ਪੰਡ ਵਾਲੀ ਬੀਬੀ ਦਾ ਪੁੱਤ

ਪੰਡ ਵਾਲੀ ਬੀਬੀ ਦਾ ਪੁੱਤ

ਹਰਪ੍ਰੀਤ ਸਿੰਘ ਜਵੰਦਾ
ਓਹਨੀ ਦਿੰਨੀ ਕਈ ਵਾਰ ਮੈਂਨੂੰ ਪੱਠੇ ਵੱਢਣ ਮਗਰੋਂ ਸਿਰ ਤੇ ਪੰਡ ਚੁਕਾਉਣ ਵਾਲਾ ਕੋਈ ਨਹੀਂ ਸੀ ਮਿਲਿਆ ਕਰਦਾ..ਮੈਂ ਕਿੰਨਾ ਚਿਰ ਕੋਲੋਂ ਲੰਘਦੀ ਸੜਕ ਤੇ ਆ ਕਿਸੇ ਲੰਘਦੇ ਆਉਂਦੇ ਨੂੰ ਉਡੀਕਦਾ ਰਹਿੰਦਾ.. 
ਉਹ ਪੰਜਾਹਾਂ ਵਰ੍ਹਿਆਂ ਦੀ ਮੇਰੀ ਮਾਂ ਕੂ ਦੀ ਉਮਰ ਦੀ ਹੋਵੇਗੀ..ਮੇਰੇ ਨਾਲ ਦਾ ਪੱਠਿਆਂ ਦਾ ਟੱਕ ਮੁੱਲ ਲਿਆ ਹੁੰਦਾ ਸੀ..
ਡੰਗਰ ਜਿਆਦਾ ਹੋਣ ਕਰਕੇ ਸ਼ਾਇਦ ਉਸਨੂੰ ਦੋ ਪੰਡਾਂ ਵੱਢਣੀਆਂ ਪੈਂਦੀਆਂ..ਇੱਕ ਸੁਵੇਰੇ ਤੇ ਦੂਜੀ ਮੇਰੇ ਨਾਲ ਸ਼ਾਮਾਂ ਨੂੰ..! 
ਮੈਂ ਇੱਕ ਵਾਰ ਪੁੱਛ ਲਿਆ ਆਂਟੀ ਤੇਰਾ ਕੋਈ ਮੁੰਡਾ ਹੈਨੀ..?
ਆਖਣ ਲੱਗੀ ਹੈਗਾ ਤੇਰੇ ਵਰਗਾ ਇੱਕ ਗੱਬਰੂ ਪੁੱਤ ਪਰ ਜਿਊਣ ਜੋਗਾ ਨਾ ਤੇ ਸਕੂਲੇ ਜਾਂਦਾ ਤੇ ਨਾ ਕਿਸੇ ਕੰਮ ਧੰਦੇ ਹੀ ਲੱਗਦਾ ਏ..
ਉਹ ਆਪਣਾ ਟੱਕ ਬਚਾਉਣ ਖਾਤਿਰ ਅੱਧੀ ਪੰਡ ਪੱਠਿਆਂ ਦੀ ਤੇ ਅੱਧੀ ਸੜਕ ਕੰਢੇ ਉੱਗੇ ਮੈਨੇ ਅਤੇ ਘਾਹ ਦੀ ਕਰ ਲਿਆ ਕਰਦੀ..!
ਇੱਕ ਦਿਨ ਕੋਲ ਬੈਠੀ ਪੱਠੇ ਵੱਢ ਰਹੀ ਸੀ ਕੇ ਉਸਦਾ ਮੁੰਡਾ ਓਥੇ ਹੀ ਆਗਿਆ..ਆਖਣ ਲੱਗਾ ਪੈਸੇ ਚਾਹੀਦੇ ਨੇ..ਯਾਰਾਂ ਨਾਲ ਜਾਣਾ ਕਿਤੇ.."
ਉਹ ਆਖਣ ਲੱਗੀ ਕੋਲ ਹੈਨੀ ਕੁਝ ਵੀ ਪੁੱਤ..ਪਰ ਉਹ ਉਸਦੀ ਰਗ ਰਗ ਤੋਂ ਵਾਕਿਫ ਸੀ..
ਉਸਨੇ ਅਗਾਂਹ ਹੋ ਕੇ ਉਸਦੀ ਚੁੰਨੀ ਦੀ ਨੁੱਕਰ ਨਾਲ ਬੰਨੇ ਹੋਏ ਸਾਰੇ ਪੈਸੇ ਲੈ ਲਏ ਤੇ ਗਾਇਬ ਹੋ ਗਿਆ!
