ਗੁਰੂ  ਸਾਹਿਬਾਨ, ਸਿਖ ਭਾਈਚਾਰਾ ਤੇ ਮੁਸਲਮ ਸੰਬੰਧ਼, ਧਰਮ ਤੇ ਵਿਰਸਾ ;ਡਾਕਟਰ ਗੁਲਾਮ ਮਹੁੰਮਦ ਮੁਸਤਫਾ ਡੋਗਰ

ਧਰਮ ਤੇ ਵਿਰਸਾ : ਡਾਕਟਰ ਗੁਲਾਮ ਮਹੁੰਮਦ ਮੁਸਤਫਾ ਡੋਗਰ

ਗੁਰੂ ਨਾਨਕ ਦੇਵ ਜੀ ਮਨੁੱਖਤਾ ਦੇ ਸੱਚੇ ਰਹਿਬਰ ਹੋਏ ਹਨ। ਮੁਸਲਮਾਨ ਉਨ੍ਹਾਂ ਨੂੰ ਆਪਣਾ 'ਪੀਰ' ਸਮਝਦੇ ਹਨ ਅਤੇ ਉਨ੍ਹਾਂ ਨੂੰ 'ਬਾਬਾ ਨਾਨਕ' ਦੇ ਨਾਂ ਨਾਲ ਯਾਦ ਕਰਦੇ ਹਨ। ਆਪਣੇ ਜੀਵਨ ਦੀਆਂ ਚਾਰ ਮਹਾਨ ਇਤਿਹਾਸਕ ਉਦਾਸੀਆਂ ਦੌਰਾਨ ਉਨ੍ਹਾਂ ਨੇ ਲੱਗਪਗ 40,000 ਮੀਲ ਦਾ ਸਫ਼ਰ ਤੈਅ ਕਰਕੇ ਹਿੰਦੋਸਤਾਨ ਦੇ ਵੱਖ-ਵੱਖ ਹਿੱਸਿਆਂ ਅਤੇ ਕਈ ਬਾਹਰਲੇ ਦੇਸ਼ਾਂ ਵਿਚ ਜਾ ਕੇ ਉਨ੍ਹਾਂ ਨੇ ਲੋਕਾਂ ਨੂੰ ਵਹਿਮਾਂ-ਭਰਮਾਂ ਤੋਂ ਦੂਰ ਕੀਤਾ।

ਗੁਰੂ ਜੀ ਨੇ ਆਪਣੇ ਆਪ ਨੂੰ ਰਬ ਦਾ 'ਸੇਵਕ' ਕਿਹਾ ਹੈ। ਉਹ ਤਾਂ ਆਪਣੇ ਆਪ ਨੂੰ 'ਨੀਚ' ਅਤੇ 'ਅਤਿ ਨੀਚ' ਵੀ ਕਹਿੰਦੇ ਹਨ ਅਤੇ ਮਨੁੱਖਾਂ ਨੂੰ ਵੱਡਿਆਂ ਦੀ ਰੀਸ ਕਰਨ ਤੋਂ ਮਨ੍ਹਾਂ ਕਰਦੇ ਹਨ। ਉਹ ਹੱਥੀਂ ਮਿਹਨਤ-ਮੁਸ਼ੱਕਤ ਕਰਨ ਵਾਲੇ ਭਾਈ ਲਾਲੋ 'ਕਿਰਤੀ' ਦੇ ਘਰ ਜਾ ਕੇ ਕਈ ਕਈ ਦਿਨ ਰਹਿੰਦੇ ਸਨ ਅਤੇ ਉਸ ਦੀ ਸੱਚੀ-ਸੁੱਚੀ ਕਿਰਤ ਨਾਲ ਕਮਾਈ ਹੋਈ 'ਕੋਧਰੇ ਦੀ ਰੋਟੀ' ਖਾਂਦੇ ਸਨ। ਇਸ ਦੇ ਨਾਲ ਹੀ ਉਹ ਮਲਿਕ ਭਾਗੋ ਦੇ 'ਖੀਰ-ਪੂੜਿਆਂ' ਨੂੰ ਨਕਾਰਦਿਆਂ ਹੋਇਆਂ ਉਸ ਦੇ ਭੋਜਨ ਨੂੰ ਲੋਕਾਂ ਦੇ ਲਹੂ ਤੋਂ ਬਣਿਆ ਹੋਇਆ ਕਰਾਰ ਦਿੰਦੇ ਹਨ।

ਗੁਰੂ ਸਾਹਿਬ ਫ਼ਰਮਾਉਂਦੇ ਹਨ:

ਨੀਚਾ ਅੰਦਰਿ ਨੀਚ ਜਾਤਿ

ਨੀਚੀ ਹੂ ਅਤਿ ਨੀਚੁ ॥

ਨਾਨਕੁ ਤਿਨ ਕੈ ਸੰਗਿ ਸਾਥਿ

ਵੱਡਿਆ ਸਿਉ ਕਿਆ ਰੀਸ ॥

ਜਿਥੈ ਨੀਚ ਸਮਾਲੀਅਨਿ

ਤਿਥੈ ਨਦਰਿ ਤੇਰੀ ਬਖਸੀਸ॥

(ਸਿਰੀ ਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ : 15)

ਬਾਬਾ ਮਰਦਾਨਾ ਗੁਰੂ ਨਾਨਕ ਦੇਵ ਜੀ ਨਾਲੋਂ 10 ਸਾਲ ਵੱਡਾ ਸੀ ਅਤੇ ਉਹ ਲੱਗਪਗ 40 ਸਾਲ ਬਾਬਾ ਨਾਨਕ ਜੀ ਨਾਲ ਰਿਹਾ। ਬਾਬਾ ਨਾਨਕ ਵੀ ਉਸ ਨੂੰ ਆਪਣਾ 'ਅਤਿ-ਨੇੜਲਾ ਸਾਥੀ' ਮੰਨਦੇ ਸਨ। ਆਪਣੀਆਂ ਚਾਰ ਮਹਾਨ ਉਦਾਸੀਆਂ ਦੌਰਾਨ ਉਹ ਦੋਵੇਂ ਇਕੱਠੇ ਸਫ਼ਰ ਕਰਦੇ ਰਹੇ। ਨਨਕਾਣੇ ਤੋਂ ਲੈ ਕੇ ਉਹ ਜਿੱਥੇ ਵੀ ਗਏ, ਇਕੱਠੇ ਗਏ। ਉਹ ਨਾ ਕੇਵਲ ਪੂਰੇ ਹਿੰਦੋਸਤਾਨ ਵਿਚ ਹੀ ਗਏ, ਸਗੋਂ ਕਈ ਬਾਹਰਲੇ ਮੁਲਕਾਂ ਜਿਵੇਂ, ਚੀਨ, ਨਿਪਾਲ, ਅਫ਼ਗਾਨਿਸਤਾਨ ਅਤੇ ਕਈ ਸ਼ਹਿਰਾਂ ਤਾਸ਼ਕੰਦ, ਬਗ਼ਦਾਦ, ਮੱਕਾ, ਮਦੀਨਾ ਵਗ਼ੈਰਾ ਵੀ ਗਏ। ਇਹ ਗੱਲ ਸੋਚਣ ਵਾਲੀ ਹੈ ਕਿ ਏਨਾ ਲੰਮਾ ਅਰਸਾ ਉਨ੍ਹਾਂ ਨੇ ਇਕੱਠਿਆਂ ਸਫ਼ਰ ਕੀਤਾ ਅਤੇ ਜੰਗਲਾਂ, ਵੀਰਾਨਿਆਂ ਅਤੇ ਰੇਗਿਸਤਾਨ ਵਿਚ ਵੀ ਗਏ।  ਜ਼ਾਹਿਰ ਹੈ ਕਿ ਉਨ੍ਹਾਂ ਦਾ ਸਫ਼ਰ ਕੋਈ ਦਿਨਾਂ ਜਾਂ ਮਹੀਨਿਆਂ ਦਾ ਨਹੀਂ, ਸਗੋਂ ਇਹ ਤਾਂ ਕਈ ਸਾਲਾਂ ਦਾ ਸੀ। ਇਸ ਤਰਾਂ ਗੁਰੂ ਸਾਹਿਬ ਨੇ ਧਰਮ ਤੇ ਜਾਤੀ ਵਿਤਕਰੇ ਦੂਰ ਕੀਤੇ।

ਇਹ ਸਾਫ਼ ਜ਼ਾਹਰ ਹੈ ਕਿ ਛੂਤਛਾਤ ਦਾ ਇਹ ਦੌਰ ਮਨੂਵਾਦ ਤੋਂ ਸ਼ੁਰੂ ਹੋਇਆ। ਮਨੂਵਾਦੀਆਂ ਨੇ ਮੁਸਲਮਾਨਾਂ ਨੂੰ ਨੀਚ ਕਰਾਰ ਦਿੱਤਾ ਅਤੇ ਉਹ ਇਨ੍ਹਾਂ ਨੂੰ ਹੱਥ ਲਾਉਣਾ ਵੀ ਪਸੰਦ ਨਹੀਂ ਸਨ ਕਰਦੇ। ਸਾਡੇ ਬਜ਼ੁਰਗ ਸਾਨੂੰ ਦੱਸਿਆ ਕਰਦੇ ਸਨ ਕਿ ਜਦੋਂ ਕਦੇ ਉਹ ਸ਼ਹਿਰ ਜਾਂਦੇ ਸਨ ਅਤੇ ਉੱਥੇ ਉਨ੍ਹਾਂ ਨੂੰ ਜਦੋਂ ਪਿਆਸ ਲਗਦੀ ਸੀ ਤਾਂ ਹਲਵਾਈਆਂ ਦੀਆਂ ਦੁਕਾਨਾਂ 'ਤੇ ਜੋ ਮਨੂਵਾਦੀ ਲੋਕ ਬੈਠੇ ਹੁੰਦੇ ਸਨ ਅਤੇ ਜੇਕਰ ਉਨ੍ਹਾਂ ਕੋਲੋਂ ਪਾਣੀ ਜਾਂ ਲੱਸੀ ਮੰਗ ਲੈਣੀ ਤਾਂ ਉਹ ਇਸ ਨੂੰ ਇਕ ਲੋਹੇ ਦੀ ਲੰਮੀ ਨਾਲ਼ ਦੇ ਜ਼ਰੀਏ ਇਕ ਕੀਪ ਰਾਹੀਂ ਮੁਸਲਮਾਨਾਂ ਦੇ ਬਰਤਨ ਵਿਚ ਪਾ ਦਿੰਦੇ ਸਨ, ਯਾਨੀ ਕਿ ਉਹ ਮੁਸਲਮਾਨਾਂ ਦੇ ਬਰਤਨ ਨੂੰ ਵੀ ਹੱਥ ਨਹੀਂ ਸਨ ਲਗਾਉਂਦੇ।  'ਛੂਤਛਾਤ' ਦੀ ਇਹ ਬਿਮਾਰੀ ਮਨੂਵਾਦੀਆਂ ਵਲੋਂ ਹੀ ਸਿੱਖਾਂ ਵਿਚ ਆਈ। ਪ੍ਰੰਤੂ, ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਬਾਬਾ ਨਾਨਕ ਜੀ ਨੇ ਇੰਜ ਨਹੀਂ ਸੀ ਕੀਤਾ ਤਾਂ ਫਿਰ ਇਹ ਕੰਮ ਕਦੋਂ ਤੋਂ ਸ਼ੁਰੂ ਹੋਇਆ? ਇਸ ਬਾਰੇ ਨਿਸਚਿਤ ਤੌਰ 'ਤੇ ਕੁਝ ਵੀ ਕਹਿਣਾ ਸੰਭਵ ਨਹੀਂ ਹੈ। 

