ਦਲਿਤ ਤੇ ਕਿਸਾਨ ਹਕਾਂ ਲਈ ਜੂਝਣ ਵਾਲੀ ਨੋਦੀਪ  ਉਪਰ ਪੁਲੀਸ ਤਸ਼ਤਦ : ਬਲਵਿੰਦਰ ਪਾਲ ਸਿੰਘ ਪ੍ਰੋਫੈਸਰ

ਦਲਿਤ ਤੇ ਕਿਸਾਨ ਹਕਾਂ ਲਈ ਜੂਝਣ ਵਾਲੀ ਨੋਦੀਪ  ਉਪਰ ਪੁਲੀਸ ਤਸ਼ਤਦ : ਬਲਵਿੰਦਰ ਪਾਲ ਸਿੰਘ ਪ੍ਰੋਫੈਸਰ

*ਕਿਸਾਨ ਮੋਰਚੇ ਕੋਲੋਂ ਪੁਲਿਸ ਨੇ ਨੌਦੀਪ ਨੂੰ ਜਕੜਿਆ ਅਤੇ ਫੈਕਟਰੀ “ਗੁੰਡਿਆਂ” ਨੇ  ਕੁੱਟਿਆ  *ਪੁਲਿਸ  ਹਿਰਾਸਤ ਵਿਚ ਗੁਪਤ ਅੰਗਾ ਤੇ ਸੱਟਾਂ ਮਾਰੀਆਂ…

* ਕੇਂਦਰੀ ਸਿੰਘ ਸਭਾ ਵੱਲੋਂ ਨੋਦੀਪ ਕੌਰ ਨੂੰ ਕਾਨੂੰਨੀ/ਮਾਇਕ ਸਹਾਇਤਾ ਦਾ ਐਲਾਨ                                            * ਯੂ.ਐਸ.ਏ ਦੀ ਵਾਇਸ ਪ੍ਰੈਜੀਡੈਂਟ ਕਮਲਾ ਹੈਰਿਸ ਦੀ ਭਾਣਜੀ , ਵਕੀਲ,  ਮੀਨਾ ਹੈਰਿਸ ਵਲੋਂ ਨੌਦੀਪ ਦੀ ਰਿਹਾਈ ਦੀ   ਮੰਗ

ਦਲਿਤ ਹੋਣਾ ਆਪਣੇ ਆਪ ਵਿਚ ਦੁਖਾਂਤ ਹੈ।  ਹੁਣ ਵੀ ਭਾਰਤੀ ਸਮਾਜ ਵਿਚ  ਦਲਿਤ ਭਾਈਚਾਰੇ ਦਾ ਸਤਿਕਾਰ ਨਹੀਂ।  ਵਰਨ ਆਸ਼ਰਮ ਦੀ ਰੀਤ ਚਲ ਰਹੀ ਹੈ , ਕਿਉਕਿ ਸੰਵਿਧਾਨ ਦਾ ਸਤਿਕਾਰ ਨਹੀਂ। ਇਸ ਘਟਨਾ ਬਾਰੇ ਕਿਸਾਨ ਨੇਤਾ ਚੁਪ ਹਨ । ਸਿਰਫ ਸਿਖ ਇਸ ਕਰਕੇ ਆਵਾਜ਼ ਉਠਾ ਰਹੇ ਹਨ ਕਿ ਦਲਿਤ ਸਾਡੇ ਆਪਣੇ ਹਨ। ਦਲਿਤ ਭਾਈਚਾਰਾ ਗੁਰੂ ਸਾਹਿਬਾਨ ਨੇ ਆਪਣੀ ਹਿਕ ਨਾਲ ਲਗਾਇਆ ਹੈ।  ਸਿਖ ਮਨੁੱਖਤਾ ਪਖੀ ਤੇ ਸਾਂਝੀਵਾਲਤਾ ਵਿਚ ਯਕੀਨ ਕਰਦੇ ਹਨ। ਲਗਾਤਾਰ ਸਿਖ ਭਾਈਚਾਰੇ ਵਿਚ ਤਬਦੀਲੀ ਵਾਪਰ ਰਹੀ ਹੈ , ਦਲਿਤਾਂ ਦੇ ਹਕਾਂ ਤੇ ਇਨਸਾਫ ਦਿਵਾਉਣ ਪ੍ਰਤੀ। ਬੀਤੇ ਦਿਨੀਂਂ ਕਿਸਾਨਾਂਂ  ਤੇ ਮਜ਼ਦੂਰਾਂ ਦੇ ਹਕ ਵਿਚ ਜੂਝਣ ਵਾਲੀ ਕਿਸਾਨ ਮੋੋੋਰਚੇ ਵਿਚੋਂ ਗਿ੍ਫਤਾਰ ਨੌਦੀਪ ਦੇ ਹਕ ਵਿਚ ਸਿਖ ਭਾਈਚਾਰਾ ਸ਼ੋਸ਼ਲ ਮੀਡੀਆ ਤੇ ਜਮੀਨੀ ,ਕਨੂੰਨੀ ਸੰਘਰਸ਼ ਲਈ ਡਟ ਗਿਆ ਹੈ ।  

ਮੁਕਤਸਰ ਜ਼ਿਲ੍ਹੇ ਦੀ ਦਲਿਤ ਪਰਿਵਾਰ ਨਾਲ ਸੰਬੰਧ  ਰਖਦੀ  23 ਸਾਲਾਂ ਨੋਦੀਪ ਕੌਰ  ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਵਿੱਚ ਸ਼ਾਮਲ ਹੋਈ ਸੀ। ਉਸ ਨੂੰ 12 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ, 26 ਜਨਵਰੀ ਤੋਂ ਦੋ ਹਫ਼ਤੇ ਪਹਿਲਾਂ। ਨੋਦੀਪ ਨੂੰ ਦੋ ਵਾਰ ਜ਼ਮਾਨਤ ਦੇਣ ਤੋਂ ਇਨਕਾਰ ਕੀਤਾ ਗਿਆ , ਕਿਉਂਕਿ ਉਸ ਵਿਰੁੱਧ ਧਾਰਾ 307 ਭਾਵ ਕਿ ਕਤਲ ਦੀ ਕੋਸ਼ਿਸ਼ ਸਮੇਤ ਕਈ ਹੋਰ ਦੋਸ਼ ਲਗਾਏ ਗਏ ਹਨ। ਅਗਲੀ ਜ਼ਮਾਨਤ ਦੀ ਸੁਣਵਾਈ 8 ਫਰਵਰੀ ਨੂੰ ਹੈ। ਨੋਦੀਪ ਕੌਰ ਨੇ ਕੁਝ ਸਾਲ ਪਹਿਲਾਂ ਬਾਰ੍ਹਵੀਂ ਜਮਾਤ ਪਾਸ ਕੀਤੀ ਸੀ ਅਤੇ ਇੱਕ ਫੈਕਟਰੀ ਵਿੱਚ ਵਰਕਰ ਵਜੋਂ ਨੌਕਰ ਹੋਈ ਸੀ । ਕੁਝ ਮਹੀਨੇ ਪਹਿਲਾਂ ਉਹ ਕਿਸਾਨਾਂ ਦੇ ਅੰਦੋਲਨ ਵਿਚ ਸ਼ਾਮਲ ਹੋਈ ਤੇ ਨਾਲ ਹੀ ਉਸਨੇ ਕੁੰਡਲੀ ਵਿਚ ਐਫਆਈਈਐਮ ਇੰਡਸਟਰੀਜ਼ ਨਾਮਕ ਇਕ ਬਲਬ ਬਣਾਉਣ ਵਾਲੀ ਫੈਕਟਰੀ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। 

