ਹਿੰਸਾ ਫੈਲਾਉਣ ਦੇ ਦੋਸ਼ੀ ਸਿੱਧੂ ਮੂਸੇਵਾਲੇ ਨੂੰ ਹਥਿਆਰ ਚਲਾਉਣ ਦੀ ਟ੍ਰੇਨਿੰਗ ਦਿੰਦੀ ਫੜੀ ਗਈ ਪੰਜਾਬ ਪੁਲਸ

ਅੰਮ੍ਰਿਤਸਰ ਟਾਈਮਜ਼ ਬਿਊਰੋ
1 ਫਰਵਰੀ ਨੂੰ ਪੰਜਾਬ ਪੁਲਸ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ 'ਤੇ ਹਿੰਸਾ ਫੈਲਾਉਣ ਦੇ ਦੋਸ਼ਾਂ ਅਧੀਨ ਨਾਮਜ਼ਦ ਕੀਤੇ ਗਏ ਗਾਇਕ ਸਿੱਧੂ ਮੂਸੇਵਾਲਾ ਦੀ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਕੁੱਝ ਪੁਲਸ ਵਰਦੀ ਵਾਲੇ ਮੁਲਾਜ਼ਮ ਉਸਨੂੰ ਪਾਬੰਦੀਸ਼ੁਦਾ ਏ.ਕੇ 47 ਚਲਾਉਣ ਦੀ ਸਿਖਲਾਈ ਦੇ ਰਹੇ ਹਨ।

ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਨੇ ਪੰਜਾਬ ਦੇ ਲੋਕਾਂ ਦੇ ਹਥਿਆਰਾਂ ਨਾਲ ਪਿਆਰ ਨੂੰ ਵਰਤਦਿਆਂ ਆਪਣੇ ਗੀਤਾਂ ਵਿਚ ਅਸਲੇ ਦੀ ਬਹੁਤ ਚਰਚਾ ਕੀਤੀ ਜਿਸ ਤੋਂ ਤੰਗ ਆਈ ਪੰਜਾਬ ਸਰਕਾਰ ਨੇ ਉਸ ਖਿਲਾਫ ਲੋਕਾਂ ਅੰਦਰ ਹਥਿਆਰ ਰੱਖਣ ਦੇ ਸ਼ੌਂਕ ਨੂੰ ਉਤਸ਼ਾਹਿਤ ਕਰਨ ਲਈ ਹਿੰਸਾ ਫੈਲਾਉਣ ਦੇ ਦੋਸ਼ ਅਧੀਨ ਮਾਮਲਾ ਦਰਜ ਕੀਤਾ ਸੀ। ਇਹ ਮਾਮਲਾ 1 ਫਰਵਰੀ ਨੂੰ ਦਰਜ ਕੀਤਾ ਗਿਆ ਸੀ। ਪਰ ਮਾਰਚ ਪਹੁੰਚਦਿਆਂ ਤਕ ਸਿੱਧੂ ਮੂਸੇਵਾਲਾ 'ਲੋਕ ਗਾਇਕ' ਤੋਂ 'ਪੁਲਸੀਆ ਗਾਇਕ' ਦਾ ਨਾਂ ਹਾਸਲ ਕਰ ਗਿਆ ਜਦੋਂ ਸਿੱਧੂ ਮੂਸੇਵਾਲੇ ਨੇ ਸਰਕਾਰੀ ਅਮਲੇ ਵੱਲੋਂ ਕੋਰੋਨਾਵਾਇਰਸ ਦਾ ਭਾਂਡਾ ਇਕ ਆਮ ਪੇਂਡੂ ਬੰਦੇ ਬਲਦੇਵ ਸਿੰਘ ਪਠਲਾਵਾ ਸਿਰ ਭੰਨਣ ਦੀ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਗੀਤ ਗਾਇਆ। ਇਸ ਗੀਤ ਨੂੰ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਵੀ ਸਾਂਝਾ ਕੀਤਾ ਸੀ, ਪਰ ਬਾਅਦ ਵਿਚ ਇਸ ਸਾਜਿਸ਼ ਦੇ ਬੇਨਕਾਬ ਹੋਣ 'ਤੇ ਡੀਜੀਪੀ ਨੇ ਉਸ ਗੀਤ ਨੂੰ ਆਪਣੇ ਸੋਸ਼ਲ ਮੀਡੀਆ ਖਾਤੇ ਤੋਂ ਹਟਾ ਦਿੱਤਾ ਸੀ। ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਪੰਜਾਬ ਪੁਲਸ ਵੱਲੋਂ ਚਲਾਈ 'ਮੈਂ ਵੀ ਹਰਜੀਤ ਸਿੰਘ' ਮੁਹਿੰਮ ਨੂੰ ਉਤਸ਼ਾਹਿਤ ਕਰਦਾ ਨਜ਼ਰ ਆਇਆ ਸੀ।

ਹਿੰਸਾ ਫੈਲਾਉਣ ਦੇ ਦੋਸ਼ੀ ਤੋਂ ਪੁਲਸ 'ਬਰੈਂਡ ਅੰਬੈਸਡਰ' ਬਣਨ ਦੀਆਂ ਗੱਲਾਂ ਨੂੰ ਅੱਜ ਉਸ ਸਮੇਂ ਹੋਰ ਤਾਕਤ ਮਿਲੀ ਜਦੋਂ ਸਿੱਧੂ ਮੂਸੇਵਾਲੇ ਦੀ ਇਹ ਵੀਡੀਓ ਸਾਹਮਣੇ ਆਈ ਹੈ। ਸੋਸ਼ਲ ਮੀਡੀਆ 'ਤੇ ਇਸ ਬਾਰੇ ਲੋਕਾਂ ਦੀਆਂ ਵੱਖ-ਵੱਖ ਟਿੱਪਣੀਆਂ ਸਾਹਮਣੇ ਆ ਰਹੀਆਂ ਹਨ। ਲੋਕ ਇਸ ਨੂੰ ਗੈਰ-ਕਾਨੂੰਨੀ ਦਸਦਿਆਂ ਕਾਰਵਾਈ ਦੀ ਮੰਗ ਵੀ ਕਰ ਰਹੇ ਹਨ। ਕੁੱਝ ਲੋਕ ਸਿੱਧੂ ਮੂਸੇਵਾਲਾ ਲਈ 'ਸਰਕਾਰੀ ਟਾਊਟ' ਵਰਗੇ ਸ਼ਬਦ ਵਰਤਦੇ ਦੇਖੇ ਗਏ। ਫਿਲਹਾਲ ਇਸ ਮਾਮਲੇ 'ਤੇ ਪੰਜਾਬ ਪੁਲਸ ਦੇ ਡੀਜੀਪੀ ਅਤੇ ਮੁੱਖ ਮੰਤਰੀ ਦੇ ਬਿਆਨ ਦੀ ਉਡੀਕ ਕੀਤੀ ਜਾ ਰਹੀ ਹੈ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।