ਉਹ ਪਿੱਛੋਂ ਏਨਾ ਹੀ ਆਖਦੀ ਰਹੀ ਵੇ ਰਾਤੀ ਆਟਾ ਕਾਹਦਾ ਲਿਆਉਣਾ ਈ..ਮੁੜਕੇ ਤੁਰੇ ਜਾਦੇ ਵੱਲ ਨੂੰ ਵੇਖ ਉਸਦਾ ਰੋਣ ਨਿੱਕਲ ਗਿਆ!
ਮੁੜਕੇ ਕਿੰਨੇ ਦਿਨ ਉਹ ਨਜ਼ਰੇ ਨਾ ਪਈ..ਸ਼ਾਇਦ ਇੱਕ ਪੰਡ ਸੁਵੇਰੇ ਹੀ ਵੱਢ ਕੇ ਲੈ ਜਾਇਆ ਕਰਦੀ ਸੀ!
ਫੇਰ ਇੱਕ ਦਿਨ ਸ਼ਾਮੀਂ ਦਿੱਸੀ..ਟੁੱਟੀ ਹੋਈ..ਬੁਰੀ ਤਰਾਂ ਪ੍ਰੇਸ਼ਾਨ..ਵਜਾ ਪੁੱਛੀ ਤਾਂ ਆਖਣ ਲੱਗੀ ਕੇ ਮੁੰਡੇ ਨੂੰ ਪੁਲਸ ਚੁੱਕ ਕੇ ਲੈ ਗਈ!
ਮੈਨੂੰ ਅੰਦਾਜਾ ਹੋ ਗਿਆ ਕੇ ਹੁਣ ਨੀ ਵਾਪਿਸ ਆਉਂਦਾ..
ਓਹਨਾ ਵੇਲਿਆਂ ਵਿਚ ਫੜੇ ਗਏ ਦਾ ਕਸੂਰ ਭਾਵੇਂ ਕੋਈ ਵੀ ਹੋਵੇ..ਹੱਥ ਆਏ ਹਰੇਕ ਨੂੰ ਅਕਸਰ ਹੀ ਗਿਣਤੀ ਵਧਾਉਣ ਲਈ ਖਾੜਕੂਵਾਦ ਵਾਲੇ ਖੂਹ ਖਾਤੇ ਵਿਚ ਪਾ ਦਿੱਤਾ ਜਾਂਦਾ ਸੀ..!
ਫੇਰ ਓਹੀ ਗੱਲ ਹੋਈ..ਨਾ ਉਹ ਮੁੰਡਾ ਹੀ ਵਾਪਿਸ ਪਰਤਿਆ ਤੇ ਨਾ ਉਹ ਆਪ ਹੀ ਕਦੀ ਨਜਰ ਆਈ!
ਅੱਜ ਬਾਲਣ ਦੀ ਪੰਡ ਚੁਕੀ ਤੁਰੀਆਂ ਜਾਂਦੀਆਂ ਦੋ ਔਰਤਾਂ ਦੀ ਤਸਵੀਰ ਵੇਖੀ ਤਾਂ ਤਿੰਨ ਦਹਾਕੇ ਪਹਿਲਾ ਵਾਲਾ ਉਹ ਮੰਜਰ ਅੱਖਾਂ ਅੱਗੇ ਘੁੰਮ ਗਿਆ..ਕੁਝ ਵੀ ਤਾਂ ਨਹੀਂ ਬਦਲਿਆ..ਸਾਰਾ ਕੁਝ ਓਹੀ ਏ..ਬਸ ਆਪਣੀ ਗਰਜ ਖਾਤਿਰ ਜੰਮਣ ਵਾਲਿਆਂ ਕੋਲੋਂ ਪੈਸੇ ਵਸੂਲਣ ਦੇ ਤੌਰ ਤਰੀਕੇ ਬਦਲ ਗਏ ਨੇ..
ਕਿਸੇ ਸਹੀ ਆਖਿਆ ਕੇ ਜਿੰਦਗੀ ਦੇ ਸਫ਼ਰ ਵਿਚ ਕਈ ਵਾਰ ਬੰਦੇ ਦਾ ਵਜੂਦ ਨਹੀਂ ਸਗੋਂ ਰੂਹ ਥੱਕ ਜਾਇਆ ਕਰਦੀ ਏ!
ਹਰਪ੍ਰੀਤ ਸਿੰਘ ਜਵੰਦਾ