ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਯਾਦ ਕਰਦਿਆਂ: ਗੁਰਦੁਆਰਾ ਸੀਸ ਗੰਜ ਸਾਹਿਬ

ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਯਾਦ ਕਰਦਿਆਂ: ਗੁਰਦੁਆਰਾ ਸੀਸ ਗੰਜ ਸਾਹਿਬ
ਗੁਰਦੁਆਰਾ ਸੀਸ ਗੰਜ ਸਾਹਿਬ

ਰੂਪ ਸਿੰਘ (ਡਾ.)

ਦਿੱਲੀ ਦੇ ਦਰਮਿਆਨ ਚਾਂਦਨੀ ਚੌਕ ਵਿੱਚ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਜੀ ਦੀ ਯਾਦ ਵਿੱਚ ਗੁਰਦੁਆਰਾ ਸੀਸ ਗੰਜ ਸਾਹਿਬ ਸੁਸ਼ੋਭਿਤ ਹੈ। ਲਾਲ ਕਿਲ੍ਹੇ ਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੋਂ ਪੰਜ ਸੌ ਮੀਟਰ ਦੀ ਦੂਰੀ ’ਤੇ ਸਥਿਤ ਗੁਰਦੁਆਰਾ ਸੀਸ ਗੰਜ ਸਾਹਿਬ ਆਪਣੀ ਨਿਵੇਕਲੀ ਹੋਂਦ-ਹਸਤੀ, ਇਤਿਹਾਸ ਤੇ ਪਰੰਪਰਾ ਨੂੰ ਸਮੋਈ ਬੈਠਾ ਹੈ। ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਨਤਮਸਤਕ ਹੋ ਕੇ ਸੰਗਤਾਂ ਪਰਿਕਰਮਾ ਕਰਦੀਆਂ ਹੋਈਆਂ ਹੇਠਾਂ ਭੋਰੇ ਵਿੱਚ ਉਸ ਅਸਥਾਨ ਦੇ ਦਰਸ਼ਨ ਕਰਦੀਆਂ ਹਨ, ਜਿੱਥੇ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ। ਲੰਮੀਆਂ ਪ੍ਰਚਾਰ ਯਾਤਰਾਵਾਂ ਕਰ ਕੇ ਨੌਵੇਂ ਪਾਤਸ਼ਾਹ ਨੇ ਸਤਲੁਜ ਦੇ ਕਿਨਾਰੇ ਪਹਾੜੀ ਰਾਜਿਆਂ ਕੋਲੋਂ ਜ਼ਮੀਨ ਖ਼ਰੀਦ ਕੇ ਚੱਕ ਨਾਨਕੀ ਨਗਰ ਵਸਾਇਆ, ਜੋ ਅੱਜ-ਕੱਲ੍ਹ ਅਾਨੰਦਪੁਰ ਸਾਹਿਬ ਦੇ ਨਾਂ ਨਾਲ ਵਿਸ਼ਵ ਪ੍ਰਸਿੱਧ ਹੈ। ਗੁਰੂ ਤੇਗ਼ ਬਹਾਦਰ ਜੀ ਦੀ ਰਚੀ ਹੋਈ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ, ਜੋ ਪ੍ਰੇਮ-ਪਿਆਰ ਤੇ ਵਿਰਾਗ ਦਾ ਸੰਗਮ ਹੈ। 

ਜਦੋਂ ਅੌਰੰਗਜ਼ੇਬ ਜਬਰੀ ਹਿੰਦੂਆਂ ਦੇ ਜਨੇਊ, ਜੰਞੂ ਤੇ ਤਿਲਕ ਉਤਾਰ ਕੇ ਹਿੰਦੂ ਧਰਮ, ਸੰਸਕ੍ਰਿਤੀ ਤੇ ਸੰਸਕਾਰਾਂ ਨੂੰ ਜੜ੍ਹੋਂ ਪੁੱਟ ਰਿਹਾ ਸੀ ਤਾਂ ਗੁਰੂ ਤੇਗ਼ ਬਹਾਦਰ ਜੀ ਧਰਮ ਦੀ ਆਜ਼ਾਦੀ ਵਾਸਤੇ ਵੱਡੀ ਤੋਂ ਵੱਡੀ ਕੁਰਬਾਨੀ ਕਰਨ ਲਈ ਤਿਆਰ ਹੋ ਗਏ। ਵਿਸ਼ਵ ਦੇ ਇਤਿਹਾਸ ਵਿੱਚ ਇਹ ਨਿਵੇਕਲੀ ਮਿਸਾਲ ਹੈ, ਜਦੋਂ ਕਿਸੇ ਨੇ ਦੂਜੇ ਧਰਮ ਦੀ ਰੱਖਿਆ ਤੇ ਧਾਰਮਿਕ ਆਜ਼ਾਦੀ ਲਈ ਆਪਣੀ ਤੇ ਆਪਣੇ ਪਿਆਰੇ ਗੁਰਸਿੱਖਾਂ ਦੀ ਸ਼ਹਾਦਤ ਦਿੱਤੀ ਹੋਵੇ। ਗੁਰੂ ਗੋਬਿੰਦ ਸਿੰਘ ਜੀ ਦਾ ਇਹ ਕਥਨ ਬਹੁਤ ਸਾਰਥਿਕ ਹੈ:

ਠੀਕਰ ਫੋਰਿ ਦਿਲੀਸ ਸਿਰਿ ਪ੍ਰਭ ਪੁਰਿ ਕੀਯਾ ਪਯਾਨ
ਤੇਗ ਬਹਾਦੁਰ ਸੀ ਕ੍ਰਿਆ ਕਰੀ ਨ ਕਿਨਹੂੰ ਆਨਿ॥ (ਸ੍ਰੀ ਦਸਮ ਗ੍ਰੰਥ ਸਾਹਿਬ)

ਇਤਿਹਾਸ ਅਨੁਸਾਰ ਅੌਰੰਗਜ਼ੇਬ ਦੇ ਜਬਰ-ਜ਼ੁਲਮ ਦੇ ਸਤਾਏ ਕਸ਼ਮੀਰੀ ਬ੍ਰਾਹਮਣ ਫ਼ਰਿਆਦ ਲੈ ਕੇ ਗੁਰੂ ਤੇਗ਼ ਬਹਾਦਰ ਜੀ ਦੇ ਦਰਬਾਰ ਵਿੱਚ ਅਾਨੰਦਪੁਰ ਸਾਹਿਬ ਪਹੁੰਚੇ। ਗੁਰੂ ਜੀ ਨੇ ਕਸ਼ਮੀਰੀ ਪੰਡਤਾਂ ਦੀ ਫ਼ਰਿਆਦ ਸੁਣ ਕੇ ਸੰਗਤ ਵਿੱਚ ਕਿਹਾ ਕਿ ਹੁਣ ਤਾਂ ਕਿਸੇ ਮਹਾਂਪੁਰਸ਼ ਦੀ ਕੁਰਬਾਨੀ ਹੀ ਅੰਰੌਗਸ਼ਾਹੀ ਜਬਰ-ਜ਼ੁਲਮ ਨੂੰ ਰੋਕ ਸਕਦੀ ਹੈ। ਸੰਗਤ ਵਿੱਚ ਬਿਰਾਜਮਾਨ ਬਾਲ ਗੋਬਿੰਦ ਰਾਏ ਨੇ ਸੁਭਾਵਿਕ ਇਹ ਕਹਿ ਦਿੱਤਾ ਕਿ ਤੁਹਾਡੇ ਤੋਂ ਵੱਡਾ ਹੋਰ ਕੌਣ ਮਹਾਂਪੁਰਸ਼ ਹੋਵੇਗਾ, ਜਿਹੜਾ ਇਹ ਮਹਾਨ ਕਾਰਜ ਕਰ ਸਕੇ? ਇਹ ਸੁਣਦੇ ਸਾਰ ਹੀ ਗੁਰੂ ਤੇਗ਼ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਦੇ ਮੁਖੀ ਪੰਡਤ ਕਿਰਪਾ ਰਾਮ ਨੂੰ ਕਿਹਾ, ‘‘ਜਾਓ ਬਾਦਸ਼ਾਹ ਅੌਰੰਗਜ਼ੇਬ ਨੂੰ ਕਹਿ ਦਿਉ ਕਿ ਜੇ ਉਹ ਗੁਰੂ ਤੇਗ਼ ਬਹਾਦਰ ਨੂੰ ਇਸਲਾਮ ਕਬੂਲਣ ਲਈ ਪ੍ਰੇਰ ਜਾਂ ਮਨਾ ਲਵੇ ਤਾਂ ਅਸੀਂ ਖ਼ੁਦ ਮੁਸਲਮਾਨ ਹੋ ਜਾਵਾਂਗੇ। ਜੇ ਉਹ ਇਹ ਨਹੀਂ ਕਰ ਸਕਦਾ ਤਾਂ ਹਿੰਦੂਆਂ ਨੂੰ ਜਬਰਨ ਮੁਸਲਮਾਨ ਬਣਾਉਣਾ ਛੱਡ ਦੇਵੇ।’’

