ਬਾਪੂ ਸੇਵਾ ਸਿੰਘ, ਰਾਤ-ਬਰਾਤੇ ਰਸਤੇ ਬਦਲ ਕੇ ਲਾਸ਼ਾਂ ਉੱਤੋਂ ਦੀ ਲੰਘਦੇ ਪਹੁੰਚੇ ਸੀ ਲੱਧੂ ਕੀ
ਮੁਕਤਸਰ ਦੇ ਪਿੰਡ ਮਿੱਡਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਬਾਪੂ ਸੇਵਾ ਸਿੰਘ ਜਿਹੜੇ ਪਾਕਿਸਤਾਨ ਵਿੱਚੋਂ ਉੱਜੜ ਕੇ ਆਏ ਸਨ, ਦੇ ਪੋਤਰੇ ਰੁਪਿੰਦਰ ਸਿੰਘ ਨੇ ਦੱਸਿਆ ਕਿ ਬਾਪੂ ਜੀ 15 ਅਗਸਤ ਨੂੰ ਸਾਰਾ ਦਿਨ ਉਜਾੜੇ ਨੂੰ ਯਾਦ ਕਰਕੇ ਰੋਂਦੇ ਰਹਿੰਦੇ ਹਨ ਅਤੇ ਬਹੁਤ ਹੀ ਭਾਵਕ ਹੋ ਜਾਂਦੇ ਹਨ।
ਬਾਪੂ ਸੇਵਾ ਸਿੰਘ ਜਿਨ੍ਹਾਂ ਨੇ ਬਾਅਦ ਵਿੱਚ ਆਪਣਾ ਨਾਂ ਸੁਰਿੰਦਰ ਸਿੰਘ ਰੱਖ ਲਿਆ ਸੀ, ਨੇ ਆਪਣੇ ਉਜਾੜੇ ਦੀ ਦਾਸਤਾਨ ਸੁਣਾਉਂਦਿਆਂ ਦੱਸਿਆ ਕਿ ਉਸ ਵਕਤ ਉਨ੍ਹਾਂ ਦੀ ਉਮਰ ਕਰੀਬ ਸੱਤ ਸਾਲ ਦੀ ਹੋਵੇਗੀ ਜਦ ਉਹ ਆਪਣਾ ਘਰ-ਬਾਰ ਛੱਡ ਕੇ ਟਾਂਗੇ ’ਤੇ ਬੈਠ ਕੇ ਹਿੰਦੁਸਤਾਨ ਵੱਲ ਆਏ।
ਬਾਪੂ ਸੇਵਾ ਸਿੰਘ ਨੇ ਦੱਸਿਆ ਕਿ ਉਹ ਪਿੰਡ ‘ਉੱਦੋ ਕੇ’ ਪਾਕਿਸਤਾਨ ਵਿੱਚ ਖੁਸ਼ਹਾਲ ਜੀਵਨ ਬਤੀਤ ਕਰਦੇ ਸਨ। ਬਾਪੂ ਜੀ ਦੇ ਪਿਤਾ ਜੀ ਸਰਦਾਰ ਸ਼ਿੰਗਾਰਾ ਸਿੰਘ ਜੋ ਲਾਹੌਰ ਦੇ ਐੱਸਜੀਪੀਸੀ ਦੇ ਮੈਂਬਰ ਸਨ। ਬਾਪੂ ਜੀ ਦੇ ਪਿਤਾ ਕੋਲ ਉਸ ਵਕਤ 280 ਘੁਮਾ ਜ਼ਮੀਨ ਸੀ ਅਤੇ ਬਹੁਤ ਹੀ ਚੰਗੀ ਜ਼ਮੀਨ ਉਨ੍ਹਾਂ ਕੋਲ ਸੀ। ਬਾਪੂ ਨੇ ਕਿਹਾ ਕਿ ਸਾਡੇ ਪਿੰਡ ਦੇ ਨਾਲ ਕਾਹਨਾ ਪਿੰਡ ਅਤੇ ਸਰੈਚ ਪਿੰਡ ਲੱਗਦੇ ਸਨ। ਬਾਪੂ ਨੇ ਦੱਸਿਆ ਕਿ ਉਨ੍ਹਾਂ ਦੀ ਵੱਡੀ ਭੈਣ ਸਰੈਚ ਪਿੰਡ ਵਿਆਹੀ ਹੋਈ ਸੀ। ਉਸ ਵਕਤ ਉਹ ਪੰਜ-ਛੇ ਸਾਲਾਂ ਦਾ ਸੀ ਅਤੇ ਵਿਆਹ ਵੇਲੇ ਉਸ ਨੂੰ ਉਸ ਦੀ ਭੈਣ ਦੇ ਨਾਲ ਭੈਣ ਦੇ ਸਹੁਰੀਂ ਭੇਜ ਦਿੱਤਾ ਅਤੇ ਹੋਰ ਵੀ ਸ਼ਰੀਕੇ ਵਿੱਚੋਂ ਉਨ੍ਹਾਂ ਦੇ ਭਾਈ ਗਏ ਕਿਉਂਕਿ ਇਹ ਰਿਵਾਜ ਹੈ ਕਿ ਜਦ ਪਹਿਲੇ ਦਿਨ ਭੈਣਾਂ ਜਾਂਦੀਆਂ ਹਨ ਤਾਂ ਭਰਾ ਨਾਲ ਜਾਂਦੇ ਹਨ। ਬਾਪੂ ਨੇ ਕਿਹਾ ਕਿ ਉਨ੍ਹਾਂ ਨੂੰ ਲੱਡੂ ਇੱਕ ਭਾਂਡੇ ਵਿੱਚ ਪਾ ਕੇ ਦੇ ਦਿੱਤੇ ਤਾਂ ਕਿ ਰਸਤੇ ਵਿੱਚ ਭੁੱਖ ਲੱਗੀ ਤਾਂ ਖਾ ਲੈਣੇ। ਉਦੋਂ ਤਾਂ ਚਿੱਤ-ਚੇਤਾ ਵੀ ਨਹੀਂ ਸੀ ਕਿ ਸਾਨੂੰ ਆਪਣਾ ਪਿੰਡ ਅਤੇ ਘਰ-ਬਾਰ ਛੱਡਣਾ ਪਵੇਗਾ।
ਅਚਾਨਕ ਅਜਿਹੀ ਕੁਲੈਹਣੀ ਘੜੀ ਆਈ ਕਿ ਉਨ੍ਹਾਂ ਨੂੰ ਸਭ ਕੁਝ ਛੱਡਣਾ ਪਿਆ। ਬਾਪੂ ਨੇ ਦੱਸਿਆ ਕਿ ਉਨ੍ਹਾਂ ਦੇ ਇੱਕ ਨੌਕਰ ਮੁਸਲਮਾਨ ਕੰਮ ਕਰਦਾ ਹੁੰਦਾ ਸੀ। ਜਦ ਬਾਹਰ ਵੱਢ-ਟੁੱਕੀ ਹੋਣ ਲੱਗ ਪਈ ਅਤੇ ਰੌਲਾ ਪੈਣ ਲੱਗ ਪਿਆ, ਮੁਸਲਮਾਨ ਸਿੱਖਾਂ ਨੂੰ ਮਾਰ ਰਹੇ ਸਨ ਅਤੇ ਲਾਸ਼ਾਂ ਦੇ ਢੇਰ ਲਗਾ ਰਹੇ ਸਨ ਤਾਂ ਨਾਲ ਦੇ ਪਿੰਡ ਉਨ੍ਹਾਂ ਦੀ ਰਿਸ਼ਤੇਦਾਰੀ ਸੀ ਉਥੋਂ ਦੇ ਜ਼ਿਮੀਂਦਾਰ ਨਿਧਾਨ ਸਿੰਘ ਦੇ ਲੜਕੇ ਕੁੰਦਨ ਸਿੰਘ ਨੇ ਟਾਂਗਾ ਬਣਾਇਆ ਹੋਇਆ ਸੀ। ਨਿਧਾਨ ਸਿੰਘ ਨੇ ਆਪਣੇ ਲੜਕੇ ਨੂੰ ਟਾਂਗਾ ਦੇ ਕੇ ਸਾਡੇ ਕੋਲ ਭੇਜਿਆ ਅਤੇ ਅਸੀਂ ਸਾਰੇ ਕਮਰਿਆਂ ਨੂੰ ਜਿੰਦਰੇ ਲਾ ਕੇ ਚਾਬੀ ਨੌਕਰ ਸ਼ਾਹਾਬੂਦੀਨ ਨੂੰ ਫੜਾ ਦਿੱਤੀ ਅਤੇ ਕਿਹਾ ਕਿ ਤੂੰ ਸੰਭਾਲ ਰੱਖੀ, ਕਿਸੇ ਹੋਰ ਨੂੰ ਨਾ ਬੈਠਣ ਦੇਈਂ, ਅਸੀਂ ਥੋੜ੍ਹੇ ਦਿਨਾਂ ਬਾਅਦ ਜਦੋਂ ਰੌਲਾ-ਰੱਪਾ ਖ਼ਤਮ ਹੋ ਗਿਆ, ਅਸੀਂ ਆ ਜਾਵਾਂਗੇ। ਅਸੀਂ ਸਾਰੇ ਜਾਣੇ ਟਾਂਗੇ ’ਤੇ ਬੈਠ ਗਏ ਅਤੇ ਬਹੁਤ ਮੁਸ਼ਕਲ ਸਥਿਤੀ ਵਿੱਚ ਰਾਤ-ਬਰਾਤੇ ਰਸਤੇ ਬਦਲ ਕੇ ਲਾਸ਼ਾਂ ਉੱਤੋਂ ਦੀ ਲੰਘਦੇ ਕਿਸੇ ਹਿਸਾਬ ਨਾਲ ਲੱਧੂ ਕੀ ਪਹੁੰਚ ਗਏ ਜੋ ਕਿ ਹਿੰਦੁਸਤਾਨੀ ਪੰਜਾਬ ’ਚ ਸੀ।
ਬਾਪੂ ਨੇ ਦੱਸਿਆ ਕਿ ਮੇਰਾ ਛੋਟਾ ਭਰਾ ਅਵਤਾਰ ਸਿੰਘ ਜਿਸ ਨੂੰ ਵੰਡ ਦਾ ਬਹੁਤ ਹੀ ਜ਼ਿਆਦਾ ਧੱਕਾ ਲੱਗਿਆ ਸੀ, ਉਹ ਵੰਡ ਦਾ ਦਰਦ ਨਾ ਸਹਾਰਦਾ ਹੋਇਆ ਇਸ ਜਹਾਨ ਤੋਂ ਰੁਖਸਤ ਹੋ ਗਿਆ। ਬਾਪੂ ਨੇ ਦੱਸਿਆ ਕਿ ਅਸੀਂ ਲੱਧੂ ਕੇ ਤੋਂ ਹੁਸ਼ਿਆਰਪੁਰ, ਫਿਰੋਜ਼ਪੁਰ ਅਤੇ ਹੋਰ ਬਹੁਤ ਸਾਰੇ ਪਿੰਡਾਂ ਵਿਚ ਚਾਰ ਸਾਲ ਧੱਕੇ ਖਾਧੇ ਅਤੇ ਖਾਣ ਜੋਗੀ ਕਿਰਤ-ਕਮਾਈ ਕਰਕੇ ਢਿੱਡ ਭਰਦੇ ਰਹੇ। 1951 ਵਿਚ ਸਾਨੂੰ ਜ਼ਮੀਨ ਮਿੱਡੇ ਅਲਾਟ ਹੋਈ। ਜ਼ਮੀਨ ਬਰਾਨੀ ਸੀ, ਅਸੀਂ ਪਟਵਾਰੀ ਨੂੰ ਕਹਿ ਕੇ ਉਹ ਜ਼ਮੀਨ ਛੱਡ ਕੇ ਕੱਸੀ ਦੇ ਨਾਲ ਜ਼ਮੀਨ ਲੈ ਲਈ। ਬਾਪੂ ਨੇ ਦੱਸਿਆ ਕਿ ਮੁਸਲਮਾਨਾਂ ਦੇ ਘਰ ਖਾਲੀ ਹੋਏ ਪਏ ਸਨ ਕਿਉਂਕਿ ਇੱਥੇ ਪਹਿਲਾਂ ਤੋਂ ਰਹਿਣ ਵਾਲੇ ਲੋਕ ਮੁਸਲਮਾਨਾਂ ਦਾ ਸਾਰਾ ਸਾਮਾਨ ਚੁੱਕ ਕੇ ਲੈ ਗਏ ਸਨ। ਬਾਪੂ ਨੇ ਕਿਹਾ ਕਿ ਅਸੀਂ ਮਿਹਨਤ ਮਜ਼ਦੂਰੀ ਕਰਕੇ ਆਪਣੇ ਬਲਦ, ਹਲ, ਪੰਜਾਲੀ ਗੱਡਾ ਬਣਾਇਆ ਅਤੇ ਹੌਲੀ-ਹੌਲੀ ਕਾਮਯਾਬ ਹੁੰਦੇ ਗਏ।
