ਪੰਜਾਬ ਦੇ 138 'ਚੋਂ 109 ਬਲਾਕਾਂ 'ਚ ਧਰਤੀ ਹੇਠਲਾ ਪਾਣੀ ਦਾ ਪੱਧਰ ਬੁਰੀ ਤਰਾਂ ਡਿਗਿਆ

ਪੰਜਾਬ ਦੇ 138 'ਚੋਂ 109 ਬਲਾਕਾਂ 'ਚ ਧਰਤੀ ਹੇਠਲਾ ਪਾਣੀ ਦਾ ਪੱਧਰ ਬੁਰੀ ਤਰਾਂ ਡਿਗਿਆ

*ਝੋਨੇ ਦੀ ਸਿੱਧੀ ਬਿਜਾਈ ਲਈ ਖੇਤੀਬਾੜੀ ਵਿਭਾਗ ਵਲੋਂ ਜਾਗਰੂਕਤਾ ਦੀ ਘਾਟ

ਅੰਮ੍ਰਿਤਸਰ ਟਾਈਮਜ਼ ਬਿਉਰੋ 

ਪਟਿਆਲਾ-ਧਰਤੀ 'ਚੋਂ ਨਿਰੰਤਰ ਪਾਣੀ ਕੱਢੇ ਜਾਣ ਕਾਰਨ ਪਿਛਲੇ ਚਾਰ ਦਹਾਕਿਆਂ ਤੋਂ ਸੂਬੇ 'ਚ ਧਰਤੀ ਹੇਠਲੇ ਪਾਣੀ ਦਾ ਪੱਧਰ ਚਿੰਤਾਜਨਕ ਪੱਧਰ ਤੱਕ ਘਟ ਗਿਆ ਹੈ ।ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਦੇ 138 ਬਲਾਕਾਂ 'ਚੋਂ 109 ਬਲਾਕਾਂ ਨੂੰ ਧਰਤੀ ਹੇਠਲਾ ਪਾਣੀ ਬਹੁਤਾਤ 'ਚ ਕੱਢੇ ਜਾਣ ਕਾਰਨ ਜ਼ਿਆਦਾ ਸ਼ੋਸ਼ਣ ਕਰਨ ਵਾਲੇ ਬਲਾਕ ਐਲਾਨ ਦਿੱਤਾ ਗਿਆ ਹੈ ਜਦਕਿ ਸੂਬੇ ਦੇ ਬਚਦੇ 2 ਬਲਾਕ ਨਾਜ਼ੁਕ, 5 ਬਲਾਕ ਅਰਧ-ਨਾਜ਼ੁਕ ਤੇ 22 ਬਲਾਕਾਂ 'ਚ ਧਰਤੀ ਹੇਠਲਾ ਪਾਣੀ ਸੁਰੱਖਿਅਤ ਪਾਇਆ ਗਿਆ ਹੈ । ਹੁਣ ਤਾਂ ਇਹ ਅੰਕੜਾ ਹੋਰ ਵੀ ਚਿੰਤਾਜਨਕ ਸਥਿਤੀ ਵੱਲ ਵਧ ਰਿਹਾ ਹੈ ।ਸਾਲ 1984 'ਚ ਸੂਬੇ ਦੇ 118 ਬਲਾਕਾਂ 'ਚੋਂ 53 ਬਲਾਕਾਂ 'ਚ ਪਾਣੀ ਦੇ ਪੱਧਰ ਨੂੰ ਡਾਰਕ ਜ਼ੋਨ ਐਲਾਨ ਦਿੱਤਾ ਗਿਆ ਸੀ | ਅੰਕੜਿਆਂ ਅਨੁਸਾਰ ਸਾਲ 1980 'ਚ ਪੰਜਾਬ 'ਚ 6 ਲੱਖ ਤੋਂ ਵੱਧ ਟਿਊਬਵੈੱਲ ਸਨ । ਇਹ ਅੰਕੜਾ ਸਾਲ 2017-18 ਦੌਰਾਨ 14 ਲੱਖ 76 ਹਜ਼ਾਰ ਤੱਕ ਪਹੁੰਚ ਗਿਆ ਸੀ । ਧਰਤੀ ਹੇਠਲਾ ਪਾਣੀ ਘਟਣ ਪਿੱਛੇ ਮਾਹਿਰ ਕਈ ਕਾਰਨ ਮੰਨਦੇ ਹਨ, ਜਿਨ੍ਹਾਂ 'ਚ ਪਹਿਲਾ ਕਾਰਨ ਸੂਬੇ 'ਚ ਝੋਨੇ ਦੀ ਕਾਸ਼ਤ ਹੇਠ ਰਕਬਾ ਵਧਣਾ ਤੇ ਪੰਜਾਬ 'ਚ ਪਿਛਲੇ 37 ਸਾਲ ਦੇ ਅਰਸੇ ਦੌਰਾਨ ਟਿਊਬਵੈੱਲਾਂ ਦੀ ਗਿਣਤੀ ਦੁਗਣੀ ਤੋਂ ਵੀ ਜ਼ਿਆਦਾ ਹੋਣਾ ਮੰਨਿਆ ਜਾ ਰਿਹਾ ਹੈ । ਇਸ ਤੋਂ ਇਲਾਵਾ ਦੂਜਾ ਕਾਰਨ ਸੂਬਾ ਸਰਕਾਰ ਵਲੋਂ ਫ਼ਸਲੀ ਭਿੰਨਤਾਵਾਂ ਦਾ ਫ਼ਾਰਮੂਲਾ ਜ਼ਿਆਦਾਤਰ ਕਿਸਾਨਾਂ ਵਲੋਂ ਨਾ ਅਪਣਾਇਆ ਜਾਣਾ । ਤੀਜਾ, ਪੰਜਾਬ ਦੇ ਵਿਰਲੇ ਇਲਾਕਿਆਂ 'ਚ ਹੀ ਜ਼ਮੀਨ ਦੀ ਸਿੰਚਾਈ ਲਈ ਨਹਿਰੀ ਤੇ ਦਰਿਆਵਾਂ ਦੇ ਪਾਣੀ ਦੀ ਪਹੁੰਚ ਹੋਣ ਕਰਕੇ ਸੂਬੇ ਦੀ ਜ਼ਿਆਤਾਰ ਭੂਮੀ ਦੀ ਸਿੰਚਾਈ ਟਿਊਬਵੈੱਲਾਂ 'ਤੇ ਹੀ ਨਿਰਭਰ ਹੈ ।ਚੌਥਾ, ਭਾਰਤ ਤੇ ਪੰਜਾਬ 'ਚ ਸਮੇਂ ਦੀਆਂ ਸਰਕਾਰ ਵਲੋਂ ਕਿਸਾਨਾਂ ਨੂੰ ਰਵਾਇਤੀ ਫ਼ਸਲਾਂ ਨੂੰ ਛੱਡ ਕੇ ਹੋਰ ਫ਼ਸਲਾਂ ਵੱਲ ਆਕਰਸ਼ਿਤ ਕਰਨ ਵਾਲੀਆਂ ਨੀਤੀਆਂ ਬਣਾਉਣ 'ਚ ਅਸਫਲ ਰਹਿਣਾ ਤੇ ਪੰਜਵਾ ਕਾਰਨ ਸੂਬੇ 'ਚ ਧਰਤੀ ਹੇਠਲੇ ਪਾਣੀ ਨੂੰ ਦੁਬਾਰਾ ਭਰਨ ਲਈ ਰੀਚਾਰਜ ਖੂਹਾਂ ਦੀ ਘਾਟ ਹੋਣਾ ਮੰਨਿਆ ਜਾ ਰਿਹਾ ਹੈ । ਇਸ ਸਬੰਧੀ ਪੰਜਾਬ ਦੇ ਕਿਸਾਨਾਂ ਨੇ ਦੱਸਿਆ ਕਿ ਸੂਬੇ 'ਚ ਧਰਤੀ ਹੇਠਲੇ ਪਾਣੀ ਦਾ ਪੱਧਰ ਘਟਣ ਪਿੱਛੇ ਕੇਵਲ ਕਿਸਾਨ ਹੀ ਜ਼ਿੰਮੇਵਾਰ ਨਹੀਂ ਬਲਕਿ ਉਦਯੋਗ ਤੇ ਫ਼ੈਕਟਰੀਆਂ ਸਾਰਾ ਸਾਲ ਵੱਡੀ ਮਾਤਰਾ 'ਚ ਪਾਣੀ ਦੀ ਵਰਤੋਂ ਕਰਦੀਆਂ ਹਨ ।