ਲੱਖ ਮੁੱਲ ਲੱਗਣ ’ਤੇ ਵੀ ਨਹੀਂ ਵੇਚੇ ਘੋੜੇ  ਸਰਦਾਰਾਂ ਨੇ 

ਲੱਖ ਮੁੱਲ ਲੱਗਣ ’ਤੇ ਵੀ ਨਹੀਂ ਵੇਚੇ ਘੋੜੇ  ਸਰਦਾਰਾਂ ਨੇ 

 *ਇਕ ਦਾ 74 ਲਖ ਦਾ  ਦੂਜਾ ਦਾ 45  ਲਖ ਦਾ

ਅੰਮ੍ਰਿਤਸਰ ਟਾਈਮਜ਼ ਬਿਉਰੋ

ਜਗਰਾਓਂ : ਜਗਰਾਓਂ ਵਿਖੇ ਘੋੜਿਆ ਦੀ ਮੰਡੀ 'ਚ  ਵਿਚ ਧੂਰਕੋਟ ਤੋਂ ਆਪਣੇ ਘੋੜੇ ਸਿਕੰਦਰ ਤੇ ਨਵਾਬ ਨਾਲ ਪਹੁੰਚੇ ਜਤਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤ ਜਗਦੀਪ ਸਿੰਘ ਨੇ ਸਿਕੰਦਰ 'ਤੇ 74 ਲੱਖ ਅਤੇ ਨਵਾਬ 'ਤੇ 45 ਲੱਖ ਮੁੱਲ ਲੱਗਣ 'ਤੇ ਵੀ ਵੇਚਣ ਤੋਂ ਇਨਕਾਰ ਕਰ ਦਿੱਤਾ।  ਸਰਦਾਰ ਪਿਉ ਪੁੱਤਾਂ ਨੇ  ਆਖਿਆ ਬਾਈ ਇਹ ਉਨ੍ਹਾਂ ਲਈ ਸਿਰਫ਼ ਘੋੜੇ ਨਹੀ ਉਨ੍ਹਾਂ ਦੇ ਸੁਪਨਿਆਂ ਦੇ ਸੌਦਾਗਰ ਹਨ। ਜਿਨ੍ਹਾਂ ਦੀ ਵੱਖਰੀ ਖ਼ਾਸੀਅਤ, ਸ਼ਾਨ, ਦਿੱਖ, ਖ਼ੂਬੀਆਂ ਹਨ। ਜਗਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਹੀ ਘੋੜਿਆਂ ਦਾ ਸ਼ੌਕੀਨ ਹੈ। ਇਸ ਲਈ ਉਨ੍ਹਾਂ ਨੇ ਬਕਾਇਦਾ ਧੂਰਕੋਟ ਵਿਖੇ ਜੇਐੱਸ ਸਟੱਡ ਫਾਰਮ ਬਣਾਇਆ ਹੋਇਆ ਹੈ। ਜਿਥੇ ਉਨ੍ਹਾਂ ਕੋਲ 15 ਦੇ ਕਰੀਬ ਘੋੜੇ-ਘੋੜੀਆਂ ਹਨ। ਉਨ੍ਹਾਂ ਵਿਚ ਸਿਕੰਦਰ ਅਤੇ ਨਵਾਬ ਅਸਲੀਅਤ ਵਿਚ ਨਵਾਬੀ ਸ਼ਾਨ ਵਾਲੇ ਹਨ। ਉਨ੍ਹਾਂ ਨੇ ਸਿਕੰਦਰ ਦੀ ਖ਼ਾਸੀਅਤ ਦੀ ਗੱਲ ਕਰਦਿਆਂ ਦੱਸਿਆ ਕਿ ਡੇਢ ਮਹੀਨਾ ਪਹਿਲਾਂ ਹੀ ਇਸ ਦੀ ਖ਼ਾਸੀਅਤ ਸਦਕਾ ਗੁਜਰਾਤ ਤੋਂ 65 ਲੱਖ ਵਿਚ ਖ਼ਰੀਦਿਆ ਸੀ। ਸਿਕੰਦਰ ਘੋੜੇ ਦਾ ਪਿਉ ਅਲੀਸ਼ਾਨ ਰੋਹਤਗੜ੍ਹ ਦੇ ਰਾਜ ਘਰਾਨੇ ਦਾ ਘੋੜਾ ਸੀ। ਇਸ ਦੇ ਤਿੰਨ ਵਛੇਰੇ ਸਨ, ਜਿਨ੍ਹਾਂ ਵਿਚ ਇਕ ਦਿਲਬਾਗ ਰਣੀਆ ਕੋਲ, ਦੂਸਰਾ ਕਾਲਾ ਕੰਠਾ ਬਹਿਬਲ ਕਲਾਂ ਅਤੇ ਤੀਸਰਾ ਉਨ੍ਹਾਂ ਕੋਲ ਹੈ। ਇਹੀ ਨਹੀ ਉਨ੍ਹਾਂ ਦਾ ਸਿਕੰਦਰ ਲਾਈਨ ਬਰੀਡ (ਇੱਕੋ ਖਾਨਦਾਨ) ਦਾ ਹੈ। ਉਸ ਦੀ ਮਾਂ ਲੱਛਮੀ ਮਸ਼ਹੂਰ ਘੋੜੀਆਂ ਵਿਚੋਂ ਹੈ। ਇਸੇ ਤਰ੍ਹਾਂ ਨਵਾਬ ਦੀ ਵੀ ਵੱਖਰੀ ਨਵਾਬੀ ਸ਼ਾਨ ਹੈ। ਨਵਾਬ ਦਾ ਪਿਉ 'ਨਾਗ' ਹੁਣ ਤਕ ਦੇ ਮੰਨੇ ਪ੍ਰਮੰਨੇ ਘੋੜਿਆ ਵਿਚੋਂ ਇਕ ਹੈ, ਜਿਸ ਦੀ ਕੀਮਤ ਢਾਈ ਕਰੋੜ ਰੁਪਏ ਹੈ। ਨਵਾਬ ਛੋਟੀ ਉਮਰ ਤੋਂ ਹੀ ਮੁਕਾਬਲੇ 'ਚ ਕਦੇ ਹਾਰਿਆ ਨਹੀਂ, ਉਹ ਪ੍ਰਮੁੱਖ ਮੁਕਾਬਲੇ ਪੁਸ਼ਕਰ, ਮੁਕਤਸਰ, ਪਟਿਆਲਾ ਤੇ ਹਨੂੰਮਾਨਗੜ੍ਹ ਜਿੱਤ ਚੁੱਕਾ ਹੈ। ਜ਼ੈੱਡ ਬਲੈਕ ਰੰਗ ਦੇ ਇਸ ਨਵਾਬ ਘੋੜੇ ਦੀ ਨਵਾਬੀ ਤੌਰ 'ਤੇ ਹਰ ਕਿਸੇ ਨੂੰ ਕੀਲਦੀ ਹੈ, ਇਸੇ ਲਈ ਉਹ ਅਤੇ ਉਨ੍ਹਾਂ ਦਾ ਪਰਿਵਾਰ ਇਨ੍ਹਾਂ ਬੇਸ਼ਕੀਮਤੀ ਘੋੜਿਆਂ ਨੂੰ ਵੇਚਣ ਨਹੀਂ ਰੱਖਣ ਦਾ ਸ਼ੌਕੀਨ ਹੈ। ਜਗਰਾਓਂ ਮੇਲੇ ਵਿਚ ਵੀ ਸਿਕੰਦਰ ਤੇ ਨਵਾਬ ਨੂੰ ਮੇਲਾ ਦਿਖਾਉਣ ਲੈ ਕੇ ਆਏ ਸਨ ਨਾ ਕਿ ਵੇਚਣ ਲਈ। ਜਦਕਿ ਖ਼ਰੀਦਣ ਦੇ ਚਾਹਵਾਨ ਨੋਟਾਂ ਨਾਲ ਭਰੇ ਬੈਗ ਲੈ ਕੇ ਇਨ੍ਹਾਂ ਦੇ ਦੁਆਲੇ ਘੁੰਮ ਰਹੇ ਸਨ, ਪਰ ਉਹ ਨਵਾਬ ਤੇ ਸਿਕੰਦਰ ਨਾਲ ਮੇਲਾ ਦੇਖ ਕੇ ਵਾਪਸ ਮੁੜ ਗਏ। ਉਨ੍ਹਾ ਸਿਕੰਦਰ ਤੇ ਨਵਾਬ ਦੀ ਦੇਖਭਾਲ ਅਤੇ ਖ਼ੁਰਾਕ ਦੀ ਗੱਲ ਕਰਦਿਆਂ ਦੱਸਿਆ ਕਿ ਦੋਵੇਂ ਦੇਸੀ ਘਿਓ ਦੇ ਜਿੰਨੇ ਸ਼ੌਕੀਨ ਹਨ, ਉਥੇ ਰੁਟੀਨ ਵਿਚ ਸਰੋਂਂ ਦੇ ਤੇਲ, ਬਾਜਰਾ, ਮੱਕੀ ਵੀ ਖਾਂਦੇ ਹਨ। ਇਨ੍ਹਾਂ ਦੀ ਦੇਖਭਾਲ ਲਈ ਪੂਰੇ ਪਰਿਵਾਰ ਸਮੇਤ ਤਿੰਨ ਮੁਲਾਜ਼ਮ ਰੱਖੇ ਹੋਏ ਹਨ।