ਬਲਾਤਕਾਰ ਦੇ ਦੋਸ਼ੀ ਪਾਦਰੀ ਬਜਿੰਦਰ 'ਤੇ 8 ਸਾਲਾ ਬੱਚੀ ਨਾਲ ਬਲਾਤਕਾਰ ਦਾ ਇੱਕ ਹੋਰ ਦੋਸ਼ ਲੱਗਿਆ

ਬਲਾਤਕਾਰ ਦੇ ਦੋਸ਼ੀ ਪਾਦਰੀ ਬਜਿੰਦਰ 'ਤੇ 8 ਸਾਲਾ ਬੱਚੀ ਨਾਲ ਬਲਾਤਕਾਰ ਦਾ ਇੱਕ ਹੋਰ ਦੋਸ਼ ਲੱਗਿਆ
ਪੱਤਰਕਾਰਾਂ ਨੂੰ ਸੰਬੋਧਨ ਕਰਦੀ ਹੋਈ ਪੀੜਤਾ ਦੀ ਮਾਂ ਤੇ ਵਕੀਲ (ਖੱਬੇ); ਪਾਦਰੀ ਬਜਿੰਦਰ (ਸੱਜੇ)

ਚੰਡੀਗੜ੍ਹ: ਪਹਿਲਾਂ ਹੀ ਬਲਾਤਕਾਰ ਦੇ ਮਾਮਲੇ 'ਚ ਨਾਮਜ਼ਦ ਪਾਦਰੀ ਬਜਿੰਦਰ ਖਿਲਾਫ ਇੱਕ ਹੋਰ 8 ਸਾਲਾ ਬੱਚੀ ਨਾਲ ਬਲਾਤਕਾਰ ਕਰਨ ਦਾ ਦੋਸ਼ ਲੱਗਿਆ ਹੈ। ਬੀਤੇ ਕੱਲ੍ਹ ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪੀੜਤ ਬੱਚੀ ਦੀ ਮਾਂ ਨੇ ਦੋਸ਼ ਲਾਇਆ ਕਿ ਚੰਡੀਗੜ੍ਹ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਉਣ ਦੇ ਬਾਵਜੂਦ ਪਾਦਰੀ ਦੇ ਸਿਆਸੀ ਦਬਾਅ ਕਾਰਨ ਪੁਲਿਸ ਉਸ ਖਿਲਾਫ ਕਾਰਵਾਈ ਨਹੀਂ ਕਰ ਰਹੀ।

ਜ਼ਿਕਰਯੋਗ ਹੈ ਕਿ ਪਾਦਰੀ ਬਜਿੰਦਰ 'ਤੇ ਬਲਾਤਕਾਰ ਦਾ ਇਹ ਦੂਜਾ ਦੋਸ਼ ਲੱਗ ਰਿਹਾ ਹੈ, ਇਸ ਤੋਂ ਪਹਿਲਾਂ ਉਹ ਜ਼ਿਲ੍ਹਾ ਮੁਹਾਲੀ ਦੀ ਇਕ ਅਦਾਲਤ ਵਿਚ ਜਬਰ ਜਨਾਹ ਦੇ ਮਾਮਲੇ ਦਾ ਸਾਹਮਣਾ ਕਰ ਰਿਹਾ ਹੈ।

ਪੀੜਤ ਬੱਚੀ ਦੀ ਮਾਂ ਨੇ ਮੀਡੀਆ ਨੂੰ ਦੱਸਿਆ ਕਿ ਪਾਦਰੀ ਬਜਿੰਦਰ ਉਨ੍ਹਾਂ ਨੂੰ ਆਪਣੀ ਬੱਚੀ ਦੇ ਨਾਲ ਵਿਦੇਸ਼ ਵਿਚ ਇਕ ਇੰਟਰਨੈਸ਼ਨਲ ਕਾਨਫ਼ਰੰਸ 'ਚ ਸ਼ਾਮਿਲ ਕਰਵਾਉਣ ਲਈ ਆਪਣੇ ਨਾਲ ਲੈ ਕੇ ਗਿਆ ਸੀ। ਪਰ ਉਥੇ ਜਾ ਕੇ ਪਾਦਰੀ ਨੇ ਇਕ ਔਰਤ ਨਾਲ ਮਿਲ ਕੇ ਉਸ ਦੀ ਗੈਰ ਹਾਜ਼ਰੀ ਵਿੱਚ ਉਨ੍ਹਾਂ ਦੀ ਬੱਚੀ ਦਾ ਸਰੀਰਕ ਸ਼ੋਸ਼ਣ ਕੀਤਾ ਸੀ, ਜਿਸ ਦਾ ਖ਼ੁਲਾਸਾ ਉਨ੍ਹਾਂ ਨੂੰ ਭਾਰਤ ਵਾਪਸ ਆਉਣ ਤੋਂ ਬਾਅਦ ਹੋਇਆ ਅਤੇ ਬੱਚੀ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਉਨ੍ਹਾਂ ਨੇ ਪਾਦਰੀ ਸਮੇਤ ਔਰਤ ਖਿ਼ਲਾਫ਼ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਪਰ ਸ਼ਿਕਾਇਤ ਦਰਜ ਕਰਾਉਣ ਤੋਂ ਤਿੰਨ ਮਹੀਨੇ ਬਾਅਦ ਵੀ ਪੁਲਿਸ ਨੇ ਹੁਣ ਤਕ ਸਬੰਧਤ ਮਾਮਲੇ ਵਿਚ ਕੋਈ ਮਾਮਲਾ ਦਰਜ ਨਹੀਂ ਕੀਤਾ ਹੈ। 

