ਅਰਕੰਸਾਸ ਵਿਚ ਇਕ ਗਸ਼ਤੀ ਗੱਡੀ ਵਿੱਚ ਇਕ ਵਿਅਕਤੀ ਦੀ ਕੁੱਟਮਾਰ ਦੇ ਮਾਮਲੇ ਵਿਚ ਪੁਲਿਸ ਅਫਸਰ ਬਰਖਾਸਤ

ਅਰਕੰਸਾਸ ਵਿਚ ਇਕ ਗਸ਼ਤੀ ਗੱਡੀ ਵਿੱਚ ਇਕ ਵਿਅਕਤੀ ਦੀ ਕੁੱਟਮਾਰ ਦੇ ਮਾਮਲੇ ਵਿਚ ਪੁਲਿਸ ਅਫਸਰ ਬਰਖਾਸਤ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਅਰਕੰਸਾਸ ਰਾਜ ਵਿਚ ਪੁਲਿਸ ਦੀ ਗਸ਼ਤੀ ਗੱਡੀ ਦੇ ਪਿੱਛੇ ਡਿੱਗੀ ਵਿਚ ਇਕ ਪੁਲਿਸ ਅਫਸਰ ਵੱਲੋਂ ਇਕ ਗ੍ਰਿਫਤਾਰ ਵਿਅਕਤੀ ਦੀ ਕੀਤੀ ਜਾ ਰਹੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਉਪਰੰਤ ਸਬੰਧਤ ਪੁਲਿਸ ਅਫਸਰ ਨੂੰ ਬਰਖਾਸਤ ਕਰ ਦੇਣ ਦੀ ਖਬਰ ਹੈ। ਜੋਨਸਬੋਰੋ ਪੁਲਿਸ ਵਿਭਾਗ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਉਸ ਨੂੰ ਘਟਨਾ ਦੀ ਜਾਣਕਾਰੀ ਮਿਲਣ ਉਪਰੰਤ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਸਬੰਧਿਤ ਪੁਲਿਸ ਅਫਸਰ ਜੋਸਫ ਹੈਰਿਸ ਨੂੰ ਫੌਰੀ ਬਰਖਾਸਤ ਕਰ ਦਿੱਤਾ ਗਿਆ ਹੈ। ਵਿਭਾਗ ਨੇ ਕਿਹਾ ਹੈ ਕਿ ਉਸ ਨੇ ਘਟਨਾ ਦੀ ਸੰਭਾਵੀ ਤੇਜੀ ਨਾਲ ਜਾਂਚ ਉਪਰੰਤ ਘਟਨਾ ਦੀ ਵੀਡੀਓ ਯੂ ਟਿਊਬ ਚੈਨਲ ਉਪਰ ਪਾ ਦਿੱਤੀ ਸੀ। ਵੀਡੀਓ ਵਿਚ ਨਜਰ ਆ ਰਿਹਾ ਹੈ ਕਿ ਗ੍ਰਿਫਤਾਰ ਵਿਅਕਤੀ ਦੇ ਹੱਥਕੜੀ ਲਾਈ ਹੋਈ ਹੈ ਤੇ ਉਸ ਨੇ ਹਸਪਤਾਲ ਵਾਲਾ ਚੋਗਾ ਪਾਇਆ ਹੋਇਆ ਹੈ। ਉਹ ਪੁਲਿਸ ਅਫਸਰ ਨੂੰ ਕਹਿੰਦਾ ਸੁਣਾਈ ਦਿੰਦਾ ਹੈ ਕਿ ਉਸ ਨੇ ਇਕ ਦਿਨ ਪਹਿਲਾਂ ਫੈਂਟਾਨਾਇਲ ਖਾਧੀ ਸੀ ਤੇ ਜੇਕਰ ਉਸ ਨੂੰ ਹਸਪਤਾਲ ਵਾਪਿਸ ਨਾ ਲਿਜਾਇਆ ਗਿਆ ਤਾਂ ਉਹ ਮਰ ਜਾਵੇਗਾ। ਇਸ 'ਤੇ ਇਕ ਪੁਲਿਸ ਅਫਸਰ ਉਸ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੰਦਾ ਹੈ। ਉਹ ਉਸ ਦੇ ਸਿਰ ਵਿਚ ਵਾਰ ਵਾਰ ਘਸੁੰਨ ਮਾਰਦਾ ਹੈ। ਇਕ ਸਮੇ ਕੈਦੀ ਬੇਹਰਕਤ ਹੋ ਜਾਂਦਾ ਹੈ। ਜੋਨਸਬੋਰੋ ਪੁਲਿਸ ਮੁੱਖੀ ਰਿਕ ਏਲੀਆਟ ਨੇ ਕਿਹਾ ਹੈ ਕਿ ਉਸ ਨੇ ਐਫ ਬੀ ਆਈ ਨੂੰ ਸੂਚਿਤ ਕਰ ਦਿੱਤਾ ਹੈ ਤੇ ਉਸ ਦੇ ਲਿਟਲ ਰਾਕ ਦਫਤਰ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।