ਕਸ਼ਮੀਰ: ਇੰਟਰਨੈੱਟ ਪਾਬੰਦੀਆਂ ਕੋਰੋਨਾ ਖਿਲਾਫ ਲੜਾਈ ਵਿਚ ਅੜਿੱਕਾ ਬਣੀਆਂ
ਸ਼੍ਰੀਨਗਰ: ਅੱਜ ਜਿੱਥੇ ਭਾਰਤ ਵਿਚ ਕੋਰੋਨਾਵਾਇਰਸ ਦੀ ਆਫਤ ਨਾਲ ਨਜਿੱਠਣ ਲਈ ਸਰਕਾਰ ਜੇਲ੍ਹਾਂ ਵਿਚੋਂ ਕੈਦੀਆਂ ਤੱਕ ਨੂੰ ਛੱਡਣ ਦੀ ਗੱਲ ਕਰ ਰਹੀ ਹੈ ਉੱਥੇ ਕਸ਼ਮੀਰ ਦੇ ਲੋਕਾਂ ਨੂੰ ਇਸ ਆਫਤ ਦੇ ਸਮੇਂ ਵੀ ਭਾਰਤ ਸਰਕਾਰ ਦੇ ਮਤਰੇਏ ਸਲੂਕ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਪਹਿਲਾਂ ਤੋਂ ਹੀ ਕਈ ਮਹੀਨਿਆਂ ਦੀ ਬੰਦੀ ਦਾ ਸਾਹਮਣਾ ਕਰ ਰਹੇ ਕਸ਼ਮੀਰ ਲਈ ਭਾਵੇਂ ਕਿ ਪਾਬੰਦੀਆਂ ਕੋਈ ਨਵੀਂ ਗੱਲ ਨਹੀਂ ਹੈ ਪਰ ਭਾਰਤ ਸਰਕਾਰ ਵੱਲੋਂ ਕਸ਼ਮੀਰ ਵਿਚ ਲਾਈਆਂ ਗਈਆਂ ਇੰਟਰਨੈੱਟ ਪਾਬੰਦੀਆਂ ਹੁਣ ਕੋਰੋਨਾਵਾਇਰਸ ਖਿਲਾਫ ਲੜਾਈ ਵਿਚ ਵੱਡੀ ਰੋਕ ਬਣ ਰਹੀਆਂ ਹਨ। ਇਸ ਸਮੇਂ ਕਸ਼ਮੀਰ ਵਿਚ ਇੰਟਰਨੈੱਟ ਸੇਵਾਵਾਂ ਦੀ ਸਪੀਡ ਬਹੁਤ ਘੱਟ ਹੋਣ ਕਾਰਨ ਲੋਕਾਂ ਤੱਕ ਇਸ ਬਿਮਾਰੀ ਬਾਰੇ ਸਹੀ ਜਾਗਰੁੱਤਾ ਨਹੀਂ ਪਹੁੰਚ ਰਹੀ। ਇਸ ਤੋਂ ਇਲਾਵਾ ਡਾਕਟਰਾਂ ਨੂੰ ਵੀ ਦੁਨੀਆ ਵਿਚ ਚੱਲ ਰਹੇ ਇਲਾਜ਼ ਨਾਲ ਮਿਲਵਰਤਨ ਬਣਾਉਣ ਹਿੱਤ ਜਾਣਕਾਰੀਆਂ ਲੈਣ ਲਈ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ਼੍ਰੀਨਗਰ ਦੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰੋਫੈਸਰ ਡਾ. ਇਕਬਾਲ ਸਲੀਮ ਨੇ ਕਿਹਾ, "ਅਸੀਂ ਬਹੁਤ ਪ੍ਰੇਸ਼ਾਨ ਹੋ ਰਹੇ ਹਾਂ। ਇੰਗਲੈਂਡ ਦੇ ਡਾਕਟਰਾਂ ਵੱਲੋਂ ਇੰਟੈਂਸਿਵ ਕੇਅਰ ਮੈਨੇਜਮੈਂਟ ਲਈ ਦਿੱਤੀਆਂ ਗਈਆਂ ਹਦਾਇਤਾਂ ਡਾਊਨਲੋਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਤਕਰੀਬਨ 24 ਐਮਬੀ ਦੀਆਂ ਹਨ। ਪਰ ਇਕ ਘੰਟੇ ਤੋਂ ਵੱਧ ਹੋ ਗਿਆ ਤੇ ਹੁਣ ਤਕ ਇਹ ਵੀ ਡਾਊਨਲੋਡ ਨਹੀਂ ਹੋਈਆਂ।" ਉਹਨਾਂ ਕਿਹਾ ਕਿ ਸਰਕਾਰ ਨੂੰ ਅਜਿਹੇ ਹਾਲਾਤਾਂ ਵਿਚ ਇੰਟਰਨੈਟ ਦੀ ਪੂਰੀ 4ਜੀ ਸਪੀਡ ਚਾਲੂ ਕਰ ਦੇਣੀ ਚਾਹੀਦੀ ਹੈ।
ਇਕ ਹੋਰ ਕਸ਼ਮੀਰੀ ਡਾਕਟਰ ਨੇ ਟਵੀਟ ਕਰਦਿਆਂ ਕਿਹਾ, "ਜਦੋਂ ਕੋਰੋਨਾਵਾਇਰਸ ਦੀ ਬਿਪਤਾ ਨਾਲ ਲੜਨ ਲਈ ਸਾਰੀ ਦੁਨੀਆ ਇਕ ਦੂਜੇ ਦੀ ਮਦਦ ਕਰ ਰਹੀ ਹੈ, ਤਾਂ ਕਸ਼ਮੀਰ ਦੇ ਡਾਕਟਰ ਨੂੰ ਇਲਾਜ਼ ਦੀਆਂ ਹਦਾਇਤਾਂ ਡਾਊਨਲੋਡ ਕਰਨ ਲਈ ਵੀ ਘੰਟੇ ਲੱਗ ਰਹੇ ਹਨ ਕਿਉਂਕਿ ਇੰਟਰਨੈੱਟ ਦੀ ਸਪੀਡ ਬਹੁਤ ਹੌਲੀ ਹੈ। ਸਾਨੂੰ ਦਿੱਤੀ ਗਈ ਇਹ ਸਜ਼ਾ ਕਦੋਂ ਖਤਮ ਹੋਵੇਗੀ?"
ਦੁਨੀਆ ਦੇ ਹੋਰ ਮੁਲਕਾਂ ਵਿਚੋਂ ਵੀ ਡਾਕਟਰਾਂ ਵੱਲੋਂ ਕਸ਼ਮੀਰ ਵਿਚ ਜਾਣਕਾਰੀ ਦੇ ਪ੍ਰਵਾਹ ਲਈ ਇੰਟਰਨੈੱਟ ਸਪੀਡ ਤੇਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਮੇਂ ਜਦੋਂ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ ਤਾਂ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾ ਕੇ ਹੀ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਇਆ ਜਾ ਸਕਦਾ ਹੈ, ਪਰ ਇੰਟਰਨੈੱਟ ਸੇਵਾਵਾਂ ਸਹੀ ਨਾ ਹੋਣ ਕਾਰਨ ਕਸ਼ਮੀਰ ਦੇ ਲੋਕ ਇਸ ਅਹਿਮ ਸਮੇਂ ਵੀ ਜਾਣਕਾਰੀ ਦੇ ਹੱਕ ਤੋਂ ਵਾਂਝੇ ਹਨ।
Comments (0)