ਨਾਭਾ ਜੇਲ੍ਹ ਬਰੇਕ 'ਤੇ ਆ ਰਹੀ ਫਿਲਮ 'ਆਪਰੇਸ਼ਨ ਪਰਿੰਦੇ'

ਨਾਭਾ ਜੇਲ੍ਹ ਬਰੇਕ 'ਤੇ ਆ ਰਹੀ ਫਿਲਮ 'ਆਪਰੇਸ਼ਨ ਪਰਿੰਦੇ'

ਚੰਡੀਗੜ੍ਹ: ਭਾਰਤੀ ਮੀਡੀਆ ਭਾਰਤੀ ਰਾਸ਼ਟਰਵਾਦ ਦੇ ਨਕਾਬ ਹੇਠ ਲਗਾਤਾਰ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਾ ਰਿਹਾ ਹੈ ਤੇ ਇਸੇ ਮਾਨਸਿਕਤਾ ਅਧੀਨ ਹਿੰਦੁਤਵ ਦੇ ਸਭ ਤੋਂ ਨੇੜਲੇ ਚੈਨਲਾਂ ਚੋਂ ਇਕ ਜਾਣੇ ਜਾਂਦੇ 'ਜ਼ੀ ਮੀਡੀਆ' ਵੱਲੋਂ ਨਾਭਾ ਜੇਲ੍ਹ ਬਰੇਕ ਸਬੰਧੀ ਇਕ ਫਿਲਮ ਬਣਾਈ ਗਈ ਹੈ ਜੋ 28 ਫਰਵਰੀ ਨੂੰ ਜਾਰੀ ਕੀਤੀ ਜਾਵੇਗੀ। 

ਇਸ ਫਿਲਮ ਦਾ ਨਾਂ "ਆਪਰੇਸ਼ਨ ਪਰਿੰਦੇ' ਰੱਖਿਆ ਗਿਆ ਹੈ। ਫਿਲਮ ਦੇ ਟ੍ਰੇਲਰ ਤੋਂ ਸਾਫ ਹੁੰਦਾ ਹੈ ਕਿ ਇਸ ਫਿਲਮ ਦਾ ਮੁੱਖ ਧੁਰਾ ਸਿੱਖ ਜੁਝਾਰੂ ਆਗੂ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਸਾਬਕਾ ਮੁਖੀ ਭਾਈ ਹਰਮਿੰਦਰ ਸਿੰਘ ਮਿੰਟੂ ਹਨ। ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਦਰਸਾਉਂਦੇ ਕਿਰਦਾਰ ਨੂੰ ਇਸ ਫਿਲਮ ਵਿਚ ਇਕ ਖਤਰਨਾਕ ਅੱਤਵਾਦੀ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। 

ਫਿਲਮ ਦਾ ਟ੍ਰੇਲਰ ਦਰਸਾਉਂਦਾ ਹੈ ਕਿ ਫਿਲਮ ਵਿਚ ਅੰਮ੍ਰਿਤਧਾਰੀ ਸਿੱਖ ਪਛਾਣ ਅਤੇ ਸਿੱਖ ਹੱਕਾਂ ਲਈ ਲੜੇ ਜਾ ਰਹੇ ਸਿੱਖ ਸੰਘਰਸ਼ ਨੂੰ ਅੱਤਵਾਦ ਵਜੋਂ ਪੇਸ਼ ਕਰਨ ਲਈ ਪੂਰਾ ਜ਼ੋਰ ਲਾਇਆ ਗਿਆ ਹੈ। 

ਜ਼ਿਕਰਯੋਗ ਹੈ ਕਿ 1984 ਵਿਚ ਦਰਬਾਰ ਸਾਹਿਬ ਸਮੇਤ ਪੂਰੇ ਪੰਜਾਬ ਵਿਚ ਭਾਰਤ ਸਰਕਾਰ ਵੱਲੋਂ ਕੀਤੇ ਫੌਜੀ ਹਮਲੇ ਅਤੇ ਦਿੱਲੀ ਤੇ ਹੋਰ ਭਾਰਤੀ ਸ਼ਹਿਰਾਂ ਵਿਚ ਹੋਏ ਸਿੱਖ ਕਤਲੇਆਮ ਮਗਰੋਂ ਸਿੱਖਾਂ ਨੇ ਭਾਰਤ ਤੋਂ ਅਜ਼ਾਦੀ ਲਈ ਸਵੈ ਰੱਖਿਆ ਦੇ ਹੱਕ ਵਜੋਂ ਹਥਿਆਰਬੰਦ ਸੰਘਰਸ਼ ਸ਼ੁਰੂ ਕੀਤਾ ਸੀ ਤੇ ਸਿੱਖ ਅੱਜ ਵੀ ਭਾਰਤ ਤੋਂ ਅਜ਼ਾਦੀ ਲਈ ਵੱਖ-ਵੱਖ ਢੰਗਾਂ ਨਾਲ ਸੰਘਰਸ਼ ਕਰ ਰਹੇ ਹਨ। 