ਗੁਰੂ ਜੀ ਨੇ ਆਪਣੇ ਬੋਲਾਂ ਨੂੰ ਪੁਗਾਉਣ ਲੲੀ ਆਪ ਜਾ ਕੇ ਗ੍ਰਿਫ਼ਤਾਰੀ ਦਿੱਤੀ। ਗੁਰੂ ਜੀ ਤੇ ਉਨ੍ਹਾਂ ਦੇ ਪਿਆਰੇ ਗੁਰਸਿੱਖਾਂ ਨੂੰ ਗ੍ਰਿਫ਼ਤਾਰ ਕਰ ਕੇ ਦਿੱਲੀ ਲਿਆਂਦਾ ਗਿਆ। ਗੁਰੂ ਜੀ ਨੂੰ ਦਿੱਲੀ ’ਚ ਗ੍ਰਿਫ਼ਤਾਰੀ ਸਮੇਂ ਬਹੁਤ ਤਸੀਹੇ ਦਿੱਤੇ ਗਏ ਤਾਂ ਕਿ ਉਹ ਇਸਲਾਮ ਕਬੂਲ ਕਰ ਲੈਣ ਪਰ ਗੁਰੂ ਤੇਗ਼ ਬਹਾਦਰ ਵਰਗੀ ਦੈਵੀ ਸ਼ਖ਼ਸੀਅਤ ਪਾਸੋਂ ਇਹ ਆਸ ਕਰਨੀ ਨਿਰਮੂਲ ਸੀ। ਚਾਂਦਨੀ ਚਕ ਵਿੱਚ ਸਥਿਤ ਕੋਤਵਾਲੀ ਵਿੱਚ ਗੁਰੂ ਜੀ ਨੂੰ ਬੰਦੀ ਬਣਾਇਆ ਗਿਆ ਤੇ ਉਨ੍ਹਾਂ ਸਾਹਮਣੇ ਇਹ ਤਿੰਨ ਸ਼ਰਤਾਂ ਰੱਖੀਆਂ ਗਈਆਂ: ਇਸਲਾਮ ਕਬੂਲ ਕਰਨਾ, ਦੂਜਾ ਕੁਰਬਾਨੀ ਲਈ ਤਿਆਰ ਹੋਣਾ ਤੇ ਤੀਜਾ ਕਰਾਮਾਤ ਦਿਖਾਉਣਾ। ਗੁਰੂ ਜੀ ਨੂੰ ਭੈਭੀਤ ਕਰਨ ਵਾਸਤੇ ਉਨ੍ਹਾਂ ਦੇ ਸਨਮੁੱਖ ਉਨ੍ਹਾਂ ਦੇ ਪਿਆਰੇ ਸਿੱਖ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ, ਭਾਈ ਸਤੀ ਦਾਸ ਨੂੰ ਰੂੰ ਵਿੱਚ ਲਪੇਟ ਕੇ ਜਿਊਂਦੇ ਅਗਨ ਭੇਟ ਕੀਤਾ ਗਿਆ ਤੇ ਭਾਈ ਦਿਆਲਾ ਜੀ ਨੂੰ ਉਬਲਦੇ ਪਾਣੀ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ। 

11 ਨਵੰਬਰ, 1675 ਨੂੰ ਗੁਰੂ ਤੇਗ਼ ਬਹਾਦਰ ਜੀ ਨੂੰ ਚਾਂਦਨੀ ਚੌਕ ਦੇ ਨਜ਼ਦੀਕ ਕੋਤਵਾਲੀ ਵਿੱਚ ਸਥਿਤ ਇੱਕ ਵੱਡੇ ਦਰੱਖ਼ਤ ਹੇਠ ਜਲਾਦ ਨੇ ਸੀਸ ਧੜ ਤੋਂ ਅਲੱਗ ਕਰ ਕੇ ਸ਼ਹੀਦ ਕਰ ਦਿੱਤਾ। ਜਿਸ ਥਾਂ ’ਤੇ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ ਸੀ, ਉਸ ਥਾਂ ’ਤੇ ਗੁਰਦੁਆਰਾ ਸੀਸ ਗੰਜ ਸਾਹਿਬ ਸੁਸ਼ੋਭਿਤ ਹੈ।

ਗੁਰਦੁਆਰਾ ਸੀਸ ਗੰਜ ਸਾਹਿਬ ਉਸਾਰਨ ਦੀ ਸੇਵਾ ਪਹਿਲਾਂ ਸਰਦਾਰ ਬਘੇਲ ਸਿੰਘ ਮੁਖੀ ਕਰੋੜਸਿੰਘੀਆ ਮਿਸਲ ਦੇ ਮੁਖੀ ਨੇ 1790 ਵਿੱਚ ਕੀਤੀ ਸੀ ਪਰ ਉਸ ਸਮੇਂ ਦੇ ਮੁਤੱਸਬੀ ਮੁਸਲਮਾਨਾਂ ਨੇ ਇਸ ਥਾਂ ’ਤੇ ਮਸੀਤ ਉਸਾਰ ਦਿੱਤੀ। ਜੀਂਦ ਪਤੀ ਰਾਜਾ ਸਰੂਪ ਸਿੰਘ ਨੇ 1914 ਵਿੱਚ ਗੁਰਦੁਆਰੇ ਦਾ ਦੁਬਾਰਾ ਨਿਰਮਾਣ ਕਾਰਜ ਕਰਵਾਇਆ। ਆਧੁਨਿਕ ਇਮਾਰਤ ਜਿਸ ਦੇ ਅਸੀਂ ਦਰਸ਼ਨ ਕਰਦੇ ਹਾਂ, ਦਾ ਨਿਰਮਾਣ ਕਾਰਜ 1930 ਵਿੱਚ ਹੋਇਆ। ਬਾਬਾ ਹਰਬੰਸ ਸਿੰਘ ਕਾਰਸੇਵਾ ਵਾਲਿਆਂ ਨੇ ਨਿਸ਼ਕਾਮ ਸੇਵਾ ਨਾਲ ਇਸ ਗੁਰਦੁਆਰੇ ਨੂੰ ਆਧੁਨਿਕ ਰੂਪ ਪ੍ਰਦਾਨ ਕੀਤਾ। ਗੁਰਦੁਆਰੇ ਦੇ ਨਾਲ ਲੱਗਦੀਆਂ ਦੁਕਾਨਾਂ ਤੇ ਘਰਾਂ ਨੂੰ ਖ਼ਰੀਦ ਕੇ ਗੁਰਦੁਆਰੇ ਦੀ ਇਮਾਰਤ ਦਾ ਵਿਸਥਾਰ ਕੀਤਾ ਗਿਆ। ਗੁਰਦੁਆਰੇ ਦੇ ਨਜ਼ਦੀਕ ਸਿਨੇਮਾ ਘਰ ਨੂੰ ਖ਼ਰੀਦ ਕੇ ਅਜਾਇਬ ਘਰ ਉਸਾਰ ਕੇ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੀ ਯਾਦ ਨੂੰ ਸਮਰਪਿਤ ਕੀਤਾ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।