ਕੋਰੋਨਾਵਾਇਰਸ: ਇਨਸਾਨ ਦੇ ਰੁਕਣ ਨਾਲ ਕੁਦਰਤ ਮੌਲਣ ਲੱਗੀ

ਕੋਰੋਨਾਵਾਇਰਸ: ਇਨਸਾਨ ਦੇ ਰੁਕਣ ਨਾਲ ਕੁਦਰਤ ਮੌਲਣ ਲੱਗੀ

ਮੋਜੂਦਾ ਸਮੇਂ ਦੁਨੀਆ ਵਿਚ ਸਭ ਤੋਂ ਵੱਧ ਵਾਤਾਵਰਨ ਪ੍ਰਦੂਸ਼ਤ ਕਰਨ 'ਚ ਯੋਗਦਾਨ ਪਾ ਰਹੇ ਚੀਨ ਦੇ ਸ਼ਹਿਰ ਵੂਹਾਨ ਤੋਂ ਸ਼ੁਰੂ ਹੋਈ ਕੋਰੋਨਾਵਾਇਰਸ ਦੀ ਆਫਤ ਨੇ ਦਿਨਾਂ ਵਿਚ ਹੀ ਦੁਨੀਆਂ ਭਰ ਵਿਚ ਪੈਰ ਪਸਾਰ ਲਏ ਤੇ ਮਨੁੱਖ ਵੱਲੋਂ ਬਣਾਈਆਂ ਸਭ ਹੱਦਾਂ ਇਸ ਸਾਹਮਣੇ ਹਾਰ ਗਈਆਂ। ਜਿੱਥੇ ਇਸ ਆਫਤ ਨੇ ਧਰਤੀ ਦੇ ਇਕੋ ਇਕ ਚੌਧਰੀ ਬਣੇ ਮਨੁੱਖ ਨੂੰ ਘਰਾਂ ਵਿਚ ਬੰਦ ਹੋਣ ਲਈ ਮਜ਼ਬੂਰ ਕਰ ਦਿੱਤਾ ਹੈ ਉੱਥੇ ਮਨੁੱਖ ਦੇ ਰੁਕਣ ਨਾਲ ਦੁਨੀਆ ਭਰ ਵਿਚ ਕੁਦਰਤ ਖੇੜੇ ਵਿਚ ਆਉਂਦੀ ਪ੍ਰਤੀਤ ਹੋ ਰਹੀ ਹੈ। ਇਸ ਬਿਮਾਰੀ ਨਾਲ ਫੈਲੀ ਨਕਾਰਾਤਮਿਕਤਾ ਦਰਮਿਆਨ ਇਹੀ ਇਕ ਚੰਗੀ ਚੀਜ਼ ਵਾਪਰ ਰਹੀ ਹੈ। 

ਚੀਨ
ਇਸ ਆਫਤ ਦੇ ਪਹਿਲੇ ਕੇਂਦਰ ਬਣੇ ਚੀਨ ਵਿਚ ਪਬੰਦੀਆਂ ਲੱਗਣ ਮਗਰੋਂ ਨਾਸਾ ਨੇ ਸੈਟਲਾਈਟ ਤਸਵੀਰਾਂ ਜਾਰੀ ਕੀਤੀਆਂ ਹਨ ਜਿਹਨਾਂ ਮੁਤਾਬਕ ਪਾਬੰਦੀਆਂ ਲੱਗਣ ਤੋਂ ਬਾਅਦ ਵਾਤਾਵਰਨ ਵਿਚ ਮੋਜੂਦ ਖਤਰਨਾਕ ਗੈਸ ਨਾਇਟਰੋਜਨ ਡਾਇਓਕਸਾਈਡ ਦਾ ਪੱਧਰ ਬਹੁਤ ਘੱਟ ਕੇ ਲਗਭਗ ਖਤਮ ਹੋ ਗਿਆ ਹੈ। 

ਨਾਸਾ ਵੱਲੋਂ ਜਾਰੀ ਕੀਤੀ ਚੀਨ ਦੇ ਪ੍ਰਦੂਸ਼ਣ ਘਟਣ ਦੀ ਤਸਵੀਰ

ਵਿਗਿਆਨਕਾਂ ਦਾ ਕਹਿਣਾ ਹੈ ਕਿ ਚੀਨ ਵਿਚ ਪਾਬੰਦੀਆਂ ਲੱਗਣ ਨਾਲ ਮਹਿਜ਼ ਦੋ ਹਫਤਿਆਂ ਅੰਦਰ ਚੀਨ ਤੋਂ ਨਿੱਕਲਣ ਵਾਲੀਆਂ ਗਰੀਨਹਾਊਸ ਗੈਸਾਂ ਦੀ ਮਾਤਰਾ 'ਚ ਇਕ ਚੌਥਾਈ ਕਮੀ ਆਈ ਹੈ।