ਨੋਦੀਪ ਦੇ ਮਾਤਾ ਪਿਤਾ ਮੁਕਤਸਰ ਦੀ ਪੰਜਾਬ ਖੇਤ-ਮਜਦੂਰ ਯੂਨੀਅਨ ਨਾਲ ਜੁੜੇ ਹੋਏ ਹਨ ਤੇ ਉਸਦੀ ਵੱਡੀ ਭੈਣ ਰਾਜਵੀਰ ਕੌਰ ਦਿੱਲੀ ਯੂਨੀਵਰਸਿਟੀ ਦੀ ਇੱਕ ਵਿਦਿਆਰਥੀ ਕਾਰਕੁਨ ਹੈ ਤੇ ਭਗਤ ਸਿੰਘ ਸਟੂਡੈਂਟਸ ਫਰੰਟ ਨਾਲ ਜੁੜੀ ਹੋਈ ਹੈ। ਨੋਦੀਪ ਵੀ ਮਜ਼ਦੂਰ ਅਧਿਕਾਰ ਸੰਗਠਨ ਨਾਲ ਕੁੰਡਲੀ ਵਿਚ ਮਜ਼ਦੂਰਾਂ ਅਤੇ ਕਿਸਾਨਾਂ ਦੀ ਇਕ ਯੂਨੀਅਨ ਵਿਚ ਸ਼ਾਮਲ ਹੋਈ। ਨੋਦੀਪ ਦੀ ਮਾਂ ਸਵਰਨਜੀਤ ਕੌਰ ਨੇ ਦਸਿਆ , “ਅਸੀਂ ਆਰਥਿਕ ਤੌਰ 'ਤੇ ਪਛੜੇ ਹੋਏ ਹਾਂ। ਇਸ ਲਈ ਉਹ ਕੁੰਡਲੀ ਵਿਖੇ ਫੈਕਟਰੀ ਵਿਚ ਕੰਮ ਕਰਨ ਲੱਗ ਗਈ। ਉਹ ਚੱਲ ਰਹੀ ਕਿਸਾਨੀ ਲਹਿਰ ਵਿਚ ਸਰਗਰਮ ਸੀ। ”

ਹੋਇਆ ਕੀ? 

ਸਿੰਘੂ ਸਰਹੱਦ ਅਤੇ ਕੁੰਡਲੀ ਸਰਹੱਦ  'ਤੇ, ਨੋਦੀਪ ਨੇ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਇਕੱਠੇ ਕਰਕੇ ਅਗਵਾਈ ਕੀਤੀ। ਰਾਜਵੀਰ ਦੇ ਅਨੁਸਾਰ, ਨੋਦੀਪ ਨੇ ਹਰਿਆਣਾ ਪ੍ਰਸ਼ਾਸਨ ਅਤੇ ਕੁੰਡਲੀ ਉਦਯੋਗਿਕ ਐਸੋਸੀਏਸ਼ਨ (ਕੇਆਈਏ) ਵਿਰੁਧ ਮਜ਼ਦੂਰਾਂ ਦੇ ਹਕ ਵਿਚ ਸੰਘਰਸ਼ ਵਿਢ ਕੇ ਫੈਕਟਰੀ ਮਾਲਕ ਨੂੰ ਮੁਸ਼ਕਲ ਵਿਚ ਪਾਇਆ ਸੀ। ਰਾਜਵੀਰ ਨੇ ਕਿਹਾ, “ਮੇਰੀ ਭੈਣ ਅਤੇ ਉਸ ਦੀ ਸੰਸਥਾ ਲੰਬੇ ਸਮੇਂ ਤੋਂ ਕੁੰਡਲੀ ਵਿਖੇ ਇੰਡਸਟਰੀ ਐਸੋਸੀਏਸ਼ਨ ਨਾਲ ਜੂਝ ਰਹੀ ਸੀ। "ਉਸਨੇ ਅਦਾਇਗੀ ਬਕਾਏ, ਇਸਤਰੀ ਮਜ਼ਦੂਰਾਂ ਦੇ ਸ਼ੋਸ਼ਣ ਅਤੇ ਮਜ਼ਦੂਰਾਂ ਦੇ ਸ਼ੋਸ਼ਣ ਦੇ ਮੁਦਿਆਂ ਨੂੰ ਉਠਾਇਆ।"