ਬਾਪੂ ਨੇ ਕਿਹਾ ਕਿ ਮੇਰੇ ਪਿਤਾ ਸ਼ਿੰਗਾਰਾ ਸਿੰਘ ਨੇ ਮੈਨੂੰ ਪੜ੍ਹਨ ਲਾ ਦਿੱਤਾ ਅਤੇ ਮੈਂ ਬੀਏ ਪਟਿਆਲੇ ਤੋਂ ਕਰਕੇ ਗਿਆਨੀ ਕੀਤੀ। ਬਾਪੂ ਕਹਿੰਦਾ ਕਿ ਬੱਚੇ ਛੋਟੇ ਹਨ ਅਤੇ ਘਰ ’ਚ ਕਮਾਈ ਦਾ ਕੋਈ ਸਾਧਨ ਨਹੀਂ ਸੀ ਅਤੇ ਬਾਪੂ ਸ਼ਿੰਗਾਰਾ ਸਿੰਘ ਵੀ ਬਿਰਧ ਹੋ ਚੁੱਕੇ ਸਨ, ਇਸ ਲਈ ਮੈਂ ਸਰਵਿਸ ਕਰਨ ਦੀ ਬਜਾਏ ਖੇਤੀ ਵੱਲ ਪਿੰਡ ਆ ਕੇ ਧਿਆਨ ਦਿੱਤਾ। ਬਾਪੂ ਕਹਿੰਦਾ ਕਿ ਲਾਸ਼ਾਂ ਦੇ ਲੱਗੇ ਢੇਰ ਜਦ ਯਾਦ ਆਉਂਦੇ ਹਨ ਅਤੇ ਖੂਨ ਦੀਆਂ ਨਦੀਆਂ ਵਗਦੀਆਂ ਅਤੇ ਮੇਰੀਆਂ ਅੱਖਾਂ ਸਾਹਮਣੇ ਤਲਵਾਰਾਂ ਨੇਜ਼ਿਆਂ ਨਾਲ ਕਤਲੇਆਮ ਜੋ ਮੈਂ ਅੱਖੀ ਵੇਖਿਆ, ਅੱਜ ਵੀ ਉਹ ਸੀਨ ਵਾਰ-ਵਾਰ ਮੇਰੇ ਸਾਹਮਣੇ ਆ ਜਾਂਦਾ ਹੈ ਪਰ ਅਸੀਂ ਰੱਬ ਆਸਰੇ ਬਚਦੇ-ਬਚਾਉਂਦੇ ਆ ਗਏ। ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਪਾਕਿਸਤਾਨ ਆਪਣੇ ਘਰ ਉੱਡ ਕੇ ਚਲਾ ਜਾਵਾਂ ਪਰ ਜੋ ਰੱਬ ਨੂੰ ਮਨਜ਼ੂਰ ਹੈ, ਮੇਰਾ ਓਧਰ ਜਾਣ ਦਾ ਕੋਈ ਸਬੱਬ ਹੀ ਨਹੀਂ ਬਣਿਆ ਅਤੇ ਮੈਂ ਇਹ ਵੀ ਸੋਚਦਾ ਹਾਂ ਕਿ ਜਦ ਮੈਂ ਆਪਣਾ ਪਿੰਡ ਆਪਣਾ ਘਰ ਵੇਖਾਂਗਾ ਪਤਾ ਨਹੀਂ ਮੈਥੋਂ ਵਾਪਸ ਹੀ ਨਾ ਆਇਆ ਜਾਣਾ।
Comments (0)