ਪੰਜਾਬ ਪੁਲਿਸ ਵੱਲੋਂ  ਹਥਿਆਰਾਂ ਸਮੇਤ  ਤਿੰਨ ਗ੍ਰਿਫ਼ਤਾਰ.

ਪੰਜਾਬ ਪੁਲਿਸ ਵੱਲੋਂ  ਹਥਿਆਰਾਂ ਸਮੇਤ  ਤਿੰਨ ਗ੍ਰਿਫ਼ਤਾਰ.

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ : ਪੰਜਾਬ ਪੁਲਿਸ ਨੇ  ਮੱਧ ਪ੍ਰਦੇਸ਼ ਆਧਾਰਿਤ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ 3 ਵਿਅਕਤੀਆਂ ਦੀ ਗ੍ਰਿਫ਼ਤਾਰੀ ਨਾਲ ਗੈਰ ਕਾਨੂੰਨੀ ਹਥਿਆਰ ਬਣਾਉਣ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਇੱਕ ਵੱਡੇ ਮਡਿਊਲ ਦਾ ਪਰਦਾਫਾਸ਼ ਕੀਤਾ ਹੈ ਜੋ ਵੱਡੇ ਪੱਧਰ `ਤੇ ਹਥਿਆਰ ਬਣਾਉਣ ਤੇ ਮੱਧ ਪ੍ਰਦੇਸ਼ ਤੋਂ ਪੰਜਾਬ ਅਤੇ ਹੋਰਨਾਂ ਰਾਜਾਂ ਵਿੱਚ ਹਥਿਆਰ ਸਪਲਾਈ ਕਰਨ ਵਿੱਚ ਸ਼ਾਮਲ ਸੀ।ਫੜੇ ਗਏ ਵਿਅਕਤੀਆਂ ਦੀ ਪਛਾਣ ਕਰੋੜ ਸਿੰਘ ਤੇ ਰਾਮ ਸਿੰਘ ਪਟਵਾ ਵਜੋਂ ਹੋਈ ਹੈ, ਜੋ ਦੋਵੇਂ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲ੍ਹੇ ਦੇ ਪਿੰਡ ਪਚੌਰੀ ਦੇ ਵਸਨੀਕ ਹਨ ਤੇ ਚੰਦਰ ਪਾਲ ਉਕਤ ਜ਼ਿਲ੍ਹੇ ਦੇ ਪਿੰਡ ਖਖਨਾਰ ਨਾਲ ਸਬੰਧਤ ਹੈ। ਇਨ੍ਹਾਂ ਵਿਅਕਤੀਆਂ ਨੂੰ 15 ਅਪ੍ਰੈਲ, 2021 ਨੂੰ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲ੍ਹੇ ਵਿੱਚ ਕੀਤੇ ਗਏ ਇੱਕ ਵਿਸ਼ੇਸ਼ ਆਪ੍ਰੇਸ਼ਨ ਦੌਰਾਨ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ।

ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਤਿੰਨ ਵਿਅਕਤੀਆਂ ਪਾਸੋਂ 30 ਗੈਰ ਕਾਨੂੰਨੀ ਪਿਸਤੌਲ ਵੀ ਬਰਾਮਦ ਕੀਤੇ ਹਨ ਜਿਨ੍ਹਾਂ ਵਿੱਚ ਪੱਚੀ .32 ਬੋਰ ਪਿਸਤੌਲ, ਪੰਜ .30 ਬੋਰ ਪਿਸਤੌਲ ਅਤੇ 32 ਮੈਗਜ਼ੀਨਾਂ ਤੋਂ ਇਲਾਵਾ ਇੱਕ ਆਲਟੋ ਕਾਰ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਗਿਆ।ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ  ਰਾਮ ਸਿੰਘ ਪਟਵਾ ਵੱਲੋਂ ਖੁਲਾਸਾ ਕੀਤਾ ਗਿਆ ਕਿ ਹਥਿਆਰਾਂ ਦੀ ਖੇਪ ਉਸ ਨੂੰ ਰਾਹੁਲ ਦੁਆਰਾ ਸਪਲਾਈ ਕੀਤੀ ਗਈ ਸੀ, ਜੋ ਮੱਧ ਪ੍ਰਦੇਸ਼ ਅਧਾਰਤ ਹਥਿਆਰ ਨਿਰਮਾਤਾ ਅਤੇ ਤਸਕਰ ਹੈ, ਜਿਸ ਦਾ ਨਾਮ ਪੰਜਾਬ ਪੁਲਿਸ ਵੱਲੋਂ ਪਿਛਲੇ 6 ਮਹੀਨਿਆਂ ਦੌਰਾਨ ਬਰਮਾਦ ਕੀਤੀਆਂ ਗਈਆਂ ਵੱਖ ਵੱਖ ਹਥਿਆਰਾਂ ਦੀਆਂ ਖੇਪਾਂ ਵਿੱਚ ਵੀ ਸਾਹਮਣੇ ਆਇਆ ਹੈ। 

