ਜੂਨ 84 ਦੇ ਘੱਲੂਘਾਰੇ ਦੀ ਸਾਲਾਨਾ ਯਾਦ ਮਨਾਉਣ ਲਈ  ਅਖੰਡ ਪਾਠ  ਆਰੰਭ, 6 ਨੂੰ ਮੁਖ ਸਮਗਮ 

ਜੂਨ 84 ਦੇ ਘੱਲੂਘਾਰੇ ਦੀ ਸਾਲਾਨਾ ਯਾਦ ਮਨਾਉਣ ਲਈ  ਅਖੰਡ ਪਾਠ  ਆਰੰਭ, 6 ਨੂੰ ਮੁਖ ਸਮਗਮ 

ਅੰਮ੍ਰਿਤਸਰ ਟਾਈਮਜ਼ ਬਿਉਰੋ 

ਅੰਮ੍ਰਿਤਸਰ - ਕਾਂਗਰਸ ਸਰਕਾਰ ਵੱਲੋਂ ਜੂਨ 1984 ’ਚ  ਹਰਿਮੰਦਰ ਸਾਹਿਬ ਤੇ  ਅਕਾਲ ਤਖ਼ਤ ਸਾਹਿਬ ’ਤੇ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘ, ਸਿੰਘਣੀਆਂ ਤੇ ਬੱਚਿਆਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ 6 ਜੂਨ ਨੂੰ ਕੀਤੇ ਜਾਣ ਵਾਲੇ ਸਾਲਾਨਾ ਸ਼ਹੀਦੀ ਸਮਾਗਮ ਦੇ ਸਬੰਧ ਵਿੱਚ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ।  ਅਕਾਲ ਤਖ਼ਤ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੀ ਆਰੰਭਤਾ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੈਂਬਰ ਭਾਈ ਮਨਜੀਤ ਸਿੰਘ ਭੂਰਾਕੋਹਨਾ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।ਇਸ ਮੌਕੇ ਅਰਦਾਸ ਭਾਈ ਸੁਖਦੇਵ ਸਿੰਘ ਨੇ ਕੀਤੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ ਨੇ ਪਾਵਨ ਹੁਕਮਨਾਮਾ ਸਰਵਣ ਕਰਵਾਇਆ। ਇਸ ਦੌਰਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ  ਅਕਾਲ ਤਖ਼ਤ ਸਾਹਿਬ ਵਿਖੇ ਜੂਨ 1984 ਦੇ ਘੱਲੂਘਾਰੇ ਸਬੰਧੀ ਸ਼ਹੀਦੀ ਸਮਾਗਮ 6 ਜੂਨ ਨੂੰ ਹੋਵੇਗਾ।  ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ 6 ਜੂਨ ਘੱਲੂਘਾਰਾ ਦਿਵਸ ਦੀ ਪਵਿੱਤਰਤਾ ਅਤੇ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਦਿਆਂ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ ਜਾਵੇ। 

ਗੋਲੀ ਲੱਗੇ ਪਾਵਨ ਸਰੂਪ ਦੇ ਦੂਜੇ ਦਿਨ ਵੀ ਸੰਗਤ ਨੇ ਕੀਤੇ ਦਰਸ਼ਨ

ਜੂਨ 1984 ਦੇ ਘੱਲੂਘਾਰੇ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਸ਼ੋਭਿਤ, ਜਿਸ ਪਾਵਨ ਸਰੂਪ ਨੂੰ ਗੋਲੀ ਲੱਗੀ ਸੀ, ਉਸ ਦੇ ਅੱਜ ਦੂਸਰੇ ਦਿਨ ਵੀ ਸੰਗਤ ਨੇ ਦਰਸ਼ਨ ਕੀਤੇ। ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਕੱਲ੍ਹ ਤੋਂ ਇਹ ਪਾਵਨ ਸਰੂਪ ਸੰਗਤਾਂ ਦੇ ਦਰਸ਼ਨਾਂ ਲਈ ਗੁਰਦੁਆਰਾ ਸ਼ਹੀਦ ਗੰਜ ਬਾਬਾ ਗੁਰਬਖ਼ਸ਼ ਸਿੰਘ ਵਿਖੇ ਸੁਭਾਇਮਾਨ ਕੀਤਾ ਗਿਆ ਹੈ।ਦੂਸਰੇ ਦਿਨ ਸੰਗਤ ਦੇ ਦਰਸ਼ਨਾਂ ਲਈ ਪਾਵਨ ਸਰੂਪ ਸੁਸ਼ੋਭਿਤ ਕਰਨ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਭੂਰਾਕੋਹਨਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਆਦਿ ਮੌਜੂਦ ਸਨ।