ਜੇਕਰ ਮੁਸਲਮਾਨ ਨਾਲ ਖਾਧਾ ਪੀਤਾ ਨਹੀਂ ਜਾ ਸਕਦਾ ਤਾਂ ਇਹ ਦੱਸੋ ਕਿ ਜਦੋਂ ਬਾਬਾ ਨਾਨਕ ਪਾਕਪਟਨ ਗਏ ਅਤੇ ਉੱਥੋਂ ਜਾ ਕੇ ਬਾਬਾ ਫ਼ਰੀਦ ਦੀ ਸ਼ਾਇਰੀ ਲਿਆਏ ਤਾਂ ਉਹ ਉੱਥੇ ਰਾਤ ਤਾਂ ਰਹੇ ਹੀ ਹੋਣਗੇ ਅਤੇ ਉੱਥੇ ਮੁਸਲਮਾਨਾਂ ਕੋਲੋਂ ਰੋਟੀ-ਪਾਣੀ ਵੀ ਛਕਿਆ ਹੋਵੇਗਾ। ਮੇਰਾ ਇਕ ਦੋਸਤ ਬਾਬਾ ਨਾਨਕ ਦੀਆਂ ਉਦਾਸੀਆਂ ਬਾਰੇ ਇਕ ਕਿਤਾਬ ਲਿਖ ਰਿਹਾ ਹੈ। ਉਹ ਦੱਸਦਾ ਹੈ ਕਿ ਬਾਬਾ ਨਾਨਕ ਜੀ ਜਦੋਂ ਸਫ਼ਰ ਕਰਦੇ ਸਨ ਤਾਂ ਉਹ ਅਕਸਰ ਮੁਸਲਮਾਨ ਫ਼ਕੀਰਾਂ ਤੇ ਦਰਵੇਸ਼ਾਂ ਦੇ ਘਰਾਂ ਵਿਚ ਰਹਿੰਦੇ ਸਨ। ਉਦੋਂ ਗੁਰਦੁਆਰੇ ਜਾਂ ਧਰਮਸ਼ਾਲਾਵਾਂ ਤਾਂ ਹੁੰਦੀਆਂ ਨਹੀਂ ਸਨ। ਉਹ ਹੋਰ ਕਿਸੇ ਪਾਸੇ ਨਹੀਂ ਸਨ ਜਾਂਦੇ ਅਤੇ ਆਪਣਾ ਰੈਣ-ਬਸੇਰਾ ਫ਼ਕੀਰਾਂ ਤੇ ਦਰਵੇਸ਼ਾਂ ਕੋਲ ਹੀ ਕਰਿਆ ਕਰਦੇ ਸਨ। ਸੋ, ਜ਼ਾਹਰ ਹੈ ਕਿ ਉਹ ਰੋਟੀ ਵੀ ਉਨ੍ਹਾਂ ਦੀ ਪੱਕੀ ਹੋਈ ਖਾਂਦੇ ਹੋਣਗੇ।