ਹਰ ਸਾਲ ਭਾਰਤ ਸਰਕਾਰ ਵੱਲੋਂ ਦੇਸ਼ ਧ੍ਰੋਹ ਅਤੇ ਯੂਏਪੀਏ ਵਰਗੇ ਕਾਲੇ ਕਾਨੂੰਨਾਂ ਅਧੀਨ ਦਰਜਨਾਂ ਸਿੱਖਾਂ ਨੂੰ ਜੇਲ੍ਹਾਂ ਵਿਚ ਬੰਦ ਕੀਤਾ ਜਾਂਦਾ ਹੈ। ਪਿਛਲੇ ਸਾਲਾਂ 'ਚ ਹਿੰਦੁਤਵੀ ਰਾਜਨੀਤੀ ਕਰਦੇ ਅਤੇ ਆਰ.ਐਸ.ਐਸ ਨਾਲ ਸਬੰਧਿਤ ਕਈ ਅਹਿਮ ਆਗੂਆਂ ਦੇ ਕਤਲ ਵੀ ਹੋਏ ਹਨ, ਜਿਹਨਾਂ ਮਾਮਲਿਆਂ 'ਚ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਿਦੇਸ਼ਾਂ ਵਿਚੋਂ ਸਿੱਖ ਰੈਫਰੈਂਡਮ ਦੀ ਮੁਹਿੰਮ ਤੇਜ ਹੋ ਰਹੀ ਹੈ। ਅਮਰੀਕਾ ਦੇ ਗੁਰਦੁਆਰਾ ਸਾਹਿਬਾਨ ਵਿਚ ਭਾਰਤੀ ਸਰਕਾਰੀ ਨੁਮਾਂਇੰਦਿਆਂ ਦੀਆਂ ਤਕਰੀਰਾਂ 'ਤੇ ਪਾਬੰਦੀ ਲਾਈ ਗਈ ਹੈ। ਇਸ ਤਰ੍ਹਾਂ ਸਿੱਖਾਂ ਅਤੇ ਭਾਰਤੀ ਸਟੇਟ ਦਰਮਿਆਨ ਰਾਜਨੀਤਕ ਲੜ੍ਹਾਈ ਤੱਤੇ-ਠੰਡੇ ਮਾਹੌਲ 'ਚ ਜਾਰੀ ਹੈ। ਪਰ ਦੋ ਧਿਰਾਂ ਦੀ ਰਾਜਨੀਤਕ ਲੜ੍ਹਾਈ ਨੂੰ ਅੱਤਵਾਦ ਵਜੋਂ ਪੇਸ਼ ਕਰਨ 'ਤੇ ਸਵਾਲ ਖੜ੍ਹੇ ਹੋਣੇ ਲਾਜ਼ਮੀ ਹਨ।

ਭਾਈ ਹਰਮਿੰਦਰ ਸਿੰਘ ਮਿੰਟੂ ਦੇ ਕੇਸ ਲੜ੍ਹਦੇ ਰਹੇ ਵਕੀਲ ਜਸਪਾਲ ਸਿੰਘ ਮੰਝਪੁਰ ਦੇ ਦੱਸਣ ਮੁਤਾਬਕ 18 ਅਪ੍ਰੈਲ 2018 ਨੂੰ ਜਦੋਂ ਭਾਈ ਮਿੰਟੂ ਦੀ ਮੌਤ ਭਾਰਤੀ ਹਿਰਾਸਤ ਵਿਚ ਹੋਈ, ਉਸ ਸਮੇਂ ਤਕ ਉਹਨਾਂ ਖਿਲਾਫ ਭਾਰਤੀ ਸੁਰੱਖਿਆ ਏਜੰਸੀਆਂ ਵੱਲੋਂ ਪਾਏ ਕਿਸੇ ਮਾਮਲੇ 'ਚ ਉਹ ਦੋਸ਼ੀ ਸਾਬਤ ਨਹੀਂ ਹੋਏ ਸਨ, ਬਲਕਿ ਕਈ ਮਾਮਲਿਆਂ ਵਿਚ ਉਹਨਾਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਸੀ। 

ਜ਼ਿਕਰਯੋਗ ਹੈ ਕਿ ਸਾਲ 2016 ਦੇ ਨਵੰਬਰ ਮਹੀਨੇ ਸਖਤ ਪਹਿਰੇ ਹੇਠ ਰਹਿੰਦੀ ਨਾਭਾ ਜੇਲ੍ਹ ਵਿਚੋਂ ਭਾਈ ਹਰਮਿੰਦਰ ਸਿੰਘ ਮਿੰਟੂ ਕੁਝ ਹੋਰ ਕੈਦੀਆਂ ਸਣੇ ਫਰਾਰ ਹੋ ਗਏ ਸਨ। ਪਰ ਇਸ ਫਰਾਰੀ ਤੋਂ 24 ਘੰਟਿਆਂ ਬਾਅਦ ਹੀ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ।