ਦਰਬਾਰ ਸਾਹਿਬ ਦੇ ਰਾਹ ਵਿੱਚ ਨਚਾਰਾਂ ਦੇ ਬੁੱਤ ਹਟਾਉਣ ਦੀ ਮੰਗ ਕਰਦੇ ਸਿੱਖਾਂ ਨੂੰ ਪੁਲਿਸ ਨੇ ਫੜ੍ਹਿਆ

ਦਰਬਾਰ ਸਾਹਿਬ ਦੇ ਰਾਹ ਵਿੱਚ ਨਚਾਰਾਂ ਦੇ ਬੁੱਤ ਹਟਾਉਣ ਦੀ ਮੰਗ ਕਰਦੇ ਸਿੱਖਾਂ ਨੂੰ ਪੁਲਿਸ ਨੇ ਫੜ੍ਹਿਆ

ਅੰਮ੍ਰਿਤਸਰ: ਦਰਬਾਰ ਸਾਹਿਬ ਨੂੰ ਜਾਂਦੇ ਰਾਹ ਵਿੱਚ ਲਗਾਏ ਗਏ ਨਚਾਰਾਂ ਦੇ ਬੁੱਤਾਂ ਨੂੰ ਉੱਥੋਂ ਹਟਾਉਣ ਦੀ ਮੰਗ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਮਾਰਚ ਕੀਤਾ ਗਿਆ ਪਰ ਪੁਲਿਸ ਨੇ ਮਾਰਚ ਕਰ ਰਹੇ ਸਿੱਖਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਪੁਲਿਸ ਨੇ ਮਾਰਚ ਕਰ ਰਹੇ ਸਿੱਖ ਆਗੂਆਂ ਨੂੰ ਹਿਰਾਸਤ ਵਿੱਚ ਵੀ ਲਿਆ ਜਿਹਨਾਂ ਨੂੰ ਕੁੱਝ ਸਮੇਂ ਬਾਅਦ ਰਿਹਾਅ ਕਰ ਦਿੱਤਾ ਗਿਆ। 

ਇਸ ਮਾਰਚ ਲਈ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਜਥਾ ਸਿਰਲੱਥ ਖਾਲਸਾ ਤੇ ਅਕਾਲ ਖਾਲਸਾ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਸੀ। ਵਿਰੋਧ ਕਰਨ ਲਈ ਸਿੱਖ ਸੰਗਤਾਂ ਬੁਰਜ ਅਕਾਲੀ ਫੂਲਾ ਸਿੰਘ ਵਿੱਚ ਇਕੱਤਰ ਹੋਏ ਤੇ ਉੱਥੋਂ ਬੁੱਤਾਂ ਵਾਲੀ ਥਾਂ ਧਰਮ ਸਿੰਘ ਮਾਰਕੀਟ ਵੱਲ ਤੁਰੇ। ਪੁਲਿਸ ਨੇ ਸੰਗਤਾਂ ਨੂੰ ਸ਼ੇਰਾਂ ਵਾਲਾ ਗੇਟ ਨੇੜੇ ਹੀ ਰੋਕ ਲਿਆ। 

ਇਸ ਮੌਕੇ ਸਿੱਖ ਸੰਗਤਾਂ ਵੱਲੋਂ ਨਾਅਰੇਬਾਜ਼ੀ ਕਰਦਿਆਂ ਨਚਾਰਾਂ ਦੇ ਬੁੱਤ ਹਟਾਉਣ ਅਤੇ ਉੱਥੇ ਸਿੱਖ ਇਤਿਹਾਸ ਨੂੰ ਦਰਸਾਉੇਣ ਦੀ ਮੰਗ ਕੀਤੀ ਗਈ। ਇਸ ਸਬੰਧੀ ਪੰਜਾਬ ਟੂਰਿਜ਼ਮ ਵਿਭਾਗ ਦੇ ਨਿਰਦੇਸ਼ਕ ਦੇ ਨਾਂ ਇੱਕ ਮੰਗ ਪੱਤਰ ਵੀ ਦਿੱਤਾ ਗਿਆ, ਜਿਸ ਨੂੰ ਤਹਿਸੀਲਦਾਰ ਨੇ ਹਾਸਲ ਕੀਤਾ। 

ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਬਲਬੀਰ ਸਿੰਘ ਮੁੱਛਲ ਨੇ ਦੱਸਿਆ ਕਿ ਕੁੱਝ ਸਿੱਖ ਨੌਜਵਾਨਾਂ ਵੱਲੋਂ ਪਹਿਲੀ ਦਸੰਬਰ ਨੂੰ ਇਹ ਬੁੱਤ ਹਟਾਉਣ ਦਾ ਸੱਦਾ ਦਿੱਤਾ ਗਿਆ ਸੀ, ਜਿਸ ਮਗਰੋਂ ਸਿੱਖ ਜਥੇਬੰਦੀਆਂ ਨੂੰ ਮਿਲ ਕੇ ਮੰਗ ਪੱਤਰ ਵੀ ਦਿੱਤਾ ਸੀ। ਉਹਨਾਂ ਦੱਸਿਆ ਕਿ ਬੀਤੇ ਕੱਲ੍ਹ ਇਸ ਸਬੰਧੀ ਪੁਲਿਸ ਅਫਸਰਾਂ ਨਾਲ ਬੈਠਕ ਵੀ ਹੋਈ ਸੀ ਜਿਸ ਮੁਤਾਬਿਕ ਅੱਜ ਸੰਗਤਾਂ ਵੱਲੋਂ ਬੁੱਤਾਂ ਨੇੜੇ ਬੈਠ ਕੇ ਪਾਠ ਕਰਨ ਮਗਰੋਂ ਬੁੱਤ ਹਟਾਉਣ ਦੀ ਮੰਗ ਕਰਨੀ ਸੀ ਪਰ ਪੁਲਿਸ ਨੇ ਉਹਨਾਂ ਨੂੰ ਸ਼ੇਰਾਂਵਾਲਾ ਗੇਟ ਤੋਂ ਅੱਗੇ ਨਹੀਂ ਜਾਣ ਦਿੱਤਾ। 

ਉਹਨਾਂ ਦਾਅਵਾ ਕੀਤਾ ਕਿ ਕੁੱਝ ਸੰਗਤਾਂ ਬੁੱਤਾਂ ਨੇੜੇ ਪਹਿਲਾਂ ਹੀ ਪਹੁੰਚ ਗਈਆਂ ਸਨ ਤੇ ਉੱਥੇ ਧਰਨੇ 'ਤੇ ਬੈਠ ਗਈਆਂ ਸਨ ਜਿਨ੍ਹਾਂ ਨੂੰ ਪੁਲਿਸ ਨੇ ਉੱਥੋਂ ਚੁੱਕ ਲਿਆ। ਚੁੱਕੇ ਗਏ ਸਿੱਖਾਂ 'ਚ ਇੱਕ ਪੰਜ-ਛੇ ਸਾਲ ਦੀ ਬੱਚੀ ਵੀ ਸ਼ਾਮਿਲ ਸੀ, ਜਿਨ੍ਹਾਂ ਨੂੰ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।