ਇਤਿਹਾਸਕ ਸਚਾਈ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਜੀ ਕੋਲੋਂ ਰਖਵਾਈ ਅਤੇ ਇਸ ਲਈ ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਉਚੇਚਾ ਲਾਹੌਰ ਭੇਜਿਆ। ਕਈ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਉਨ੍ਹਾਂ ਨੇ ਸਾਈਂ ਜੀ ਨੂੰ ਬੜੇ ਸਤਿਕਾਰ ਨਾਲ 'ਡੋਲੇ' (ਪਾਲਕੀ) ਵਿਚ ਪਾ ਕੇ ਜਾਂ ਮੰਜੀ 'ਤੇ ਬਿਠਾ ਕੇ ਅੰਮ੍ਰਿਤਸਰ ਲਿਆਂਦਾ ਸੀ। ਜੇਕਰ ਡੋਲੇ ਜਾਂ ਮੰਜੀ ਵਾਲੀ ਗੱਲ ਨਾ ਵੀ ਮੰਨਣ ਵਿਚ ਆਵੇ ਤਾਂ ਉਹ ਉਨ੍ਹਾਂ ਨੂੰ ਘੱਟੋ-ਘੱਟ ਘੋੜੇ 'ਤੇ ਜ਼ਰੂਰ ਬਿਠਾ ਕੇ ਲਿਆਏ ਹੋਣਗੇ ਕਿਉਂਕਿ ਘੋੜ-ਸਵਾਰੀ ਹੀ ਉਦੋਂ ਆਵਾਜਾਈ ਦਾ ਆਮ ਸਾਧਨ ਸੀ। ਜਦੋਂ ਅੰਮ੍ਰਿਤਸਰ ਆ ਕੇ ਸਾਈਂ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਹੋਵੇਗੀ ਤਾਂ ਉਹ ਓਸੇ ਦਿਨ ਵਾਪਸ ਲਾਹੌਰ ਤਾਂ ਨਹੀਂ ਚਲੇ ਗਏ ਹੋਣਗੇ। ਉਹ ਜ਼ਰੂਰ ਕੁਝ ਦਿਨ ਗੁਰੂ ਅਰਜਨ ਦੇਵ ਜੀ ਕੋਲ ਠਹਿਰੇ ਹੋਣਗੇ ਅਤੇ ਉਨ੍ਹਾਂ ਦੇ ਮਹਿਮਾਨ ਬਣੇ ਹੋਣਗੇ। ਉਨ੍ਹਾਂ ਉੱਥੇ ਹੀ ਓਨੇ ਦਿਨ ਖਾਧਾ-ਪੀਤਾ ਹੋਵੇਗਾ। ਜੇਕਰ ਸਾਈਂ ਮੀਆਂ ਮੀਰ ਜੀ ਮੁਸਲਿਮ ਹੁੰਦਿਆਂ ਹੋਇਆਂ ਏਨੇ ਹੀ 'ਪਲੀਤ' ਸਨ ਤਾਂ ਉਨ੍ਹਾਂ ਕੋਲੋਂ ਏਡੇ ਵੱਡੇ ਧਾਰਮਿਕ ਸਥਾਨ ਜਿਸ ਨੂੰ 'ਸ੍ਰੀ ਹਰਿਮੰਦਰ ਸਾਹਿਬ' ਕਿਹਾ ਜਾਂਦਾ ਹੈ, ਦੀ ਨੀਂਹ ਕਿਉਂ ਰਖਵਾਈ ਗਈ। ਇਹ ਉਸ ਸਮੇਂ ਦੇ ਕਿਸੇ ਹੋਰ ਵੱਡੇ ਧਾਰਮਿਕ ਆਗੂ ਕੋਲੋਂ ਵੀ ਰਖਵਾਈ ਜਾ ਸਕਦੀ ਸੀ। ਗੁਰੂ ਗੋਬਿੰਦ ਸਿੰਘ ਜੀ ਦੀ ਪਹਾੜੀ ਹਿੰਦੂ ਰਾਜਿਆਂ ਨਾਲ ਭੰਗਾਣੀ ਦੀ ਜੰਗ ਵਿਚ ਪੀਰ ਬੁੱਧੂ ਸ਼ਾਹ ਨੇ ਆਪਣੇ ਪੰਜ ਪੁੱਤਰ, ਕਈ ਪੋਤਰੇ ਤੇ ਮੁਰੀਦ ਸ਼ਹੀਦ ਕਰਵਾਏ। ਇਹ ਤਾਂ ਹੋ ਨਹੀਂ ਸਕਦਾ ਕਿ ਪੀਰ ਬੁੱਧੂ ਸ਼ਾਹ ਸਿੱਧਾ ਲੜਾਈ ਦੇ ਮੈਦਾਨ ਵਿਚ ਉੱਤਰਿਆ ਅਤੇ ਆਪਣੇ ਫ਼ੌਜੀਆਂ ਨੂੰ ਆਖਿਆ ਕਿ ਚਲੋ ਬਈ, ਲੜੋ ਲੜਾਈ। ਉਹ ਕੁਝ ਦਿਨ ਪਹਿਲਾਂ ਆਇਆ ਹੋਵੇਗਾ। ਲੜਾਈ ਵਿਚ ਤਾਂ ਕਈ ਕਈ ਦਿਨ, ਹਫ਼ਤੇ ਜਾਂ ਮਹੀਨੇ ਲੱਗ ਜਾਂਦੇ ਹਨ। ਉਹ ਆਪ ਆਪਣੇ ਫ਼ੌਜੀਆਂ ਸਮੇਤ ਉੱਥੇ ਕਈ ਦਿਨ ਰਿਹਾ ਹੋਵੇਗਾ। ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਫ਼ੌਜਾਂ ਨਾਲ ਇਕੱਠਿਆਂ ਖਾਧਾ-ਪੀਤਾ ਹੋਵੇਗਾ ਅਤੇ ਉਹ ਲੜਾਈ ਵਿਚ ਇਕੱਠੇ ਲੜੇ ਹੋਣਗੇ। ਹੁਣ ਇਕ ਪਲ ਲਈ ਸੋਚੀਏ ਕਿ ਅਗਰ ਤੁਹਾਨੂੰ ਕੋਈ ਕਹੇ ਕਿ ਮੈਂ ਤੇਰੇ ਨਾਲ ਰੋਟੀ ਨਹੀਂ ਖਾਣੀ ਤਾਂ ਕੀ ਤੁਸੀਂ ਉਸ ਦੇ ਲਈ ਆਪਣਾ ਖ਼ੂਨ ਵਹਾਓਗੇ? ਆਪਣੇ ਪੁੱਤਰ, ਪੋਤਰੇ ਮਰਵਾਓਗੇ? ਇਹ ਕਦੀ ਨਹੀਂ ਹੋ ਸਕਦਾ ਅਤੇ ਇਹ ਕਦਾਚਿਤ ਮੁਮਕਿਨ ਨਹੀਂ ਹੈ। ਇਸ ਦਾ ਮਤਲਬ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਧਰਮ ਜਾਤ ਵਿਤਕਰੇ ਵਿਰੁੁੁਧ ਸਨ। ਇਹੀ ਕਾਰਣ ਹੈ ਕਿ ਪੀਰ ਬੁੱਧੂ ਸ਼ਾਹ ਨੇ ਉਸ ਲੜਾਈ ਵਿਚ ਆਪਣੀਆਂ ਕੀਮਤੀ ਜਾਨਾਂ ਵਾਰੀਆਂ। ਫਿਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਗ਼ਨੀ ਖਾਂ ਤੇ ਨਬੀ ਖਾਂ 'ਉੱਚ ਦਾ ਪੀਰ' ਬਣਾ ਕੇ ਲੈ ਕੇ ਗਏ, ਉਹ ਵੀ ਰਾਹ ਵਿਚ ਖਾਦੇ-ਪੀਂਦੇ ਗਏ ਹੋਣਗੇ ਅਤੇ ਗੁਰੂ ਜੀ ਨੂੰ ਵੀ ਭੋਜਨ ਛਕਾਉਂਦੇ ਗਏ ਹੋਣਗੇ। 

ਸਾਡੇ ਕੋਲ ਅਜਿਹੀਆਂ ਬੇਸ਼ੁਮਾਰ ਮਿਸਾਲਾਂ ਹਨ ਜਿਨ੍ਹਾਂ ਤੋਂ ਅਸੀਂ ਸੋਚਣ ਲਈ ਮਜਬੂਰ ਹੁੰਦੇ ਹਾਂ ਕਿ ਸਿੱਖਾਂ ਵਿਚ ਇਹ ਛੂਤਛਾਤ ਦੀ ਗੱਲ ਕਿਵੇਂ ਅਤੇ ਕਦੋਂ ਆ ਗਈ।

 

ਮੈਂ ਇਹ ਜਾਣਕਾਰ ਹਿੰਦੂ ਵੀਰਾਂ ਤੇ ਇਕ ਸਿੱਖ ਵੀਰ ਕੋਲੋਂ ਵੀ ਇਹ ਸੁਣਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਜੇਕਰ ਤੁਸੀਂ ਆਪਣੇ ਬਾਜ਼ੂ ਨੂੰ ਤੇਲ ਲਾ ਕੇ ਤਿਲਾਂ ਦੀ ਬੋਰੀ ਵਿਚ ਪਾ ਦਿਓ ਤੇ ਇਕ ਮੁੱਠ ਤਿਲਾਂ ਦੀ ਭਰ ਕੇ ਕੱਢ ਲਓ। ਜਿੰਨੇ ਤਿਲ ਤੁਹਾਡੀ ਮੁੱਠੀ ਵਿਚ ਹੋਣ ਅਤੇ ਜਿੰਨੇ ਤੁਹਾਡੇ ਬਾਜ਼ੂ ਨੂੰ ਲੱਗੇ ਹੋਣਗੇ, ਓਨੀਆਂ ਕਸਮਾਂ ਵੀ ਜੇਕਰ ਕੋਈ ਮੁਸਲਮਾਨ ਖਾਵੇ ਤਾਂ ਵੀ ਉਸ ਉੱਤੇ ਯਕੀਨ ਨਾ ਕਰੋ। ਹੁਣ ਜਦੋਂ ਮੈਂ ਇਸ ਕਥਨ ਦੀ ਪੜਚੋਲ ਕੀਤੀ ਤਾਂ ਮੈਨੂੰ ਪਤਾ ਲੱਗਾ ਕਿ ਇਹ ਗੱਲ ਕਿਸੇ 'ਢਾਡੀ ਸਿੰਘ' ਵਲੋਂ ਫ਼ੈਲਾਈ ਗਈ ਹੈ। ਇਸ ਗੱਲ ਬਾਰੇ ਜਦੋਂ ਪੁੱਛ-ਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਢਾਡੀ ਆਖਦੇ ਹਨ ਕਿ ਇਹ ਗੱਲ 52 ਵਚਨਾਂ ਵਿਚ ਲਿਖੀ ਗਈ ਹੈ। ਜਦੋਂ ਇਹ 52 ਵਚਨ ਚੈੱਕ ਕੀਤੇ ਗਏ ਤਾਂ ਪਤਾ ਲੱਗਾ ਕਿ ਉੱਥੇ ਲਿਖਿਆ ਹੈ ਕਿ 'ਜਿਹੜਾ ਬੰਦਾ ਬਹੁਤੀਆਂ ਕਸਮਾਂ ਖਾਵੇ, ਉਸ ਉੱਤੇ ਇਤਬਾਰ ਨਹੀਂ ਕਰਨਾ ਚਾਹੀਦਾ।" ਪਰ ਇਸ ਗੱਲ ਨੂੰ ਧੱਕੇ ਨਾਲ ਹੀ ਮੁਸਲਮਾਨਾਂ ਦੇ ਨਾਲ ਜੋੜ ਦਿੱਤਾ ਗਿਆ ਹੈ ਅਤੇ ਇਸ ਨੂੰ ਖ਼ੂਬ ਉਛਾਲਿਆ ਗਿਆ ਹੈ। ਸਿੱਖਾਂ ਦੇ ਮਨਾਂ 'ਚ ਇਹ ਗੱਲ ਪਾ ਦਿੱਤੀ ਗਈ ਹੈ ਅਤੇ ਇਹ ਪੀੜ੍ਹੀ-ਦਰ-ਪੀੜ੍ਹੀ ਚਲਦੀ ਆ ਰਹੀ ਹੈ। ਏਸੇ ਤਰ੍ਹਾਂ ਪਰਛਾਵੇਂ ਵਾਲੀ ਗੱਲ ਵੀ ਬਗ਼ੈਰ ਕਿਸੇ ਖੋਜ ਤੋਂ ਅੱਗੇ ਤੋਂ ਅੱਗੇ ਵਧਦੀ ਗਈ ਹੈ। ਧਾਰਮਿਕ ਆਗੂਆਂ ਨੇ ਇਸ ਬਾਰੇ ਕਦੇ ਵੀ ਗੰਭੀਰਤਾ ਨਾਲ ਨਹੀਂ ਸੋਚਿਆ ਅਤੇ ਨਾ ਇਸ ਨੂੰ ਰੋਕਿਆ ਗਿਆ ਹੈ।

ਇਹ ਵੀ ਗੱਲ ਸੋਚਣ ਵਾਲੀ ਹੈ ਕਿ 1947 ਤੋਂ ਪਹਿਲਾਂ ਪੰਜਾਬ ਵਿਚ ਮੁਸਲਮਾਨਾਂ ਦੀ ਗਿਣਤੀ ਬਹੁਤੀ ਸੀ ਅਤੇ ਲਹਿੰਦੇ ਪੰਜਾਬ ਵਿਚ ਤਾਂ ਇਹ 75 ਫ਼ੀਸਦੀ ਦੇ ਕਰੀਬ ਸੀ। ਇਕ ਹੋਰ ਗੱਲ ਇਹ ਵੇ ਕਿ ਜਿਹੜੇ ਇੱਥੇ ਜੱਟਾਂ ਤੇ ਰਾਜਪੂਤਾਂ ਦੇ ਟੱਬਰ ਨੇ ਜਾਂ ਬਾਕੀ ਵੀ ਨੇ, ਉਹ ਵੀ 50 ਫ਼ੀਸਦੀ ਤੋਂ ਵੱਧ ਮੁਸਲਮਾਨ ਹਨ। ਰਾਜਪੂਤ 60-70 ਫ਼ੀਸਦੀ ਤੋਂ ਵਧੇਰੇ ਮੁਸਲਮਾਨ ਹਨ। ਇਹ ਕਿਵੇਂ ਹੋ ਸਕਦਾ ਹੈ ਕਿ ਸਾਰਿਆਂ ਪਿੰਡਾਂ ਵਿਚ ਇਕ ਹੀ ਟੱਬਰ ਵਸਦਾ ਹੋਵੇ, ਸਗੋਂ ਇਹ ਤਾਂ ਰਲਵੇਂ-ਮਿਲਵੇਂ ਸਨ ਅਤੇ 1947 ਤੋਂ ਪਹਿਲਾਂ ਇੰਜ ਹੀ ਸੀ। ਕਈ ਬਾਜਵਿਆਂ ਦੇ ਪਿੰਡ ਸਨ ਜਿਸ ਵਿਚ ਅੱਧੇ ਬਾਜਵੇ ਮੁਸਲਮਾਨ ਸਨ ਤੇ ਅੱਧੇ ਸਿੱਖ ਸਨ। ਜੱਟਾਂ ਦੀਆਂ ਜਿਂੰਨੀਆਂ ਵੀ ਗੋਤਾਂ ਨੇ, ਸਾਰੀਆਂ ਵਿਚ ਲੱਗਪਗ ਇੰਜ ਹੀ ਸੀ। ਫਿਰ ਇਹ ਕਿੰਜ ਹੋ ਸਕਦਾ ਹੈ ਕਿ ਬੰਦਾ ਜਦੋਂ ਪਹਿਲਾਂ ਸਿੱਖ ਸੀ ਤਾਂ ਉਹ ਬਿਲਕੁਲ ਪਾਕ ਸੀ ਤੇ ਜਦੋਂ ਉਹ ਮੁਸਲਮਾਨ ਹੋ ਗਿਆ ਤਾਂ ਉਹ ਭ੍ਰਿਸ਼ਟ ਹੋ ਗਿਆ। ਉਸ ਨੇ ਆਪਣਾ ਧਰਮ ਬਦਲ ਲਿਆ, ਨਾ ਕਿ ਉਸ ਦਾ ਖ਼ੂਨ ਬਦਲਿਆ ਗਿਆ। ਅਗਰ ਉਸ ਦਾ ਖ਼ੂਨ ਨਹੀਂ ਬਦਲਿਆ ਤਾਂ ਉਹ ਭ੍ਰਿਸ਼ਟ ਕਿਵੇਂ ਹੋ ਗਿਆ। ਇਹ ਕੀ ਹੋਇਆ ਕਿ ਜਿਹੜਾ ਮੁਸਲਮਾਨ ਹੋ ਗਿਆ, ਉਹ ਨਾਪਾਕ ਹੋ ਗਿਆ ਕਿਉਂਕਿ ਉਸ ਨੇ ਦੂਸਰਾ ਧਰਮ ਅਪਣਾ ਲਿਆ।

