ਅਮਰੀਕਾ ਵਿਚ ਹਵਾਈ ਉਡਾਣਾਂ ਰੱਦ ਹੋਣ ਜਾਂ ਦੇਰੀ ਹੋਣ ਦੇ ਮਾਮਲਿਆਂ ਵਿੱਚ ਨਵੇਂ ਨਿਯਮ ਹੋਣਗੇ ਲਾਗੂ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਵਿਚ ਹਵਾਈ ਉਡਾਣਾਂ ਰੱਦ ਹੋਣ ਜਾਂ ਦੇਰੀ ਹੋਣ ਸਬੰਧੀ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ (ਡੀ ਓ ਟੀ) ਨੇ ਨਵੇਂ ਨਿਯਮ ਜਾਰੀ ਕੀਤੇ ਹਨ ਜਿਨਾਂ ਨਾਲ ਪ੍ਰਭਾਵਿਤ ਯਾਤਰੀਆਂ ਨੂੰ ਵੱਡੀ ਰਾਹਤ ਮਿਲਣ ਦੀ ਆਸ ਹੈ। ਹਾਲਾਂ ਕਿ ਇਹ ਨਿਯਮ ਅਕਤੂਬਰ ਵਿਚ ਲਾਗੂ ਹੋਣੇ ਹਨ ਤੇ ਅਕਤੂਬਰ ਤੱਕ ਪੁਰਾਣੇ ਨਿਯਮ ਹੀ ਲਾਗੂ ਰਹਿਣਗੇ। ਨਵੇਂ ਨਿਯਮਾਂ ਅਨੁਸਾਰ ਜੇਕਰ ਉਡਾਣ ਰੱਦ ਹੋ ਜਾਂਦੀ ਹੈ ਜਾਂ ਉਸ ਦੇ ਸਮੇ ਵਿਚ ਵੱਡੀ ਤਬਦੀਲੀ ਕੀਤੀ ਜਾਂਦੀ ਹੈ ਤਾਂ ਏਅਰਲਾਈਨਾਂ ਨੂੰ 7 ਕਾਰੋਬਾਰੀ ਦਿਨਾਂ ਦੌਰਾਨ ਖੁਦਬਖੁਦ ਪੈਸੇ ਵਾਪਿਸ ਕਰਨੇ ਪੈਣਗੇ। ਡੀ ਓ ਟੀ ਕੰਜ਼ਿਊਮਰ ਡੈਸ਼ ਬੋਰਡ ਅਨੁਸਾਰ ਜੇਕਰ ਅਲਾਸਕਾ, ਅਮੈਰੀਕਨ, ਡੈਲਟਾ, ਹਵਾਈਅਨ, ਜੈਟ ਬਲਿਊ ਜਾਂ ਯੁਨਾਈਟਿਡ ਏਅਰਲਾਈਨਜ ਸਮੇਤ ਕੋਈ ਵੀ ਏਅਰਲਾਈਨ ਆਪਣੇ ਹੀ ਕਾਰਨਾਂ ਕਰਕੇ ਉਡਾਣ ਰੱਦ ਕਰਦੀਆਂ ਹਨ ਤਾਂ ਉਨਾਂ ਨੂੰ ਸਖਤੀ ਨਾਲ ਨਵੇਂ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਜੇਕਰ ਏਅਰਲਾਈਨ ਦੇ ਆਪਣੇ ਹੀ ਕਿਸੇ ਕਾਰਨ ਉਡਾਣ ਰੱਦ ਹੋ ਜਾਂਦੀ ਹੈ ਤਾਂ ਕਿਰਾਏ ਭਾੜੇ ਦੇ ਪੈਸੇ ਮੋੜਣ ਤੋਂ ਇਲਾਵਾ ਯਾਤਰੀ ਹੋਰ ਮੁਆਵਜੇ ਦਾ ਵੀ ਹੱਕਦਾਰ ਹੋਵੇਗਾ। ਮੌਸਮ ਕਾਰਨ ਉਡਾਣ ਰੱਦ ਹੁੰਦੀ ਹੈ ਤਾਂ ਏਅਰਲਾਈਨ ਜਿੰਮੇਵਾਰ ਨਹੀਂ ਹੋਵੇਗੀ।
ਉਸੇ ਹੀ ਏਅਰਲਾਈਨ ਜਾਂ ਉਸ ਨਾਲ ਸਬੰਧਤ ਹਿੱਸੇਦਾਰੀ ਵਾਲੀ ਹੋਰ ਏਅਰਲਾਈਨ 'ਤੇ ਯਾਤਰੀਆਂ ਦੀ ਦੁਬਾਰਾ ਬੁਕਿੰਗ ਲਈ ਵਾਧੂ ਪੈਸੇ ਨਹੀਂ ਲਏ ਜਾਣਗੇ। ਜੇਕਰ ਨਵੀਂ ਉਡਾਣ ਲਈ ਯਾਤਰੀਆਂ ਨੂੰ ਘੱਟੋ ਘੱਟ 3 ਘੰਟੇ ਉਡੀਕ ਕਰਨੀ ਪੈਂਦੀ ਹੈ ਤਾਂ ਯਾਤਰੀਆਂ ਨੂੰ ਖਾਣਾ ਜਾਂ ਪੈਸੇ ਜਾਂ ਵਾਊਚਰ ਦੇਣਾ ਪਵੇਗਾ। ਜੇਕਰ ਪੂਰੀ ਰਾਤ ਉਡਾਣ ਰੱਦ ਹੋ ਜਾਂਦੀ ਹੈ ਤਾਂ ਯਾਤਰੀਆਂ ਨੂੰ ਹੋਟਲ ਵਿਚ ਠਹਿਰਾਉਣਾ ਪਵੇਗਾ। ਹੋਟਲ ਤੱਕ ਲਿਜਾਣ ਤੇ ਲਿਆਉਣ ਦਾ ਪ੍ਰਬੰਧ ਖੁਦ ਏਅਰਲਾਈਨ ਕਰੇਗੀ। ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਅਧਿਕਾਰੀਆਂ ਅਨੁਸਾਰ ਉਡਾਣਾਂ ਰੱਦ ਹੋਣ ਜਾਂ ਉਨਾਂ ਵਿਚ ਦੇਰੀ ਹੋਣ ਸਬੰਧੀ ਸੰਘੀ ਕਾਨੂੰਨ ਨਹੀਂ ਹਨ ਇਸ ਲਈ ਉਹ ਯਾਤਰੀਆਂ ਦੇ ਹਿੱਤਾਂ ਦੀ ਸੁਰੱਖਿਆ ਵੱਲ ਲੋੜੀਂਦਾ ਧਿਆਨ ਦਿੰਦੇ ਹਨ। ਉਨਾਂ ਕਿਹਾ ਕਿ ਯੂ ਐਸ ਏਅਰਲਾਈਨਾਂ ਖੁਦ ਵੀ ਯਾਤਰੀਆਂ ਦੇ ਹਿੱਤਾਂ ਪ੍ਰਤੀ ਸਮਰਪਿਤ ਹਨ।
Comments (0)