ਅਮਰੀਕਾ 'ਚ ਨਹਿਰ ਵਿਚ ਡੁੱਬਦੇ ਬੱਚਿਆਂ ਨੂੰ ਬਚਾਉਂਦਿਆਂ ਸਿੱਖ ਨੌਜਵਾਨ ਦੀ ਮੌਤ

ਅਮਰੀਕਾ 'ਚ ਨਹਿਰ ਵਿਚ ਡੁੱਬਦੇ ਬੱਚਿਆਂ ਨੂੰ ਬਚਾਉਂਦਿਆਂ ਸਿੱਖ ਨੌਜਵਾਨ ਦੀ ਮੌਤ
ਮ੍ਰਿਤਕ ਨੌਜਵਾਨ ਮਨਜੀਤ ਸਿੰਘ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅਮਰੀਕਾ ਦੇ ਸ਼ਹਿਰ ਫਰਿਜ਼ਨੋ ਲਾਗੇ ਰੀਡਲੀ ਬੀਚ ਵਿਖੇ ਕਿੰਗਜ਼ ਨਦੀ ਵਿਚ ਡੱਬ ਰਹੇ ਤਿੰਨ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਸਿੱਖ ਨੋਜਵਾਨ ਮਨਜੀਤ ਸਿੰਘ ਨਦੀ ਵਿਚ ਡੁੱਬ ਗਿਆ ਤੇ ਉਸਦੀ ਮੌਤ ਹੋ ਗਈ ਹੈ। ਇਸ ਖਬਰ ਨਾਲ ਪੂਰੀ ਦੁਨੀਆ ਵਿਚ ਵਸਦੇ ਸਿੱਖ ਭਾਈਚਾਰੇ ਅੰਦਰ ਅਤੇ ਪੰਜਾਬ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਅਮਰੀਕਾ ਵਿਚ ਮਨਜੀਤ ਸਿੰਘ ਦੀ ਬਹਾਦਰੀ ਨੂੰ ਲੋਕ ਸਲਾਮਾਂ ਕਰ ਰਹੇ ਹਨ। 

29 ਸਾਲਾ ਮਨਜੀਤ ਸਿੰਘ ਦੋ ਸਾਲ ਪਹਿਲਾਂ ਹੀ ਪੰਜਾਬ ਤੋਂ ਅਮਰੀਕਾ ਗਿਆ ਸੀ ਅਤੇ ਉਹ ਕੁੱਝ ਸਮਾਂ ਪਹਿਲਾਂ ਹੀ ਫਰਿਜ਼ਨੋ ਤਬਦੀਲ ਹੋਇਆ ਸੀ। ਇੱਥੇ ਉਹ ਪਿਛਲੇ ਕੁੱਝ ਦਿਨਾਂ ਤੋਂ ਟਰੱਕ ਡਰਾਈਵਿੰਗ ਸਕੂਲ ਦੀਆਂ ਕਲਾਸਾਂ ਲਾ ਰਿਹਾ ਸੀ ਅਤੇ ਉਹ ਇੱਥੇ ਟਰੱਕ ਚਲਾਉਣ ਦੀ ਤਿਆਰੀ ਕਰ ਰਿਹਾ ਸੀ। 

ਡਰਾਈਵਿੰਗ ਸਕੂਲ ਦੀ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਮਨਜੀਤ ਸਿੰਘ ਆਪਣੇ ਭਣੋਈਏ ਨਾਲ ਘੁੰਮਣ ਫਿਰਨ ਲਈ ਨਦੀ 'ਤੇ ਗਿਆ ਸੀ। ਇੱਥੇ ਉਸਨੇ ਜਦੋਂ ਬੱਚਿਆਂ ਨੂੰ ਡੁਬਦਿਆਂ ਦੇਖਿਆ ਤਾਂ ਉਸਨੇ ਬੱਚਿਆਂ ਨੂੰ ਬਚਾਉਣ ਲਈ ਨਦੀ ਵਿਚ ਛਾਲ ਮਾਰ ਦਿੱਤੀ ਪਰ ਨਦੀ ਦੇ ਤੇਜ ਵਹਿਣ ਵਿਚ ਉਹ ਪਾਣੀ ਵਿਚ ਮੋਜੂਦ ਝਾੜੀਆਂ ਵਿਚ ਫਸ ਗਿਆ ਤੇ ਡੁੱਬ ਕੇ ਉਸਦੀ ਮੌਤ ਹੋ ਗਈ।


ਕਿੰਗਜ਼ ਨਦੀ 

ਰੀਡਲੀ ਦੇ ਪੁਲਸ ਮਹਿਕਮੇ ਦੇ ਕਮਾਂਡਰ ਮਾਰਕ ਏਡਿਗਰ ਨੇ ਮੀਡੀਆ ਨੂੰ ਦੱਸਿਆ ਕਿ ਬੱਚਿਆਂ ਵਿਚ ਅੱਠ-ਅੱਠ ਸਾਲਾਂ ਦੀਆਂ ਦੋ ਕੁੜੀਆਂ ਅਤੇ ਇਕ ਦਸ ਸਾਲਾਂ ਦਾ ਮੁੰਡਾ ਸੀ। ਏਡਿਗਰ ਨੇ ਕਿਹਾ ਕਿ ਮਨਜੀਤ ਸਿੰਘ ਦੀ ਇਹਨਾਂ ਬੱਚਿਆਂ ਨਾਲ ਕੋਈ ਸਾਂਝ ਨਹੀਂ ਸੀ, ਪਰ ਇਹਨਾਂ ਨੂੰ ਡੁਬਦਿਆਂ ਦੇਖ ਕੇ ਉਸਨੇ ਇਹਨਾਂ ਨੂੰ ਬਚਾਉਣ ਲਈ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਕੋਸ਼ਿਸ਼ ਕੀਤੀ। 

ਦੋ ਬੱਚਿਆਂ ਨੂੰ ਨਦੀ ਵਿਚੋਂ ਜਲਦੀ ਕੱਢ ਲਿਆ ਗਿਆ ਪਰ ਇਕ ਕੁੜੀ ਲਗਭਗ 15 ਮਿੰਟ ਬਾਅਦ ਨਦੀ ਵਿਚੋਂ ਕੱਢੀ ਗਈ। ਇਸ ਬੱਚੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬੱਚੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਮਨਜੀਤ ਸਿੰਘ ਦੀ ਭਾਲ ਕਰਦਿਆਂ ਲਗਭਗ 40 ਮਿੰਟ ਬਾਅਦ ਉਸਦੀ ਦੇਹ ਪਾਣੀ ਵਿਚੋਂ ਮਿਲੀ। ਉਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।