ਜੇਕਰ ਧਰਮਾਂ ਦੀ ਤਾਰੀਖ਼ ਵੇਖੀ ਜਾਏ ਤਾਂ ਸਿੱਖ ਧਰਮ ਤਾਂ ਅਜੇ ਕੱਲ੍ਹ ਦੀ ਗੱਲ ਹੈ। ਭਾਰਤ ਵਿਚ ਜਿਹੜੇ ਮੁਸਲਮਾਨ ਹਨ, ਉਹ ਇਕ ਹਜ਼ਾਰ ਸਾਲ ਤੋਂ ਨਹੀਂ, ਬਲਕਿ 711 ਈਸਵੀ ਜਾਂ ਇਸ ਤੋਂ ਪਹਿਲਾਂ ਮੁਸਲਮਾਨ ਹੋਣੇ ਸ਼ੁਰੂ ਹੋਏ ਹਨ। ਇਹ ਧਰਮ ਵੀ ਇੱਥੇ ਬਾਅਦ ਵਿਚ ਆਇਆ। ਹਿੰਦੂ ਧਰਮ ਕਿੰਨਾ ਪੁਰਾਣਾ ਹੈ, ਇਸ ਦੀ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲਦੀ। ਫਿਰ ਇਸ ਤੋਂ ਬਾਅਦ ਬੁੱਧ ਤੇ ਜੈਨ ਧਰਮ ਵੀ ਆਏ। ਇਸ ਤਰ੍ਹਾਂ ਦੁਨੀਆ ਵਿਚ ਧਰਮ ਤਾਂ ਬਦਲਦੇ ਹੀ ਰਹਿੰਦੇ ਹਨ, ਇਨਸਾਨ ਨਹੀਂ ਬਦਲਦੇ ਤੇ ਨਾ ਹੀ ਉਨ੍ਹਾਂ ਦਾ ਖ਼ੂਨ ਬਦਲਦਾ ਹੈ। ਇਹ ਤਾਂ ਓਹੀ ਰਹਿੰਦਾ ਹੈ। ਇਹ ਕਿੰਨੀ ਅਜੀਬ ਗੱਲ ਹੈ ਕਿ ਬੰਦਾ ਅਗਰ ਆਪਣਾ ਧਰਮ ਬਦਲ ਲੈਂਦਾ ਹੈ ਤਾਂ ਉਹ ਭ੍ਰਸ਼ਟ ਹੋ ਜਾਂਦਾ ਹੈ ਅਤੇ ਇਹ ਸਿਰਫ਼ ਇਸ ਸਾਡੇ ਇਸ 'ਖਿੱਤੇ' (ਸਬ-ਕੰਟੀਨੈਂਟ) ਵਿਚ ਹੀ ਹੁੰਦਾ ਹੈ।

ਪੂਰੀ ਦੁਨੀਆ ਵਿਚ ਕਿਸੇ ਪਾਸੇ ਕੋਈ ਕਿਸੇ ਦੂਜੇ ਧਰਮ ਦਾ ਬੰਦਾ ਹੋਣ 'ਤੇ ਉਸ ਨੂੰ ਇਹ ਨਹੀਂ ਕਹਿੰਦੇ ਕਿ ਤੂੰ ਮੈਨੂੰ ਹੱਥ ਨਹੀਂ ਲਾ ਸਕਦਾ, ਤੂੰ ਸਾਡੀ ਰਸੋਈ ਵਿਚ ਨਹੀਂ ਆ ਸਕਦਾ, ਮੈਂ ਤੇਰੇ ਨਾਲ ਰੋਟੀ ਨਹੀਂ ਖਾਣੀ ਜਾਂ ਤੈਨੂੰ ਮੁਹੱਲੇ ਵਿਚ ਕਿਰਾਏ 'ਤੇ ਮਕਾਨ ਨਹੀਂ ਲੈਣ ਦੇਣਾ ਅਤੇ ਤੈਨੂੰ ਦੂਰ ਰੱਖਣਾ ਹੈ। ਮੇਰਾ ਖ਼ਿਆਲ ਹੈ ਕਿ ਜਿੰਨਾ ਚਿਰ ਇਸ 'ਛੂਤਛਾਤ' ਨੂੰ ਖ਼ਤਮ ਨਹੀਂ ਕੀਤਾ ਜਾਂਦਾ, ਦੁਨੀਆ ਦੇ ਇਸ ਖਿੱਤੇ ਵਿਚ ਅਮਨ ਚੈਨ ਨਹੀਂ ਹੋ ਸਕਦਾ। ਦੋਵਾਂ ਦੇਸ਼ਾਂ ਨੇ ਅੱਗੇ ਵੀ ਕਈ ਜੰਗਾਂ ਲੜੀਆਂ ਹਨ ਪਰ ਉਨ੍ਹਾਂ ਦਾ ਇਨ੍ਹਾਂ ਨੂੰ ਕੀ ਫ਼ਾਇਦਾ ਹੋਇਆ ਹੈ, ਸਗੋਂ ਆਪਸੀ ਨਫ਼ਰਤ ਹੀ ਵਧੀ ਹੈ। ਜਿੰਨਾ ਚਿਰ ਅਸੀਂ ਇਕ ਦੂਜੇ ਨੂੂੰ ਬਰਾਬਰ ਨਹੀਂ ਸਮਝਦੇ, ਓਨਾ ਚਿਰ ਇਹ ਨਫ਼ਰਤ ਖ਼ਤਮ ਨਹੀਂ ਹੋ ਸਕਦੀ।