ਰਾਜਵੀਰ ਨੇ ਦੱਸਿਆ ਕਿ ਕਿਉਆਰਟੀ ਨੇ ਕੁੰਡਲੀ ਦੇ ਕਿਸਾਨਾਂ ਅਤੇ ਫੈਕਟਰੀ ਮਜ਼ਦੂਰਾਂ ਦੀ ਏਕਤਾ ਨੂੰ ਵੀ ਨਿਸ਼ਾਨਾ ਬਣਾਇਆ। ਜਦੋਂ ਕੁਝ ਮਜ਼ਦੂਰ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਲੱਗੇ ਤਾਂ ਫੈਕਟਰੀ ਮਾਲਕਾਂ ਨੇ ਉਨ੍ਹਾਂ ਨੂੰ ਨੌਕਰੀ ਤੋਂ ਕੱਢਣ ਦੀ ਧਮਕੀ ਦਿੱਤੀ। ਨੋਦੀਪ ਅਤੇ ਰਾਜਵੀਰ ਦੀ ਦੋਸਤ ਸੰਗੀਤਾ, ਜੋ ਕਿ ਦਿੱਲੀ ਯੂਨੀਵਰਸਿਟੀ ਦੇ ਭਗਤ ਸਿੰਘ ਸਟੂਡੈਂਟਸ ਫਰੰਟ ਨਾਲ ਜੁੜੀ ਹੈ, ਦਾ ਕਹਿਣਾ ਹੈ  ਕਿ ਉਸ ਦੀ ਸਰਗਰਮੀ ਕਾਰਨ, ਨੋਦੀਪ ਨੂੰ ਐਫਆਈਐਮ ਇੰਡਸਟਰੀਜ਼ ਤੋਂ ਕੱਢ ਦਿੱਤਾ ਗਿਆ ਸੀ । ਉਸਨੇ ਉਥੇ ਚਾਰ ਮਹੀਨਿਆਂ ਤੋਂ ਕੰਮ ਕੀਤਾ ਸੀ। 2 ਜਨਵਰੀ ਨੂੰ, ਜਦੋਂ ਐਮਏਐਸ ਵਰਕਰਾਂ ਨੇ ਆਪਣੀ ਬਣਦੀ ਤਨਖਾਹ ਦੀ ਮੰਗ ਕਰਦਿਆਂ ਉਦਯੋਗ ਸੰਗਠਨ ਦਾ ਦੌਰਾ ਕੀਤਾ, ਤਾਂ ਕੇਆਈਏ ਦੇ ਕਿਉਆਰਟੀ ਨੇ ਉਨ੍ਹਾਂ 'ਤੇ ਗੋਲੀਆਂ ਚਲਾਈਆਂ। ਇਸ ਤੋਂ ਬਾਅਦ ਮਜ਼ਦੂਰ ਯੂਨੀਅਨ ਕੁੰਡਲੀ ਥਾਣੇ ਵਿਖੇ ਐਸੋਸੀਏਸ਼ਨ ਖ਼ਿਲਾਫ਼ ਕੇਸ ਦਰਜ ਕਰਾਉਣ ਗਈ। ਰਾਜਵੀਰ ਨੇ ਕਿਹਾ ਕਿ ਪੁਲਿਸ ਨੇ ਐਫਆਈਆਰ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ।

 -  ਰਾਜਦੀਪ ਨੇ  ਦੱਸਿਆ ਕਿ 12 ਜਨਵਰੀ ਨੂੰ  ਪੁਲਿਸ ਨੇ ਨੌਦੀਪ ਨੂੰ ਜਕੜ ਲਿਆ ਅਤੇ “ਕੇਆਈਏ ਦੇ ਗੁੰਡਿਆਂ” ਨੇ  ਉਸਨੂੰ ਬੁਰੀ ਤਰ੍ਹਾਂ ਕੁੱਟਿਆ। ਉਸਨੂੰ ਐਮਏਐਸ ਤੰਬੂ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਜੋ ਸਿੰਘੂ ਸਰਹੱਦ ਤੇ ਸਥਾਪਿਤ ਕੀਤਾ ਗਿਆ ਸੀ ਅਤੇ ਕਰਨਾਲ ਥਾਣੇ ਲਿਜਾਇਆ ਗਿਆ।

ਹਵਾਲਾਤ ਵਿੱਚ ਕੁੱਟਿਆ !

ਨੋਦੀਪ ਦੇ ਵਕੀਲ ਜਿਤੇਂਦਰ ਕੁਮਾਰ ਦੇ ਅਨੁਸਾਰ, ਨੋਦੀਪ ਦੀ ਮੈਡੀਕਲ ਜਾਂਚ ਉਸ ਤੋਂ ਬਾਅਦ ਕੀਤੀ ਗਈ ਜਦੋਂ ਉਸ ਨੂੰ ਹਰਿਆਣਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਮੈਡੀਕਲ ਰਿਪੋਰਟ ਦੇ ਅਨੁਸਾਰ ਉਸ ਦੇ ਸਰੀਰ ਅਤੇ ਗੁਪਤ ਅੰਗਾਂ ਉੱਤੇ ਜ਼ਖਮ ਹਨ। ਵਕੀਲ ਜਿਤੇਂਦਰ ਕੁਮਾਰ ਨੇ ਦੋਸ਼ ਲਗਾਇਆ ਕਿ “ਇਹ ਤੱਥ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਪੁਲਿਸ ਹਿਰਾਸਤ ਵਿੱਚ ਨੋਦੀਪ ਦਾ ਯੌਨ ਸ਼ੋਸ਼ਣ ਹੋਇਆ ਸੀ।

 ਇਸ ਵੇਲੇ ਨੌਦੀਪ ਕੌਰ ਦੇ ਖਿਲਾਫ ਤਿੰਨ ਐਫਆਈਆਰ ਦਰਜ ਹਨ। ਉਸ ਉੱਤੇ ਭਾਰਤੀ ਦੰਡਾਵਲੀ ਤਹਿਤ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ, ਜਿਸ ਵਿੱਚ ਇੱਕ ਮਾਰੂ ਹਥਿਆਰ ਰੱਖਣ, ਗੈਰਕਾਨੂੰਨੀ ਇਕੱਠ ਕਰਨ , ਹਥਿਆਰਬੰਦ ਹੋਣ ,  ਫੈਕਟਰੀ ਮਾਲਕ ਨੂੰ ਨੁਕਸਾਨ ਪਹੁੰਚਾਉਣ , ਜ਼ੁਲਮ ਕਰਨ, ਜਬਰੀ ਉਗਰਾਹੀ , ਅਪਰਾਧਕ ਧਮਕੀ ਅਤੇ ਕਤਲ ਦੀ ਕੋਸ਼ਿਸ਼ਾਂ ਸ਼ਾਮਲ ਹਨ। 

ਦੂਸਰੇ ਪਾਸੇ ਕੇਆਈਏ ਦੇ ਪ੍ਰਧਾਨ ਸੁਭਾਸ਼ ਗੁਪਤਾ ਨੇ ਕਿਹਾ ਕਿ ਕੌਰ ਕੁੰਡਲੀ ਵਿਚ ਕਦੇ ਕਿਸੇ ਵੀ ਫੈਕਟਰੀ ਵਿਚ ਕੰਮ ਨਹੀਂ ਕਰਦੀ ਸੀ। 

ਉਹ ਉਨ੍ਹਾਂ ਵਿਚੋਂ ਇਕ ਹੈ ਜਿਨ੍ਹਾਂ ਨੇ ਪਿਛਲੇ ਸਾਲ ਸ਼ਾਹੀਨ ਬਾਗ ਵਿਖੇ ਨਾਅਰੇਬਾਜ਼ੀ ਕੀਤੀ ਸੀ। ਗੁਪਤਾ ਦੇ ਅਨੁਸਾਰ, ਜਨਵਰੀ ਦੇ ਸ਼ੁਰੂਆਤੀ ਦਿਨਾਂ ਵਿੱਚ, ਕਾਮੇ ਫੈਕਟਰੀ ਮਾਲਕਾਂ ਨੂੰ ਧਮਕੀਆਂ ਦੇ ਰਹੇ ਸਨ। “… ਜਨਵਰੀ ਵਿੱਚ ਹੀ, ਲਾਲ ਝੰਡੇ ਵਾਲੇ ਕੁਝ ਲੋਕ ਸਾਡੇ ਕੰਪਲੈਕਸ ਵਿੱਚ ਆ ਗਏ , ਕੰਧਾਂ‘ ਤੇ ਚੜ੍ਹਨ ਤੇ ਨਾਅਰੇਬਾਜ਼ੀ ਕਰਨ ਲੱਗੇ। ਜੇ ਸਾਡੇ ਗਾਰਡਾਂ ਨੇ ਦਖਲ ਨਾ ਦਿੱਤਾ ਹੁੰਦਾ ਤਾਂ ਉਹ ਉਨ੍ਹਾਂ ਦੀਆਂ ਲਾਠੀਆਂ ਨਾਲ ਸਾਡਾ ਸਿਰ ਪੜਵਾ ਦਿੰਦੇ। 

ਨੋਦੀਪ ਦੀ ਹਿਰਾਸਤ 'ਚ ਤਸ਼ੱਦਦ' ਬਾਰੇ ਕਰਨਾਲ ਥਾਣੇ ਦੇ ਐਸ.ਐੱਚ.ਓ. ਨੇ ਗੱਲ ਕਰਨ ਤੋਂ ਇਨਕਾਰ ਕਰ ਦਿਤਾ। 

 

ਕੇਂਦਰੀ ਸਿੰਘ ਸਭਾ ਨੌਦੀਪ ਦੇ ਹਕ ਵਿਚ                                                                         

ਕੇਂਦਰੀ ਸਿੰਘ ਸਭਾ ਨਾਲ ਜੁੜ੍ਹੇ ਸਿੱਖ ਬੁੱਧੀਜੀਵੀਆਂ ਨੇ ਜੇਲ੍ਹ ਵਿੱਚ ਬੰਦ ਦਲਿਤ ਲੜਕੀ (23) ਨੌਦੀਪ ਕੌਰ ਨੂੰ ਕਾਨੂੰਨੀ ਅਤੇ ਮਾਇਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਕੈਂਪਸ ਵਿੱਚ ਇੱਕਠੇ ਹੋਏ ਸਿੱਖ ਵਿਚਾਰਵਾਨਾਂ ਨੇ ਹਰਿਆਣਾ ਪੁਲਿਸ ਵੱਲੋਂ ਕੁੰਡਲੀ (ਸੋਨੀਪਤ) ਦੇ ਏਰੀਏ ਵਿੱਚ ਫੈਕਟਰੀ ਮਾਲਕਾਂ ਦੀ ਧੱਕੇਸ਼ਾਹੀ ਵਿਰੁੱਧ 12 ਜਨਵਰੀ ਨੂੰ ਮੁਜ਼ਾਹਰਾ ਕਰਦੀ ਨੌਦੀਪ ਕੌਰ ਨੂੰ ਫੜ੍ਹਕੇ ਉਸ ਉੱਤੇ ਤਸੱਦਦ ਕਰਨਾ ਅਤੇ ਸੰਗੀਨ ਆਈ.ਪੀ.ਸੀ. ਧਾਰਾਵਾਂ ਲਗਾਕੇ, ਉਸਨੂੰ ਜੇਲ੍ਹ ਵਿੱਚ ਸੁੱਟਣ ਦੀ ਸਖਤ ਨਿਖੇਧੀ ਕੀਤੀ ਹੈ। 

ਪਿਛਲੇ ਸ਼ੁੱਕਰਵਾਰ ਨੂੰ ਅਮਰੀਕਾ ਦੀ ਵਕੀਲ, ਲੇਖਕ ਮੀਨਾ ਹੈਰਿਸ ਜਿਹੜੀ ਯੂ.ਐਸ.ਏ ਦੀ ਵਾਇਸ ਪ੍ਰੈਜੀਡੈਂਟ ਕਮਲਾ ਹੈਰਿਸ ਦੀ ਭਾਣਜੀ ਹੈ, ਨੇ ਆਪਣੇ ਟਵੀਟ ਰਾਹੀਂ ਨੌਦੀਪ ਦੀ ਰਿਹਾਈ ਦੀ ਮੰਗ ਕੀਤੀ ਹੈ। ਉਸਨੇ ਟਵੀਟ ਵਿੱਚ ਕਿਹਾ ਕਿ “ਨੌਦੀਪ ਉੱਤੇ ਪੁਲਿਸ ਨੇ ਗ੍ਰਿਫਤਾਰ ਕਰਕੇ ਤਸੱਦਦ ਕੀਤਾ, ਜਿਨਸੀ ਧੱਕਾ ਕੀਤਾ।“ ਜੇਲ੍ਹ ਵਿੱਚ ਬੰਦ ਨੌਦੀਪ ਦੀ ਜਮਾਨਤ ਦੀ ਦਰਖਾਸਤ ਸੈਸ਼ਨ ਕੋਰਟ ਨੇ ਰੱਦ ਕਰ ਦਿੱਤੀ ਹੈ। ਹੁਣ ਨੌਦੀਪ ਦੀ ਜਮਾਨਤ ਲਈ ਹਾਈ ਕੋਰਟ ਵਿੱਚ ਅਰਜੀ ਦਾਇਰ ਕਰਨ ਦੀ ਤਿਆਰੀ  ਕੀਤੀ  ਜਾ ਰਹੀ ਹੈ।

ਸਿੰਘ ਸਭਾ ਨੇ ਨੌਦੀਪ ਦੀ ਭੈਣ ਰਾਜਵੀਰ ਤੱਕ ਪੁਹੰਚ ਕਰਕੇ, ਪੀੜ੍ਹਤ ਪਰਿਵਾਰ ਨੂੰ ਹਰ ਸੰਭਵ ਮੱਦਦ ਕਰਨ ਦਾ ਵਾਅਦਾ ਕੀਤਾ। ਸਿੱਖ ਵਿਚਾਰਵਾਨਾਂ ਨੇ ਸਿੱਖ ਭਾਈਚਾਰੇ ਅਤੇ ਕਿਸਾਨ ਸੰਘਰਸ਼ ਦੇ ਲੀਡਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੀੜ੍ਹਤ ਨੂੰ ਪੁਲਿਸ ਧੱਕੇ ਅਤੇ ਬੇਇਨਸਾਫੀ ਵਿਰੁੱਧ ਲੜ੍ਹਨ ਵਿੱਚ ਹਰ ਸੰਭਵ ਮੱਦਦ ਕਰਨ।

ਇਸ ਵਿੱਚ ਸਾਮਿਲ ਸਨ ਪ੍ਰੋ. ਮਨਜੀਤ ਸਿੰਘ, ਸੀਨੀਅਰ ਪਤੱਰਕਾਰ ਜਸਪਾਲ ਸਿੰਘ ਸਿੱਧੂ ਅਤੇ ਸੁਖਦੇਵ ਸਿੰਘ,   ਡਾ. ਪਿਆਰੇ ਲਾਲ ਗਰਗ,  ਰਜਿੰਦਰ ਸਿੰਘ ਖਾਲਸਾ ਪੰਚਾਇਤ, ਅਤੇ ਆਰ.ਐਸ ਚੀਮਾ ਸੀਨੀਅਰ ਐਡਵੋਕਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਆਦਿ ਸ਼ਾਮਿਲ ਸਨ।

