ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਨੇ ਸਿੱਖਾਂ ਤੋਂ ਗਾਂ-ਟੈਕਸ ਵਸੂਲਣ ਦਾ ਵਿਰੋਧ ਕੀਤਾ

ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਨੇ ਸਿੱਖਾਂ ਤੋਂ ਗਾਂ-ਟੈਕਸ ਵਸੂਲਣ ਦਾ ਵਿਰੋਧ ਕੀਤਾ

ਪਟਿਆਲਾ: ਸ਼੍ਰੋਮਣੀ ਅਕਾਲੀ ਦਲ 'ਟਕਸਾਲੀ' ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਿੱਖਾਂ ਕੋਲੋਂ ਲਏ ਜਾਂਦੇ ਗਾਂ ਟੈਕਸ ਦਾ ਵਿਰੋਧ ਕਰਦਿਆਂ ਇਸ ਨੂੰ ਸਿੱਖ ਧਰਮ ਦੀਆਂ ਧਾਰਮਿਕ ਰਵਾਇਤਾਂ ਦਾ ਘਾਣ ਕਰਾਰ ਦਿੱਤਾ ਹੈ। 

ਬੀਰ ਦਵਿੰਦਰ ਸਿੰਘ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਘਰੇਲੂ ਬਿਜਲੀ ਖਪਤਕਾਰਾਂ ਪਾਸੋਂ ਜਬਰੀ ਗਾਂ-ਟੈਕਸ ਵਸੂਲਣਾ ਤੁਰੰਤ ਬੰਦ ਕਰੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਹ ਲੋਕਾਂ ਨੂੰ ਇਹ ਸੱਦਾ ਦੇਣਗੇ ਕਿ ਸਾਰੇ ਅਵਾਰਾ ਪਸ਼ੂ ਇਕੱਠੇ ਕਰਕੇ ਪਾਵਰਕੌਮ ਦੇ ਮੁੱਖ ਦਫਤਰ ਪਟਿਆਲਾ ਅਤੇ ਪੰਜਾਬ ਦੇ ਹੋਰ ਅਜਿਹੇ ਦਫਤਰਾਂ ਵਿੱਚ ਛੱਡੇ ਜਾਣ। 

ਉਨ੍ਹਾਂ ਐਲਾਨ ਕੀਤਾ ਹੈ ਕਿ ਜੇ ਫਿਰ ਵੀ ਅਵਾਰਾ ਪਸ਼ੂਆਂ ਦੀ ਗੰਭੀਰ ਸਮੱਸਿਆ ਦਾ ਕੋਈ ਯੌਗ ਹੱਲ ਨਾ ਹੋਇਆ ਤਾਂ ਅਵਾਰਾ ਪਸ਼ੂਆਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਨਿਊ ਮੋਤੀ ਬਾਗ ਪਟਿਆਲਾ ਵਿੱਚ ਡੱਕ ਦਿੱਤਾ ਜਾਵੇਗਾ। 

ਉਨ੍ਹਾਂ ਕਿਹਾ ਕਿ ਅਵਾਰਾ ਪਸ਼ੂਆਂ ਕਾਰਨ ਸੜਕਾਂ 'ਤੇ ਹਾਦਸੇ ਦਿਨੋ ਦਿਨ ਵੱਧ ਰਹੇ ਹਨ ਤੇ ਬੇਸ਼ਕਿਮਤੀ ਜਾਨਾਂ ਜਾ ਰਹੀਆਂ ਹਨ। ਦੂਜੇ ਪਾਸੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਰਾਹੀਂ ਘਰੇਲੂ ਬਿਜਲੀ ਖਪਤਕਾਰਾਂ ਪਾਸੋਂ ਜਬਰੀ ਗਾਂ-ਟੈਕਸ ਵਸੂਲ ਰਹੀ ਹੈ ਜਦਕਿ ਲਾਵਾਰਸ ਗਊਆਂ ਅਤੇ ਸਾਨ੍ਹਾਂ ਦੀ ਦੇਖ ਭਾਲ ਦਾ ਕੰਮ ਨਾ ਪੰਜਾਬ ਸਰਕਾਰ ਕਰ ਰਹੀ ਹੈ ਅਤੇ ਨਾ ਹੀ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬਿਜਲੀ ਖਪਤਕਾਰਾਂ 'ਤੇ ਗਾਂ-ਟੈਕਸ ਲਾਉਣਾ ਜਿੱਥੇ ਗੈਰ-ਕਾਨੂੰਨੀ ਹੈ ਉੱਥੇ ਹੀ ਸਿੱਖ ਧਰਮ ਦੀਆਂ ਧਾਰਮਿਕ ਰਵਾਇਤਾਂ ਦੇ ਵੀ ਵਿਰੁੱਧ ਹੈ, ਜਿਸ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ।