ਮੁਕਤਸਰ ਦੇ ਪਿੰਡ ਕੋਟਲੀ ’ਚ ਨੌਜਵਾਨਾਂ ਨੇ ਨਸ਼ਿਆਂ ਨੂੰ ਨਥ ਪਾਈ 

ਮੁਕਤਸਰ ਦੇ ਪਿੰਡ ਕੋਟਲੀ ’ਚ ਨੌਜਵਾਨਾਂ ਨੇ ਨਸ਼ਿਆਂ ਨੂੰ ਨਥ ਪਾਈ 

*50 ਨੌਜਵਾਨਾਂ ਨੇ ਪੂਰੇ ਰਾਜ ਨੂੰ ਵਿਖਾਇਆ ਰਾਹ

 ਮੁਕਤਸਰ ਸਾਹਿਬ ਮੁਕਤਸਰ ਸਾਹਿਬ ਦੇ ਪਿੰਡ ਕੋਟਲੀ ਅਬਲੂ ਦੀ ਹੈ, ਜਿੱਥੇ 50 ਨੌਜਵਾਨਾਂ ਦੀ ਟੀਮ ਨੇ ਕਰਿਸ਼ਮਾ ਕਰ ਵਿਖਾਇਆ ਹੈ। ਇਹ ਨੌਜਵਾਨ ਹੁਣ ਪੂਰੇ ਪੰਜਾਬ ਨੂੰ ਨਸ਼ੇ ਦੇ ਦੈਂਤ ਨੂੰ ਹਰਾਉਣ ਦਾ ਰਾਹ ਵਿਖਾ ਰਹੇ ਹਨ। ਇਕ ਸਮਾਂ ਸੀ ਜਦੋਂ 12 ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ’ਚ ਪੁਲਿਸ ਦੀਆਂ ਟੀਮਾਂ ਨਸ਼ਾ ਤਸਕਰਾਂ ਨੂੰ ਫੜਨ ਲਈ ਸਵੇਰੇ-ਸ਼ਾਮ ਛਾਪਾ ਮਾਰਦੀਆਂ ਸਨ। ਤਸਕਰ ਫੜੇ ਵੀ ਜਾਂਦੇ ਸਨ, ਪਰ ਜੇਲ੍ਹ ਤੋਂ ਛੁੱਟਣ ਤੋਂ ਬਾਅਦ ਫਿਰ ਤਸਕਰੀ ਸ਼ੁਰੂ ਕਰ ਦਿੰਦੇ। ਵੱਡੀ ਗਿਣਤੀ ’ਚ ਨੌਜਵਾਨ ਤੇ ਬਜ਼ੁਰਗ ਨਸ਼ੇ ਦੀ ਲਪੇਟ ’ਚ ਆ ਚੁੱਕੇ ਸਨ। ਆਏ ਦਿਨ ਚਿੱਟਾ, ਅਫੀਮ, ਨਸ਼ੀਲੇ ਕੈਪਸੂਲ ਅਤੇ ਹੋਰ ਤਰ੍ਹਾਂ ਦੀਆਂ ਨਸ਼ੀਲੀਆਂ ਗੋਲੀਆਂ ਇੱਥੇ ਫੜੀਆਂ ਜਾਂਦੀਆਂ ਸਨ। ਨਸ਼ੇ ਕਾਰਨ ਹੋਣ ਵਾਲੀਆਂ ਅਪਰਾਧਕ ਘਟਨਾਵਾਂ ਕਾਰਨ ਪਿੰਡ ਦੂਰ-ਦੂਰ ਤਕ ਬਦਨਾਮ ਹੋ ਚੁੱਕਿਆ ਸੀ। ਔਰਤਾਂ ਤੇ ਬੱਚੀਆਂ ਸ਼ਾਮ ਸਮੇਂ ਘਰੋਂ ਬਾਹਰ ਨਿਕਲਣ ’ਤੇ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰਦੀਆਂ ਸਨ।

ਦੋ ਸਾਲਾਂ ’ਚ ਬਦਲੀ ਪਿੰਡ ਦੀ ਤਸਵੀਰ

ਪਿੰਡ ਦੇ ਕੁਝ ਪੜ੍ਹੇ-ਲਿਖੇ ਨੌਜਵਾਨਾਂ  ਨੇ ਇਸ ਦਾਗ ਨੂੰ ਮਿਟਾਉਣ ਦਾ ਸੰਕਲਪ ਲਿਆ ਅਤੇ ਦੋ ਸਾਲ ’ਚ ਪਿੰਡ ਦੀ ਤਸਵੀਰ ਬਦਲ ਕੇ ਰੱਖ ਦਿੱਤੀ। ਨੌਜਵਾਨਾਂ ਨੇ ਆਪਣੇ ਦ੍ਰਿੜ੍ਹ ਨਿਸ਼ਚੇ ਨਾਲ ਅਜਿਹੀ ਇਬਾਰਤ ਲਿਖੀ ਜਿਸ ਦੇ ਚਰਚੇ ਹੁਣ ਪੂਰੇ ਪੰਜਾਬ ’ਚ ਹਨ। ਪਿੰਡ ਪੂਰੀ ਤਰ੍ਹਾਂ ਨਸ਼ਾ ਮੁਕਤ ਹੈ। ਤਿੰਨ ਮਹੀਨੇ ਤੋਂ ਇੱਥੋਂ ਦੀ ਪੁਲਿਸ ਚੌਕੀ ’ਚ ਨਸ਼ੇ ਨਾਲ ਜੁੜਿਆ ਕੋਈ ਵੀ ਕੇਸ ਦਰਜ ਨਹੀਂ ਹੋਇਆ। ਪਹਿਲਾਂ ਹਰ ਮਹੀਨੇ ਔਸਤਨ ਵੀਹ ਕੇਸ ਦਰਜ ਹੁੰਦੇ ਸਨ।

 

 

ਨਸ਼ਾ ਰੋਕ ਤੇ ਨਿਗਰਾਨੀ ਕਮੇਟੀ ਦਾ ਗਠਨ

 

ਜ਼ਿਲ੍ਹੇ ਦੇ ਬਠਿੰਡਾ ਰੋਡ ’ਤੇ ਕਸਬਾ ਭਲਾਈਆਣਾ ਤੋਂ ਕਰੀਬ ਦਸ ਕਿਲੋਮੀਟਰ ਦੂਰ ਸਥਿਤ ਇਸ ਪਿੰਡ ਦੇ ਨੌਜਵਾਨਾਂ ਨੇ 10 ਜੂਨ 2019 ਨੂੰ ਇਕ ਗੁਰਦੁਆਰਾ ਸਾਹਿਬ ’ਚ ਇਕੱਠੇ ਹੋ ਕੇ ਪਿੰਡ ਨੂੰ ਨਸ਼ਾ ਮੁਕਤ ਕਰਨ ਦੀ ਸਹੁੰ ਚੁੱਕੀ ਸੀ। ਉਨ੍ਹਾਂ ਨੇ ਨਸ਼ਾ ਰੋਕੋ ਤੇ ਨਿਗਰਾਨੀ ਕਮੇਟੀ ਦਾ ਗਠਨ ਕੀਤਾ। ਇਸ ਕਮੇਟੀ ਦਾ ਕੋਈ ਪ੍ਰਧਾਨ ਨਹੀਂ ਹੈ ਅਤੇ ਸਾਰੇ ਹੀ ਮੈਂਬਰ ਹਨ। ਇਸ ਕਮੇਟੀ ਨੇ ਸਭ ਤੋਂ ਪਹਿਲਾਂ ਨਸ਼ੇ ਦੇ ਆਦੀ ਲੋਕਾਂ ਦੀ ਪਛਾਣ ਕੀਤੀ ਅਤੇ ਸਿਹਤ ਵਿਭਾਗ ਦੀ ਮਦਦ ਨਾਲ ਉਨ੍ਹਾਂ ਦੀ ਕੌਂਸਲਿਗ ਕੀਤੀ, ਤਾਂਕਿ ਉਹ ਇਲਾਜ ਲਈ ਤਿਆਰ ਹੋਣ।

 

ਹੌਲੀ-ਹੌਲੀ ਲੋਕਾਂ ਦਾ ਸਹਿਯੋਗ ਮਿਲਣ ਲੱਗਿਆ ਅਤੇ ਉਨ੍ਹਾਂ ਦਾ ਇਲਾਜ ਸ਼ੁਰੂ ਹੋਇਆ। ਇਸ ਲਈ ਸਥਾਨਕ ਪੰਚਾਇਤ ਦੀ ਮਦਦ ਨਾਲ ਪਿੰਡ ’ਚ ਮੈਡੀਕਲ ਕੈਂਪ ਲਾਏ ਗਏ। ਨਸ਼ੇ ਖ਼ਿਲਾਫ਼ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ। ਇਸ ਦਾ ਨਤੀਜਾ ਇਹ ਹੋਇਆ ਕਿ ਦੋ ਸਾਲਾਂ ’ਚ ਪਿੰਡ ਦੇ 85 ਨੌਜਵਾਨਾਂ ਅਤੇ 16 ਬਜ਼ੁਰਗ ਨੇ ਨਸ਼ਾ ਪੂਰੀ ਤਰ੍ਹਾਂ ਛੱਡ ਦਿੱਤਾ।

 

ਗੋਲ਼ੀ ਖਾ ਕੇ ਡਟੇ ਰਹੇ

 

ਨਸ਼ਾ ਤਸਕਰਾਂ ਨੂੰ ਪਿੰਡ ’ਚ ਵੜਨ ਤੋਂ ਰੋਕਣਾ ਵੱਡੀ ਚੁਣੌਤੀ ਸੀ। ਇਸ ਲਈ ਨੌਜਵਾਨਾਂ ਨੇ ਦਸ-ਦਸ ਦੀਆਂ ਟੋਲੀਆਂ ਬਣਾ ਕੇ ਦਿਨ-ਰਾਤ ਪਹਿਰਾ ਲਾਉਣਾ ਸ਼ੁਰੂ ਕਰ ਦਿੱਤਾ। ਨੌਜਵਾਨ ਡਾਂਗਾਂ ਲੈ ਕੇ ਪਿੰਡ ਨੂੰ ਆਉਣ ਵਾਲੇ ਰਸਤਿਆਂ ’ਤੇ ਬੈਠ ਜਾਂਦੇ ਅਤੇ ਸ਼ੱਕੀ ਵਿਅਕਤੀਆਂ ’ਤੇ ਨਜ਼ਰ ਰੱਖਦੇ। ਇਨ੍ਹਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ।

 

ਇਕ ਨਸ਼ਾ ਤਸਕਰ ਨੇ ਨਸ਼ਾ ਰੋਕੋ ਤੇ ਨਿਗਰਾਨੀ ਕਮੇਟੀ ਦੇ ਸਰਗਰਮ ਮੈਂਬਰ ਸਤਨਾਮ ਸਿੰਘ ਬੱਬਾ ਨੂੰ ਗੋਲ਼ੀ ਮਾਰ ਦਿੱਤੀ। ਗਨੀਮਤ ਰਹੀ ਕਿ ਗੋਲ਼ੀ ਬੱਬਾ ਦੇ ਪੱਟ ’ਚ ਲੱਗੀ। ਨਸ਼ਾ ਤਸਕਰ ’ਤੇ ਹੱਤਿਆ ਦੀ ਕੋਸ਼ਿਸ਼ ਦਾ ਮੁਕੱਦਮਾ ਦਰਜ ਹੋਇਆ, ਉਹ ਅੱਜ ਸਲਾਖਾਂ ਦੇ ਪਿੱਛੇ ਹੈ। ਕਮੇਟੀ ਦੇ ਯਤਨਾਂ ਨਾਲ ਨੌਜਵਾਨਾਂ ਨੇ 20 ਨਸ਼ਾ ਤਸਕਰਾਂ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ।

 

 

ਚੰਗੀ ਪਹਿਲ ਨੂੰ ਮਿਲਿਆ ਸਾਰਿਆਂ ਦਾ ਸਾਥ

 

ਪਿੰਡ ਦੀ ਸਰਪੰਚ ਬਿੰਦਰ ਕੌਰ ਕਹਿੰਦੀ ਹੈ, ਇਨ੍ਹਾਂ ਨੌਜਵਾਨਾਂ ਨੇ ਸ਼ਲਾਘਾਯੋਗ ਕੰਮ ਕੀਤਾ ਹੈ। ਪੰਚਾਇਤ ਵੱਲੋਂ ਇਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੇ ਯਤਨ ਨਾਲ ਪਿੰਡ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਚੁੱਕਿਆ ਹੈ। ਪਿੰਡ ’ਚ ਔਰਤਾਂ ਹੁਣ ਸੁਰੱਖਿਅਤ ਮਹਿਸੂਸ ਕਰਦੀਆਂ ਹਨ। ਉੱਥੇ, ਥਾਣਾ ਕੋਟਭਾਈ ਦੇ ਇੰਚਾਰਜ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਪਿੰਡ ’ਚ ਹਰ ਮਹੀਨੇ ਨਸ਼ਾ ਤਸਕਰੀ ਦੇ 15 ਤੋਂ 20 ਕੇਸ ਦਰਜ ਹੁੰਦੇ ਸਨ, ਪਰ ਕਰੀਬ ਤਿੰਨ ਮਹੀਨਿਆਂ ਤੋਂ ਕੋਈ ਕੇਸ ਦਰਜ ਨਹੀਂ ਹੋਇਆ। ਨੌਜਵਾਨਾਂ ਦੀ ਚੌਕਸੀ ਨਾਲ 20 ਤਸਕਰ ਪੁਲਿਸ ਦੇ ਹੱਥੇ ਚੜ੍ਹੇ ਹਨ। ਅਸੀਂ ਅੱਗੇ ਵੀ ਨੌਜਵਾਨਾਂ ਨੂੰ ਪੂਰਾ ਸਹਿਯੋਗ ਦਿੰਦੇ ਰਹਾਂਗੇ।                                        ਅੰਮ੍ਰਿਤਸਰ ਟਾਈਮਜ ਦਾ ਮੰਨਣਾ ਹੈ ਕਿ ਪੰਜਾਬ ਲਈ ਨਸ਼ਾ ਇਕ ਵੱਡੀ ਸਮੱਸਿਆ ਰਿਹਾ ਹੈ। ਕੀ ਪਿੰਡ, ਕੀ ਸ਼ਹਿਰ ਨੌਜਵਾਨ ਪੀੜ੍ਹੀ ਨਸ਼ੇ ਦੀ ਗ੍ਰਿਫ਼ਤ ’ਚ ਜਕੜਦੀ ਜਾ ਰਹੀ ਸੀ, ਪਰ ਇਸ ਪਿੰਡ ਦੇ ਨੌਜਵਾਨਾਂ ਨੇ ਆਪਣੀ ਇੱਛਾ-ਸ਼ਕਤੀ ਨਾਲ ਨਸ਼ੇ ਦੇ ਦੈਂਤ ਨੂੰ ਟੱਕਰ ਦੇਣ ਦੀ ਠਾਣੀ ਅਤੇ ਆਖ਼ਰਕਾਰ ਪਿੰਡ ਨੂੰ ਨਸ਼ਾ ਮੁਕਤ ਬਣਾਉਣ ’ਚ ਸਫਲ ਰਹੇ। ਜੇਕਰ ਪੰਜਾਬ ਦੇ ਲੋਕ ਠਾਣ ਲੈਣ ਕਿ ਨਸ਼ੇ ਖਤਮ ਕਰਨੇ ਹਨ ਤਾਂ ਇਹ ਸਮਸਿਆ ਦਿਨਾ ਵਿਚ ਖਤਮ ਹੋ ਸਕਦੀ ਹੈ।

Attachments area