ਕੋਰੋਨਾਵਾਇਰਸ ਦਾ ਕੇਂਦਰ ਬਣੇ ਵੂਹਾਨ ਸੂਬੇ ਵਿਚ ਘਟੇ ਪ੍ਰਦੂਸ਼ਣ ਦਾ ਹਾਲ

ਇਟਲੀ
ਇਟਲੀ ਅੰਦਰ ਇਸ ਆਫਤ ਕਾਰਨ ਘਰਾਂ 'ਚ ਬੈਠੇ ਲੋਕ ਦੇਖ ਰਹੇ ਹਨ ਕਿ ਹੁਣ ਸੂਰਜ ਛਿਪਣ ਵੇਲੇ ਨਜ਼ਾਰਾ ਪਹਿਲਾਂ ਤੋਂ ਵੱਖਰਾ ਹੁੰਦਾ ਹੈ ਤੇ ਸਾਫ ਅਸਮਾਨ ਰੂਹ ਨੂੰ ਖੇੜਾ ਬਖਸ਼ਦਾ ਹੈ। 


ਆਵਾਜਾਈ ਬੰਦ ਹੋਣ ਨਾਲ ਸਾਫ ਹੋਏ ਪਾਣੀ ਵਿਚ ਨਜ਼ਰ ਪੈਂਦੀਆਂ ਮੱਛੀਆਂ

ਇਟਲੀ ਦੇ ਸ਼ਹਿਰ ਵੇਨਿਸ ਵਿਚ ਸ਼ਹਿਰ ਅੰਦਰੋਂ ਲੰਘਦੀ ਨਹਿਰ ਵਿਚ ਮੁੜ ਮੱਛੀਆਂ ਖੇਡਦੀਆਂ ਨਜ਼ਰੀਂ ਪੈ ਰਹੀਆਂ ਹਨ। ਸਾਫ ਪਾਣੀ ਵਿਚ ਮੱਛੀਆਂ ਨੂੰ ਦੇਖਣਾ ਵੀ ਲੋਕਾਂ ਲਈ ਇਕ ਅਲੌਕਿਕ ਨਜ਼ਾਰਾ ਬਣਿਆ ਹੋਇਆ ਹੈ। 

ਵਾਤਾਵਰਨ ਪ੍ਰੇਮੀ ਕੀ ਕਹਿ ਰਹੇ ਹਨ
ਦੁਨੀਆ ਵਿਚ ਫੈਲੀ ਇਸ ਆਫਤ ਮੌਕੇ ਵਾਤਾਵਰਨ ਵਿਚ ਆ ਰਹੀਆਂ ਇਹ ਚੰਗੀਆਂ ਤਬਦੀਲੀਆਂ ਤੋਂ ਵਾਤਾਵਰਨ ਪ੍ਰੇਮੀ ਕੋਈ ਜ਼ਿਆਦਾ ਖੁਸ਼ ਨਹੀਂ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹ ਵਾਤਾਵਰਨ ਸੁਧਾਰ ਇਸ ਤਰ੍ਹਾਂ ਨਹੀਂ ਚਾਹੁੰਦੇ ਸਨ। ਉਹਨਾਂ ਦਾ ਮੰਨਣਾ ਹੈ ਕਿ ਇਹ ਸੁਧਾਰ ਇਸ ਤਰ੍ਹਾਂ ਚਿਰ ਸਥਾਈ ਵੀ ਨਹੀਂ ਹਨ ਕਿਉਂਕਿ ਇਸ ਵਾਰ ਇਸ ਆਫਤ ਨਾਲ ਨਜਿੱਠਣ ਮਗਰੋਂ ਦੁਨੀਆ ਵਿਚ ਪਹਿਲਾਂ ਤੋਂ ਵੱਧ ਤੇਜੀ ਆਵੇਗੀ ਅਤੇ ਇਕ ਦਮ ਪ੍ਰਦੂਸ਼ਣ ਦਾ ਪੱਧਰ ਫੇਰ ਵਧੇਗਾ। ਉਹਨਾਂ ਦਾ ਕਹਿਣਾ ਹੈ ਕਿ ਚੰਗੀ ਗੱਲ ਤਾਂ ਹੋਵੇ ਜੇ ਆਰਥਿਕਤਾ ਨੂੰ ਮੁੜ ਪੈਰਾਂ ਸਿਰ ਕਰਨ ਲਈ ਜਦੋਂ ਸਰਕਾਰਾਂ ਪੈਸਾ ਦੇਣ ਤਾਂ ਨਾਲ ਉਹ ਅਜਿਹੇ ਕਾਨੂੰਨ ਵੀ ਬਣਾਉਣ ਜਿਸ ਨਾਲ ਕਿ ਵਾਤਾਵਰਨ ਸੰਭਾਲ ਯਕੀਨੀ ਬਣਾਈ ਜਾ ਸਕੇ।