ਦੂਸਰੀ ਗੱਲ ਇਹ ਵੀ ਹੈ ਕਿ ਇਸ ਖਿੱਤੇ ਦਾ ਮੁਸਲਮਾਨ ਪਲੀਤ ਹੈ ਅਤੇ ਤੁਸੀਂ ਉਸ ਨੂੰ ਨਫ਼ਰਤ ਕਰਦੇ ਹੋ ਪਰ ਬਾਹਰ ਦੇ ਮੁਲਕ, ਯਾਨੀ ਮੱਧ ਪੂਰਬ ਵਿਚ ਜਾ ਕੇ ਤੁਸੀਂ ਉਨ੍ਹਾਂ ਦੀਆਂ ਨੌਕਰੀਆਂ ਕਰਦੇ ਹੋ। ਉਨ੍ਹਾਂ ਕੋਲੋਂ ਪੈਸੇ ਕਮਾਉਂਦੇ ਹੋ। ਕੀ ਉਹ ਪਲੀਤ ਨਹੀਂ? ਯੂਰਪ ਦੇ ਦੇਸ਼ਾਂ ਵਿਚ ਜਾਂਦੇ ਹੋ, ਉੱਥੇ ਕਈ ਮੁਸਲਮਾਨ ਅਦਾਰਿਆਂ ਵਿਚ ਨੌਕਰੀਆਂ ਕਰਦੇ ਹੋ। ਸ਼ੁਰੂ-ਸ਼ੁਰੂ ਵਿਚ ਇਹ ਖ਼ਿਆਲ ਕੀਤਾ ਜਾਂਦਾ ਸੀ ਕਿ ਸਮੁੰਦਰੋਂ ਪਾਰ ਜਾਣਾ ਹੀ ਨਹੀਂ ਚਾਹੀਦਾ। ਹੁਣ ਅਰਬ ਦੇਸ਼ਾਂ ਜਾਂ ਯੂਰਪ ਵਿਚ ਬੈਠਾ ਉਹ ਮੁਸਲਮਾਨ ਤੁਹਾਡੇ ਲਈ ਦੇਵਤਾ ਹੈ ਅਤੇ ਜਿਹੜਾ ਤੁਹਾਡੇ ਆਪਣੇ ਸੂਬੇ ਵਿਚ ਜਾਂ ਗਵਾਂਢ ਬੈਠਾ ਏ, ਉਹ ਪਲੀਤ ਅਤੇ ਭ੍ਰਿਸ਼ਟ ਏ। ਬਾਹਰ ਬੈਠਾ ਮੁਸਲਮਾਨ ਕੋਈ ਸੋਨੇ ਦਾ ਨਹੀਂ ਬਣਿਆ ਹੋਇਆ ਕਿ ਉਹ ਚੰਗਾ ਏ, ਕਿਉਂਕਿ ਉਸ ਕੋਲੋਂ ਪੈਸੇ ਮਿਲਦੇ ਹਨ ਤੇ ਇੱਥੇ ਜਿਹੜਾ ਤੁਹਾਡੇ ਨਾਲ ਜਾਂ ਗਵਾਂਢ ਵਿਚ ਰਹਿੰਦਾ ਏ, ਉਹ ਮਾੜਾ ਹੈ ਅਤੇ ਉਸ ਨਾਲ ਸ਼ਰੀਕਾ ਲਾਇਆ ਹੋਇਆ ਏ। ਤੁਸੀਂ ਆਖਦੇ ਹੋ ਕਿ ਇਹ ਸਾਡੇ ਕੋਲ ਨਹੀਂ ਰਹਿਣਾ ਚਾਹੀਦਾ ਅਤੇ ਉਸ ਨੂੰ ਨਫ਼ਰਤ ਕਰਦੇ ਹੋ ਪਰ ਉੱਥੇ ਕੋਈ ਨਹੀਂ ਕਰਦਾ। ਜੇ ਇੱਥੋਂ ਵਾਲਾ ਭ੍ਰਿਸ਼ਟ ਹੈ ਤਾਂ ਫਿਰ ਉੱਥੋਂ ਵਾਲਾ ਵੀ ਭ੍ਰਿਸ਼ਟ ਹੋਣਾ ਚਾਹੀਦਾ ਹੈ। ਇਸ ਲਈ ਸਾਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ ਅਤੇ ਇਹ ਸਮੇਂ ਦੀ ਜ਼ਰੂਰਤ ਵੀ ਹੈ। ਤਾਂ ਹੀ ਅਸੀਂ ਆਪਣੇ ਦਿਲਾਂ 'ਚੋਂ ਨਫ਼ਰਤਾਂ ਦੇ ਬੀਜ ਖ਼ਤਮ ਕਰ ਸਕਦੇ ਹਾਂ ਅਤੇ ਦੁਨੀਆ ਦੇ ਇਸ ਖਿੱਤੇ ਵਿਚ ਖੁਸ਼ਹਾਲੀ ਲਿਆ ਸਕਦੇ ਹਾਂ।