ਜਮਹੂਰੀ ਅਧਿਕਾਰ ਸਭਾ ਨੇ ਆਵਾਜ਼  ਉਠਾਈ                                                               

ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਮਜ਼ਦੂਰ ਕਾਰਕੁੰਨ ਨੌਦੀਪ ਕੌਰ ਨੂੰ ਹਰਿਆਣਾ ਪੁਲਿਸ ਵੱਲੋਂ ਝੂਠੇ ਕੇਸਾਂ ਤਹਿਤ ਗਿ੍ਰਫ਼ਤਾਰ ਕਰਨ ਅਤੇ ਹਿਰਾਸਤ ਵਿਚ ਉਸ ਉੱਪਰ ਜਿਨਸੀ ਤਸ਼ੱਦਦ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਨੌਦੀਪ ਕੌਰ ਮਜ਼ਦੂਰ ਹੱਕਾਂ ਲਈ ਜੂਝਣ ਵਾਲੀ ਵੀਰਾਂਗਣਾ ਹੈ, ਜਿਸ ਨੇ ਦਿੱਲੀ ਦੀਆਂ ਹੱਦਾਂ ਉੱਪਰ ਚੱਲ ਰਹੇ ਇਤਿਹਾਸਕ ਕਿਸਾਨ-ਮਜ਼ਦੂਰ ਸੰਘਰਸ਼ ਦੀ ਹਮਾਇਤ ’ਚ ਵੱਡੀ ਗਿਣਤੀ ’ਚ ਮਜ਼ਦੂਰਾਂ ਨੂੰ ਲਾਮਬੰਦ ਕਰਕੇ ਲੋਕ ਹਿਤਾਂ ਅਤੇ ਸਮਾਜਿਕ ਸਰੋਕਾਰਾਂ ਨਾਲ ਡੂੰਘੀ ਵਚਨਬੱਧਤਾ ਦਿਖਾਈ ਹੈ। ਉਸ ਵਿਰੁੱਧ ਇਰਾਦਾ ਕਤਲ ਵਰਗੀਆਂ ਸੰਗੀਨ ਧਾਰਾਵਾਂ ਲਗਾ ਕੇ ਅਤੇ ਜਿਨਸੀ ਹਮਲੇ ਰਾਹੀਂ ਉਸ ਉੱਪਰ ਜਿਨਸੀ ਤਸ਼ੱਦਦ ਨੂੰ ਮਿਸਾਲ ਬਣਾ ਕੇ ਹਰਿਆਣਾ ਸਰਕਾਰ ਕਿਰਤੀ ਲੋਕਾਂ ਦੇ ਜਥੇਬੰਦ ਸੰਘਰਸ਼ਾਂ ਨੂੰ ਦਹਿਸ਼ਤਜ਼ਦਾ ਕਰਨਾ ਚਾਹੁੰਦੀ ਹੈ।  ਲੋਕ ਹਿਤਾਂ ਲਈ ਮੌਜੂਦਾ ਇਤਿਹਾਸਕ ਸੰਘਰਸ਼ ਦੌਰਾਨ ਇਕ ਔਰਤ ਕਾਰਕੁੰਨ ਦੀ ਪੂਰੀ ਤਰ੍ਹਾਂ ਝੂਠੇ ਕੇਸਾਂ ਤਹਿਤ ਗਿ੍ਰਫ਼ਤਾਰੀ ਦਰਸਾਉਦੀ ਹੈ ਕਿ ਪੁਰਅਮਨ ਸੰਘਰਸ਼ਾਂ ਤੋਂ ਬੌਖਲਾਈ ਸੱਤਾ ਜਮਹੂਰੀ ਹੱਕ-ਜਤਾਈ ਨੂੰ ਦਬਾਉਣ ਲਈ ਕਿੰਨੀ ਹਿੰਸਕ ਹੋ ਚੁੱਕੀ ਹੈ। ਜਦਕਿ ਮਨੁੱਖੀ ਅਧਿਕਾਰ ਕਮਿਸ਼ਨ, ਮਹਿਲਾ ਕਮਿਸ਼ਨ ਅਤੇ ਦਲਿਤ ਕਮਿਸ਼ਨ ਤਮਾਸ਼ਬੀਨ ਬਣਕੇ ਪੁਲਿਸ ਦੀਆਂ ਇਹਨਾਂ ਮਨਮਾਨੀਆਂ ਪ੍ਰਤੀ ਅੱਖਾਂ ਬੰਦ ਕਰੀ ਬੈਠੇ ਹਨ।