ਜ਼ਿਕਰਯੋਗ ਹੈ ਕਿ ਜਨਵਰੀ, 2021 ਵਿਚ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ .32 ਬੋਰ ਦੇ 12 ਪਿਸਤੌਲਾਂ ਅਤੇ 15 ਮੈਗਜ਼ੀਨਾਂ ਦੀ ਖੇਪ ਦੇ ਮੁੱਖ ਸਪਲਾਇਰ ਵਜੋਂ ਰਾਹੁਲ ਦੀ ਪਛਾਣ ਵੀ ਕੀਤੀ ਗਈ ਸੀ। ਇਸ ਤੋਂ ਇਲਾਵਾ ਪਟਿਆਲਾ ਪੁਲਿਸ ਵੱਲੋਂ ਸਤੰਬਰ, 2020 ਵਿਚ ਬਰਾਮਦ ਕੀਤੇ ਗਏ ਛੇ .32 ਬੋਰ ਪਿਸਤੌਲਾਂ ਦੀ ਇਕ ਖੇਪ ਵਿੱਚ ਉਹ ਮੁੱਖ ਸਰਗਨਾ ਸੀ।

ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸਐਸਪੀ) ਅੰਮ੍ਰਿਤਸਰ ਦਿਹਾਤੀ ਧਰੁਵ ਦਹੀਆ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਰਾਹੁਲ ਅਤੇ ਮੱਧ ਪ੍ਰਦੇਸ਼ ਦੇ ਹੋਰ ਹਥਿਆਰ ਤਸਕਰ ਦੇਸੀ ਹਥਿਆਰਾਂ ਦੀ ਨਾਜਾਇਜ਼ ਸਪਲਾਈ ਲਈ ਪੰਜਾਬ ਵਿੱਚ ਵਿਸ਼ਾਲ ਨੈੱਟਵਰਕ ਸਥਾਪਤ ਕਰਨ ਵਾਸਤੇ ਵਟਸਐਪ ਸਮੇਤ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਦੇ ਹਨ।ਐਸਐਸਪੀ ਦਹੀਆ ਨੇ ਦੱਸਿਆ ਕਿ ਇਹ ਹਥਿਆਰ ਸਪਲਾਇਰ ਸੂਬੇ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਬੰਦ ਨੌਜਵਾਨਾਂ,  ਗੈਂਗਸਟਰਾਂ ਅਤੇ ਕੱਟੜਪੰਥੀਆਂ ਨੂੰ ਹਥਿਆਰ ਸਪਲਾਈ ਕਰਨ ਲਈ ਨਿਸ਼ਾਨਾ ਬਣਾਉਂਦੇ ਹਨ। ਉਹਨਾਂ ਅੱਗੇ ਦੱਸਿਆ ਕਿ ਰਾਹੁਲ ਦੇ ਸਬੰਧ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਇਕ ਦੋਸ਼ੀ ਨਾਲ ਵੀ ਸਾਹਮਣੇ ਆਏ ਹਨ ਜਿਸ ਨੂੰ ਪੰਜਾਬ ਪੁਲਿਸ ਵੱਲੋਂ 2019 ਵਿੱਚ ਡਰੋਨ ਮਡਿਊਲ ਕੇਸ ਵਿੱਚ ਕਾਬੂ ਕੀਤਾ ਗਿਆ ਸੀ।

ਐਸਐਸਪੀ ਨੇ ਦੱਸਿਆ ਕਿ ਹਥਿਆਰਾਂ ਦੇ ਨਿਰਮਾਣ, ਤਸਕਰੀ ਅਤੇ ਸਪਲਾਈ ਦੇ ਨੈਟਵਰਕ ਦਾ ਪਤਾ ਲਗਾਉਣ ਦੇ ਨਾਲ ਨਾਲ ਪੰਜਾਬ ਵਿਚ ਹੋਈਆਂ ਬਰਾਮਦਗੀਆਂ ਅਤੇ ਪੁਰਾਣੀਆਂ ਖੇਪਾਂ ਨਾਲ ਜੁੜੇ ਵਿਅਕਤੀਗਤ ਅਤੇ ਵਿੱਤੀ ਲੈਣ-ਦੇਣ ਦਾ ਪਤਾ ਲਗਾਉਣ ਲਈ  ਜਾਂਚ ਕੀਤੀ ਜਾ ਰਹੀ ਹੈ।