ਕਿਸਾਨਾਂ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਹੋਰ ਫ਼ਸਲਾਂ ਦਾ ਮੰਡੀਕਰਨ ਕਰੇ, ਜਿਸ ਤੋਂ ਉਨ੍ਹਾਂ ਨੂੰ ਝੋਨੇ ਦੀ ਫ਼ਸਲ ਜਿੰਨੀ ਆਮਦਨ ਹੋਵੇ ਤਾਂ ਉਹ ਝੋਨਾ ਕਿਉਂ ਲਗਾਉਣਗੇ | ਉਹ ਝੋਨਾ ਛੱਡਣ ਨੂੰ ਤਿਆਰ ਹਨ ਜੇਕਰ ਸਰਕਾਰ ਹੋਰ ਫ਼ਸਲਾਂ ਰਾਹੀਂ ਉਨ੍ਹਾਂ ਦੀ ਆਮਦਨ ਯਕੀਨੀ ਬਣਾਵੇ |ਵੱਖ-ਵੱਖ ਜ਼ਿਲਿਆਂ  ਦੇ ਕਿਸਾਨਾਂ ਅਨੁਸਾਰ    ਧਰਤੀ ਹੇਠਲਾ ਪਾਣੀ ਘਟਣ ਪਿੱਛੇ ਹਮੇਸ਼ਾ ਕਿਸਾਨਾਂ ਨੂੰ ਜ਼ਿੰਮੇਵਾਰ ਕਿਹਾ ਜਾਂਦਾ ਹੈ ਜਦਕਿ ਖੇਤੀਬਾੜੀ ਵਿਭਾਗ ਦੇ ਅਕਸਰ ਦੇਰ ਨਾਲ ਜਾਗਣ ਦਾ ਹਰਜ਼ਾਨਾ ਸੂਬੇ ਦੇ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਪਿੰਡ ਪੱਧਰ 'ਤੇ ਝੋਨੇ ਦੀ ਸਿੱਧੀ ਬਿਜਾਈ ਵਾਲੀਆਂ ਮਸ਼ੀਨਾਂ ਮੁਹੱਈਆ ਕਰਵਾਉਣ ਤੇ ਝੋਨੇ ਦੀ ਸਿੱਧੀ ਬਿਜਾਈ ਦੀ ਮਹੱਤਤਾ ਸਬੰਧੀ ਸੂਬੇ ਦੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਖੇਤੀਬਾੜੀ ਵਿਭਾਗ ਵਲੋਂ ਕੀਤੇ ਜਾਣ ਵਾਲੇ ਉਪਰਾਲਿਆਂ ਨੂੰ ਹਾਲੇ ਤੱਕ ਬੂਰ ਨਹੀਂ ਪਿਆ ਹੈ, ਜਿਸ ਕਾਰਨ ਕਿਸਾਨਾਂ ਨੂੰ ਮਜਬੂਰੀ 'ਚ ਮਹਿੰਗੇ ਭਾਅ ਝੋਨੇ ਦੀ ਸਿੱਧੀ ਬਿਜਾਈ ਨਿੱਜੀ ਮਸ਼ੀਨ ਮਾਲਕਾਂ ਤੋਂ ਕਰਵਾਉਣੀ ਪੈਂਂਦੀ ਹੈ।