ਇਸ ਪ੍ਰੈਸ ਕਾਨਫਰੰਸ ਮੌਕੇ ਨੈਸ਼ਨਲ ਹਿਊਮਨ ਰਾਈਟਸ ਐਂਡ ਕਰਾਈਮ ਕੰਟਰੋਲ ਬਿਊਰੋ ਦੇ ਕੌਮੀ ਜਨਰਲ ਸਕੱਤਰ ਅਤੇ ਪੀੜਤਾ ਦੇ ਵਕੀਲ ਕੇਤਨ ਸ਼ਰਮਾ ਵੀ ਮੋਜੂਦ ਸਨ। 

ਪੀੜਤ ਬੱਚੀ ਦੀ ਮਾਂ ਨੇ ਦੱਸਿਆ ਕਿ ਉਹ ਪਾਦਰੀ ਨੂੰ ਆਪਣੇ ਭਰਾ ਵਾਂਗ ਸਮਝਦੀ ਸੀ ਪਰ ਪਾਦਰੀ ਨੇ ਉਸਦੀ ਬੱਚੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਉਹਨਾਂ ਦੋਸ਼ ਲਾਇਆ ਕਿ ਪਾਦਰੀ ਨੇ ਇਹ ਮਾੜਾ ਕਰਮ ਕਰਨ ਮਗਰੋਂ ਬੱਚੀ ਨੂੰ ਧਮਕਾਇਆ ਕਿ ਜੇ ਉਸਨੇ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਉਹ ਉਸਦੇ ਮਾਂ-ਪਿਓ ਨੂੰ ਮਾਰ ਦਵੇਗਾ। ਇਸ ਡਰ ਦੇ ਕਾਰਨ ਕੁੜੀ ਨੇ 10 ਮਹੀਨਿਆਂ ਤੱਕ ਇਸ ਬਾਰੇ ਕਿਸੇ ਨੂੰ ਨਹੀਂ ਦੱਸਿਆ। ਪਰ ਜੁਲਾਈ ਵਿੱਚ ਪੀੜਤ ਕੁੜੀ ਨੇ ਆਪਣੀ ਸਹੇਲੀ ਨੂੰ ਇਸ ਬਾਰੇ ਦੱਸ ਦਿੱਤਾ ਜਿਸ ਨੇ ਇਸ ਗੱਲ ਬਾਰੇ ਉਸਦੀ ਮਾਂ ਨੂੰ ਦੱਸਿਆ। 

ਪੀੜਤ ਬੱਚੀ ਦੀ ਮਾਂ ਨੇ ਕਿਹਾ ਕਿ ਉਸਨੇ ਇਸ ਬਾਰੇ ਪਤਾ ਲੱਗਣ ਮਗਰੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਪਰ ਇਸ 'ਤੇ ਤਿੰਨ ਮਹੀਨੇ ਲੰਘਣ ਮਗਰੋਂ ਵੀ ਐਫਆਈਆਰ ਦਰਜ ਨਹੀਂ ਕੀਤੀ ਗਈ। ਉਹਨਾਂ ਦੱਸਿਆ ਕਿ ਇਸ ਦੌਰਾਨ ਉਹ ਕਈ ਵਾਰ ਐੱਸਐੱਸਪੀ ਅਤੇ ਡੀਜੀਪੀ ਦੇ ਦਫਤਰਾਂ ਦੇ ਚੱਕਰ ਲਾ ਚੁੱਕੇ ਹਨ ਪਰ ਕਿਸੇ ਥਾਂ ਵੀ ਕੋਈ ਸੁਣਵਾਈ ਨਹੀਂ ਹੋਈ।

ਉਧਰ ਦੂਜੇ ਪਾਸੇ ਪਾਦਰੀ ਬਜਿੰਦਰ ਸਿੰਘ ਨੇ ਪੀੜਤ ਬੱਚੀ ਦੀ ਮਾਂ ਵਲੋਂ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਬੱਚੀ ਨੂੰ ਮੋਹਰਾ ਬਣਾਇਆ ਜਾ ਰਿਹਾ ਹੈ ਤੇ ਇਹ ਸਾਰੇ ਇਲਜ਼ਾਮ ਝੂਠੇ ਤੇ ਬੇਬੁਨਿਆਦ ਹਨ। ਪਾਦਰੀ ਨੇ ਕਿਹਾ ਕਿ ਪੀੜਤ ਬੱਚੀ ਦੀ ਮਾਂ ਇੱਕ ਚਰਚ ਦਾ ਮੁਖੀ ਬਣਨਾ ਚਾਹੁੰਦੀ ਸੀ ਜਿਸ ਤੋਂ ਉਸ ਨੇ ਇਨਕਾਰ ਕਰ ਦਿੱਤਾ ਜਿਸ ਕਾਰਨ ਉਹ ਆਪਣੀ ਬੱਚੀ ਨੂੰ ਮੋਹਰਾ ਬਣਾ ਕੇ ਉਸ ਨੂੰ ਬਦਨਾਮ ਕਰ ਰਹੀ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।