੰਨ ਮੁਲਾਜ਼ਮਾਂ ਵਿੱਚੋਂ ਦੋ ਨੂੰ ਮੁੱਢਲੇ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇੱਕ ਆਰਜ਼ੀ ਮੁਲਾਜ਼ਮ ਨੂੰ ਪੰਜ ਹਜ਼ਾਰ ਰੁਪਏ ਜ਼ੁਰਮਾਨਾ ਕਰਦਿਆਂ ਉਸ ਦੀ ਤਬਦੀਲੀ ਗੁਰਦੁਆਰਾ ਗੜ੍ਹੀ ਸਾਹਿਬ ਗੁਰਦਾਸ ਨੰਗਲ ਵਿਖੇ ਕੀਤੀ ਗਈ ਹੈ।

ਸੁਆਲ ਇਹ ਹੈ ਕਿ  ਕੀ ਇਸ ਨਾਲ ਸ੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਪੂਰੀ ਹੋ ਗਈ?

ਦਰਬਾਰ ਸਾਹਿਬ ਦੀ ਸੁਰਖਿਆ ਸ੍ਰੋਮਣੀ ਕਮੇਟੀ ਦਾ ਕਾਰਜ ਹੈ।ਪਰ ਪ੍ਰਧਾਨ ਹਰਜਿੰਦਰ ਸਿੰਘ ਧਾਮੀ  ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਅਸਮਰੱਥ ਰਹੇ ਹਨ। ਸੰਗਤਾਂ ਦਾ ਮੰਨਣਾ ਹੈ ਕਿ ਸ੍ਰੋਮਣੀ ਕਮੇਟੀ ਦੀ ਮਨੇਜਮੈਂਟ ਸਿਫਾਰਸ਼ੀ ਤੇ ਗੈਰ ਜ਼ਿੰਮੇਵਾਰ ਹੈ ਜਿਸਦੀ ਸਿਖ ਪੰਥ ਪ੍ਰਤੀ ਕੋਈ ਨਿਸ਼ਠਾ ਨਹੀਂ। ਇਹਨਾਂ ਨੇ ਮੁਲਾਜ਼ਮਾਂ ਦੀ ਸਿਫਾਰਸ਼ੀ ਭਰਤੀ ਕੀਤੀ ਹੈ ਜੋ ਦਰਬਾਰ ਸਾਹਿਬ ਦਾ  ਪ੍ਰਬੰਧ ਕਰਨ ਦੇ ਕਾਬਲ ਨਹੀਂ।ਦੋ ਤਿੰਨ ਸੇਵਾਦਾਰ ਬਦਲਕੇ ਸ੍ਰੋਮਣੀ ਕਮੇਟੀ  ਪ੍ਰਧਾਨ ਧਾਮੀ ਕੀ ਸਾਬਤ ਕਰਨਾ ਚਾਹੁੰਦੇ ਹਨ?

ਸੰਗਤ ਮੰਨਦੀ ਹੈ ਕਿ ਬੀਬੀ ਜਾਗੀਰ ਕਿਤੇ ਇਨ੍ਹਾਂ ਸਭਨਾਂ ਨਾਲੋਂ ਯੋਗ ਸੀ।ਸੁਖਬੀਰ ਸਿੰਘ ਬਾਦਲ ਦੀ ਸ੍ਰੋਮਣੀ ਕਮੇਟੀ ਵਿਚ ਦਖਲ ਅੰਦਾਜ਼ੀ ਕਾਰਣ ਦਰਬਾਰ ਸਾਹਿਬ ਤੇ ਸ੍ਰੋਮਣੀ ਕਮੇਟੀ ਦੇ ਪ੍ਰਬੰਧਾਂ ਵਿਚ ਨਿਘਾਰ ਆਇਆ ਹੈ। ਅਸਲ ਮਸਲਾ ਇਹ ਹੈ ਕਿ ਸਿਖ ਲੀਡਰਸ਼ਿਪ ਕਮਜ਼ੋਰ ਹੈ ਜੋ ਇਨ੍ਹਾਂ ਹਰਕਤਾਂ ਕਰਨ ਵਾਲਿਆਂ ਵਿਰੁੱਧ ਸਖਤ ਸਟੈਂਡ ਲੈਣ ਤੋਂ ਭੈਅ ਖਾਂਦੀ ਹੈ।

ਸੁਆਲ ਇਹ ਹੈ ਕਿ ਹੁਕਮਰਾਨ ਚੁੱਪ ਕਿਉਂ ਹਨ? ਜਦ ਵੋਟਾਂ ਦਾ ਵੇਲਾ ਹੁੰਦੈ ਤਾਂ ਹਰ ਕੋਈ ਆਖਦਾ ਹੈ ਕਿ ਅਸੀ ਪੰਜਾਬ ਅਤੇ ਸਿੱਖਾਂ ਦੀ ਬੜੀ ਕਦਰ ਕਰਦੇ ਹਾਂ ਪਰ ਜਦ ਸਿੱਖਾਂ ਨੂੰ ਨਿਆਂ ਦੇਣ ਦਾ ਅਸਲ ਮੌਕਾ ਆਉਂਦਾ ਹੈ ਤਾਂ ਚੁੱਪੀ ਧਾਰ ਲਈ ਜਾਂਦੀ ਹੈ। ਕੈਥਲ ਵਿਚ ਪਹਿਲਾਂ ਇਕ ਸਿੱਖ ਨੂੰ ਖ਼ਾਲਿਸਤਾਨੀ ਆਖ ਕੇ ਮਾਰਿਆ ਕੁਟਿਆ  ਗਿਆ।ਕੰਗਨਾ ਰਨੌਤ ਥਪੜ ਕਾਂਡ ਬਾਅਦ ਸਿਖ ਪੰਥ ਵਿਰੁੱਧ ਸ਼ੋਸ਼ਲ ਮੀਡੀਆ ਉਪਰ ਨਫਰਤ ਫੈਲਾਈ ਗਈ।ਫਿਰ ਹਿਮਾਚਲ ਵਿਚ ਵਿਦੇਸ਼ਾਂ ਤੋਂ ਪਰਤੇ ਸਿਖ ਜੋੜੇ ਦੀ ਮਾਰਕੁਟ ਹੋਈ 

ਜੇ ਅਸੀ 84 ਦੀ ਗੱਲ ਕਰੀਏ ਤਾਂ ਉਹ ਇਕ ਸਿਆਸੀ ਟੀਚਾ ਮਿਥ ਕੇ ਭੜਕਾਈ ਨਫ਼ਰਤ ਸੀ ਜਿਸ ਵਿਚ ਭਾੜੇ ਦੇ ਲੋਕਾਂ ਨੂੰ ਸ਼ਰਾਬ ਨਾਲ ਧੁੱਤ ਕਰਵਾ ਕੇ ਉਨ੍ਹਾਂ ਨੂੰ ਸਿੱਖਾਂ ਨੂੰ ਮਾਰਨ ਲਈ ਭੇੜੀਆਂ ਵਾਂਗ ਛਡਿਆ ਗਿਆ ਸੀ। ਹੁਣ ਉਹੀ ਫਿਰਕੂ ਸਰਗਰਮੀਆਂ ਜਾਰੀ ਹਨ।

ਪਰ ਜਿਹੜੀ ਨਫਰਤੀ ਫਿਰਕੂ ਅੱਗ  ਅੱਜ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚੋਂ ਉਠ ਰਹੀ ਹੈ ,ਉਹ ਘੱਟ ਗਿਣਤੀਆਂ ਵਿਰੁੱਧ ਭੜਕਾਈ ਜਾ ਰਹੀ ਹੈ। ਸਿਖ ਵੀ ਇਸ ਦਾ ਨਿਸ਼ਾਨਾ ਬਣ ਰਹੇ ਹਨ।ਹੁਣ ਦਰਬਾਰ ਸਾਹਿਬ ਵਿਖੇ ਸਾਜਿਸ਼ ਤਹਿਤ ਸ਼ਰਾਰਤ ਕੀਤੀ ਗਈ।